ਸਾਹਿਤ

ਅਜੋਕੇ ਯੁੱਗ ਵਿੱਚ ਸਿੱਖ ਔਰਤ ਦੀ ਭੂਮਿਕਾ

The role of Sikh women in the present age

ਅੱਜ ਦੇ ਤੇਜ ਯੁੱਗ ਵਿੱਚ ਸਿੱਖ ਔਰਤ ਦੀ ਭੂਮਿਕਾ ਬਾਰੇ ਗੱਲ ਕਰਨ ਤੋਂ ਪਹਿਲਾਂ ਇਕ ਨਜ਼ਰ ਸਿੱਖ ਇਤਿਹਾਸ ‘ਤੇ ਮਾਰਨ ਦੀ ਜਰੂਰਤ ਹੈ, ਅੱਜ ਦੀ ਗੱਲ ਕਰਨ ਤੋਂ ਪਹਿਲਾਂ ਇਹ ਵੇਖਣਾ ਸਮਝਣਾ ਅਤਿਅੰਤ ਜਰੂਰੀ ਹੈ ਗੁਰੂ ਕਾਲ ਤੋਂ ਲੈ ਕੇ ਇਤਿਹਾਸ ਦੇ ਪੰਨਿਆਂ ਵਿੱਚ ਸਿੱਖ ਔਰਤ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ।ਬੇਬੇ ਨਾਨਕੀ ਜੀ ਭਾਈ ਮਰਦਾਨਾ ਜੀ ਨੂੰ ਰਬਾਬ ਖਰੀਦਣ ਲਈ ਮਾਇਆ ਦੇ ਕੇ ਉਸ ਸਫਰ ਦੀ ਆਰੰਭਤਾ ਕਰਦੇ ਹਨ ਜਿਸਦੀ ਸੰਪੂਰਨਤਾ 1699 ਈ. ਨੂੰ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਥਾਪਨਾ ਅਤੇ ਅੰਮ੍ਰਿਤ-ਸੰਚਾਰ ਮੌਕੇ ਪਤਾਸਿਆਂ ਦੀ ਸੇਵਾ ਕਰ ਮਾਤਾ ਸਾਹਿਬ ਕੌਰ ਜੀ ਨੇ ਕੀਤੀ।

ਸਿੱਖ ਇਤਿਹਾਸ ਤੋਂ ਇਲਾਵਾ ਗੁਰਬਾਣੀ ਵਿੱਚ ਵੀ ਸਾਨੂੰ ਕਿੰਨੇ ਪ੍ਰਮਾਣ ਮਿਲਦੇ ਹਨ, ਜਿਥੇ ਔਰਤ ਨੂੰ ਸਤਿਕਾਰਿਆ ਗਿਆ। ਸਤਿਕਾਰ, ਇੱਜ਼ਤ ਦੇਣਾ ਤਾਂ ਬਰਾਬਰਤਾ ਤੋਂ ਵੀ ਕਿੰਨੀ ਉਚੀ ਗੱਲ ਹੈ, ਔਰਤ ਜੋ ਸਦੀਆਂ ਤੋਂ ਲਿਤਾੜੀ ਜਾ ਰਹੀ ਸੀ, ਜਿਸਨੂੰ ਇਨਸਾਨਾਂ ਵਾਂਗ ਜਿਊਣ ਦਾ ਹੱਕ ਵੀ ਨਹੀਂ ਸੀ, ਤਾਂ ਗੁਰੂ ਸਾਹਿਬ ਉਸ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹਨ ਕਿ ਔਰਤ ਮਰਦ ਵਿੱਚ ਕੋਈ ਭੇਦ ਨਹੀਂ ਹੈ:
ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ॥

ਹੁਣ ਵਿਚਾਰ ਕਰਦੇ ਹਾਂ ਕਿ ਉਹ ਔਰਤ ਜਾਤ ਜਿਸਨੂੰ ਸਿੱਖ ਧਰਮ ਨੇ ਮਾਣ-ਮਰਿਆਦਾ ਅਤੇ ਸਤਿਕਾਰ ਦਿੱਤਾ ਕੀ ਆਪਣੇ ਇਸ ਸਤਿਕਾਰ ਨੂੰ ਬਹਾਲ ਰੱਖਦਿਆਂ ਹੋਇਆਂ ਅੱਜ ਦੀਆਂ ਸਿੱਖ ਮੁਟਿਆਰਾਂ ਧਰਮ ਅਤੇ ਸਮਾਜ ਦੇ ਵਿਕਾਸ ਵਿੱਚ ਆਪਣਾ ਸਹੀ ਯੋਗਦਾਨ ਪਾ ਰਹੀਆਂ ਹਨ? ਇਹ ਆਮ ਪ੍ਰਚਲਤ ਗੱਲ ਹੈ ਕਿ ਕੌਮਾਂ ਨੂੰ ਜ਼ਿੰਦਾ ਰੱਖਣ ਲਈ ਔਰਤ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ, ਪਰ ਇਹ ਕਿਵੇਂ ਹੋ ਸਕਦਾ ਹੈ, ਇਹ ਪਤਾ ਲਗਾਉਣ ਲਈ ਕੋਸ਼ਿਸ਼ ਕਰਦੇ ਹਾਂ ਹਰ ਉਸ ਛੋਟੀ-ਛੋਟੀ ਗੱਲ ਨੂੰ ਵਿਚਾਰਨ ਦੀ, ਜਿਸਨੂੰ ਆਮ ਤੌਰ ‘ਤੇ ਅਸੀਂ ਅੱਖੋਂ ਪਰੋਖੇ ਕਰ ਦਿੰਦੇ ਹਾਂ।

ਨਾਮ : ਸਿੱਖਾਂ ਦੀ ਇਕ ਅੱਡਰੀ ਹੋਂਦ-ਹਸਤੀ ਵਜੋਂ ਇਕ ਵੱਖਰੀ ਪਛਾਣ ਦੇ ਰੂਪ ਹਰ ਇੱਕ ਲੜਕੇ ਦੇ ਨਾਂ ਨਾਲ ਸਿੰਘ ਅਤੇ ਲੜਕੀ ਦੇ ਨਾਂ ਨਾਲ ਕੌਰ ਲਾਉਣ ਦਾ ਹੁਕਮ ਹੈ, ਪਰ ਅੱਜ ਦੇ ਨੌਜਵਾਨ ਆਪਣੇ ਨਾਂਵਾਂ ਨਾਲ ਸਿੰਘ ਜਾਂ ਕੌਰ ਲਾਉਣ ਤੋਂ ਸ਼ਰਮਿੰਦਗੀ ਮਹਿਸੂਸ ਕਰਦੇ ਹਨ। ਅੱਧੇ ਅਧੂਰੇ ਨਾਂ ਲਿਖਣੇ, ਛੋਟੇ- ਛੋਟੇ ਨਾਂ ਲਿਖਣੇ ਅਤੇ ਸਿੰਘ-ਕੌਰ ਸ਼ਬਦ ਲਾਉਣ ਤੋਂ ਗੁਰੇਜ਼ ਕਰਨਾ ਇੱਕ ਫੈਸ਼ਨ ਬਣਦਾ ਜਾ ਰਿਹਾ ਹੈ। ਬਤੌਰ ਅਧਿਆਪਕ ਕਾਲਜ ਵਿੱਚ ਇਸ ਵਰਤਾਰੇ ਨਾਲ ਤਕਰੀਬਨ ਹਰ ਰੋਜ਼ ਸਾਹਮਣਾ ਹੁੰਦਾ ਹੈ, ਜੋ ਕਿ ਬਹੁਤ ਹੀ ਦੁੱਖ ਵਾਲੀ ਗੱਲ ਹੈ।ਅੱਜ ਕਲ ਤਾਂ ਨਾਂ ਹੀ ਇਸ ਤਰਾਂ ਦੇ ਰੱਖੇ ਜਾਣ ਲੱਗੇ ਹਨ ਕਿ ਪਤਾ ਹੀ ਨਹੀਂ ਚੱਲਦਾ ਕਿ ਇਹ ਸਿੱਖ ਬੱਚਾ ਹੈ, ਇੰਝ ਲੱਗਦਾ ਜਿਵੇਂ ਆਉਣ ਵਾਲੇ ਸਮੇਂ ਵਿੱਚ ਸਿੱਖ ਨਾਵਾਂ ਦਾ ਕਾਲ ਹੀ ਪੈ ਜਾਵੇਗਾ। ਮੇਰਾ ਨਿੱਜੀ ਵਿਚਾਰ ਹੈ ਕਿ ਹਰ ਸਿੱਖ ਮਾਂ ਦਾ ਫਰਜ ਬਣਦਾ ਹੈ ਕਿ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਸਿੰਘ-ਕੌਰ ਸ਼ਬਦਾਂ ਦੀ ਮਹਾਨਤਾ ਬਾਰੇ ਦੱਸਿਆ ਜਾਵੇ।ਹਰ ਸਿੱਖ ਮਾਂ ਆਪਣਾ ਫਰਜ਼ ਪਛਾਣਦੇ ਹੋਏ ਆਪਣੇ ਬੱਚੇ ਦਾ ਨਾਂ ਹੀ ਇਸ ਤਰਾਂ ਦਾ ਰੱਖੇ ਕਿ ਜਿਸਨੂੰ ਸੁਣਕੇ ਜਾਂ ਪੜਕੇ ਹੀ ਪਤਾ ਲੱਗ ਜਾਵੇ ਕਿ ਇਹ ਸਿੱਖ ਬੱਚਾ ਹੈ।

ਪਹਿਰਾਵਾ: ਸਿੱਖ ਧਰਮ ਇਕ ਨਵੀਨ ਧਰਮ ਹੈ ਜੋ ਸਦੀਆਂ ਤੋਂ ਚਲੀਆਂ ਆਉਂਦੀਆਂ ਬੰਦਿਸ਼ਾਂ ਤੋਂ ਪਰ੍ਹੇ ਹੈ, ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ:
ਬਾਬਾ ਹੋਰ ਪੈਨਣੁ ਖੁਸੀ ਖੁਆਰੁ॥ ਜਿਤੁ ਪੈਧੇ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ ਜਾਪਦਾ ਨਹੀਂ ਕਿ ਇਸ ਤੋਂ ਵੱਧ ਖੁੱਲੇ ਵਿਚਾਰ ਕਿਸੇ ਹੋਰ ਧਰਮ ਗ੍ਰੰਥ ਵਿਚ ਮਿਲਦੇ ਹਨ, ਕਿਸੇ ਵੀ ਤਰਾਂ ਦੇ ਪਹਿਰਾਵੇ ਦੀ ਮਨਾਹੀ ਨਹੀਂ, ਬਸ਼ਰਤੇ ਕਿ ਪਹਿਰਾਵਾ ਇਸ ਤਰਾਂ ਦਾ ਨਾ ਹੋਵੇ ਜਿਸ ਨਾਲ ਮਨ ਅਤੇ ਤਨ ਦੁਖੀ ਹੋਣ, ਇਨਸਾਨ ਦੇ ਆਪਣੇ ਜਾਂ ਦੂਸਰਿਆਂ ਦੇ ਮਨ ਵਿੱਚ ਕਿਸੇ ਤਰਾਂ ਦੇ ਕੋਈ ਬੁਰੇ ਵਿਕਾਰ ਪੈਦਾ ਹੋਣ। ਫਿਰ ਵੀ ਪਤਾ ਨਹੀਂ ਕਿਉਂ ਸਾਡੀਆਂ ਨੌਜਵਾਨ ਲੜਕੀਆਂ ਗਲਤ ਪਹਿਰਾਵੇ ਨੂੰ ਤਰਜ਼ੀਹ ਦਿੰਦੀਆਂ ਹਨ, ਕਿਉਂ ਅਸੀਂ ਆਪਣੇ ਬੱਚਿਆਂ ਨੂੰ ਸਹੀ ਪਹਿਰਾਵੇ ਬਾਰੇ ਦੱਸਣ ਵਿੱਚ ਅਸਫਲ ਰਹੇ ਹਾਂ। ਇਥੇ ਵੀ ਸਭ ਤੋਂ ਵੱਡਾ ਫਰਜ਼ ਸਿੱਖ ਮੁਟਿਆਰ ਦਾ ਖੁਦ ਦਾ ਹੈ ਕਿ ਉਸਨੇ ਆਪ ਆਪਣੇ ਵਿਰਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਸਲਾ ਲੈਣਾ ਹੈ ਕਿ ਉਸਨੇ ਆਪਣੀ ਦਿੱਖ ਅਤੇ ਸਖਸ਼ੀਅਤ ਨੂੰ ਕਿਸ ਤਰਾਂ ਪੇਸ਼ ਕਰਨਾ ਹੈ, ਤਾਂ ਜੋ ਅੱਜ ਦੇ ਮੌਡਰਨ ਯੁੱਗ ਦੇ ਨਾਲ ਚਲਦਿਆਂ ਚਲਦਿਆਂ ਅਸੀਂ ਆਪਣੇ ਧਰਮ ਅਤੇ ਵਿਰਸੇ ਨਾਲ ਵੀ ਜੁੜੇ ਰਹੀਏ।

ਖਾਣ-ਪੀਣ: ਪਹਿਰਾਵੇ ਦੀ ਤਰਾਂ ਸਿੱਖ ਧਰਮ ਵਿੱਚ ਖਾਣ-ਪੀਣ ਦੇ ਸਬੰਧ ਵਿੱਚ ਵੀ ਕੋਈ ਖਾਸ ਮਨਾਹੀ ਜਾਂ ਹਦਾਇਤ ਨਹੀਂ ਹੈ,
ਬਾਬਾ ਹੋਰ ਖਾਣਾ ਖੁਸੀ ਖੁਆਰੁ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥
ਹਾਂ, ਪਰਾਇਆ ਹੱਕ ਖਾਣ ਦੀ ਮਨਾਹੀ ਅਤੇ ਹੱਕ ਦੀ ਕਮਾਈ ਤੋਂ ਜੀਵਨ-ਗੁਜਾਰਾ ਕਰਨ ਦਾ ਹੁਕਮ ਜਰੂਰ ਹੈ, ਔਰਤ ਘਰ ਦੀ ਨੀਂਹ ਹੁੰਦੀ ਹੈ, ਜੇਕਰ ਹਰ ਔਰਤ ਇਹਨਾਂ ਗੁਣਾਂ ਵਿੱਚ ਪਰਪੱਕਤਾ ਰੱਖ ਪਰਿਵਾਰ ਪਾਲੇ ਤਾਂ ਨਿਸ਼ਚਿਤ ਰੂਪ ਵਿੱਚ ਸੁਚੱਜੇ ਸਮਾਜ ਦਾ ਵਿਕਾਸ ਹੋਵੇਗਾ।
ਹਕੁ ਪਰਾਇਆ ਨਾਨਕਾ, ਉਸ ਸੂਅਰ ਉਸ ਗਾਇ॥

ਕੇਸ: ਇਸ ਧਰਤੀ ਉੱਤੇ ਅਨੇਕਾਂ ਹੀ ਧਰਮ ਹਨ। ਹਰ ਧਰਮ ਦੇ ਪੈਰੋਕਾਰਾਂ ਨੇ ਦੂਜਿਆਂ ਧਰਮਾਂ ਤੋਂ ਵਿਲੱਖਣ ਅਤੇ ਅੱਡਰੀ ਹੋਂਦ ਰੱਖਣ ਦੀ ਕੋਸ਼ਿਸ਼ ਸਦਕਾ ਵੱਖਰੀ ਤਰਾਂ ਦੀ ਮਰਿਆਦਾ ਦਿੱਤੀ। ਸਿੱਖ ਧਰਮ ਦੀ ਮਰਿਆਦਾ ਅਨੁਸਾਰ ਕੇਸ ਗੁਰੂ ਦੀ ਮੋਹਰ ਹਨ ਭਾਵ ਸਾਡੇ ਸਿਰਾਂ ਉੱਤੇ ਸੰਭਾਲ ਕਰਕੇ ਰੱਖੇ ਗਏ ਕੇਸ ਹੀ ਸਾਡੀ ਪਛਾਣ ਨੂੰ ਬਾਖੂਬੀ ਬਿਆਨ ਕਰਦੇ ਹਨ ਕਿ ਅਸੀਂ ਸਿੱਖ ਧਰਮ ਨਾਲ ਸਬੰਧਤ ਹਾਂ।ਬਹੁਤ ਹੀ ਦੁਖ ਦੀ ਗੱਲ ਹੈ ਕਿ ਅੱਜ ਦੇ ਨੌਜਵਾਨ ਕੇਸਾਂ ਨੂੰ ਆਪਣੀ ਸ਼ਾਨ ਨਹੀਂ ਇਕ ਬੋਝ ਸਮਝਣ ਲੱਗੇ ਹਾਂ। ਜੇਕਰ ਅਸੀਂ ਆਪਣੇ ਬੱਚਿਆਂ ਲਈ ਸਿੱਖ ਮੁਟਿਆਰ ਜਾਂ ਸਿੱਖ ਗੱਭਰੂ ਜਿਹੇ ਸ਼ਬਦ ਵਰਤਣਾ ਚਾਹੁੰਦੇ ਹਾਂ ਤਾਂ ਸਾਡਾ ਪਹਿਲਾ ਫਰਜ ਬਣਦਾ ਹੈ ਕਿ ਆਪਣੇ ਬੱਚਿਆਂ ਨੂੰ ਕੇਸਾਂ ਦੀ ਮਹਾਨਤਾ ਇਸ ਤਰਾਂ ਸਮਝਾਈਏ ਕਿ ਉਹਨਾਂ ਨੂੰ ਕੇਸ ਇਕ ਪਾਬੰਦੀ ਨਾ ਲੱਗੇ ਸਗੋਂ ਆਪਣਾ ਮਾਣ-ਸਨਮਾਨ ਦਿੱਸਣ।ਕੇਸਾਂ ਦੀ ਸਾਂਭ-ਸੰਭਾਲ ਵਿੱਚ ਮਾਂ ਦੀ ਭੂਮਿਕਾ ਪ੍ਰਮੁੱਖ ਹੈ, ਬੱਚਿਆਂ ਦੀ ਪਾਲਣਾ-ਪੋਸ਼ਣਾ ਹੀ ਇਸ ਤਰਾਂ ਦੇ ਸੰਸਕਾਰਾਂ ਨਾਲ ਕਰਨੀ ਚਾਹੀਦੀ ਹੈ ਕਿ ਆਪਣੀ ਪਛਾਣ ਆਪਣੀ ਦਿੱਖ ‘ਤੇ ਮਾਣ ਮਹਿਸੂਸ ਕਰਨ।

ਸੁਭਾਅ : ਹਰ ਵਿਅਕਤੀ ਦਾ ਸੁਭਾਅ ਉਸ ਸਖਸ਼ੀਅਤ ਦੇ ਗੁਣਾਂ-ਔਗੁਣਾਂ ਦਾ ਸੁਮੇਲ ਹੁੰਦਾ ਹੈ। ਅਸਹਿਣਸ਼ੀਲਤਾ ਅੱਜ ਦੇ ਨੌਜਵਾਨਾਂ ਦੇ ਸੁਭਾਅ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ,ਜੋ ਨਸ਼ੇ ਅਤੇ ਹੋਰ ਵਿਕਾਰਾਂ ਨੂੰ ਜਨਮ ਦਿੰਦੀ ਹੈ। ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਅਸੀਂ ਸਿੱਖ ਹਾਂ, ਸਾਡੇ ਧਰਮ ਦਾ ਫਲਸਫਾ ਹੀ ਜੀਵਨ ਜਾਚ ਹੈ। ਇਹ ਫਲਸਫਾ ਹੀ ਸਾਨੂੰ ਸੇਧ ਦਿੰਦਾ ਹੈ ਕਿ ਕਿਵੇਂ ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ਵਰਗੇ ਵਿਕਾਰਾਂ ਉੱਤੇ ਕਾਬੂ ਪਾਉਣਾ ਹੈ।ਜੇਕਰ ਅਸੀਂ ਸੱਚਮੁੱਚ ਚਾਹੁੰਦੇ ਹਾਂ ਸਾਡੀਆਂ ਬੱਚੀਆਂ ਸਮਾਜ ਵਿੱਚ ਇਕ ਮਿਸਾਲ ਬਣਕੇ ਉਭਰਨ ਤਾਂ ਇੱਕ ਸਿੱਖ ਮਾਂ ਦਾ ਫਰਜ਼ ਬਣਦਾ ਹੈ ਕਿ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਸਿੱਖ ਫਲਸਫੇ ਤੋਂ ਜਾਣੂ ਕਰਵਾਏ, ਕਿਉਂਕਿ ਮੁੱਖ ਤੌਰ ‘ਤੇ ਇਹ ਪੰਜ ਵਿਕਾਰ ਹੀ ਸੁਭਾਅ ਵਿੱਚ ਆਈ ਅਸਹਿਣਸ਼ੀਲਤਾ ਦਾ ਕਾਰਨ ਬਣਦੇ ਹਨ। ਅੱਜ ਜਦੋਂ ਅਸੀਂ ਨੌਜਵਾਨ ਬੱਚੇ-ਬੱਚੀਆਂ ਨੂੰ ਕਿਸੇ ਗੱਲ ਤੋਂ ਮਨ੍ਹਾ ਕਰਦੇ ਹਾਂ ਜਾਂ ਵਰਜਦੇ ਹਾਂ ਤਾਂ ਉਹ ਬੜੇ ਹੀ ਅਜੀਬ ਢੰਗ ਨਾਲ ਅੱਗੋਂ ਜਵਾਬ ਦਿੰਦੇ ਹਨ ਜਾਂ ਕੋਈ ਖਤਰਨਾਕ ਕਦਮ ਚੁੱਕਦੇ ਹਨ, ਕਿਉਂਕਿ ਸੁਭਾਅ ਵਿੱਚ ਅਸਹਿਣਸ਼ੀਲਤਾ ਪੂਰੀ ਤਰਾਂ ਨਾਲ ਘਰ ਕਰ ਚੁੱਕੀ ਹੈ।ਜੇਕਰ ਅੱਜ ਅਸੀਂ ਆਪਣੀਆਂ ਬੱਚੀਆਂ ਨੂੰ ਸੁਭਾਅ ਉੱਤੇ ਕਾਬੂ ਰੱਖਣਾ ਸਿਖਾਵਾਂਗੇ ਤਾਂ ਆਉਣ ਵਾਲੀਆਂ ਨਸਲਾਂ ਲਈ ਇਹ ਸਿੱਖ ਮੁਟਿਆਰਾਂ ਆਪਣੇ ਆਪ ਹੀ ਮਿਸਾਲ ਬਣ ਜਾਣਗੀਆਂ।

ਸਦਾਚਾਰ : ਅੱਜ ਦੇ ਮਾਡਰਨ ਯੁੱਗ ਵਿੱਚ ਇਕ ਖਤਰਨਾਕ ਜਿਹੀ ਆਵਾਜ਼ ਕੰਨੀ ਪੈ ਰਹੀ ਹੈ ਕਿ ਚੰਗੇ ਕੰਮ ਕਰੀ ਚੱਲੋ ਕਿਸੇ ਧਰਮ ਦੀ ਲੌੜ ਨਹੀਂ ਜਾਂ ਕੁਝ ਸੋਚਦੇ ਨੇ ਕਿ ਕਿਸੇ ਇਕ ਧਰਮ ਦੀ ਸ਼ਰ੍ਹਾ, ਰਹੁਰੀਤ ਜਾਂ ਮਰਯਾਦਾ ਅਨੁਸਾਰ ਢਲ ਜਾਣਾ ਹੀ ਕਾਫੀ ਹੈ, ਸਦਾਚਾਰ ਜਿਹਾ ਕੁਝ ਵੀ ਜਰੂਰੀ ਨਹੀਂ। ਸਿੱਖ ਮਾਂ ਆਪਣੇ ਬੱਚੇ ਨੂੰ ਇਹ ਸਮਝਾਵੇ ਕਿ ਸਦਾਚਾਰ ਤੋਂ ਬਿਨਾਂ ਧਾਰਮਿਕ ਹੋਣਾ ਨਿਰਾ ਪਖੰਡ ਹੈ ਅਤੇ ਧਰਮ ਤੋਂ ਬਿਨਾਂ ਸਦਾਚਾਰ ਅਸੰਭਵ ਹੈ।ਦੂਸਰਿਆਂ ਦੇ ਹੱਕਾਂ ਨੂੰ ਆਪਣੇ ਫਰਜ਼ ਸਮਝਣਾ, ਆਪਣੇ ਹੱਕਾਂ ਦੇ ਨਾਲ ਦੂਜਿਆਂ ਦੇ ਹੱਕਾਂ ‘ਤੇ ਪਹਿਰਾ ਦੇਣਾ, ਸਮਾਜਿਕ ਸਾਂਝ ਨੂੰ ਬਾਖੂਬੀ ਨਿਭਾਉਣਾ ਜਿਵੇਂ ਕਿ ਸੱਚ ਬੋਲਣਾ, ਵੱਡਿਆਂ ਦੀ ਇੱਜ਼ਤ ਕਰਨਾ, ਛੋਟਿਆਂ ਨੂੰ ਪਿਆਰ ਕਰਨਾ, ਮਨੁੱਖੀ ਕਦਰਾਂ–ਕੀਮਤਾਂ ਨੂੰ ਸਮਝਣਾ ਹੀ ਸਦਾਚਾਰ ਹੈ।

ਇਤਿਹਾਸ : ਸਿੱਖ ਨੌਜਵਾਨਾਂ ਦਾ ਆਪਣੇ ਧਰਮ ਦੇ ਮਹਾਨ ਵਿਰਸੇ ਤੋਂ ਜਾਣੂ ਹੋਣਾ ਅਤਿ ਲਾਜ਼ਮੀ ਹੈ।ਸਿੱਖ ਇਤਿਹਾਸ ਸਿਰਫ ਸ਼ਹਾਦਤਾਂ ਅਤੇ ਕੁਰਬਾਨੀਆਂ ਦੀ ਗਿਣਤੀ ਤੋਂ ਜਾਣੂ ਹੀ ਨਹੀਂ ਕਰਵਾਉਂਦਾ, ਦੁਨੀਆਂ ਦਾ ਇਹ ਨਿਵੇਕਲਾ ਇਤਿਹਾਸ ਜਦੋਂ ਪੜ੍ਹਦੇ ਹਾਂ ਤਾਂ ਸਾਡੇ ਅੰਦਰ ਮਹਾਨ ਸਖਸ਼ੀਅਤਾਂ ਦੇ ਸੁਭਾਵਾਂ ਨੂੰ ਜਾਣਨ ਦੀ ਉਤਸਕਤਾ ਪੈਦਾ ਹੁੰਦੀ ਹੈ, ਜਿਹਨ ਵਿੱਚ ਆਪ ਹੀ ਇਹ ਪ੍ਰਸ਼ਨ ਉੱਠਦਾ ਹੈ ਕਿਵੇਂ ਉਹ ਇੰਨਾ ਕੁਝ ਸਹਿਣ ਕਰ ਗਏ, ਉਹਨਾਂ ਦਾ ਪ੍ਰੇਰਨਾ ਸਰੋਤ ਕੀ ਸੀ ਆਦਿ।ਜਦੋਂ ਇਹਨਾਂ ਪ੍ਰਸ਼ਨਾਂ ਦੇ ਉੱਤਰ ਲੱਭਣ ਲਈ ਇਤਿਹਾਸ ਦੇ ਵਰਕੇ ਫਰੋਲਦੇ ਹਾਂ ਤਾਂ ਆਪਣੇ-ਆਪ ਹੀ ਸਾਡੇ ਅੰਦਰ ਉਹ ਗੁਣ ਪ੍ਰਬਲ ਹੋ ਜਾਂਦੇ ਹਨ, ਜੋ ਸਹੀ ਜੀਵਨ ਸੇਧ ਦਿੰਦੇ ਹਨ।ਸਾਡੇ ਇਤਿਹਾਸਕ ਨਾਇਕ ਹੀ ਸਾਨੂੰ ਅਜੋਕੇ ਸਮੇਂ ਦੀਆਂ ਭਰੂਣ-ਹੱਤਿਆ, ਦਾਜ ਅਤੇ ਬਲਾਤਕਾਰ ਵਰਗੀਆਂ ਬੁਰਾਈਆਂ ਦੇ ਖਿਲਾਫ ਜੂਝਣ ਲਈ ਤਿਆਰ ਕਰਦੇ ਹਨ।

ਸਿੱਖ ਔਰਤ ਇਕ ਮਾਂ ਦੇ ਰੂਪ ਅਜਿਹੀਆਂ ਛੋਟੀਆਂ ਛੋਟੀਆਂ ਪਰ ਮਹਤੱਵਪੂਰਨ ਗੱਲਾਂ ਦਾ ਧਿਆਨ ਰੱਖਦਿਆਂ ਇੱਕ ਉਤਮ ਸਮਾਜ ਦੀ ਸਿਰਜਣਾ ਕਰਨ ਦੇ ਸਮਰਥ ਹੈ। ਸਿਰਫ ਲੋੜ ਹੈ ਸਿੱਖ ਔਰਤ ਨੂੰ ਆਪਣੇ ਹੱਕਾਂ ਅਤੇ ਫਰਜਾਂ ਨੂੰ ਸਹੀ ਤਰਾਂ ਪਛਾਣ ਕੇ ਉਹਨਾਂ ‘ਤੇ ਪਹਿਰਾ ਦੇਣ ਦੀ।

ਯਸ਼ਪ੍ਰੀਤ ਕੌਰ
ਲੈਕਚਰਾਰ
ਖ਼ਾਲਸਾ ਕਾਲਜ ਆਫ ਨਰਸਿੰਗ, ਅੰਮ੍ਰਿਤਸਰ

9914711108

Show More

Related Articles

Leave a Reply

Your email address will not be published.

Back to top button