ਸਾਹਿਤ
Trending

ਸਿੱਖੋ! ਸੋਚੋ, ਆਖ਼ਰ ਪੰਥ ਦੀ ਧਿਰ ਕਿਹੜੀ ਹੈ ?

Learn! Think, what is the side of the Panth ?

ਸੰਨ 2015 ਤੋਂ ਸ਼ੁਰੂ ਹੋਇਆ ਬੇਅਦਬੀਆਂ ਦਾ ਦੌਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਜੇਕਰ ਅਖੌਤੀ ਪੰਥਕ ਬਾਦਲ ਸਰਕਾਰ ਨੇ ਓਦੋਂ ਹੀ ਉਹਨਾਂ ਪਾਪੀਆਂ ‘ਤੇ ਕਾਰਵਾਈ ਕੀਤੀ ਜਿਨ੍ਹਾਂ ਨੇ ਪਾਵਨ ਸਰੂਪ ਚੋਰੀ ਕੀਤਾ, ਸਿੱਖਾਂ ਨੂੰ ਲਲਕਾਰਿਆ ਤੇ ਫਿਰ ਅੰਗ ਪਾੜ ਕੇ ਗਲੀਆਂ ‘ਚ ਖਿਲਾਰੇ ਤਾਂ ਅੱਜ ਹਾਲਾਤ ਕੁਝ ਹੋਰ ਹੋਣੇ ਸਨ। ਅਕਾਲੀ ਸਰਕਾਰ ਹੀ ਸਿੱਖੀ ਅਤੇ ਸਿੱਖਾਂ ਦੀ ਦੁਸ਼ਮਣ ਬਣ ਗਈ। ਖ਼ਾਲਸਾ ਪੰਥ/ਬਾਬੇਕਿਆਂ ਨੇ ਬਾਬਰਕਿਆਂ/ਬਾਦਲਕਿਆਂ ਵਿਰੁੱਧ ਲੰਮਾ ਸੰਘਰਸ਼ ਕਰਕੇ ਇਹਨਾਂ ਨੂੰ ਸਬਕ ਸਿਖਾਉਂਦਿਆਂ ਅਰਸ਼ੋਂ ਫ਼ਰਸ਼ ‘ਤੇ ਲਿਆ ਸੁੱਟਿਆ। ਹੁਣ ਫਿਰ ਬਾਦਲਕੇ ਆਪਣੀ ਸਰਕਾਰ ਬਣਾਉਣ ਲਈ ਤਰਲੋ-ਮੱਛੀ ਹੋ ਰਹੇ ਹਨ।

ਲੇਕਿਨ ਸਾਡੇ ਇਸ਼ਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦੁਖਾਂਤ ਇਸ ਮੌਕੇ ਫੇਰ ਮੁੱਖ ਮੁੱਦਾ ਬਣ ਗਿਆ ਹੈ। ਕਾਂਗਰਸ ਦੇ ਕਾਟੋ-ਕਲੇਸ਼ ਵਿੱਚ ਵੀ ਮੁੱਖ ਮੁੱਦਾ ਇਹੀ ਹੈ ਕਿ ਬਾਦਲਕਿਆਂ ਦੇ ਰਾਜ ਵਿੱਚ ਬੁਰਜ ਜਵਾਹਰਕੇ ਤੋਂ ਪਾਵਨ ਸਰੂਪ ਚੋਰੀ ਕਰਨ ਵਾਲੇ ਡੇਰਾ ਸਿਰਸਾ ਵਾਲਿਆਂ ਨੂੰ ਬਚਾਉਣ ਦੀ ਸਾਜ਼ਿਸ਼ ਤਹਿਤ ਜਿੱਥੇ ਬਾਦਲ ਪਰਿਵਾਰ ਨੇ ਦੋ ਸਿੱਖ ਨੌਜਵਾਨਾਂ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਦੀ ਬਲੀ ਲੈਣੀ ਚਾਹੀ, ਓਥੇ ਇਨਸਾਫ਼ ਮੰਗਦੀਆਂ ਸੰਗਤਾਂ ਉੱਤੇ ਪੁਲੀਸ ਤੋਂ ਜੂਨ 1984 ਵਾਂਗ ਕਹਿਰ ਢਵਾਇਆ।

ਪਹਿਲਾਂ ਕੈਪਟਨ ਅਮਰਿੰਦਰ ਸਿੰਘ ਇਹ ਮੁੱਦਾ ਭਖਾ ਕੇ ਰਾਜ ਗੱਦੀ ‘ਤੇ ਬੈਠਾ ਰਿਹਾ, ਹੁਣ ਉਸ ਨੂੰ ਲਾਹੁਣ ਵਾਲ਼ਿਆਂ ਨੇ ਵੀ ਇਹੀ ਮੁੱਦਾ ਵਰਤਿਆ ਪਰ ਜਾਪਦਾ ਹੈ ਕਿ ਅਜੇ ਗੱਲ ਮੁੱਕੀ ਨਹੀਂ। ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜੋ ਨਿਯੁਕਤੀਆਂ ਕੀਤੀਆਂ ਨੇ ਇਹਨਾਂ ਖਿਲਾਫ਼ ਅਵਾਜ਼ ਬੁਲੰਦ ਕਰਨ ਵਾਲ਼ੇ ਵੀ ਇਸੇ ਬੇਅਦਬੀ ਦੇ ਮੁੱਦੇ ਨੂੰ ਉਭਾਰ ਰਹੇ ਹਨ। ਸੁਭਾਵਿਕ ਹੈ ਕਿ ਬਾਦਲ ਦਲ ਨੂੰ ਇਹ ਬੇਅਦਬੀ ਦਾ ਮੁੱਦਾ ਇਉਂ ਵਾਰ-ਵਾਰ ਉਭਰਨਾ ਬੇਹੱਦ ਸੰਤਾਪ ਦਿੰਦਾ ਹੈ ਕਿ ਲੋਕਾਂ ਨੂੰ ਸਾਡੀਆਂ ਕਾਲ਼ੀਆਂ ਤੇ ਕੋਝੀਆਂ ਕਰਤੂਤਾਂ ਚੇਤੇ ਆਉਂਦੀਆਂ ਨੇ।

ਕੈਪਟਨ ਦੇ ਰਾਜ ਵਿੱਚ ਨਜ਼ਾਰੇ ਲੈਂਦੇ ਰਹੇ ਬਾਦਲਕਿਆਂ ਨੂੰ ਬੇਅਦਬੀ ਦਾ ਮੁੱਦਾ ਉਭਰਨ ਦਾ ਬੜਾ ਖੌਫ਼ ਹੈ। ਇਸ ਤੋਂ ਵੀ ਵੱਡਾ ਦੁੱਖ ਬਾਦਲ ਦਲੀਆਂ ਨੂੰ ਇਹ ਹੈ ਕਿ ਪਹਿਲੇ ਦਿਨ ਤੋਂ ਹੀ ਪੰਥ ਦੀ ਦੁਸ਼ਮਣ ਵਜੋਂ ਬਦਨਾਮ ਕਾਂਗਰਸ ਪਾਰਟੀ ਪੰਥ ਦੀ ਸੇਵਾਦਾਰ ਬਣ ਬੈਠੀ ਹੈ। ਜੂਨ 1984, ਨਵੰਬਰ 1984 ਤੇ ਮਗਰੋਂ 1995 ਤਕ ਪੰਜਾਬ ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੀ ਪਾਰਟੀ ਦਾ ਤਾਂ ਪੰਚਾਇਤ ਮੈਂਬਰ ਵੀ ਨਹੀਂ ਸੀ ਜਿੱਤਣਾ ਚਾਹੀਦਾ ਪਰ ਬਾਦਲਕਿਆਂ ਦੇ ਸਤਾਏ ਪੰਜਾਬ ਦੇ ਲੋਕਾਂ ਨੇ ਪਹਿਲਾਂ 2002 ਵਿੱਚ ਤੇ ਫੇਰ 2017 ਵਿੱਚ ਕਾਂਗਰਸ ਸੱਤਾ ਵਿੱਚ ਲਿਆਂਦੀ। ਹੁਣ ਬਾਦਲਕਿਆਂ ਨੇ ਪੰਥਕ ਏਜੰਡਾ ਕਦੋਂ ਦਾ ਤਿਆਗ ਦਿੱਤਾ ਹੋਇਆ ਹੈ ਪਰ ਕਾਂਗਰਸ ਪਾਰਟੀ ਅਗਲੀ ਚੋਣ ਮੌਕੇ ਪੰਥਕ ਜਜ਼ਬਾਤਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਪੂਰੀ ਮਿਹਨਤ ਕਰ ਰਹੀ ਹੈ।

ਇਹ ਕਿਹੋ ਜਿਹੀ ਸਥਿਤੀ ਬਣਾ ਧਰੀ ਹੈ ਕਿ ਖ਼ਾਲਿਸਤਾਨ ਮੰਗਦੀ ਸਿੱਖ ਕੌਮ ਦੀ ਰੀਝ ਹੁਣ ਇਹ ਹੈ ਕਿ ਜਿਹੜਾ ਵੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਕਰਵਾਊ ਤੇ ਬੇਅਦਬੀਆਂ ਬੰਦ ਕਰਵਾਊ, ਉਸ ਨੂੰ ਵੋਟ ਪਾ ਦਿਆਂਗੇ। ਬਾਦਲਕਿਆਂ ਤੋਂ ਤਾਂ ਕੋਈ ਆਸ ਹੀ ਨਹੀਂ ਕਿ ਡੇਰੇ ਸਿਰਸੇ ਵਾਲ਼ਿਆਂ ਨੂੰ ਸਜ਼ਾ ਦਿਵਾਉਣ ਬਾਰੇ ਗੱਲ ਕਰਨ। ਕਾਂਗਰਸ ਨੂੰ ਪੂਰੀ ਆਸ ਹੈ ਕਿ ਅਸੀਂ ਪੰਥ ਨੂੰ ਆਪਣੇ ਹੱਕ ਵਿੱਚ ਭੁਗਤਾ ਲਵਾਂਗੇ। ਬਾਦਲਕਿਆਂ ਦੀ ਪੂਰੀ ਤਿਆਰੀ ਪੰਥਕ ਸੋਚ ਵਾਲ਼ਿਆਂ ਨੂੰ ਕਾਂਗਰਸ ਦੇ ਏਜੰਟ ਗਰਦਾਨਣ ਦੀ ਹੈ।

ਬਾਦਲ ਦਲ ਦੇ ਚਾਪਲੂਸ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਹੀ ਆਧਾਰ ਤਿਆਰ ਕਰ ਚੁੱਕੇ ਹਨ ਪਰ ਜਿਹੜੀ ਕੌਮ ਆਪਣੇ ਦੁਸ਼ਮਣਾਂ ਦੇ ਗਾਟੇ ਲਾਹ ਕੇ ਰਾਜ-ਭਾਗ ਭੋਗਦੀ ਰਹੀ, ਬਾਦਲਕਿਆਂ ਕਰਕੇ ਐਨੀ ਨਿਮਾਣੀ, ਨਿਤਾਣੀ ਬਣ ਗਈ ਹੈ ਕਿ ਬੇਅਦਬੀਆਂ ਕਰਨ ਵਾਲ਼ੇ ਲੋਕਾਂ ਸਾਮ੍ਹਣੇ ਬੇਵੱਸ ਤੇ ਲਾਚਾਰ ਮਹਿਸੂਸ ਕਰ ਰਹੀ ਹੈ। ਕੌਮ ਦਾ ਬਲ਼, ਅਣਖ, ਗ਼ੈਰਤ, ਲੜ-ਮਰਨ ਦੀ ਜੁਰਅਤ ਦਾ ਬਾਦਲਕਿਆਂ ਨੇ ਇੱਕੋ ਲਾਈਨ ਵਿੱਚ ਨਿਬੇੜਾ ਕਰ ਦਿੱਤਾ ਹੈ ਕਿ ਜੇ ਤੁਸੀਂ ਸਾਡੀ ਪਾਰਟੀ ਦੀ ਜੈ-ਜੈਕਾਰ ਕਰਦੇ ਹੋ ਤਾਂ ਤੁਸੀਂ ਮਹਾਨ ਸਿੱਖ ਹੋ, ਨਹੀਂ ਤਾਂ ਪੰਥ ਲਈ ਜਿੱਡੀ ਵੱਡੀ ਮਰਜ਼ੀ ਸੋਚ ਹੋਵੇ, ਜਿੰਨੀ ਵੱਡੀ ਮਰਜ਼ੀ ਕੁਰਬਾਨੀ ਹੋਵੇ, ਅਸੀਂ ਪੰਥਕ ਸੰਸਥਾਵਾਂ ਨੂੰ ਤੁਹਾਡੇ ਹੱਕ ਵਿੱਚ ਨਹੀਂ, ਤੁਹਾਡੇ ਖ਼ਿਲਾਫ਼ ਭੁਗਤਾਵਾਂਗੇ।

ਇਸ ਮਹੌਲ ਵਿੱਚ ਕਾਂਗਰਸ ਨੇ ਖੁਦ ਨੂੰ ਪੰਥ-ਦਰਦੀ ਦੇ ਰੂਪ ਵਿੱਚ ਪ੍ਰੋਜੈਕਟ ਕਰਨਾ ਸ਼ੁਰੂ ਕੀਤਾ ਹੋਇਆ ਹੈ। ਜੇ ਬਾਦਲਕਿਆਂ ਵਿੱਚ ਮਮੂਲ਼ੀ ਜਿਹਾ ਵੀ ਪੰਥਕ ਕਣ ਬਚਿਆ ਹੁੰਦਾ ਤਾਂ ਕਾਂਗਰਸ ਕਦਾਚਿਤ ਇਹ ਗੱਲ ਸੋਚ ਵੀ ਨਾ ਸਕਦੀ ਪਰ ਬਾਦਲ ਪਰਿਵਾਰ ਨੂੰ ਤਾਂ ਪੰਥ ਆਪਣੇ ਸਿਆਸੀ ਮਨੋਰਥਾਂ ਲਈ ਸਭ ਤੋਂ ਵੱਡਾ ਦੁਸ਼ਮਣ ਜਾਪਦਾ ਹੈ। ਬਾਦਲ ਪਰਿਵਾਰ ਨੇ ਬਾਦਲ ਸੈਨਾ ਨੂੰ ਵੀ ਕਾਇਲ ਕਰ ਲਿਆ ਹੈ ਕਿ ਪੰਥਕ ਸੋਚ ਦੇ ਉਭਰਨ ਨਾਲ ਆਪਣੇ ਸਿਆਸੀ ਸਵਾਰਥ ਪੂਰੇ ਨਹੀਂ ਹੋ ਸਕਦੇ। ਬਾਦਲ ਦਲ ਦਾ ਹਰ ਕਾਰਕੁੰਨ ਜਾਣਦਾ ਹੈ ਕਿ ਜੇ ਕਾਮਯਾਬ ਹੋਣਾ ਹੈ ਤਾਂ ਪੰਥ, ਧਰਮ, ਕੌਮ, ਕੁਰਬਾਨੀ ਦਾ ਵਿਰੋਧ ਕਰਨਾ ਪੈਣਾ ਹੈ। ਇਸ ਤਰ੍ਹਾਂ ਕਾਂਗਰਸ ਲਈ ਥਾਂ ਪੈਦਾ ਹੋ ਗਿਆ।

ਪਰ 31 ਅਕਤੂਬਰ ਨੂੰ ਜਦ ਇਹ ਕਾਂਗਰਸੀ ਇੰਦਰਾ ਦੀ ਯਾਦ ਵਿੱਚ ਮੌਨ ਧਾਰਨ ਕਰੀ ਬੈਠੇ ਹੋਣਗੇ ਤਾਂ ਓਦੋਂ ਪੰਥ ਹੱਕਾ-ਬੱਕਾ ਹੋਵੇਗਾ ਕਿ ‘ਆਖਰ ਪੰਥ ਦੀ ਧਿਰ ਕਿਹੜੀ ਹੈ ? ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕੀਤੇ ਕਹਿਰੀ ਹਮਲੇ ਕਾਰਨ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਨੂੰ ਸੋਧਿਆ ਗਿਆ ਸੀ। ਸਿੱਖ ਸੰਘਰਸ਼ ਵਿੱਚ ਉਂਝ ਚਾਹੇ ਹਰ ਸੋਧਾ ਹੀ ਅਹਿਮ ਹੈ ਪਰ ਜੇ ਇੰਦਰਾ ਵਾਲਾ ਕੰਮ ਨਾ ਹੁੰਦਾ ਤਾਂ ਗੱਲ ਨਹੀਂ ਸੀ ਬਣਨੀ। ਸਿੱਖ ਇਤਿਹਾਸ ਵਿੱਚ ਇੰਦਰਾ ਨੂੰ ਸੋਧਣ ਵਾਲ਼ਾ ਕਾਰਨਾਮਾ ਬਹੁਤ ਵੱਡੇ ਅਰਥ ਰੱਖਦਾ ਹੈ। ਸਰਦਾਰ ਬੇਅੰਤ ਸਿੰਘ, ਸਰਦਾਰ ਸਤਵੰਤ ਸਿੰਘ ਤੇ ਸਰਦਾਰ ਕੇਹਰ ਸਿੰਘ ਵਰਗੇ ਸੂਰਮਿਆਂ ਨੇ ਟੀਸੀ ਦਾ ਬੇਰ ਲਾਹਿਆ।

ਜੇ ਕਿਤੇ ਬਾਦਲ ਦਲ ਵਿੱਚ ਪੰਥਕ ਕਣ ਹੁੰਦਾ ਤਾਂ 31 ਅਕਤੂਬਰ ਨੂੰ ਇੰਦਰਾ ਦੇ ਜਵਾਬ ਵਿੱਚ ਸਰਦਾਰ ਬੇਅੰਤ ਸਿੰਘ ਅਤੇ ਸਰਦਾਰ ਸਤਵੰਤ ਸਿੰਘ ਤੇ ਸਰਦਾਰ ਕੇਹਰ ਸਿੰਘ ਦਾ ਸ਼ਹੀਦੀ ਦਿਹਾੜਾ ਧੂਮ-ਧਾਮ ਨਾਲ ਮਨਾਉਣ ਦਾ ਐਲਾਨ ਕਰ ਦਿੰਦੇ ਪਰ ਇੰਦਰਾ ਨੂੰ ਸੋਧਣ ਵਾਲ਼ੇ ਸਿੰਘਾਂ ਦਾ ਸ਼ਹੀਦੀ ਦਿਹਾੜਾ ਮਨਾਉਣਾ ਤਾਂ ਦੂਰ, ਬਾਦਲਕਿਆਂ ਤੋਂ ਤਾਂ ਨਵੰਬਰ 1984 ਨੂੰ ਬੇਦੋਸ਼ੇ ਸਿੱਖਾਂ ਦੇ ਕਤਲੇਆਮ ਨੂੰ ਮੁੱਖ ਰੱਖ ਕੇ ਅੱਜ ਤੱਕ ਕੋਈ ਪ੍ਰੋਗਰਾਮ ਐਲਾਨ ਨਹੀਂ ਹੋਇਆ। ਹਾਲਾਂਕਿ ਨਵੰਬਰ 1984 ਦੀ ਨਸਲਕੁਸ਼ੀ ਸਿੱਧੀ ਕਾਂਗਰਸ ਨੂੰ ਸੱਟ ਮਾਰਨ ਵਾਲੀ ਗੱਲ ਹੈ ਪਰ ਬਾਦਲ ਦਲ ਨੇ ਪੰਥਕ ਹੋਣ ਤੋਂ ਇਨਕਾਰ ਕੀਤਾ ਹੋਇਆ ਹੈ, ਜਿਸ ਕਰਕੇ ਨਾ ਸਰਦਾਰ ਬੇਅੰਤ ਸਿੰਘ ਤੇ ਸਰਦਾਰ ਸਤਵੰਤ ਸਿੰਘ ਦਾ ਸ਼ਹੀਦੀ ਦਿਹਾੜਾ ਤੇ ਨਾ ਸਿੱਖਾਂ ਦੀ ਨਸਲਕੁਸ਼ੀ ਬਾਰੇ ਵੱਡੇ ਪ੍ਰੋਗਰਾਮ ਉਲੀਕਣੇ ਹਨ।

ਬਾਦਲਕਿਆਂ ਨੇ ਪੰਥਕ ਫ਼ਰਜ਼ ਨਿਭਾਉਣੇ ਨਹੀਂ ਤੇ ਬੇਅਦਬੀ ਦਾ ਮੁੱਦਾ ਉਭਾਰ ਕੇ ਪੰਥਕ ਹੋਣ ਦਾ ਭਰਮ ਪਾ ਰਹੇ ਕਾਂਗਰਸੀਆਂ ਨੇ ਇੰਦਰਾ ਦਾ ਮਰਨ ਦਿਨ ਮਨਾਉਣਾ ਹੈ ਤਾਂ ਫੇਰ ਸਵਾਲ ਓਹੀ ਉੱਭਰਦਾ ਹੈ ਕਿ ਪੰਥ ਦੀ ਧਿਰ ਕਿਹੜੀ ਹੈ ?

ਪਿੱਛੇ ਜਿਹੇ ਸਿੱਖਾਂ ਨੂੰ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਭਰਮਾਇਆ ਸੀ। ਸਿੱਖਾਂ ਨੇ ਬਾਦਲਕਿਆਂ ਤੋਂ ਖਹਿੜਾ ਛੁਡਵਾਉਣ ਲਈ ਮਾਇਆ ਦਾ ਹੜ੍ਹ ਲਿਆ ਦਿੱਤਾ ਪਰ ਅੰਤ ਆਮ ਆਦਮੀ ਪਾਰਟੀ ਵੀ ‘ਭਾਰਤ ਮਾਤਾ ਕੀ ਜੈ’ ਕਹਿਣ ਵਾਲ਼ਿਆਂ ਦੀ ਧਿਰ ਨਿਕਲ਼ੀ। ਪੰਥ ਦੇ ਪੈਸੇ, ਪੰਥ ਦੀ ਹਮਾਇਤ ਨਾਲ਼ ਉਭਰੀ ਇਸ ਪਾਰਟੀ ਨੇ ਸਿੱਖ ਸੰਘਰਸ਼ ਨੂੰ ਕਰਾਰੀ ਸੱਟ ਮਾਰੀ ਹੈ। ਜਿਹੜੇ ਲੋਕ ਸਾਰੀਆਂ ਸਿਆਸੀ ਪਾਰਟੀਆਂ ਤੋਂ ਨਿਰਾਸ਼ ਹੋ ਕੇ ਖਾਲਿਸਤਾਨ ਦੇ ਰਾਹ ਤੁਰਨ ਨੂੰ ਤਿਆਰ ਸਨ, ਉਹਨਾਂ ਨੂੰ ਇਸ ਪਾਰਟੀ ਨੇ ਦੁਬਾਰਾ ਭਾਰਤੀ ਹਕੂਮਤੀ ਸਿਸਟਮ ਦੇ ਲਾਡਲੇ ਪੁੱਤ ਬਣਾ ਧਰਿਆ। ਹੁਣ ਜਦ ਵੀ ਕੋਈ ਖਾਲਿਸਤਾਨ ਤੇ ਸਿੱਖ ਸੰਘਰਸ਼ ਦੀ ਗੱਲ ਕਰਦਾ ਹੋਵੇ ਤਾਂ ਸਭ ਤੋਂ ਵੱਧ ਠੋਕਵਾਂ ਵਿਰੋਧ ਆਮ ਆਦਮੀ ਪਾਰਟੀ ਵਾਲ਼ੇ ਕਰਦੇ ਹਨ। ਖਾਲਿਸਤਾਨ ਦੇ ਰਾਹ ਤੁਰਨ ਨੂੰ ਤਿਆਰ ਸਿੱਖਾਂ ਨੂੰ ‘ਹਿੰਦੁਸਤਾਨ ਜਿੰਦਾਬਾਦ’ ਕਹਿਣ ਲਾਉਣ ਵਾਲੀ ਇਸ ਪਾਰਟੀ ਨੂੰ ਹਕੂਮਤੀ ਸਿਸਟਮ ਪੂਰੀ ਸਰਪ੍ਰਸਤੀ ਦਿੰਦਾ ਹੈ।

ਜਿੰਨਾ ਸਰਮਾਇਆ, ਹਮਾਇਤ, ਸਾਧਨ ਤੇ ਤਾਕਤ ਸਿੱਖਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤੀ ਹੈ, ਇਸ ਤੋਂ ਅੱਧੀ ਵੀ ਕਿਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ) ਅਤੇ ਦਲ ਖਾਲਸਾ ਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵਰਗੀਆਂ ਧਿਰਾਂ ਨੂੰ ਮਿਲ ਜਾਂਦੀ ਤਾਂ ਕਹਾਣੀ ਕੁਝ ਹੋਰ ਹੀ ਹੋਣੀ ਸੀ।

ਹੁਣ 31 ਅਕਤੂਬਰ ਨੂੰ ਸਿੱਖ ਫੇਰ ਝੂਰਨਗੇ ਕਿ ਬੇਅਦਬੀਆਂ ਦਾ ਇਨਸਾਫ਼ ਦਿਵਾਉਣ ਦੀ ਗੱਲ ਕਰਨ ਵਾਲ਼ੇ ਕਾਂਗਰਸੀ ਤਾਂ ਇੰਦਰਾ ਦੀ ਯਾਦ ਵਿੱਚ ਮੌਨ ਧਾਰਨ ਕਰੀ ਬੈਠੇ ਹਨ, ਹੁਣ ਸ਼ਹੀਦ ਭਾਈ ਬੇਅੰਤ ਸਿੰਘ ਮਲੋਆ ਤੇ ਨਵੰਬਰ 1984 ਦੀ ਨਸਲਕੁਸ਼ੀ ਦਾ ਸ਼ਿਕਾਰ ਸਿੱਖਾਂ ਲਈ ਕੌਣ ਬੋਲੂ ?

ਰਣਜੀਤ ਸਿੰਘ ਦਮਦਮੀ ਟਕਸਾਲ
ਪ੍ਰਧਾਨ : ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ
ਮੋ : 88722-93883.

Show More

Related Articles

Leave a Reply

Your email address will not be published.

Back to top button