ਸਾਡੇ ਬਾਰੇ

 

ਅਕਸਰ ਕਿਹਾ ਜਾਂਦਾ ਹੈ ਕਿ, ਜੋ ਕੰਮ ਤਲਵਾਰ ਨਹੀਂ ਕਰ ਸਕਦੀ, ਉਹ ਕੰਮ ਕਲਮ ਕਰ ਦਿੰਦੀ ਹੈ। ਪਰ ਜਦੋਂ ਸੱਚ ਲਿਖਣ ਵਾਲੀ ਉਹ ਕਲਮ, ਗੁਨਾਹਗਾਰਾਂ ਤੇ ਪੈਸੇ ਵਾਲਿਆਂ ਦਾ ਸਾਥ ਦੇਣ ਲੱਗ ਪਵੇ, ਫਿਰ ਤਾਂ ਰੱਬ ਹੀ ਰਾਖਾ ਹੈ। ਇਸ ਸੱਭ ਕੁੱਝ ਨੂੰ ਦੇਖਦੇ ਹੋਏ, ਤੇ ਸੱਚੀਆਂ ਗੱਲਾਂ ਤੇ ਖ਼ਬਰਾਂ ਨੂੰ ਲੋਕਾਂ ਤੱਕ ਨਾ ਪੁੱਜਦਾ ਦੇਖ ਕੇ ਸਾਲ ੨੦੧੮ ਵਿੱਚ ਅਪ੍ਰੈਲ ਦੇ ਮਹੀਨੇ ਦੀ ੧੯ ਤਰੀਕ ਨੂੰ ‘ਦ ਪੰਜਾਬ ਟੂਡੇ ਨਿਊਜ਼ ਵੈੱਬ ਪੋਰਟਲ’ ਦਾ ਜਨਮ ਹੋਇਆ।

ਅਪ੍ਰੈਲ ਉਹ ਮਹੀਨਾ ਜਿਸ ਵਿੱਚ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਣਾ ਕੀਤੀ ਤੇ, ਉਚ ਨੀਚ ਦੇ ਭੇਦ ਭਾਵ ਖ਼ਤਮ ਕਰਦੇ ਹੋਏ ਖਾਲਸੇ ਨੂੰ ਭਾਵ ਖ਼ਾਲਸ, ਸ਼ੁੱਧ, ਸਾਫ਼ ਤੇ ਸੱਚ ਨੂੰ ਜਨਮ ਦਿੱਤਾ।

ਗੁਰੂ ਸਾਹਿਬ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੇ ਹੋਏ, ਤੇ ਪੱਤਰਕਾਰੀ ਦੀ ਮੂਲ ਕਦਰਾਂ ਕੀਮਤਾਂ ਨੂੰ ਪ੍ਰਣਾਇਆ ‘ਦ ਪੰਜਾਬ ਟੂਡੇ ਡਾਟ ਕਾਮ ਨਿਊਜ਼ ਵੈੱਬ ਪੋਰਟਲ’ ਆਧੁਨਿਕਤਾ ਦੇ ਨਵੇਂ ਜਮਾਨੇ ਨਾਲ ਤੁਰਦੇ ਹੋਏ, ਨਵੀਨਤਮ ਤਕਨਾਲੌਜੀ ਨਾਲ ਲੋਕਾਂ ਤੱਕ ਹੱਕ ਤੇ ਸੱਚ ਦੀ ਆਵਾਜ਼ ਬੁਲੰਦ ਕਰ ਰਿਹਾ ਹੈ।

ਅਪ੍ਰੈਲ ੨੦੧੮ ‘ਚ ਸ਼ੁਰੂ ਕੀਤੇ ਸੱਚ ਦੇ ਸਫ਼ਰ ਤੇ ਚੱਲਦਾ ਇਹ ਨਿਊਜ਼ ਪੋਰਟਲ, ਆਪਣੇ ਤਰ੍ਹਾਂ ਦੇ ਪੱਤਰਕਾਰਾਂ ਦੇ ਸਹਿਯੋਗ ਨਾਲ ਪੱਤਰਕਾਰੀ ਦੇ ਖੇਤਰ ਵਿਚ ਨਿੱਤ ਨਵੀਆਂ ਪੁਲਾਂਗਾ ਤਹਿ ਕਰਦਾ ਜਾ ਰਿਹਾ ਹੈ। ਪੱਤਰਕਾਰੀ ਦੇ ਵਿੱਚ ਆਏ ਨਿਘਾਰ ਨੂੰ ਖਤਮ ਕਰਨ ਲਈ ਤੇ ਪੱਤਰਕਾਰੀ ਦੇ ਨਾਮ ਤੇ ਪੀਲੀ ਪੱਤਰਕਾਰੀ ਤੇ ਚਾਪਲੂਸੀ ਤੋਂ ਸ਼ੁਰੂ ਤੋਂ ਹੀ ‘ਦ ਪੰਜਾਬ ਟੂਡੇ’ ਟੀਮ ਨੇ ਕਿਨਾਰਾ ਕੀਤਾ ਹੋਇਆ ਹੈ। ਹਰ ਖ਼ਬਰ ਦੀ ਤਹਿ ਤੱਕ ਪਹੁੰਚ ਕਿ, ਅਸਲ ਤੱਥਾਂ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਜਾਂਦਾ ਹੈ, ਤਾਂ ਜੋ ਲੋਕ ਖ਼ੁਦ ਇਹ ਨਿਰਣਾ ਕਰ ਸਕਣ ਕਿ ਅਸਲ ਗੱਲ ਕੀ ਹੈ ਤੇ ਸਾਨੂੰ ਕੀ ਦੱਸਿਆ ਜਾ ਰਿਹਾ ਹੈ।

ਬੇਸ਼ੱਕ, ਅੱਜ ਦੇ ਤਕਨਾਲੌਜੀ ਭਰੇ ਯੁੱਗ ਵਿੱਚ ਲੋਕਤੰਤਰ ਦੇ ਚੌਥੇ ਥੰਮ੍ਹ ਤੇ ਪੈਸੇ ਵਾਲਿਆਂ ਤੇ ਕਾਰਪੋਰੇਟ ਘਰਾਣਿਆਂ ਨੇ ਆਪਣਾ ਕਬਜ਼ਾ ਜਮਾਇਆ ਹੋਇਆ ਹੈ। ਪਰ ਅਜਿਹੇ ਬਿਪਤਾ ਭਰੇ ਸਮੇਂ ਵਿੱਚ ਮੁਸ਼ਕਿਲਾਂ ਤੇ ਔਂਕੜਾ ਦਾ ਸਾਹਮਣਾ ਕਰਦੇ ਹੋਏ ਵੀ ‘ਦ ਪੰਜਾਬ ਟੂਡੇ’ ਟੀਮ ਆਪਣੇ ਸੁਚੇਤ ਤੇ ਜਾਗਰੂਕ ਪਾਠਕਾਂ ਨੂੰ ਭਰੋਸਾ ਦਿਵਾਉਂਦਾ ਹੈ, ਕਿ ਲੋਕ-ਪੱਖੀ ਪੱਤਰਕਾਰੀ ਤੇ ਸੱਚ ਨੂੰ ਹਮੇਸ਼ਾ ਸਾਡੀ ਪਹਿਲ ਰਹੇਗੀ।

ਇੱਕ ਇੱਕਲੇ ਇਨਸਾਨ ਦੇ ਦੇਖੇ ਸੁਪਨੇ ਨੂੰ ਪੂਰਾ ਕਰਨ ਲਈ ਇੱਕ ਤੋਂ ਦੋ ਅਤੇ ਦੋ ਤੋਂ ਦੱਸ ਵਿਅਕਤੀਆਂ ਦੀ ਟੀਮ ਕਦੋਂ ਬਣ ਗਈ, ਇਸਦਾ ਕੁੱਝ ਪਤਾ ਹੀ ਨਹੀਂ ਚੱਲਿਆ। ਬਿਨ੍ਹਾਂ ਕਿਸੇ ਸਵਾਰਥ ਤੇ ਲਾਲਚ ਦੇ ਬਗੈਰ ਦਿਨ-ਰਾਤ ਇੱਕ ਕਰਦੇ ਹੋਏ, ਘੱਟ ਸਾਧਨਾਂ ਦੇ ਵਿੱਚ ਵੀ ਪਾਠਕਾਂ ਤੱਕ ਅਸਲ ਤੱਥਾਂ ਨੂੰ ਪੁੱਜਦਾ ਕਰਨਾ ਨਹੀਂ ਛੱਡਿਆ। ਅੱਜ ਵੀ ਬੇਸ਼ੱਕ ਪੂਰੇ ਸਾਧਨ ਨਹੀਂ ਤੇ ਇੱਕ ਟਿਕਾਣਾ ਵੀ ਨਹੀਂ, ਪਰ ਗੁਰੂ ਸਾਹਿਬ ਦੇ ਦਸਰਾਏ ਹੋਏ ਰਾਹ ਦੇ ਚੱਲਦਿਆਂ ਸੱਚ ਨੂੰ ਕਦੇ ਪਿੱਠ ਨਹੀਂ ਦਿਖਾਈ। ਬੇਸ਼ੱਕ ਘੱਟ ਗਿਣਤੀ ਵਿੱਚ ਹਾਂ, ਪਰ ਤੇਜ਼ ਹਵਾਵਾਂ ਤੇ ਝੱਖੜਾਂ ਵਿੱਚ ਵੀ ਉਹੀ ਦੀਵਾ ਬਲਦਾ ਰਹਿ ਸਕਦਾ, ਜਿਸ ਵਿੱਚ ਤੇਲ ਦੀ ਜਗ੍ਹਾ ਆਪਣਾ ਖੂਨ ਤੇ ਸੱਚ ਦੀ ਓਟ ਕੀਤੀ ਹੋਵੇ।

ਆਪ ਸੱਭ ਦੇ ਸਾਥ ਤੇ ਸਹਿਯੋਗ ਦਾ ਉਡੀਕਵਾਨ,

ਹਰਕਿਰਨ ਜੀਤ ਸਿੰਘ ਰਾਮਗੜ੍ਹੀਆ

ਸੀ.ਈ.ਓ/ ਮੁੱਖ ਸੰਪਾਦਕ

‘ਦ ਪੰਜਾਬ ਟੂਡੇ’ ਨਿਊਜ਼ ਵੈੱਬ ਪੋਰਟਲ

Back to top button