ਸਾਹਿਤ
Trending

ਪੰਜਾਬ ਦੇ ਮੱਥੇ ਫਿਕਰ ਦੀ ਲਕੀਰ…

Punjab's forehead line of concern: Yashpreet Kaur

ਧਰਤੀ ਦੀ ਹਿੱਕ ’ਤੇ ਉੱਗੇ ਦੇਸਾਂ-ਵਿਦੇਸਾਂ ਦੇ ਜੰਗਲ ਅੰਦਰ ਸੰਘਣੀ ਛਾਂ ਵਾਲਾ, ਆਲਣਿਆਂ ਨਾਲ ਭਰਿਆ, ਵੱਡੀਆਂ ਤੇ ਭਾਰੀਆਂ ਟਾਹਣੀਆਂ ਵਾਲਾ, ਜ਼ਮੀਨ ਦੇ ਹੇਠ ਡੂੰਘੀਆਂ ਤੇ ਉੱਪਰ ਵੱਲ ਨੂੰ ਪੁੰਘਰੀਆਂ ਜੜਾਂ ਅਤੇ ਮਜ਼ਬੂਤ ਮੋਟੇ ਤਣੇ ਵਾਲਾ ਦੇਸ ਪੰਜਾਬ ਸਦੀਆਂ ਤੋਂ ਕੁਦਰਤ ਰਾਣੀ ਦੇ ਹੁਕਮ ਅੰਦਰ ਵੰਨ-ਸੁਵੰਨੀਆਂ ਰੁੱਤਾਂ ਨੂੰ ਮਾਣਦਿਆਂ ਪਹਾੜਾਂ ਜਿੱਡਾ ਹੌਂਸਲਾ ਰੱਖ ਵੱਡੇ-ਵੱਡੇ ਦੁੱਖ-ਦਰਦ ਸਹਿੰਦਾ ਆ ਰਿਹਾ ਹੈ। ਵਕਤ ਦੇ ਨਾਲ ਚਲਦਿਆਂ ਸਮੇਂ ਦੇ ਹਾਕਮਾਂ ਵੱਲੋਂ ਪੰਜਾਬ ਨਾਂ ਦੇ ਰੁੱਖ ਦੀਆਂ ਕੁਝ ਸ਼ਾਖਾਵਾਂ ਨੂੰ ਵੱਖਰੇ ਨਾਂਵਾਂ ਹੇਠ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ, ਪਰ ਪੰਜਾਬ ਦੇ ਹਿਰਦੇ ਅੰਦਰ ਵੱਸੀ ਵਿਸ਼ਾਲਤਾ ਨੂੰ ਕੋਈ ਬੰਨ੍ਹ ਨਾ ਸਕਿਆ। ਬੇਸ਼ਕ, ਹਵਾ ਦੀ ਸਰਸਰਾਹਟ ਨਾਲ ਇਸਦੇ ਪੱਤਿਆਂ ਤੋਂ ਇਕ-ਸੁਰ ਹੋ ਹਮੇਸ਼ਾਂ ਚੜਦੀ ਕਲਾ ਦੀ ਹੀ ਧੁੰਨ ਉਪਜਦੀ ਹੈ, ਪਰ ਅੱਜਕਲ ਇਹਨਾਂ ਉੱਪਰ ਇਕ ਫਿਕਰ ਦੀਲਕੀਰ ਜਿਹੀ ਵੀ ਦਿਖਾਈ ਦਿੰਦੀ ਹੈ, ਜਿਵੇਂ ਕਿਸੇ ਬੇਵਕਤੀ ਪੱਤਝੜ ਦੇ ਆ ਜਾਣ ਦਾ ਖੌਫ ਹੋਵੇ।

ਇਸ ਸੋਹਣੇ ਰੁੱਖ ਹੇਠ ਪਤਾ ਨਹੀਂ ਕਿੰਨੇ ਗੁਰੂਆਂ, ਪੀਰਾਂ-ਫਕੀਰਾਂ, ਨਬੀਆਂ ਨੇ ਆਸਣ ਲਾਏ ਅਤੇ ਲੋਕਾਈ ਨੂੰ ਨਾਮ ਜਪੋ, ਕਿਰਤ ਕਰੋ, ਵੰਡ ਛਕੋ ਵਰਗੇ ਰੱਬੀ ਉਪਦੇਸ਼ ਦਿੱਤੇ। ਇਹਨਾਂ ਉਪਦੇਸ਼ਾਂ ਅਤੇ ਸਿਿਖਆਵਾਂ ਨੂੰ ਪੰਜਾਬ ਦੇ ਲੋਕਾਂ ਨੇ ਦੁਨੀਆਂ-ਭਰ ਵਿੱਚ ਫੈਲਾਇਆ, ਜਿਸ ਕਾਰਨ ਪੰਜਾਬੀਆਂ ਦੀ ਸੰਸਾਰ ਦੇ ਨਕਸ਼ੇ ਅੰਦਰ ਮੁੱਢ-ਕਦੀਮ ਤੋਂ ਹੀ ਇਕ ਨਿਵੇਕਲੀ ਪਛਾਣ ਰਹੀ ਹੈ।ਪੰਜਾਬ ਦੇ ਜੰਮਿਆਂ ਨੇ ਦੁਨੀਆਂ ਦੇ ਹਰ ਕੋਨੇ ਤੱਕ ਪਹੁੰਚਕੇ ਆਪਣੇ ਜ਼ਰਖੇਜ਼ ਸਰੀਰਾਂ ਨਾਲ ਮਿਹਨਤ-ਮੁਸ਼ੱਕਤ ਕਰ ਆਪਣੀ ਹਰ ਥਾਂ ਧਾਂਕ ਜਮਾਈ। ਦਲੇਰਾਨਾ ਅਤੇ ਜਾਂਬਾਜ਼ ਸੁਭਾਅ ਦੇ ਮਾਲਕ ਹੋਣ ਕਾਰਨ ਪੰਜਾਬੀ ਫੌਜ਼ੀਆਂ ਦੇ ਕਿੱਸੇ ਵਿਸ਼ਵ ਯੁੱਧ ਲੜੇ ਜਾਣ ਤੋਂ ਲੈ ਕੇ ਅੱਜ ਤੱਕ ਸੰਸਾਰ ਭਰ ਵਿੱਚ ਪੜ੍ਹਨ ਤੇ ਸੁਣਨ ਨੂੰ ਮਿਲਦੇ ਹਨ। ਪੰਜਾਬੀ ਲੋਕਾਂ ਨੇ ਪ੍ਰਦੇਸਾਂ ਵਿੱਚ ਮਿਹਨਤਾਂ ਕਰ ਜਿਸ ਤਰਾਂ ਬੁਲੰਦੀਆਂ ਨੂੰ ਛੂਹਿਆ, ਦੁਨੀਆਂ ਅਸ਼-ਅਸ਼ ਕਰ ਉੱਠੀ। ਪਰ ਅਜੋਕੇ ਪੰਜਾਬ ਨੂੰ ਨਸ਼ਿਆਂ ਦੀ ਸਿਓਂਕ ਲੱਗ ਜਾਣ ਦੇ ਨਾਲ ਨਾਲ ਨੌਜਵਾਨਾਂ ਅੰਦਰ ਵਿਦੇਸ ਜਾਣ ਦੀ ਲੱਗੀ ਅੰਨੀ ਦੌੜ ਡੂੰਘੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਲੰਮੇ ਸਮੇਂ ਤੋਂ ਪੰਜਾਬ ਵਿੱਚ ਸ਼ਰਾਬ ਦੇ ਨਾਲ ਹੋਰ ਕਿੰਨੇ ਤਰਾਂ ਦਾ ਨਸ਼ਾ ਵਰਤਿਆ ਜਾ ਰਿਹਾ ਹੈ ਪਰ ਅੱਜ ਪੰਜਾਬ ਜਿਹਨਾਂ ਨਸ਼ਿਆਂ ਦੀ ਗੁਲਾਮੀ ਭੋਗ ਰਿਹਾ ਹੈ ਉਹ ਹਨ ਨਾਰਕੋਟਿਕਸ ਡਰੱਗਜ਼। ਜਿਹਨਾਂ ਵਿੱਚ ਮਾਰਫਿਨ, ਕੋਡੀਨ ਅਤੇ ਕੁਝ ਸਿੰਥੈਟਿਕ ਕਿਸਮ ਦੇ ਨਸ਼ੇ ਜਿਵੇਂ ਕਿ ਹੈਰੋਇਨ, ਮੀਥਾਡੋਨ, ਮੈਪਰੀਡੋਨ ਅਤੇ ਖਾਸ ਤਰੀਕੇ ਨਾਲ ਤਿਆਰ ਕੀਤਾ ਨਸ਼ੀਲਾ ਪਦਾਰਥ, ਜਿਸਨੂੰ ਪੰਜਾਬੀਆਂ ਨੇ ਨਾਮ ਦਿੱਤਾ ਹੈ, ‘ਚਿੱਟਾ’। ਇਹ ‘ਚਿੱਟਾ’ ਪਹਿਲੀ ਵਾਰ ਲੈਣ ਵਾਲੇ ਵਿਅਕਤੀ ਨੂੰ ਦੀ ਨਸ਼ੇ ਦਾ ਆਦੀ ਬਣਾ ਦੇਣ ਦੀ ਸਮਰਥਾ ਰੱਖਦਾ ਹੈ। ਇਸ ਨੂੰ ਇਕ ਵਾਰ ਲੈਣ ਨਾਲ ਮਨ ਠਹਿਰਦਾ ਨਹੀਂ ਸਗੋਂ ਹੋਰ ਤੇ ਹੋਰ ਲੈਣ ਦੀ ਲਾਲਸਾ ਜਾਗਦੀ ਹੈ। ਇਸ ਲਾਲਸਾ ਵੱਸ ਹੀ ਮੁੰਡੇ-ਕੁੜੀਆਂ ਇਸ ਦਾ ਸੇਵਨ ਲੋੜ ਤੋਂ ਵੱਧ ਕਰ ਲੈਂਦੇ ਹਨ ਅਤੇ ਬਹੁਤੀ ਵਾਰ ਵਧੇਰੇ ਮਾਤਰਾ (ਓਵਰਡੋਜ਼) ਮੌਤ ਦਾ ਕਾਰਨ ਬਣਦੀ ਹੈ। ਸਭ ਤੋਂ ਬੁਰਾ ਪ੍ਰਭਾਵ ਇਸ ਨਸ਼ੇ ਦਾ ਸ਼ੁਕਰਾਣੂਆਂ ਉਪਰ ਪੈਂਦਾ ਹੈ, ਡਾਕਟਰੀ ਖੋਜ ਪੱਤਰ ਦੱਸਦੇ ਹਨ ਕਿ ਜਿਹੜੇ ਨੌਜਵਾਨ ਲੜਕੇ ਨਸ਼ਾ ਕਰਦੇ ਹਨ ਉਹਨਾਂ ਅੰਦਰ ਬੀਮਾਰ ਸ਼ੁਕਰਾਣੂ ਹੋਣ ਕਾਰਨ ਬੱਚੇ ਪੈਦਾ ਕਰਨ ਦੀ ਜਾਂ ਤਾਂ ਸਮਰਥਾ ਰਹਿੰਦੀ ਹੀ ਨਹੀਂ ਜਾਂ ਫਿਰ ਬੱਚੇ ਦੇ ਜਮਾਂਦਰੂ ਬਿਮਾਰ ਪੈਦਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।ਨਸ਼ੇ ਦੀ ਬਿਮਾਰੀ ਨਾ ਕੇਵਲ ਇਸ ਦੇ ਆਦੀ ਵਿਅਕਤੀ, ਉਸ ਦੇ ਪਰਿਵਾਰ ਸਗੋਂ ਪੂਰੇ ਸਮਾਜ ਨੂੰ ਪ੍ਰਭਾਵਿਤ ਕਰਦੀ ਹੈ।

ਦੂਜਾ ਵੱਡਾ ਦੁਖਾਂਤ ਹੈ ਵੱਡੀ ਗਿਣਤੀ ਵਿੱਚ ਨੌਜਵਾਨਾਂ ਵੱਲੋਂ ਪੰਜਾਬ ਛੱਡ ਪ੍ਰਦੇਸੀਂ ਜਾ ਵੱਸਣ ਦੀ ਚਾਹਤ।ਮਨੁੱਖ ਇਕ ਸਮਾਜਿਕ ਪ੍ਰਾਣੀ ਹੈ ਅਤੇ ਇਕ ਜਗਾਹ ਤੋਂ ਦੂਜੀ ਜਗਾਹ ਪਰਵਾਸ ਕਰ ਜਾਣਾ ਇਹ ਮਨੁੱਖ ਦਾ ਸੁਭਾਅ ਹੈ। ਚੰਗੇ-ਸੋਹਣੇ ਭਵਿੱਖ ਦੀ ਇੱਛਾ ਰੱਖ ਕੇ ਕਮਾਈਆਂ ਕਰਨ ਦੂਜੇ ਮੁਲਕਾਂ ਵਿੱਚ ਜਾਣਾ ਕਦਾਚਿਤ ਬੁਰੀ ਗੱਲ ਨਹੀਂ, ਪਰ ਅੱਜ ਇਹ ਇੱਛਾ ਇੰਨੀ ਜ਼ਿਆਦਾ ਪ੍ਰਬਲ ਹੋ ਗਈ ਹੈ ਕਿ ਲੋਕ ਚੰਗੇ-ਬੁਰੇ ਪ੍ਰਭਾਵ ਸੋਚੇ-ਸਮਝੇ ਬਿਨਾਂ ਹੀ ਇਸ ਦੌੜ ਵਿੱਚ ਲੱਗੇ ਹੋਏ ਹਨ। ਗਰੀਬ ਤੇ ਮੱਦਵਰਗੀ ਪਰਿਵਾਰ ਇਸ ਚਾਅ ਨੂੰ ਪੂਰਾ ਕਰਨ ਲਈ ਜ਼ਮੀਨਾਂ-ਜਾਇਦਾਦਾਂ ਵੇਚ-ਵੱਟ ਸਭ ਕੁਝ ਦਾਅ ‘ਤੇ ਲਗਾ ਦਿੰਦੇ ਹਨ, ਇਥੋਂ ਤੱਕ ਕਿ ਕੁਝ ਨੌਜਵਾਨ ਜਾਨ ਜੋਖਮ ਵਿੱਚ ਪਾ ਕੇ ਜਾਣਾ ਵੀ ਮਨਜ਼ੂਰ ਕਰ ਲੈਂਦੇ ਹਨ। ਇਹ ਸਭ ਦੇਖ ਕਿ ਲੱਗਦਾ ਹੈ ਕਿ ਬਾਹਰ ਜਾਣ ਦਾ ਇਹ ਰੁਝਾਨ ਹੁਣ ਪੰਜਾਬ ਦੀ ਜਵਾਨੀ ਨੂੰ ਇਕ ਵਹਿਸ਼ੀ ਦੈਂਤ ਵਾਂਗ ਖਾਣ ਲੱਗਾ ਹੈ।

ਪੰਜਾਬ ਦੇ ਪਿੰਡਾਂ ਅੰਦਰ ਖਾਸ ਕਰ ਦੁਆਬਾ ਇਲਾਕੇ ਵਿੱਚ ਵੱਡੇ-ਵੱਡੇ ਘਰਾਂ ਦੇ ਬਾਹਰ ਜਿੰਦਰੇ ਲਟਕਦੇ ਦਿਖਾਈ ਦਿੰਦੇ ਹਨ, ਕਿਉਂਕਿ ਮਾਲਕ ਕੈਨੇਡਾ, ਅਮਰੀਕਾ ਵਰਗੇ ਮੁਲਕਾਂ ਵਿੱਚ ਪੱਕੇ ਤੌਰ ‘ਤੇ ਜਾ ਵੱਸੇ ਹਨ, ਜਾਂ ਫਿਰ ਸਾਫ-ਸਫਾਈ ਤੇ ਸੰਭਾਲ ਖਾਤਰ ਹੁਣ ਬਿਹਾਰੀ ਲੋਕ ਇਹਨਾਂ ਘਰਾਂ ਵਿੱਚ ਆ ਵਸੇ ਹਨ।ਪਿੱਪਲਾਂ-ਬੋਹੜਾਂ ਹੇਠ ਲੱਗਦੀਆਂ ਪਿੰਡਾਂ ਦੀਆਂ ਸੱਥਾਂ ਨੂੰ ਸੁੰਞਾਂ ਛੱਡ ਬਜ਼ੁਰਗ ਅੰਗਰੇਜ਼ਾਂ ਦੇ ਬਣਾਏ ਪਾਰਕਾਂ ਵਿੱਚ ਜਾ ਬੈਠੇ ਹਨ। ਇਸ ਵਰਤਾਰੇ ਦਾ ਪ੍ਰਭਾਵ ਪਿੰਡ ਦੀ ਆਪਸੀ ਭਾਈਚਾਰਕ ਸਾਂਝ ‘ਤੇ ਬਹੁਤ ਗਹਿਰਾ ਪੈ ਚੁੱਕਾ ਹੈ, ਲੋਕਾਂ ਅੰਦਰ ਇਕ-ਦੂਜੇ ਪ੍ਰਤਿ ਰਵਈਆ ਸਿਰਫ ਵਿਵਹਾਰਕ ਜਿਹਾ ਹੋ ਗਿਆ ਹੈ, ਆਂਢ-ਗੁਆਂਢ ਦੀ ਦਿਲੀ ਸਾਂਝ ਖਤਮ ਹੋ ਰਹੀ ਹੈ। ਅੱਜ ਪੰਜਾਬ ‘ਚ ਬਹੁਤੇ ਵਿਆਹ ਇਕ ਵਪਾਰਕ ਇਕਰਾਰਨਾਮੇ ਦੇ ਰੂਪ ਵਜੋਂ ਹੋ ਰਹੇ ਨੇ। ਜਿਸ ਵਿੱਚ ਇਕ ਧਿਰ ਕੋਲ ਬਾਹਰਲੇ ਮੁਲਕਾਂ ਨੂੰ ਜਾਣ ਲਈ ਪਾਸ ਕੀਤਾ ਜਾਣ ਵਾਲਾ ਲਾਜ਼ਮੀ ਪੇਪਰ ਆਈਲੈਟਸ ਦਾ ਸਰਟੀਫਿਕੇਟ ਅਤੇ ਦੂਜੀ ਕੋਲ ਪੈਸਾ ਹੁੰਦਾ ਹੈ। ਬਾਹਰ ਜਾਣ ਦੀ ਲੱਗੀ ਇਸ ਹੋੜ ਨੇ ਸਿਰਫ ਪੰਜਾਬ ਦੇ ਸਮਾਜਿਕ, ਧਾਰਮਿਕ ਅਤੇ ਸਭਿਆਚਾਰਕ ਜੀਵਨ ਉੱਤੇ ਹੀ ਬੁਰਾ ਪ੍ਰਭਾਵ ਨਹੀਂ ਪਾਇਆ, ਸਗੋਂ ਵਿੱਦਿਅਕ, ਆਰਥਿਕ ਅਤੇ ਰਾਜਨੀਤਕ ਢਾਂਚਾ ਵੀ ਲੜਖੜਾਉਣ ਲੱਗਾ ਹੈ।

ਅੱਜ ਪੰਜਾਬ ਵਿੱਚ ਹਰ ਵਿਸ਼ੇ ਅਤੇ ਖੇਤਰ ਨਾਲ ਸਬੰਧੰਤ ਸਰਕਾਰੀ ਜਾਂ ਪ੍ਰਾਈਵੇਟ ਮਾਨਤਾ-ਪ੍ਰਾਪਤ ਸਕੂਲ, ਕਾਲਜ, ਖੋਜ-ਕੇਂਦਰ ਅਤੇ ਯੂਨੀਵਰਸਿਟੀਆਂ ਹਨ, ਪਰ ਤ੍ਰਾਸਦੀ ਇਹ ਹੈ ਕਿ ਪਿਛਲੇ ਦਸ ਸਾਲ ਦੇ ਅੰਕੜਿਆਂ ‘ਤੇ ਹੀ ਨਜ਼ਰ ਮਾਰੀ ਜਾਵੇ ਤਾਂ ਪੰਜਾਬ ਦੇ ਵਿਿਦਅਕ ਅਦਾਰਿਆਂ ਅੰਦਰ ਵਿਿਦਆਰਥੀਆਂ ਦੀ ਆਮਦ ਹਰ ਸਾਲ ਘੱਟਦੀ ਹੀ ਦਿਖਾਈ ਦਿੰਦੀ ਹੈ। ਦੂਜੇ ਪਾਸੇ ਗਲੀਆਂ-ਮੁਹੱਲਿਆਂ ਦੇ ਮੋੜਾਂ, ਸ਼ਾਪਿੰਗ ਸੈਂਟਰਾਂ ਅਤੇ ਮਾਲਾਂ ਅੰਦਰ ਆਈਲੈਟਸ ਟੈਸਟ ਦੇ ਸੈਂਟਰ ਦੇ ਨਾਂ ਹੇਠ ਖੁੱਲੀਆਂ ਦੁਕਾਨਾਂ ਵਿੱਚ ਨੌਜਵਾਨ ਲੜਕੇ-ਲੜਕੀਆਂ ਦੀ ਭਰਮਾਰ ਲੱਗੀ ਨਜ਼ਰ ਰਹਿੰਦੀ ਹੈ। ਇਹਨਾਂ ਵਿੱਚੋਂ ਬਹੁਤੇ ਬੱਚੇ ਬਾਰਵੀਂ ਤੋਂ ਬਾਅਦ ਅਗਲੇਰੀ ਕਾਲਜ ਦੀ ਪੜਾਈ ਨੂੰ ਛੱਡ ਦੋ-ਦੋ ਸਾਲ ਤੱਕ ਇਹਨਾਂ ਸੈਂਟਰਾਂ ਵਿੱਚ ਹੀ ਸਮਾਂ ਅਤੇ ਪੈਸਾ ਲਗਾ ਦਿੰਦੇ ਹਨ।ਸ਼ਾਇਦ ਇਹੀ ਵਜ਼ਾ ਹੋਵੇ ਕਿ ਪੰਜਾਬ ਵਿੱਚ ਹੋ ਰਹੀਆਂ ਮੁਕਾਬਲੇ ਦੀਆਂ ਪ੍ਰੀਖਿਆਂਵਾਂ ਲਈ ਜਾਂ ਤਾਂ ਪੂਰੇ ਉਮੀਦਵਾਰ ਆਉਂਦੇ ਹੀ ਨਹੀਂ ਜਾਂ ਫਿਰ ਇਮਿਿਤਹਾਨ ਵਿਚੋਂ ਪਾਸ ਹੀ ਬਹੁਤ ਘੱਟ ਗਿਣਤੀ ਵਿੱਚ ਹੋ ਰਹੇ ਹਨ, ਨਤੀਜੇ ਵਜੋਂ ਅੱਜ ਪੰਜਾਬ ਅੰਦਰ ਉੱਚੇ ਅਹੁਦੇ ਉੱਪਰ ਗੈਰ-ਪੰਜਾਬੀ ਲੋਕਾਂ ਕੋਲ ਹਨ।

ਜੇਕਰ ਆਰਥਿਕ ਪੱਖ ਨੂੰ ਦੇਖਿਆ ਜਾਵੇ ਤਾਂ ਪੰਜਾਬ ਦੇ ਡਿੱਗ ਰਹੇ ਆਰਥਿਕ ਗਰਾਫ ਪਿਛੇ ਵੀ ਹੋਰਨਾਂ ਮੁੱਢਲੇ ਕਾਰਨਾਂ ਤੋਂ ਇਲਾਵਾ ਇਹ ਦੋ ਵੱਡੇ ਕਾਰਨ ਵੀ ਨਜ਼ਰ ਆਉਣਗੇ। ਇਕ ਕਮਾਊ ਧੀਆਂ-ਪੁੱਤਰਾਂ ਦਾ ਨਸ਼ੇ ਦੀ ਦਲਦਲ ਵਿੱਚ ਖੁੱਭ ਜਾਣਾ ਤੇ ਦੂਜਾ ਜ਼ਮੀਨਾਂ-ਜਾਇਦਾਦਾਂ ਵੇਚ ਜਾਂ ਭਾਰੀ ਕਰਜ਼ੇ ਚੁੱਕ ਰੁਪਏ ਡਾਲਰਾਂ ਵਿੱਚ ਬਦਲ ਵਿਦੇਸ਼ਾਂ ਵੱਲ ਭੱਜਣਾ।ਪੰਜਾਬ ਦੇ ਸਿਆਸੀ ਪਿੜ ਜਾਂ ਰਾਜਨੀਤੀ ਵੱਲ ਖਿਆਲ ਕਰੀਏ ਤਾਂ ਡੂੰਘੀ ਨਿਰਾਸ਼ਤਾ ਮਿਲਦੀ ਹੈ। ਬੇਸ਼ਕ ਅੱਜ ਕੈਨੇਡਾ, ਅਮਰੀਕਾ, ਇੰਗਲੈਂਡ, ਨਿਊਜ਼ੀਲੈਂਡ ਜਾਂ ਆਸਟਰੇਲੀਆ ਵਰਗੇ ਅਮੀਰ ਅਤੇ ਵਿਕਸਤ ਦੇਸ਼ਾਂ ਵਿੱਚ ਆਪਣੀ ਯੋਗਤਾ ਅਤੇ ਅਸਰ-ਰਸੂਖ ਦੇ ਆਧਾਰ ‘ਤੇ ਪੰਜਾਬੀਆਂ ਨੇ ਚੰਗਾ ਨਾਮਣਾ ਖੱਟਿਆ ਹੈ। ਪਰ ਪੰਜਾਬ ਦੀਆਂ ਅਜੋਕੀਆਂ ਸਭ ਰਾਜਨੀਤਕ ਧਿਰਾਂ ਅੰਦਰ ਈਮਾਨਦਾਰ, ਯੋਗ ਅਤੇ ਸਿਆਣੇ-ਸੂਝਵਾਨ ਆਗੂਆਂ ਦੀ ਭਾਰੀ ਕਮੀ ਹੈ।ਭ੍ਰਿਸ਼ਟਾਚਾਰ ਇਸ ਕਦਰ ਰਾਜਨੀਤੀ ਅੰਦਰ ਆਪਣੀਆਂ ਜੜਾਂ ਫੈਲਾ ਚੁੱਕਿਆ ਹੈ ਕਿ ਹਰ ਆਗੂ ਪੰਜਾਬ ਨਾਲ ਮਕਾਰੀ ਕਰਦਾ ਨਜ਼ਰ ਆਉਣ ਲੱਗਾ ਹੈ, ਕਿਉਂਕਿ ਅੱਜ ਪੰਜਾਬ ਦੇ ਭਵਿੱਖ ਦੀ ਘੱਟ ਅਤੇ ਆਪੋ-ਆਪਣੇ ਭਵਿੱਖ ਦੀ ਚਿੰਤਾ ਨੇਤਾਵਾਂ ਨੂੰ ਜ਼ਿਆਦਾ ਹੈ।

“ਕੋਈ ਕਰੋ ਉਪਾਅ, ਲੱਗਿਆ ਏ ਗ੍ਰਹਣ ਮੇਰੇ ਪੰਜਾਬ ਨੂੰ,
ਮੰਗਵੀਆਂ ਦਿਉ ਛਾਵਾਂ, ਹਾਏ ਲੱਗਾ ਸੇਕ ਮੇਰੇ ਬਾਗ ਨੂੰ॥
ਕੋਈ ਵਾਰੋ ਮਿਰਚਾਂ, ਲੱਥੇ ਨਜ਼ਰ ਸੋਹਣੇ ਦੇਸ ਪੰਜਾਬ ਦੀ,
ਉਧਾਰੀ ਦੇ ਦਿਉ, ਲੁੱਟੀ ਗਈ ਖੁਸ਼ਬੋ ਸੂਹੇ ਗੁਲਾਬ ਦੀ॥”

ਪੰਜਾਬ ਸਰਕਾਰ ਨੂੰ ਪੰਜਾਬ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਪੰਜਾਬ ਦੀ ਜਵਾਨੀ ਨੂੰ ਸੰਭਾਲਨਾ ਹੋਵੇਗਾ। ਹਰ ਸਿਆਸੀ ਆਗੂ ਜੇਕਰ ਮੁੱਢਲਾ ਫਰਜ਼ ਸਮਝਦਿਆਂ ਹੋਇਆਂ ਪਹਿਲ ਦੇ ਆਧਾਰ ‘ਤੇ ਪੰਜਾਬ ਅੰਦਰ ਸ਼ਰੇਆਮ ਹੋ ਰਹੀ ਨਸ਼ੇ ਦੀ ਤਸਕਰੀ ਨੂੰ ਬੰਦ ਕਰਨ ਲਈ ਅਤੇ ਨੌਜਵਾਨਾਂ ਅੰਦਰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਲਿਆਉਣ ਲਈ ਸਰਕਾਰ ਨਾਲ ਮਿਲ ਕੇ ਆਪੋ-ਆਪਣੇ ਪੱਧਰ’ਤੇ ਉਪਰਾਲੇ ਕਰੇ ਤਾਂ ਪੰਜਾਬ ਦੇ ਸੋਹਣੇ ਅਤੇ ਸਿਹਤਮੰਦ ਭਵਿੱਖ ਦੀ ਉਮੀਦ ਰੱਖੀ ਜਾ ਸਕਦੀ ਹੈ। ਪੰਜਾਬੀ ਨੌਜਵਾਨਾਂ ਅੰਦਰ ਪੰਜਾਬ ਦੀ ਧਰਤੀ ਤੋਂ ਟੁੱਟਦੇ ਜਾ ਰਹੇ ਮੋਹ ਨੂੰ ਮੁੜ ਪੈਦਾ ਕਰਨਾ ਹੋਵੇਗਾ।ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਨੂੰ ਖੁਸ਼ਹਾਲ ਸੂਬਾ ਬਣਾਉਣ ਵਿੱਚ ਹਰੀ-ਕ੍ਰਾਂਤੀ ਦਾ ਵੱਡਾ ਯੋਗਦਾਨ ਹੈ, ਅੱਜ ਸਮੇਂ ਦੀ ਮੰਗ ਨੂੰ ਦੇਖਦਿਆਂ ਉਦਯੋਗਿਕ ਖੇਤਰ ਵੱਲ ਵੀ ਪੰਜਾਬ ਸਰਕਾਰ ਨੂੰ ਵਿਸ਼ੇਸ਼ ਧਿਆਨ ਦਿੰਦੇ ਹੋਏ ਰੁਜ਼ਗਾਰ ਦੇ ਹੋਰ ਮੌਕੇ ਪੈਦਾ ਕਰਨੇ ਚਾਹੀਦੇ ਹਨ। ਸਭ ਤੋਂ ਜਰੂਰੀ ਹੈ ਕਿ ਹੋਣਹਾਰ, ਯੋਗ ਅਤੇ ਸਮਝਦਾਰ ਨੌਜਵਾਨਾਂ ਨੂੰ ਰਾਜਨੀਤੀ ਦੇ ਪਿੜ ਅੰਦਰ ਸਹੀ ਸਮੇਂ ਸਹੀ ਮੌਕਾ ਦਿੱਤਾ ਜਾਵੇ।ਨੌਜਵਾਨਾਂ ਅੰਦਰ ਪੈਦਾ ਹੋਏ ਇਹਨਾਂ ਅੰਨ੍ਹੇ ਰੁਝਾਨਾਂ ‘ਤੇ ਜੇਕਰ ਇੱਕ ਹੱਦ ਤੱਕ ਵੀ ਕਾਬੂ ਪਾ ਲਿਆ ਜਾਵੇ ਤਾਂ ਪੰਜਾਬ ਦੇ ਮੱਥੇ ਤੋਂ ਫਿਕਰ ਦੀ ਲੀਕ ਮਿਟਾਉਣ ਵਿੱਚ ਕਾਮਯਾਬੀ ਮਿਲ ਸਕਦੀ ਹੈ। ਸੱਚੇ ਰੱਬ ਅੱਗੇ ਅਰਦਾਸ ਹੈ ਕਿ ਹਰਿਆ-ਭਰਿਆ ਪੰਜਾਬ ਸਦਾ ਹਸਦਾ-ਵਸਦਾ ਰਹੇ!

ਯਸ਼ਪ੍ਰੀਤ ਕੌਰ
ਲੈਕਚਰਾਰ
ਖ਼ਾਲਸਾ ਕਾਲਜ ਆਫ ਨਰਸਿੰਗ, ਅੰਮ੍ਰਿਤਸਰ।
9914711108

Show More

Related Articles

Leave a Reply

Your email address will not be published.

Back to top button