ਨਵੰਬਰ 84 ਸਿੱਖ ਨਸਲਕੁਸ਼ੀ: ਮੇਰੇ ਸਾਮ੍ਹਣੇ ਹਿੰਦੂ ਭੀੜਾਂ ਨੇ ਬੇਦੋਸ਼ੇ ਸਿੱਖਾਂ ਨੂੰ ਇੱਟਾਂ-ਪੱਥਰ ਮਾਰ ਕੇ ਸ਼ਹੀਦ ਕੀਤਾ
November 84 Sikh Genocide: In front of me Hindu mobs kill innocent Sikhs by throwing bricks and stones.

ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਦਸੂਹਾ ਦੇ ਰਹਿਣ ਵਾਲ਼ੇ ਗੁਰਸਿੱਖ ਸ. ਸਰਵਨ ਸਿੰਘ, ਜੋ ਸੰਨ 1984 ‘ਚ ਕਾਨਪੁਰ ਵਿਖੇ ਇੰਡੀਅਨ ਏਅਰ ਫ਼ੋਰਸ ‘ਚ ਸਰਵਿਸ ਕਰਦੇ ਸਨ। ਮੁਲਾਕਤ ਦੌਰਾਨ ਉਹਨਾਂ ਨੇ ਜੋ ਦਰਦਨਾਕ ਵਾਰਤਾ ਬਿਆਨ ਕੀਤੀ, ਉਸਨੂੰ ਅਸੀਂ ਸੰਗਤਾਂ ਨਾਲ਼ ਸਾਂਝੀ ਕਰ ਰਹੇ ਹਾਂ।
ਸ. ਸਰਵਨ ਸਿੰਘ ਨੇ ਦੱਸਿਆ ਕਿ ਜਦ ਇੰਦਰਾ ਗਾਂਧੀ ਨੂੰ ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ ਨੇ ਉਸਦੇ ਪਾਪਾਂ ਦੀ ਸਜ਼ਾ ਦਿੱਤੀ ਤਾਂ ਭੜਕੀਆਂ ਹੋਈਆਂ ਹਿੰਦੂ ਭੀੜਾਂ ਨੇ ਕਾਨਪੁਰ ’ਚ ਬੇ-ਦੋਸ਼ੇ ਸਿੱਖਾਂ ਦਾ ਕਤਲੇਆਮ ਕਰਨਾ ਸ਼ੁਰੂ ਕਰ ਦਿੱਤਾ। ਉਨਾਂ ਦੱਸਿਆ ਕਿ ਕਾਨਪੁਰ ਦੇ ਐੱਨ ਫ਼ਾਰ ਇਲਾਕੇ ’ਚ ਉਹਨਾਂ ਦਾ ਕਵਾਟਰ ਸੀ, ਜਿਸਦੇ ਨੇੜੇ ਦੋ ਘਰ ਸਿੱਖਾਂ ਦੇ ਸਨ। ਉਨਾਂ ’ਚੋਂ ਇੱਕ ਬੜੀ ਚੜ੍ਹਦੀ ਕਲਾ ਵਾਲ਼ਾ ਗੁਰਸਿੱਖ ਪਰਿਵਾਰ, ਜਿਸ ਨੂੰ ਸਵੇਰੇ ਗਿਆਰ੍ਹਾਂ ਕੁ ਵਜੇ 50-60 ਹਿੰਦੂ ਗੁੰਡਿਆਂ ਨੇ 1 ਨਵੰਬਰ 1984 ਨੂੰ ਓਥੇ ਘੇਰ ਲਿਆ। ਪਰ ਉਹ ਸਿੱਖ ਸਰਦਾਰ (ਉਮਰ 32 ਕੁ ਸਾਲ) ਜੋ ਦੁਮਾਲਾ ਸਜਾਉਂਦਾ ਸੀ ਤੇ ਗਤਕੇ ’ਚ ਪੂਰਾ ਮਾਹਰ ਸੀ।
ਉਸ ਨੇ ਆਪਣੀ ਤਿੰਨ ਫੁੱਟੀ ਕਿਰਪਾਨ ਨਾਲ਼ ਆਪਣੀ ਅਤੇ ਪਰਿਵਾਰ ਦੀ ਰਾਖੀ ਕੀਤੀ। ਉਸ ਸੂਰਮੇ ਨੇ ਹਿੰਦੂ ਗੁੰਡਿਆਂ ਦੀਆਂ ਭੀੜਾਂ ਨੂੰ ਇਸ ਤਰ੍ਹਾਂ ਅੱਗੇ ਲਗ ਦੌੜਾਇਆ ਜਿਵੇਂ ਸ਼ੇਰ ਨੂੰ ਵੇਖ ਕੇ ਗਿੱਦੜਾਂ ਤੇ ਹਰਨਾਂ ਦੀਆਂ ਡਾਰਾਂ ਭੱਜਦੀਆਂ ਨੇ। ਫਿਰ ਉਸ ਸਿੰਘ ਨੇ ਸਭ ਤੋਂ ਪਹਿਲਾਂ ਆਪਣੀ ਸਿੰਘਣੀ ਤੇ ਬੱਚਿਆਂ ਨੂੰ ਕਿਸੇ ਸੁਰੱਖਿਅਤ ਜਗ੍ਹਾ ‘ਤੇ ਛੁਪਾ ਦਿੱਤਾ ਤੇ ਆਪ ਇਕੱਲਾ ਡਟਿਆ ਰਿਹਾ। ਫਿਰ ਕੁਝ ਸਮੇਂ ਬਾਅਦ ਪੁਲੀਸ ਅਤੇ ਪੰਜ ਸੌ ਦੇ ਕਰੀਬ ਹਿੰਦੂ ਗੁੰਡੇ ਹੱਥਾਂ ‘ਚ ਡਾਂਗਾਂ, ਸਰੀਏ ਤੇ ਤ੍ਰਿਸ਼ੂਲ ਲੈ ਕੇ ਆਏ ਤੇ ਉਸ ਸਿੰਘ ਦੇ ਘਰ ਵੱਲ ਨੂੰ ਦੌੜੇ। ਪਰ ਉਹ ਸਿੰਘ ਰਤਾ ਨਾ ਘਬਰਾਇਆ ਤੇ ਆਪਣੇ ਅੰਤਲੇ ਸੁਆਸਾਂ ਤਕ ਪੌਣਾ ਘੰਟਾ ਹਿੰਦੂ ਭੀੜਾਂ ਨਾਲ਼ ਜੂਝਦਾ ਰਿਹਾ ਤੇ ਉਹ ‘ਸਵਾ ਲਾਖ ਸੇ ਏਕ ਲੜਾਊਂ’ ਵਾਲ਼ਾ ਇਤਿਹਾਸ ਦੁਹਰਾਅ ਰਿਹਾ ਸੀ।
ਜਦ ਹਿੰਦੂ ਭੀੜਾਂ ਦੀ ਉਸ ਦੇ ਅੱਗੇ ਕੋਈ ਵਾਹ-ਪੇਸ਼ ਨਾ ਚੱਲੀ ਤਾਂ ਉਨਾਂ ਨੇ ਬੜੀ ਚਲਾਕੀ ਤੇ ਮੱਕਾਰੀ ਨਾਲ਼ ਸਿੰਘ ਨੂੰ ਲੜਾਈ ‘ਚ ਉਲਝਾ ਕੇ ਦੂਜੇ ਪਾਸੇ ਚਿੱਕੜ ਨਾਲ਼ ਭਰੀ ਕੱਚੀ ਗਲ਼ੀ ‘ਚ ਲੈ ਆਏ। ਜਿੱਥੇ ਉਹ ਸਿੰਘ ਲੜਦਾ-ਲੜਦਾ ਚਿੱਕੜ ‘ਚ ਇੱਕ ਫੁੱਟ ਤਕ ਧਸ ਗਿਆ ਤੇ ਫਿਰ ਉੱਪਰੋਂ ਹਿੰਦੂ ਗੁੰਡਿਆ ਤੇ ਔਰਤਾਂ ਨੇ ਇੱਟਾਂ-ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਜਿਸ ਨਾਲ਼ ਉਹ ਸਖ਼ਤ ਜਖ਼ਮੀ ਹੋ ਗਿਆ ਤੇ ਚਿੱਕੜ ‘ਚ ਡਿੱਗ ਪਿਆ।
ਉਸ ਸਿੰਘ ਨੂੰ ਬਚਾਉਣ ਲਈ ਸਿੱਖਾਂ ਦੇ ਦੂਜੇ ਘਰ ‘ਚੋਂ ਵੀਹ ਕੁ ਸਾਲ ਦੀ ਉਮਰ ਦਾ ਇੱਕ ਹੋਰ ਸਿੱਖ ਨੌਜਵਾਨ ਵੀ ਗਲ਼ੀ ‘ਚ ਆ ਗਿਆ ਤੇ ਹਿੰਦੂ ਭੀੜਾਂ ਨੇ ਉਸ ਨੂੰ ਘੇਰ ਲਿਆ। ਆਪਣੇ ਪੁੱਤ ਨੂੰ ਘਿਰਿਆ ਵੇਖ ਕੇ ਉਸ ਦਾ ਬਜ਼ੁਰਗ ਬਾਪ ਵੀ ਜਦ ਘਰ ‘ਤੋਂ ਬਾਹਰ ਨਿਕਲਿਆ ਤਾਂ ਹਿੰਦੂ ਭੀੜਾਂ ਨੇ ਉਸ ਦੇ ਸਿਰ ‘ਚ ਬਾਲਾ ਮਾਰ ਕੇ ਉਸ ਨੂੰ ਉਥੇ ਹੀ ਬੇਹੋਸ਼ ਕਰ ਦਿੱਤਾ। ਇਸ ਤੋਂ ਬਾਅਦ ਫਿਰ ਹਿੰਦੂਤਵੀਆਂ ਨੇ ਇੱਟਾਂ-ਪੱਥਰ ਅਤੇ ਡਾਂਗਾਂ-ਸਰੀਏ ਮਾਰ-ਮਾਰ ਕੇ ਤਿੰਨਾਂ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ।
ਸ. ਸਰਵਨ ਸਿੰਘ ਨੇ ਦੱਸਿਆ ਕਿ ਇਹ ਸਾਰੀ ਘਟਨਾ ਮੈਂ ਆਪਣੇ ਸਰਕਾਰੀ ਕਵਾਟਰ ਦੀ ਜਾਲ਼ੀ ਵਾਲ਼ੀ ਬਾਰੀ ਕੋਲ਼ ਬੈਠ ਕੇ ਵੇਖਦਾ ਰਿਹਾ, ਪਰ ਮੈਂ ਕੁਝ ਕਰ ਨਹੀਂ ਸੀ ਸਕਦਾ, ਕਿਉਂਕਿ ਸਾਨੂੰ ਬਾਹਰ ਨਿਕਲਣ ਦੀ ਇਜ਼ਾਜ਼ਤ ਨਹੀਂ ਸੀ। ਫਿਰ ਸ਼ਾਮ ਸਾਢੇ ਕੁ ਛੇ ਵਜੇ ਆਸ-ਪਾਸ ਪੂਰਾ ਮਹੌਲ ਸ਼ਾਂਤ ਹੋਣ ਤੋਂ ਬਾਅਦ ਮੈਂ ਤਿੰਨਾਂ ਸਿੰਘਾਂ ਦੀਆਂ ਸ਼ਹੀਦੀ ਦੇਹਾਂ ‘ਤੇ ਚਾਦਰਾਂ ਪਾਈਆਂ ਤੇ ਕੁਝ ਚਿਰ ਮਗਰੋਂ ਪੁਲੀਸ ਉਹਨਾਂ ਦੇਹਾਂ ਨੂੰ ਟਰੱਕ ‘ਚ ਲੱਦ ਕੇ ਲੈ ਗਈ। ਟਰੱਕ ‘ਚ ਪਹਿਲਾਂ ਹੀ ਅਨੇਕਾਂ ਸਿੰਘਾਂ-ਸਿੰਘਣੀਆਂ ਦੀਆਂ ਸ਼ਹੀਦੀ ਦੇਹਾਂ ਦੇ ਢੇਰ ਲੱਗੇ ਪਏ ਸਨ।
ਸ. ਸਰਵਨ ਸਿੰਘ ਨੇ ਦੱਸਿਆ ਕਿ ਉਨਾਂ ਦਾ ਬੇਟਾ ਮਨਜੀਤ ਸਿੰਘ ਅਤੇ ਉਸ ਦਾ ਦੋਸਤ ਜਦ ਸਕੂਟਰ ‘ਚ ਪੈਟਰੌਲ ਪਵਾਉਣ ਗਏ ਤਾਂ ਹਿੰਦੂ ਗੁੰਡੇ ਉਨਾਂ ਨੂੰ ਮਾਰਨ ਲਈ ਬੜੀ ਤੇਜ਼ੀ ਨਾਲ਼ ਅੱਗੇ ਵਧੇ। ਉਹ ਦੋਨੋਂ ਉਥੇ ਹੀ ਸਕੂਟਰ ਸੁੱਟ ਕੇ ਕਿਸੇ ਦੇ ਘਰ ਜਾ ਵੜੇ ‘ਤੇ ਅੰਦਰੋਂ ਕੁੰਡਾ ਲਾ ਲਿਆ। ਉਨਾਂ ਦੋਹਾਂ ਨੇ ਆਪਣੇ ਕੇਸ (ਵਾਲ਼) ਕੈਂਚੀ ਨਾਲ਼ ਕੱਟ ਲਏ ਤੇ ਫਿਰ ਦੋਹਾਂ ਨੇ ਕੌਮੀ ਜ਼ਿੰਮੇਵਾਰੀ ਨਿਭਾਉਂਦਿਆਂ, ਕਈ ਸਿੱਖਾਂ ਦੀ ਜਾਨ ਬਚਾਈ।
ਜਦ ਕਿਸੇ ਸਿੱਖ ਨੂੰ ਹਿੰਦੂ ਭੀੜਾਂ ਕੁੱਟ ਰਹੀਆਂ ਹੁੰਦੀਆਂ ਸਨ ਤੇ ਉਹ ਦੋਨੋਂ ਸਿੱਖ ਨੌਜਵਾਨ, ਹਿੰਦੂ ਭੀੜਾਂ ਨੂੰ ਜਾ ਕੇ ਕਹਿੰਦੇ ਕਿ “ਬਈਆ ਜੀ ! ਆਪ ਇਨ ਕੋ ਛੋੜੋ, ਕਿਸੀ ਔਰ ਕੋ ਜਾ ਕਰ ਪਕੜੋ, ਹਮ ਇਨ ਕੋ ਦੇਖ ਲੇਂਗੇ, ਔਰ ਜਲਾ ਕਰ ਮਾਰ ਡਾਲੇਂਗੇ।” ਉਹ ਇਸ ਤਰ੍ਹਾਂ ਬਹਾਨੇ ਨਾਲ਼ ਸਿੱਖਾਂ ਨੂੰ ਹਿੰਦੂ ਭੀੜਾਂ ਤੋਂ ਛੁਡਾ ਕੇ, ਤੇ ਰਿਕਸ਼ੇ ‘ਤੇ ਲੱਦ ਕੇ ਕਿਸੇ ਯੋਗ ਥਾਂ ‘ਤੇ ਲੁਕਾਉਂਦੇ ਰਹੇ।
ਸ. ਸਰਵਨ ਸਿੰਘ ਨੇ ਕਿਹਾ ਕਿ ਜਿਨ੍ਹਾਂ ਹਿੰਦੂਆਂ ਨੂੰ ਮੈਂ ਬੜੇ ਭੋਲ਼ੇ-ਭਾਲ਼ੇ ਤੇ ਆਪਣੇ ਭਰਾਵਾਂ ਵਾਂਗ ਸਮਝਦਾ ਸੀ, ਨਵੰਬਰ 1984 ’ਚ ਉਹਨਾਂ ਦਾ ਅਸਲੀ ਕਰੂਪ ਚਿਹਰਾ ਵੇਖ ਕੇ ਮੈਂ ਦੰਗ ਰਹਿ ਗਿਆ, ਮੈਨੂੰ ਤਾਂ ਯਕੀਨ ਹੀ ਨਾ ਹੋਵੇ ਕਿ ਇਹ ਭਾਣਾ ਕਿਵੇਂ ਵਾਪਰ ਗਿਆ। ਉਹ ਦਰਦਨਾਕ ਦ੍ਰਿਸ਼ ਅੱਜ ਵੀ ਮੇਰੀਆਂ ਅੱਖਾਂ ਅੱਗੇ ਘੁੰਮਦੇ ਨੇ ਤੇ ਮੈਨੂੰ ਸੋਚਣ ਲਈ ਮਜ਼ਬੂਰ ਕਰ ਦਿੰਦੇ ਹਨ। ਜਿਨ੍ਹਾਂ ਲੋਕਾਂ ਦੀ ਅਸੀਂ ਧੋਤੀ, ਬੋਧੀ, ਟੋਪੀ, ਤਿਲਕ ਤੇ ਜਨੇਊ ਬਚਾਇਆ, ਗਜ਼ਨੀ ਦੇ ਬਜ਼ਾਰਾਂ ’ਚ ਟਕੇ-ਟਕੇ ’ਤੇ ਵਿਕਦੀਆਂ ਬਹੂ-ਬੇਟੀਆਂ ਦੀਆਂ ਇੱਜ਼ਤਾਂ ਬਚਾਈਆਂ, ਦੇਸ਼ ਦੀ ਅਜ਼ਾਦੀ ਲਈ ਏਨੀਆਂ ਕੁਰਬਾਨੀਆਂ ਕੀਤੀਆਂ, ਕਾਲ਼ੇ ਪਾਣੀ ਦੀਆਂ ਸਜ਼ਾਵਾਂ ਭੋਗੀਆਂ, ਫਾਂਸੀ ਦੇ ਰੱਸੇ ਚੁੰਮੇ, ਸ਼ਹਾਦਤਾਂ ਪ੍ਰਾਪਤ ਕੀਤੀਆਂ। ਉਸੇ ਦੇਸ਼ ਦੇ ਹਾਕਮਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਟੈਂਕਾਂ-ਤੋਪਾਂ ਨਾਲ਼ ਹਮਲਾ ਕੀਤਾ, ਤੇ ਰੱਜ ਕੇ ਸਾਡੀ ਨਸਲਕੁਸ਼ੀ ਕੀਤੀ।
ਸਾਡੇ ਵੀਰਾਂ-ਭੈਣਾਂ ਨੂੰ ਬਲ਼ਦੇ ਟਾਇਰ ਗਲ਼ਾਂ ‘ਚ ਪਾ ਕੇ ਸਾਨੂੰ ਤੜਫਾ-ਤੜਫਾ ਕੇ ਮਾਰਿਆ, ਧੀਆਂ-ਭੈਣਾਂ ਦੀ ਪੱਤ ਰੋਲੀ ਗਈ। ਇਸ ਦੇਸ਼ ਨੇ ਸਾਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ। ਸਾਡੀ ਅਣਖ, ਇੱਜ਼ਤ ਤੇ ਸਵੈਮਾਣ ਨੂੰ ਰੋਲਿਆ ਤੇ ਇਹ ਜ਼ੁਲਮ, ਧੱਕੇ ਤੇ ਬੇਇਨਸਾਫ਼ੀਆਂ ਅੱਜ ਵੀ ਜਾਰੀ ਨੇ, ਸਿੱਖ ਚਾਰੇ ਪਾਸਿਓਂ ਘਿਰੇ ਪਏ ਨੇ, ਕੌਮ ਦੇ ਅਖੌਤੀ ਆਗੂ (ਅਕਾਲੀ ਬਾਦਲਕੇ) ਵਿਕੇ ਪਏ ਨੇ, ਇਨਸਾਫ਼ ਦੀ ਕਿਰਨ ਕਿਧਰੇ ਨਜ਼ਰੀਂ ਨਹੀਂ ਪੈਂਦੀ, ਸਿੱਖ ਕੌਮ ਦਾ ਤਾਂ ਬੱਸ ਹੁਣ ਗੁਰੂ ਹੀ ਰਾਖਾ ਹੈ।
ਇਨ੍ਹਾਂ ਕਹਿੰਦੇ ਹੋਏ, ਸ. ਸਰਵਨ ਸਿੰਘ ਬੜੇ ਭਾਵੁਕ ਹੋ ਗਏ ਤੇ ਹੱਥ ਜੋੜ ਕੇ ਗੁਰੂ ਅੱਗੇ ਅਰਦਾਸ ਕਰਨ ਲਗ ਪਏ। ਇੰਝ ਜਾਪਿਆ ਜਿਵੇਂ ਉਹ ਕਹਿ ਰਹੇ ਹੋਣ ਕਿ “ਤੂੰ ਬਹੁੜੀ ਕਲਗੀ ਵਾਲ਼ਿਆ, ਕੋਈ ਦੇਸ਼ ਨਾ ਸਾਡਾ। ਸੁਪਨਾ ਪੁਰੀ ਅਨੰਦ ਦਾ, ਬੇ-ਨੂਰ ਦੁਰਾਡਾ।”
ਲੇਖਕ: ਰਣਜੀਤ ਸਿੰਘ ਦਮਦਮੀ ਟਕਸਾਲ
ਪ੍ਰਧਾਨ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ
ਮੋ: 88722-93883