ਸਾਹਿਤ
Trending

ਤਿਉਹਾਰਾਂ ਮੌਕੇ ਨਕਲੀ ਮਠਿਆਈਆਂ ਤੇ ਹੋਰ ਵਸਤੂਆਂ ਦੀ ਖਰੀਦੋ-ਫ਼ਰੋਖ਼ਤ ਤੇ ਵਿਕਰੀ

Buying and selling counterfeit sweets and other items during festivals

ਭਾਰਤ ਤਿਉਹਾਰਾਂ ਦਾ ਦੇਸ਼ ਹੈ, ਇੱਥੇ ਸਾਲ ਭਰ ਕੋਈ ਨਾ ਕੋਈ ਤਿਉਹਾਰ ਆਉਂਦਾ ਹੀ ਰਹਿੰਦਾ ਹੈ। ਹਜ਼ਾਰਾ ਹੀ ਉਤਪਾਦ ਅਜਿਹੇ ਹੁੰਦੇ ਹਨ, ਜਿੰਨਾ ਨੂੰ ਅਸੀਂ ਰੋਜ਼ਾਨਾ ਜੀਵਨ ਵਿੱਚ ਵਰਤਦੇ ਹਾਂ। ਬਜ਼ਾਰ ਵਿੱਚ ਵਧੇਰੇ ਮਾਤਰਾ ਵਿੱਚ ਨਕਲੀ ਚੀਜਾ ਦੀ ਵਿਕਰੀ ਹੋ ਰਹੀ ਹੈ ਅਤੇ ਸਾਡੇ ਵੱਲੋਂ ਖਰੀਦੀ ਹੋਈ ਕੋਈ ਵੀ ਚੀਜ਼ ਨਕਲੀ ਹੋ ਸਕਦੀ ਹੈ। ਖਾਣ-ਪੀਣ ਵਾਲੀਆਂ ਵਸਤੂਆਂ ਦੇ ਅਸ਼ੁੱਧ ਹੋਣ ਦੀ ਹਾਲਤ ਵਿੱਚ ਸਾਡੀ ਸਿਹਤ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਨਾਲ ਅਨੇਕਾਂ ਬਿਮਾਰੀਆਂ ਜਨਮ ਲੈਂਦੀਆਂ ਹਨ।

ਤਿਉਹਾਰ ਦੇ ਨੇੜੇ ਖਾਣ-ਪੀਣ ਦੀਆਂ ਵਸਤੂਆਂ ਤੋਂ ਹੋਰ ਸਮਾਨ ਜ਼ਿਆਦਾਤਰ ਨਕਲੀ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਇਸ ਲਈ ਸਾਨੂੰ ਇਹਨਾਂ ਦਿਨਾਂ ਵਿੱਚ ਬਹੁਤ ਧਿਆਨ ਨਾਲ ਖਰੀਦਦਾਰੀ ਕਰਨੀ ਚਾਹੀਦੀ ਹੈ। ਕੋਈ ਵੀ ਸਮਾਨ ਜਦੋਂ ਘਰ ਆ ਕੇ ਨਕਲੀ ਨਿਕਲਦਾ ਹੈ ਤਾਂ ਮਨ ਦੀ ਸਥਿਤੀ ਤਾਂ ਖਰਾਬ ਹੁੰਦੀ ਹੀ ਹੈ ਨਾਲ-ਨਾਲ ਪੈਸੇ ਦੀ ਬਰਬਾਦੀ ਵੀ ਹੁੰਦੀ ਹੈ। ਇਸ ਦਾ ਇੱਕ ਕਾਰਨ ਹੈ ਵਸਤੂ ਬਾਰੇ ਜਾਣਕਾਰੀ ਦੀ ਘਾਟ, ਕਈ ਵਾਰ ਅਸੀਂ ਵੱਡੇ-ਵੱਡੇ ਵਿਗਿਆਪਨ ਦੇਖ ਕੇ ਠੱਗੇ ਜਾਂਦੇ ਹਾਂ।

ਵਪਾਰੀਆਂ ਤੇ ਵਿਕਰੇਤਾਵਾਂ ਦਾ ਵਸਤੂ ਵਿੱਚ ਮਿਲਾਵਟ ਕਰਨ ਪਿੱਛੇ ਇੱਕੋ ਕਾਰਨ ਹੁੰਦਾ ਹੈ ਪੈਸੇ ਦਾ ਵੱਡਾ ਲਾਲਚ। ਸਾਨੂੰ ਬਹੁਤ ਹੀ ਜਾਗਰੂਕ ਹੋ ਕੇ ਖਰੀਦਦਾਰੀ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੇ ਦਸਾਂ ਨਹੁੰਆਂ ਦੀ ਮਿਹਨਤ ਕਿਰਤ ਕਮਾਈ ਨੂੰ ਖਰਾਬ ਨਾਂ ਕਰ ਪਾਈਏ। ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ। ਸਗੋਂ ਅਸਲੀ ਤੇ ਨਕਲੀ ਵਸਤੂ ਵਿੱਚ ਬਹੁਤ ਫਰਕ ਹੁੰਦਾ ਹੈ।

ਆਨਲਾਈਨ ਸ਼ਾਪਿੰਗ, ਖਾਣ-ਪੀਣ ਵਾਲੀਆਂ ਵਸਤੂਆਂ ਦੇ ਨਾਲ ਨਾਲ ਬੱਚਿਆਂ ਦੇ ਖਿਡੌਣੇ , ਬਿਜਲੀ ਦੇ ਉਪਕਰਨ, ਸੂਟ-ਬੂਟ, ਹਰ ਉਹ ਚੀਜ਼ ਜੋ ਅਸੀਂ ਰੋਜ਼ਾਨਾ ਵਰਤਦੇ ਹਾਂ ਪਰ ਹਰ ਇੱਕ ਵਸਤੂ ਵਿੱਚ ਬੇਈਮਾਨੀ ਦਿਖਾਈ ਦਿੰਦੀ ਹੈ। ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਮਨੁੱਖ ਦੀ ਸਿਹਤ ਲਈ ਘਾਤਕ ਪਦਾਰਥਾਂ ਦੀ ਵਰਤੋਂ ਹੁੰਦੀ ਹੈ। ਰਿਸ਼ਵਤਖੋਰੀ ਦੇ ਚੱਲਣ ਕਰਕੇ ਇਹ ਸਮੱਸਿਆ ਨੂੰ ਬੰਦ ਕਰਨ ਦਾ ਹੱਲ ਨਹੀਂ ਲੱਭ ਰਿਹਾ। ਲੋੜ ਤੋਂ ਵੱਧ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਨਾਲ ਸਾਡੀ ਧਰਤੀ, ਹਵਾ ਤੇ ਪਾਣੀ ਬਹੁਤ ਹੀ ਜਿਆਦਾ ਪ੍ਰਦੂਸ਼ਿਤ ਹੋ ਰਹੇ ਹਨ।

ਇੱਥੋ ਤੱਕ ਫ਼ਲਾਂ, ਸਬਜ਼ੀਆਂ ਨੂੰ ਪਕਾਉਣ ਲਈ ਵੀ ਜਾਨ ਲੋਵਾ ਰਸਾਇਣਾਂ ਦੀ ਵਰਤੋਂ ਕੀਤੀ ਜਾਦੀ ਹੈ । ਖਾਣ ਵਾਲੀਆਂ ਸਬਜ਼ੀਆਂ ਤੇ ਫਲਾਂ ਨੂੰ ਟੀਕੇ ਲਾ ਕੇ ਪਕਾਇਆ ਜਾਂਦਾ ਹੈ। ਇਨ੍ਹਾਂ ਦੀ ਬਾਹਰੀ ਦਿਖ ਬਦਲਣ ਦੇ ਲਈ ਕੈਮੀਕਲ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਦੀਆਂ ਵੀਡੀਉ ਅਨੇਕਾਂ ਵਾਰ ਸ਼ੋਸ਼ਲ ਮੀਡੀਆ ਤੇ ਵੀ ਅਸੀਂ ਦੇਖ ਚੁੱਕੇ ਹਾਂ। ਇਹ ਇੱਕ ਵੱਡੀ ਸਮੱਸਿਆ ਹੈ। ਅੱਜ-ਕੱਲ੍ਹ ਭਾਰਤ ਵਿੱਚ ਨਕਲੀ ਦੁੱਧ ਦੀ ਬਹੁਤ ਵਿਕਰੀ ਹੋ ਰਹੀ ਹੈ। ਨਕਲੀ ਦੁੱਧ ਕਾਰਨ ਕਈ ਤਰ੍ਹਾਂ ਦੇ ਰੋਗ ਹੋ ਰਹੇ ਹਨ, ਸਭ ਤੋਂ ਖਤਰਨਾਕ ਰੋਗ ਹੈ ਕੈਂਸਰ ਜੋ ਕਿ ਨਕਲੀ ਦੁੱਧ ਕਾਰਨ ਹੁੰਦਾ ਹੈ।

ਭਾਰਤ ਵਿਚ ਸਭ ਤੋਂ ਵੱਧ ਦੁੱਧ ਦਾ ਵਪਾਰ ਮੱਧ ਪ੍ਰਦੇਸ਼ ਦੇ ਮੋਰਾਇਨਾ ਜ਼ਿਲ੍ਹੇ ਵਿਚ ਹੁੰਦਾ ਹੈ, ਪਰ ਹੁਣ ਇੱਥੇ ਨਕਲੀ ਦੁੱਧ ਦਾ ਵਪਾਰ ਵਧ ਰਿਹਾ ਹੈ। ਇੱਥੇ 11 ਲੱਖ ਲੀਟਰ ਦੇ ਲਗਭਗ ਦੁੱਧ ਹੁੰਦਾ ਹੈ । ਜਿਸ ਵਿੱਚ ਲਗਭਗ 6 ਲੱਖ ਲੀਟਰ ਦੁੱਧ ਬਾਹਰ ਭੇਜਿਆ ਜਾਂਦਾ ਹੈ ਅਤੇ ਬਾਕੀ ਦੁੱਧ ਇਥੋਂ ਦੇ ਲੋਕ ਵਰਤਦੇ ਹਨ। ਇਹ ਦੁੱਧ ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ ਤੱਕ ਭੇਜਿਆ ਜਾਂਦਾ ਹੈ । ਇਸ ਨਕਲੀ ਦੁੱਧ ਦੀ ਵਿਕਰੀ ਜਿਆਦਾਤਰ ਬੰਦ ਪੈਕਟਾਂ ਵਿਚ ਕੀਤੀ ਜਾਂਦੀ ਹੈ। ਪੈਕਟਾਂ ਉੱਪਰ ਕਈ ਤਰ੍ਹਾਂ ਦੇ ਕੈਮੀਕਲ ਲੱਗੇ ਹੁੰਦੇ ਹਨ, ਜਿਸ ਕਾਰਨ ਦੁੱਧ ਕਈ ਦਿਨਾਂ ਤੱਕ ਖਰਾਬ ਨਹੀਂ ਹੁੰਦਾ। ਅੱਜ- ਕੱਲ੍ਹ ਨਕਲੀ ਦੁੱਧ ਦੇ ਨਾਲ ਕਈ ਤਰਾਂ ਦੀਆਂ ਚੀਜ਼ਾਂ ਬਣ ਰਹੀਆਂ ਹਨ ਜਿਵੇਂ ਖੋਆ, ਮੈਦਾ, ਪਨੀਰ, ਬਰਫੀ, ਘਿਓ ਆਦਿ ਮਠਿਆਈਆਂ।

ਸਾਡੇ ਭਾਰਤ ਵਿਚ ਸਾਲ ਵਿਚ ਕਈ ਤਰ੍ਹਾਂ ਦੇ ਤਿਉਹਾਰ ਆਉਂਦੇ ਕਈ ਖੁਸ਼ੀ ਦੇ ਮੌਕੇ ਆਉਂਦੇ ਹਨ
ਜਿਵੇਂ ਕਿ ਹੁਣ ਦਿਵਾਲੀ ਦਾ ਤਿਉਹਾਰ ਆ ਰਿਹਾ ਹੈ। ਇਹਨਾਂ ਤਿਉਹਾਰਾਂ ਦੋਰਾਨ ਆਮ ਕਰਕੇ ਮਠਿਆਈਆਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਜਦ ਲੋਕ ਮਠਿਆਈ ਖਰੀਦਣ ਜਾਂਦੇ ਹਨ ਤਾਂ ਕਈ ਦੁਕਾਨਦਾਰ ਕਾਫੀ ਦਿਨਾਂ ਤੋਂ ਬਣੀ ਅਤੇ ਨਕਲੀ ਖੋਏ ਆਦਿ ਦੀ ਮਠਿਆਈ ਵੇਚ ਦਿੰਦੇ ਹਨ। ਜਿਸ ਨਾਲ ਕਈ ਲੋਕ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਕਈ ਲੋਕ ਮਠਿਆਈਆਂ ਲੈਂਦੇ ਸਮੇਂ ਜਾਂ ਕੋਈ ਹੋਰ ਦੁੱਧ ਤੋਂ ਬਣੀ ਚੀਜ਼ ਲੈਂਦੇ ਹਨ ਤਾਂ ਉਹ ਉਸ ਦੀ ਚੰਗੀ ਤਰ੍ਹਾਂ ਪਰਖ ਨਹੀਂ ਕਰਦੇ । ਉਨ੍ਹਾਂ ਨੂੰ ਇਹ ਨਹੀਂ ਪਤਾ ਲੱਗਦਾ ਹੈ ਕਿ ਮਠਿਆਈ ਨਕਲੀ ਹੈ ਜਾਂ ਅਸਲੀ। ਜ਼ਿਆਦਾ ਗੂੜ੍ਹੇ ਰੰਗ ਦੀਆਂ ਮਠਿਆਈਆਂ ਵਿਚ ਮਿਲਾਵਟ ਕੀਤੀ ਜਾਂਦੀ ਹੈ। ਉਸ ਦੁਕਾਨ ਤੋਂ ਮਠਿਆਈਆਂ ਖਰੀਦਣੀਆਂ ਚਾਹੀਦੀਆਂ ਹਨ। ਜੋ ਦੁਕਾਨ ਸਾਫ-ਸੁਥਰੀ ਹੋਵੇ ਤੇ ਜਿੱਥੇ ਆਸੇ-ਪਾਸੇ ਗੰਦਗੀ ਨਾ ਹੋਵੇ।

ਭਾਰਤ ਵਿੱਚ ਦਿਵਾਲੀ ਦੇ ਤਿਉਹਾਰ ਨੂੰ ਮਨਾਉਣ ਲਈ ਲੋਕ ਕਾਫੀ ਉਤਸ਼ਾਹਿਤ ਹੁੰਦੇ ਹਨ। ਇਸ ਤਿਉਹਾਰ ਤੇ ਸ਼ਹਿਰਾਂ ਵਿਚ ਕਈ ਤਰਾਂ ਦੀਆਂ ਮਠਿਆਈਆਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਕਈ ਮਠਿਆਈਆਂ ਵਿਚ ਮਿਲਾਵਟ ਕੀਤੀ ਜਾਂਦੀ ਹੈ। ਜਦੋਂ ਦੁਕਾਨਦਾਰਾਂ ਨੂੰ ਵਧੀਆ ਦੁੱਧ ਨਹੀਂ ਮਿਲਦਾ ਤਾਂ ਉਹ ਨਕਲੀ ਦੁੱਧ ਨਾਲ ਮਠਿਆਈਆਂ ਤਿਆਰ ਕਰਕੇ ਵੇਚਦੇ ਹਨ। ਦੁਕਾਨਦਾਰ ਕੇਵਲ ਆਪਣਾ ਹੀ ਭਲਾ ਸੋਚਦੇ ਹਨ ਤੇ ਪੈਸੇ ਕਮਾਉਣ ਦੇ ਲਾਲਚ ਵਿਚ ਉਹ ਦੂਜਿਆਂ ਦੀ ਸਿਹਤ ਬਾਰੇ ਸੋਚਦੇ ਹੀ ਨਹੀਂ। ਇਸ ਦਾ ਕੋਈ ਸਾਰਥਕ ਹੱਲ ਕਿਉਂ ਨਹੀਂ ਲੱਭ ਰਿਹਾ ਹੈ ?

ਸਾਨੂੰ ਇਸ ਸੰਬੰਧੀ ਚੌਕਸ ਹੋਣ ਦੀ ਲੋੜ ਹੈ। ਲੋਕਾਂ ਨੂੰ ਸਮਾਨ ਦੇ ਨਕਲੀ ਹੋਣ ਤੇ ਖ਼ੁਰਾਕੀ ਪਦਾਰਥਾਂ ਵਿੱਚ ਮਿਲਾਵਟ ਸੰਬੰਧੀ ਸੁਚੇਤ ਹੋਣਾ ਜ਼ਰੂਰੀ ਹੈ। ਇਸ ਧੰਦੇ ਦੇ ਖਾਤਮੇ ਲਈ ਲੋਕਾਂ ਦੀ ਜਾਗਰੂਕਤਾ ਦੇ ਨਾਲ-ਨਾਲ ਸਰਕਾਰ ਨੂੰ ਵੀ ਕੁੱਝ ਨਵੇ ਕਾਨੂੰਨ ਬਣਾਉਣੇ ਚਾਹੀਦੇ ਹਨ ਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਮਿਲਾਵਟ ਕਰਨ ਵਾਲਾ ਹਰ ਇੱਕ ਬੰਦਾ ਡਰ ਮਹਿਸੂਸ ਕਰੇ। ਜਿਸ ਨਾਲ ਆਮ ਲੋਕਾਂ ਦੀ ਜ਼ਿੰਦਗੀ ਨਾਲ ਹੁੰਦਾ ਖਿਲਵਾੜ ਰੁਕ ਸਕੇ ਅਤੇ ਅਸੀਂ ਇਹਨਾਂ ਪਵਿੱਤਰ ਤਿਉਹਾਰਾਂ ਦਾ ਖੁੱਲ ਕੇ ਆਨੰਦ ਮਾਣ ਸਕੀਏ ।

ਲੇਖਕ: ਅਸ਼ੋਕ ਭਾਰਦਵਾਜ

Show More

Related Articles

Leave a Reply

Your email address will not be published. Required fields are marked *

Back to top button