ਸਾਹਿਤ

ਨਵੰਬਰ 84: ਸਿੱਖ ਨਸਲਕੁਸ਼ੀ ਦੀ ਪੀੜ, “ਮੇਰੇ ਸਹੁਰੇ ਨੂੰ ਸਿਰਫ਼ ਸਿੱਖ ਹੋਣ ਕਰਕੇ ਮਾਰ ਦਿੱਤਾ ਗਿਆ”

November 84: The pain of Sikh genocide, "My father-in-law was killed just because he was a Sikh"

ਪਹਿਲਾਂ ਜੂਨ 1984 ’ਚ ਸ੍ਰੀ ਦਰਬਾਰ ਸਾਹਿਬ ’ਤੇ ਫ਼ੌਜੀ ਹਮਲਾ ਕਰ ਕੇ ਹਿੰਦੂ ਸਾਮਰਾਜ ਨੇ ਟੈਂਕਾਂ-ਤੋਪਾਂ ਨਾਲ਼ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ, ਤੇ ਹਜ਼ਾਰਾਂ ਸੰਗਤਾਂ ਦਾ ਬੇ-ਰਹਿਮੀ ਨਾਲ਼ ਕਤਲੇਆਮ ਕੀਤਾ ਗਿਆ ਤੇ ਫਿਰ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦੇਸ਼ ਭਰ ’ਚ ਹਿੰਦੂ ਭੀੜਾਂ ਨੇ ਸਿੱਖਾਂ ਦੀ ਰੱਜ ਕੇ ਨਸਲਕੁਸ਼ੀ ਕੀਤੀ। ਦੇਸ਼ ਦੇ ਹਿੰਦੂ ਹੁਕਮਰਾਨਾਂ ਨੇ ਸਿੱਖ ਕੌਮ ਨੂੰ ਅਜਿਹੇ ਡੂੰਘੇ ਜਖ਼ਮ ਦਿੱਤੇ, ਜੋ ਨਾ ਤਾਂ ਕਦੇ ਮਿਟ ਸਕਦੇ ਹਨ, ਨਾ ਭਰ ਸਕਦੇ ਹਨ ਤੇ ਨਾ ਭੁੱਲ ਸਕਦੇ ਹਨ।

ਬੀਬੀ ਕਮਲਜੀਤ ਕੌਰ ਦੀ ਦਰਦਾਂ ਭਰੀ ਦਾਸਤਾਂ ਸੁਣ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਮੁਲਾਕਾਤ ਦੌਰਾਨ ਬੀਬੀ ਜੀ ਨੇ ਦੱਸਿਆ ਕਿ ਉਹ ਬਿਹਾਰ ਦੇ ਮੁਗਲ ਸਰਾਵਾਂ ਵਿਖੇ ਸ. ਰਾਜਿੰਦਰ ਸਿੰਘ ਦੇ ਨਾਲ਼ ਵਿਆਹੇ ਹੋਏ ਸਨ। ਸੰਨ 1984 ਦੇ ਅਕਤੂਬਰ ਮਹੀਨੇ ’ਚ ਉਹ ਪਰਿਵਾਰ ਸਮੇਤ ਆਪਣੇ ਪੇਕੇ (ਕਾਨਪੁਰ ਦੇ ਕੋਲ਼ ਇਟਾਵਾ) ਆਏ ਹੋਏ ਸਨ। ਜਦ 1 ਨਵੰਬਰ ਨੂੰ ਕਤਲੇਆਮ ਸ਼ੁਰੂ ਹੋਇਆ ਤਾਂ ਸਾਡੇ ਹਿੰਦੂ ਗੁਆਂਢੀ ਜਿਨ੍ਹਾਂ ਨਾਲ਼ ਸਾਡਾ ਬੜਾ ਪਿਆਰ ਹੁੰਦਾ ਸੀ, ਉਹ ਪਲਾਂ ’ਚ ਹੀ ਸਾਡੇ ਦੁਸ਼ਮਣ ਬਣ ਗਏ ਤੇ ਸਾਨੂੰ ਮਾਰਨ ਲਈ ਸਾਡੇ ਘਰ ਦੇ ਅੱਗੇ ਇਕੱਠੇ ਹੋ ਗਏ। ਅਸੀਂ ਦਰਵਾਜੇ ਬੰਦ ਕਰ ਲਏ, ਤੇ ਬੜੀ ਮੁਸ਼ਕਿਲ ਨਾਲ਼ ਆਪਣੀ ਜਾਨ ਬਚਾਈ। ਅਸੀਂ ਦੋ ਮਹੀਨੇ ਡਰ ਨਾਲ਼ ਆਪਣੇ ਘਰ ਅੰਦਰ ਹੀ ਲੁਕੇ ਰਹੇ, ਤੇ ਰੋਸ਼ਨਦਾਨ ਅਤੇ ਬਾਰੀ ਦੇ ਛੇਕਾਂ ਥਾਣੀਂ ਬਾਹਰ ਸਿੱਖਾਂ ਉੱਤੇ ਹੁੰਦਾ ਕਹਿਰ ਵੇਖਦੇ ਰਹੇ।

ਹਿੰਦੂਆਂ ਨੇ ਸਿੱਖਾਂ ਦੇ ਗਲ਼ਾਂ ’ਚ ਟਾਇਰ ਪਾ ਕੇ ਅੱਗਾਂ ਲਾਈਆਂ, ਸਿੱਖਾਂ ਦੀਆਂ ਚੀਕਾਂ ਨਾਲ਼ ਸਾਰਾ ਸ਼ਹਿਰ ਕੰਬ ਰਿਹਾ ਸੀ, ਸਿੱਖਾਂ ਦੇ ਸਿਰਾਂ ’ਚ ਜੋਰ-ਜੋਰ ਨਾਲ਼ ਸਰੀਏ ਮਾਰੇ ਗਏ, ਸਿੱਖ ਬੀਬੀਆਂ ਤੇ ਛੋਟੀਆਂ ਬੱਚੀਆਂ ਨਾਲ਼ ਜ਼ਾਲਮਾਂ ਨੇ ਬਲਾਤਕਾਰ ਕੀਤੇ, ਘਰਾਂ ਦਾ ਸਮਾਨ ਲੁੱਟ ਕੇ ਲੈ ਗਏ, ਇੱਕ-ਇੱਕ ਸਿੱਖ ਦੇ ਦੁਆਲੇ ਪੰਜਾਹ-ਪੰਜਾਹ ਹਿੰਦੂ ਸਨ, ਜੋ ਉਸਨੂੰ ਬੁਰੀ ਤਰ੍ਹਾਂ ਮਾਰ ਅਤੇ ਘੜੀਸ ਰਹੇ ਸਨ। ਹਿੰਦੂ ਨਾਅਰੇ ਲਾ ਰਹੇ ਸਨ ਕਿ “ਇੰਦਰਾ ਗਾਂਧੀ ਜ਼ਿੰਦਾਬਾਦ, ਹਿੰਦੁਸਤਾਨ ਜ਼ਿੰਦਾਬਾਦ, ਮਾਰੋ ਸਰਦਾਰੋਂ ਕੋ ਦੇਸ਼ ਕੇ ਗ਼ੱਦਾਰੋਂ ਕੋ, ਕੋਈ ਭੀ ਸਰਦਾਰ ਜ਼ਿੰਦਾ ਨਹੀਂ ਬਚਣਾ ਚਾਹੀਏ, ਸਰਦਾਰ ਰਾਵਣ ਹੈ ਆਓ ਹਮ ਇਨਕੋ ਰਾਮ ਬਣ ਕੇ ਦਿਖਾਏਂ, ਔਰ ਮਾਰੋਂ ਸਰਦਾਰੋਂ ਕੋ ਜ਼ਿੰਦਾ ਜਲਾ ਦੋ ਸਾਲੋਂ ਕੋ।”

ਹਰ ਪਾਸੇ ਹਿੰਦੂ ਭੀੜਾਂ ਹਰਲ-ਹਰਲ ਕਰਦੀਆਂ ਫਿਰਦੀਆਂ ਸਨ, ਕਈ ਪੁਲੀਸ ਵਾਲ਼ੇ ਵੀ ਏਨਾ ਨਾਲ਼ ਸਨ। ਸਾਡੇ ਕਈ ਗੁਆਂਢੀ ਸਿੱਖਾਂ ਨੇ ਹਿੰਦੂਆਂ ਨਾਲ਼ ਮੁਕਾਬਲਾ ਵੀ ਕੀਤਾ, ਤੇ 7-8 ਹਿੰਦੂ ਮਾਰ ਕੇ ਉਹ ਵਿਚਾਰੇ ਆਪ ਵੀ ਮਾਰੇ ਗਏ। ਦਰਿੰਦੇ ਹਿੰਦੂਆਂ ਨੇ ਤ੍ਰਿਸ਼ੂਲ ਮਾਰ-ਮਾਰ ਕੇ ਸਿੱਖਾਂ ਦੇ ਮਾਸ ਦੀ ਬੋਟੀ-ਬੋਟੀ ਗਲ਼ੀਆਂ ’ਚ ਖਿਲਾਰ ਦਿੱਤੀ। ਅਸੀਂ ਅੰਦਰ ਬੈਠੇ ਡਰ ਨਾਲ਼ ਬੇਹੋਸ਼ ਹੋਈ ਜਾਈਏ, ਕੁਝ ਵੀ ਸੁਝ ਨਹੀਂ ਸੀ ਰਿਹਾ ਕਿ ਅਸੀਂ ਕੀ ਕਰੀਏ, ਬਿਸਕੁਟ ਬਣਾਉਣ ਵਾਲ਼ਾ ਮੈਦਾ ਖਾ ਕੇ ਅਸੀਂ ਗੁਜਾਰਾ ਕੀਤਾ। ਸਾਡੇ ਉੱਤੇ ਮੌਤ ਮੰਡਰਾ ਰਹੀ ਸੀ, ਹਿੰਦੂ ਭੀੜਾਂ ਸਾਡੇ ਦਰਵਾਜੇ ਭੰਨ ਰਹੀਆਂ ਸਨ, ਪਰ ਅਚਾਨਕ ਉਹ ਭੀੜਾਂ ਕਿਸੇ ਹੋਰ ਪਾਸੇ ਵੱਲ ਭੱਜ ਗਈਆਂ।

ਸਾਨੂੰ ਬਾਅਦ ’ਚ ਪਤਾ ਲੱਗਾ ਕਿ ਬਿਹਾਰ ’ਚ ਵੀ ਸਿੱਖਾਂ ਦਾ ਬੜਾ ਭਾਰੀ ਕਤਲੇਆਮ ਹੋਇਆ। ਮੇਰੇ ਸਹੁਰਾ ਸ. ਗੁਰਚਰਨ ਸਿੰਘ ਨੂੰ ਵੀ ਹਿੰਦੂ ਭੀੜਾਂ ਨੇ ਇਸ ਕਰ ਕੇ ਸ਼ਹੀਦ ਕਰ ਦਿੱਤਾ ਕਿ ਉਹ ਇੱਕ ਸਿੱਖ ਸਨ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਰੱਸਿਆਂ ਨਾਲ਼ ਬੰਨ੍ਹ ਕੇ ਤੜਫਾ-ਤੜਫਾ ਕੇ ਬੜੇ ਭਿਆਨਕ ਤਸੀਹੇ ਦਿੱਤੇ ਗਏ। ਫਿਰ ਅਸੀਂ ਕੁਝ ਚਿਰ ਮਗਰੋਂ ਕਾਨਪੁਰ (ਪੇਕਾ ਘਰ) ਅਤੇ ਬਿਹਾਰ (ਸਹੁਰਾ ਘਰ) ਪੱਕੇ ਤੌਰ ’ਤੇ ਛੱਡਣ ਦਾ ਫ਼ੈਸਲਾ ਕਰ ਲਿਆ, ਅਸੀਂ ਬਚਦੇ-ਬਚਾਉਂਦੇ ਰੇਲ ਗੱਡੀਆਂ ’ਚ ਬਿਨਾਂ ਕਿਰਾਏ ਤੋਂ ਪੰਜਾਬ ਤਕ ਆਏ, ਸਾਡੇ ਮਨਾਂ ’ਚ ਡਰ ਅਤੇ ਸਹਿਮ ਏਨਾ ਸੀ ਕਿ ਅਸੀਂ ਹਿੰਦੂਆਂ ਤੋਂ ਡਰਦੇ ਰੇਲ ਗੱਡੀਆਂ ਦੇ ਬਾਥਰੂਮਾਂ ’ਚ ਲੁਕੇ ਰਹੇ।

ਇਥੇ ਲੁਧਿਆਣੇ ਆ ਕੇ ਗੁ. ਕਲਗੀਧਰ ਸਾਹਿਬ ਵਿਖੇ ਠਹਿਰੇ, ਫਿਰ ਢਡਿਆਲਾ ਅਤੇ ਕੁਝ ਸਮੇਂ ਬਾਅਦ ਟਾਂਡਾ (ਹੁਸ਼ਿਆਰਪੁਰ) ਆ ਗਏ। ਰਹਿਣ-ਸਹਿਣ ਨੂੰ ਕੋਈ ਮਕਾਨ, ਕੱਪੜਾ, ਸਮਾਨ ਨਹੀਂ ਸੀ। ਕੁਝ ਸਮਾਂ ਮੇਰੇ ਪਤੀ ਸ. ਰਜਿੰਦਰ ਸਿੰਘ ਨੇ ਬਿਸਕੁਟਾਂ ਦੀ ਭੱਠੀ ਤੇ ਕੰਮ ਕੀਤਾ ਤੇ ਮੈਂ ਵੀ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਡਿਊਟੀਆਂ ਲਾਉਣ ਲਗ ਪਈ। ਪੋਹ-ਮਾਘ ’ਚ ਅਸੀਂ ਬੋਰੀਆਂ ’ਤੇ ਸੌਂਦੇ ਰਹੇ, ਮੇਰੇ ਬੱਚੇ ਨਿੱਕੇ-ਨਿੱਕੇ ਸਨ, ਆਪਣੇ ਵਾਲ਼ੀ ਬੋਰੀ ਮੈਂ ਉਨ੍ਹਾਂ ਦੇ ਉੱਪਰ ਪਾ ਦਿੰਦੀ ਤਾਂ ਜੋ ਇਨ੍ਹਾਂ ਵਿਚਾਰਿਆਂ ਨੂੰ ਠੰਢ ਨਾ ਲੱਗੇ।

ਫਿਰ ਇੱਕ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੇ ਸਾਡੀ ਇਹ ਮੰਦੀ ਹਾਲਤ ਵੇਖੀ ਤੇ ਸਾਨੂੰ ਬਿਸਤਰੇ ਦਿੱਤੇ। ਬੜੀ ਗਰੀਬੀ ’ਚ ਜ਼ਿੰਦਗੀ ਕੱਟੀ, ਘਰੋਂ ਬੇ-ਘਰ ਹੋ ਗਏ, ਸਭ ਕੁਝ 1984 ’ਚ ਉੱਜੜ ਗਿਆ, ਸਿੱਖਾਂ ਦੀਆਂ ਚੀਕਾਂ ਅੱਜ ਵੀ ਕੰਨੀਂ ਸੁਣਦੀਆਂ ਨੇ, ਤੇ ਰਵਾਉਂਦੀਆਂ ਨੇ। ਉੱਜੜੇ ਘਰਾਂ ਵਿੱਚ ਬਹਿ ਕੇ, ਜਦ ਕੋਈ ਮਾਂ ਕੁਰਲਾਉਂਦੀ ਏ, ਸੱਚ ਜਾਣਿਓ ਲੋਕੋ, ਓਦੋਂ ਯਾਦ 84 ਆਉਂਦੀ ਏ।

ਲੇਖਕ: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਪ੍ਰਧਾਨ: ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ
ਮੋ: 88722-93883

Show More

Related Articles

Leave a Reply

Your email address will not be published.

Back to top button