ਸਾਹਿਤ

ਸਿੱਖੋ ! ਡਰਾਕਲ ਨਹੀਂ, “ਦਲੇਰ ਬਣੋ”

Sikhs Not Dracula, Be Bold.

ਗੁਰੂ ਪਾਤਸ਼ਾਹ ਜੀ ਨੇ ਸਾਨੂੰ ਜਬਰ-ਜ਼ੁਲਮ ਦੇ ਖ਼ਿਲਾਫ਼ ਡਟਣਾ ਤੇ ਲੜਨਾ-ਮਰਨਾ ਸਿਖਾਇਆ ਸੀ, ਜਿਸ ਦੀ ਬਦੌਲਤ ਸਿੱਖਾਂ ਨੇ ਸਮੇਂ-ਸਮੇਂ ‘ਤੇ ਸ਼ਾਨਾਮੱਤਾ ਇਤਿਹਾਸ ਵੀ ਸਿਰਜਿਆ ਪਰ ਅਜ਼ਾਦੀ ਲਈ ਚੱਲੇ ਹਥਿਆਰਬੰਦ ਸੰਘਰਸ਼ ‘ਚ ਆਈ ਖੜੋਤ ਤੋਂ ਬਾਅਦ ਬਾਦਲਕਿਆਂ ਨੇ ਸਟੇਟ ਨਾਲ ਮਿਲ ਕੇ ਸਿੱਖਾਂ ਨੂੰ ਡਰਾਕਲ, ਸਾਊ ਅਤੇ ਬੀਬੇ ਪੁੱਤ ਬਣਾਉਣ ਦਾ ਬੀੜਾ ਚੁੱਕਿਆ ਹੋਇਆ ਹੈ। ਪਰ ਅਸੀਂ ਐਲਾਨੀਆ ਤੌਰ ‘ਤੇ ਕਹਿੰਦੇ ਹਾਂ ਕਿ ਸਿੱਖਾਂ ਦਾ ਧਰਮ ਇਸ ਮੁਲਕ ਵਿੱਚ ਬਚਣਾ ਮੁਸ਼ਕਿਲ ਹੈ ਤੇ ਜੇ ਸਿੱਖਾਂ ਨੇ ਆਪਣਾ ਰਾਜ-ਭਾਗ ਹਾਸਲ ਨਾ ਕੀਤਾ ਤਾਂ ਸਿੱਖਾਂ ਦੀਆਂ ਆਉਣ ਵਾਲੀਆਂ ਨਸਲਾਂ ਹੁਣ ਵਾਲਿਆਂ ਨੂੰ ਚੇਤੇ ਕਰ ਕੇ ਕੋਸਿਆ ਕਰਨਗੀਆਂ। ਇਸ ਲਈ ਸਿੱਖਾਂ ਨੂੰ ਪੰਥ ਅਤੇ ਪੰਜਾਬ ਦੀ ਪਹਿਰੇਦਾਰੀ ਕਰਨ ਦੀ ਲੋੜ ਹੈ।

ਹਰੇਕ ਸਿੱਖ ਨੌਜਵਾਨ ਆਪਣਾ ਪੰਥਕ ਫ਼ਰਜ ਸਮਝਦਿਆਂ ਮੈਦਾਨ ਵਿੱਚ ਡਟੇ ਤੇ ਦੁਸ਼ਮਣਾਂ ਨੂੰ ਭਾਜੜ ਪਾ ਦੇਵੇ। ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਕਿਹਾ ਕਰਦੇ ਸਨ ਕਿ, “ਸਿੰਘੋ ਸੋਚੋ! ਗ਼ੁਲਾਮ ਰਹਿ ਕੇ ਆਪਣੀ ਜ਼ਿੰਦਗੀ ਦੇ ਦਿਨ ਬਤੀਤ ਕਰਨੇ ਹਨ ਜਾਂ ਗ਼ੁਲਾਮੀ ਗਲੋਂ ਲਾਹ ਕੇ ਆਜ਼ਾਦ ਹੋ ਕੇ ਜਿਊਣਾ ਹੈ। ਜਦੋਂ ਤੱਕ ਮਰਨਾ ਨਹੀਂ ਮੰਡਦੇ, ਤਦੋਂ ਤੱਕ ਗ਼ੁਲਾਮੀ ਗਲੋਂ ਨਹੀਂ ਲਹਿਣੀ ਤੇ ਜਦੋਂ ਤੱਕ ਕੌਮ ਦੇ ਗਲੋਂ ਗ਼ੁਲਾਮੀ ਨਹੀਂ ਲਹਿੰਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।” ਹਲੀਮੀ ਰਾਜ ਨੂੰ ਕਾਇਮ ਕਰਨ ਦਾ ਨਿਸ਼ਾਨਾ ਤਾਂ ਹੀ ਪ੍ਰਾਪਤ ਹੋਵੇਗਾ, ਜੇਕਰ ਖ਼ਾਲਸਾਈ ਨਿਸ਼ਾਨ ਸਾਹਿਬ ਥੱਲੇ ਇਕੱਠੇ ਰਹਾਂਗੇ। ਅਣਖ ਨਾਲ ਜਿਊਣਾ ਤਾਂ ਸ਼ਹੀਦੀ ਵਾਸਤੇ ਤਿਆਰ ਹੋਵੋ ਤੇ ਜੇ ਬੇਗ਼ੈਰਤੀ ਨਾਲ ਜਿਉਣਾ ਤੇ ਜਿੱਥੇ ਮਰਜ਼ੀ ਤੁਰੇ ਫਿਰੋ।

ਪਿਛਲੀਆਂ ਸਦੀਆਂ ‘ਚ, 1947 ਤੱਕ ਵੀ ਸਾਡੀ ਕੌਮ ਜਿਸ ਸਭ ਕੁਝ ਲਈ ਜੂਝਦੀ ਰਹੀ ਜੇ ਅਸੀਂ ਹੁਣ ਵੀ ਜੂਝਦੇ ਰਹਿੰਦੇ ਤਾਂ ਅਗਲੀਆਂ ਪੁਸ਼ਤਾਂ ਕੋਲ ਸੰਘਰਸ਼ ਪਹੁੰਚ ਜਾਣਾ ਸੀ। ਪਰ ਜਦ ਤੋਂ ਪੰਥਕ ਸੰਸਥਾਵਾਂ ਉੱਤੇ ਬਾਦਲ ਪਰਿਵਾਰ ਦਾ ਕਬਜ਼ਾ ਹੋਇਆ ਹੈ, ਓਦੋਂ ਤੋਂ ਸਿੱਖਾਂ ਨੂੰ ਕੁਰਾਹੇ ਪਾ ਦਿੱਤਾ ਗਿਆ ਹੈ। ਨਿਸ਼ਾਨੇ ਬਦਲ ਦਿੱਤੇ ਗਏ ਹਨ, ਤਰਜੀਹਾਂ ਬਦਲ ਦਿੱਤੀਆਂ ਗਈਆਂ ਹਨ। ਸਿੱਖਾਂ ਦੀ ਧਾਰਮਿਕ ਤੇ ਸਿਆਸੀ ਲੀਡਰਸ਼ਿਪ ਨੇ ਜੋ ਕੁਝ ਕਰਨਾ-ਕਰਾਉਣਾ ਸ਼ੁਰੂ ਕਰ ਦਿੱਤਾ ਹੈ, ਇਹ ਸਿੱਖਾਂ ਦੀ ਵੱਖਰੀ ਤੇ ਵਿਲੱਖਣ ਹੋਂਦ ਹਸਤੀ ਨੂੰ ਢਹਿ-ਢੇਰੀ ਕਰ ਕੇ ਸਿੱਖਾਂ ਦਾ ਹਿੰਦੂਕਰਨ ਕਰਨ ਦਾ ਰਾਹ ਪੱਧਰਾ ਕਰਦਾ ਹੈ। ਜਿਸ ਲੀਡਰਸ਼ਿਪ ਨੇ ਇਸ ਵਰਤਾਰੇ ਦਾ ਵਿਰੋਧ ਕਰਨਾ ਸੀ, ਓਸ ਲੀਡਰਸ਼ਿਪ ਨੇ ਇਸ ਦੀ ਹਮਾਇਤ ਕਰ ਕੇ ਜੋ ਪਾਪ ਕਮਾਇਆ ਹੈ। ਉਸ ਦੇ ਨਾਲੋਂ ਵੱਧ ਦੁੱਖ ਇਹ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਸਿੱਖ ਹਿੱਤਾਂ ਤੇ ਸਿੱਖ ਜਜ਼ਬਾਤਾਂ ਦੇ ਖਿਲਾਫ਼ ਭੁਗਤਾ ਦਿੱਤਾ ਗਿਆ।

ਸਾਡੇ ਵਰਗੇ ਜਿਨ੍ਹਾਂ ਪੰਥਕ ਸੋਚ ਦੇ ਧਾਰਨੀ ਗੁਰਸਿੱਖਾਂ ਨੇ ਇਸ ਪਾਪ ਖਿਲਾਫ ਝੰਡਾ ਬੁਲੰਦ ਕੀਤਾ ਹੋਇਆ ਹੈ, ਉਨ੍ਹਾਂ ਦਾ ਸਿੱਖ ਸਮਾਜ ਨੂੰ ਸਾਥ ਦੇਣਾ ਚਾਹੀਦਾ ਸੀ। ਪਰ ਬਾਦਲਕਿਆਂ ਦੇ ਫੈਲਾਏ ਹੋਏ ਮੱਕੜਜਾਲ ਵਿੱਚ ਫਸ ਕੇ ਸਿੱਖ ਸਮਾਜ ਹੋਰ ਪਾਸੇ ਹੀ ਤੁਰਿਆ ਫਿਰਦਾ ਹੈ। ਕਿਸੇ ਵੀ ਧਰਮ ਦੇ ਲੋਕਾਂ ਲਈ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੁੰਦੇ ਨੇ ‘ਧਰਮ ਗ੍ਰੰਥ ਤੇ ਧਰਮ ਅਸਥਾਨ’। 1984 ਮੌਕੇ ਸਾਡੇ ਧਰਮ ਸਥਾਨ ਨਿਸ਼ਾਨੇ ਉੱਤੇ ਸੀ, ਹੁਣ ਧਰਮ ਗ੍ਰੰਥ। ਪਿਛਲੇ ਦਸ ਸਾਲਾਂ ਵਿੱਚ ਬੇਸ਼ੁਮਾਰ ਥਾਂਵਾਂ ਉੱਤੇ ਸਾਡੇ ਇਸ਼ਟ ਦੀ ਬੇਅਦਬੀ ਹੋ ਚੁੱਕੀ ਹੈ। ਪਾਪੀਆਂ ਨੂੰ ਸਜ਼ਾਵਾਂ ਦੀ ਥਾਂ ਉਨ੍ਹਾਂ ਨੂੰ ਐਸ਼ ਕਰਵਾਈ ਜਾ ਰਹੀ ਹੈ। ਜਿਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕਰਨ ਵਾਲ਼ਿਆਂ ਫ਼ੌਜੀਆਂ ਨੂੰ ਮਾਣ-ਸਨਮਾਨ ਦਿੱਤੇ ਗਏ ਸਨ, ਓਵੇਂ ਹੀ ਸਾਡੇ ਇਸ਼ਟ ਦੀ ਬੇਅਦਬੀ ਕਰਨ ਵਾਲ਼ਿਆਂ ਨੂੰ ਵੀ.ਆਈ.ਪੀ. ਵਜੋਂ ਉਭਾਰਿਆ ਜਾ ਰਿਹਾ ਹੈ। ਬਾਦਲਕੇ ਹੋਣ ਜਾਂ ਕਾਂਗਰਸੀ, ਇਹ ਹਕੂਮਤੀ ਸਿਸਟਮ ਸਾਡੇ ਇਸ਼ਟ ਦੀ ਬੇਅਦਬੀ ਕਰਨ-ਕਰਾਉਣ ਲਈ ਜਿੰਮੇਵਾਰ ਹੈ।

ਇੰਡੀਅਨ ਸਟੇਟ ਦਾ ਜਾਬਰ, ਧੱਕੜ ਤੇ ਕਰੂਰ ਚਿਹਰਾ, ਜਦ ਵੀ ਕੋਈ ਨੰਗਾ ਕਰੇਗਾ ਤਾਂ ਇਸ ਮਨੁੱਖਤਾ-ਵਿਰੋਧੀ ਹਕੂਮਤੀ ਸਿਸਟਮ ਦੇ ਹਾਮੀਆਂ ਨੂੰ ਹਮੇਸ਼ਾਂ ਉਹ ਲੋਕ ਟੇਢੇ ਢੰਗ ਨਾਲ਼ ਤਾਕਤ ਦਿੰਦੇ ਹਨ। ਜਿਹੜੇ ਇਸੇ ਗੱਲ ਵਿੱਚ ਹੀ ਡਰੇ ਰਹਿੰਦੇ ਨੇ ਕਿ ਕਿਤੇ ਸਾਨੂੰ ਵੀ ਉਹਨਾਂ ਵਿੱਚ ਨਾ ਗਿਣ ਲਿਆ ਜਾਵੇ ਜਿਹੜੇ ਇਸ ਸਟੇਟ ਦਾ ਵਿਰੋਧ ਕਰਦੇ ਨੇ। ਉਹ ਲੋਕ ਸਟੇਟ ਨੂੰ ਇਹ ਦੱਸਣ ਲਈ ਡਟ ਜਾਂਦੇ ਨੇ ਕਿ ਅਸੀਂ ਸਟੇਟ ਦੇ ਜ਼ੁਲਮਾਂ ਦਾ ਵਿਰੋਧ ਕਰਨ ਵਾਲਿਆਂ ਨਾਲ਼ ਨਹੀਂ। ਉਹ ਇਹ ਦੱਸਣ ਲਈ ਸਟੇਟ ਦੇ ਕੋਹਝ ਨੂੰ ਨੰਗਾ ਕਰਨ ਵਾਲੇ ਖਿਲਾਫ ਬੋਲਦੇ ਨੇ ਜਿਵੇਂ ਸਾਡੇ ਖਿਲਾਫ਼ ਬੋਲਿਆ ਜਾਂਦਾ ਹੈ। ‘ਜਿਵੇਂ ਹੁਣ ਅਸੀਂ ਕਹਿ ਰਹੇ ਹਾਂ ਕਿ ਭਾਰਤੀ ਸਟੇਟ ਨੇ ਸਿੱਖਾਂ ਦੇ ਇਸ਼ਟ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਹਰ ਹੀਲੇ ਬਚਾਉਣਾ ਹੈ, ਸਰਪ੍ਰਸਤੀ ਤੇ ਸੁਰੱਖਿਆ ਦੇਣੀ ਹੈ। ਕਿਉਂਕਿ ਉਨਾਂ ਲੋਕਾਂ ਨੇ ਸਿੱਖਾਂ ਨੂੰ ਸਭ ਤੋਂ ਕਰਾਰੀ ਸੱਟ ਮਾਰ ਕੇ ਇੰਡੀਅਨ ਸਟੇਟ ਦੇ ਮਨਸੂਬੇ ਪੂਰੇ ਕੀਤੇ ਨੇ।

ਇੰਡੀਅਨ ਸਟੇਟ ਹਰ ਓਸ ਬੰਦੇ, ਸੰਸਥਾ ਤੇ ਰੁਝਾਨ ਦੇ ਹੱਕ ਵਿੱਚ ਹੀ ਡਟੇਗੀ ਜਿਹੜਾ ਸਿੱਖਾਂ ਦੇ ਸਿਦਕ ਉੱਪਰ ਕਰਾਰਾ ਵਾਰ ਕਰੂ। ਜਦੋਂ ਹਕੂਮਤ ਦੇ ਸਟੇਟ ਦੇ ਪੈਦਾ ਕੀਤੇ ਕਸੂਤੇ ਹਾਲਤ ਵਿੱਚ ਸਮਾਜ ਫਸ ਜਾਂਦਾ ਹੈ, ਜਦ ਇਨਸਾਫ ਦੇਣ ਤੋਂ ਸਟੇਟ ਇਨਕਾਰੀ ਹੋ ਜਾਵੇ ਤਾਂ ਅਸੀਂ ਉਹ ਗੱਲ ਲਿਖ ਦਿੰਦੇ ਹਾਂ ਜੋ ਬੰਦੇ ਨੂੰ ਘੇਰ ਜਿਹਾ ਲੈਂਦੀ ਹੈ ਤੇ ਫਿਰ ਸਮਝ ਜਾਂਦਾ ਹੈ ਕਿ ਹੁਣ ਸਟੇਟ ਖਿਲਾਫ ਲੜਨਾ ਪੈਣਾ, ਸਟੇਟ ਨੂੰ ਗਲਤ ਕਹਿਣਾ ਪੈਣਾ ਹੈ। ਜਿਹੜੇ ਵਿਚਾਰੇ ਐਨੀ ਗੱਲ ਸੋਚ ਕੇ ਹੀ ਡਰੇ ਪਏ ਨੇ ਕਿ ਕੋਈ ਸਾਨੂੰ ਸੱਚ ਬੋਲਣ ਵਾਲਿਆਂ ਵਿੱਚ ਨਾ ਗਿਣ ਲਵੇ, ਉਹਨਾਂ ‘ਤੇ ਤਾਂ ਤਰਸ ਕਰਨਾ ਚਾਹੀਦਾ। ਅਸਲ ਵਿੱਚ ਵਿਚਾਰੇ ਇਹ ਕਹਿ ਰਹੇ ਨੇ ਕਿ ਬੇਸ਼ੱਕ ਸਿੱਖਾਂ ਦੇ ਇਸ਼ਟ ਨੂੰ ਗੁਰਦੁਆਰਿਆਂ ਵਿਚੋਂ ਚੁੱਕ ਕੇ ਕੋਈ ਪਾੜ ਕੇ ਗਲੀਆਂ-ਨਾਲੀਆਂ, ਰੂੜੀਆਂ ਉੱਤੇ ਖਿਲਾਰ ਦੇਵੇ, ਬੇਸ਼ੱਕ ਦੋਸ਼ੀਆਂ ਬਾਰੇ ਪੁਲੀਸ ਤੇ ਜਨਤਾ ਨੂੰ ਪਤਾ ਵੀ ਹੋਵੇ। ਬੇਸ਼ੱਕ ਪਾਪੀਆਂ ਨੂੰ ਸਟੇਟ ਕੁਝ ਨਾ ਕਹੇ-ਕਰੇ ਤੇ ਮੌਜ ਨਾਲ ਘਰ-ਘਰੀ ਭੇਜ ਕੇ ਉਹਨਾਂ ਦੀ ਰਾਖੀ ਲਈ ਹਥਿਆਰਬੰਦ ਪਹਿਰੇ ਲਾ ਕੇ ਸਿੱਖਾਂ ਨੂੰ ਵੰਗਾਰੇ ਕਿ ਆਹ ਬੈਠੇ ਨੇ ਬੇਅਦਬੀ ਕਰਨ ਵਾਲੇ, ਕਰ ਲਵੋ ਕੀ ਕਰ ਹੁੰਦਾ ਤਾਂ ਵੀ ਸਿੱਖਾਂ ਨੂੰ ਸਟੇਟ ਖਿਲਾਫ਼ ਚੂੰ ਨਹੀਂ ਕਰਨੀ ਚਾਹੀਦੀ ਤੇ ਉਹਨਾਂ ਸਿੱਖਾਂ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ।

ਜਿਹੜੇ ਇਹ ਹਕੀਕਤ ਲਿਖਣ ਜਾਂ ਬੋਲਣ ਕਿ ਸਟੇਟ ਨੇ ਬੇਅਦਬੀ ਦੇ ਦੋਸ਼ੀਆਂ ਦੀ ਹਰ ਤਰ੍ਹਾਂ ਰਾਖੀ ਕਰਨੀ ਹੈ ਤੇ ਸਿੱਖ ਜਜ਼ਬਾਤਾਂ ਦੀ ਹੇਠੀ ਕਰਨੀ ਹੈ। ਜਦ ਇੰਡੀਅਨ ਸਟੇਟ ਸਿੱਖਾਂ ਸਾਹਮਣੇ ਖੁਦ ਇਹ ਸਥਿਤੀ ਪੈਦਾ ਕਰਦੀ ਹੈ ਕਿ ਸਿੱਖਾਂ ਨੂੰ ਸਤਾਉਣ ਵਾਲਿਆਂ ਨੂੰ ਸਿੱਖ ਜੇ ਖੁਦ ਸਜ਼ਾ ਦੇ ਲੈਣ ਤਾਂ ਦੇ ਲੈਣ। ਲੇਕਿਨ ਸਟੇਟ ਮਸ਼ੀਨਰੀ ਤਾਂ ਕਦੇ ਵੀ ਸਜ਼ਾ ਨਹੀਂ ਦੇਵੇਗੀ। ਪਰ ਹਮੇਸ਼ਾ ਇਹ ਲੋਕ ਸਟੇਟ ਦੇ ਹੱਕ ਵਿੱਚ ਭੁਗਤਣਗੇ ਤੇ ਹਰ ਵੇਲੇ ਦੁਹਾਈ ਦਿੰਦੇ ਰਹਿਣਗੇ ਕਿ ਹਿੰਸਾ ਬੜੀ ਮਾੜੀ ਗੱਲ ਹੈ। ਇਹ ਸਮਝਦੇ ਹੁੰਦੇ ਨੇ ਕਿ ਸਿੱਖ ਹਿੰਸਕ ਨਹੀਂ, ਸਿੱਖਾਂ ਨੂੰ ਸਟੇਟ ਨੇ ਹਿੱਸਾ ਕਰਨ ਲਈ ਮਜਬੂਰ ਕੀਤਾ ਹੈ। ਇਹ ਸਭ ਜਾਣਦੇ ਨੇ ਕਿ ਜਦ ਇਸ਼ਟ ਸੁਰੱਖਿਅਤ ਨਾ ਰਹਿਣ, ਜਦ ਘਰਾਂ ਵਿੱਚ ਵੜ ਕੇ ਕੋਈ ਮਾਂ-ਭੈਣ-ਧੀ ਨਾਲ ਜਬਰ ਜਿਨਾਹ ਕਰੇ, ਪਿਓ ਦੀ ਦਾਹੜੀ ਪੁੱਟੇ ਤੇ ਇਸ ਧੱਕੇਸ਼ਾਹੀ ਦਾ ਵਿਰੋਧ ਕਰਨ ਦਾ ਇਲਜ਼ਾਮ ਤਹਿਤ ਘਰ ਦੇ ਮਾਲਿਕ ਨੂੰ ਨੰਗਾ ਕਰ ਕੇ ਬੇਦਰਦੀ ਨਾਲ ਕੁਟਾਪਾ ਚਾੜੇ ਤਾਂ ਮਰਦੇ ਨੂੰ ਅੱਕ ਚੱਬਣਾ ਪੈਂਦਾ ਹੈ। ਪਰ ਇਸ ਦੇ ਬਾਵਜੂਦ ਇਹ ਲੋਕ ਪੀੜਿਤ ਵੱਲ ਨਹੀਂ, ਜਾਬਰ ਸਟੇਟ ਵੱਲ ਖੜੇ ਦਿਸਣਗੇ।

ਜਾਬਰ ਸਟੇਟ ਦੇ ਹੱਕ ਵਿੱਚ ਭੁਗਤਣ ਲਈ ਵੀ ਬੜੀ ਮੱਕਾਰੀ ਵਰਤਦੇ ਨੇ। ਇਹ ਹਰ ਓਸ ਬੰਦੇ ਖਿਲਾਫ ਬੋਲਣਗੇ, ਜਿਹੜਾ ਸਟੇਟ ਦੇ ਕਾਲੇ, ਭੱਦੇ ਤੇ ਮਨੁੱਖਤਾ-ਵਿਰੋਧੀ ਚਿਹਰੇ ਨੂੰ ਨੰਗਾ ਕਰੇਗਾ। ਇਹ ਪੂਰਾ ਖਿਆਲ ਰੱਖਦੇ ਨੇ ਕਿ ਸਟੇਟ ਖਿਲਾਫ਼ ਬੋਲਣ ਦੀ ਬਜਾਏ, ਓਸ ਬੰਦੇ ਖਿਲਾਫ ਬੋਲਣਾ ਹੈ, ਉਸ ਨੂੰ ਘੇਰਨਾ ਹੈ, ਉਸ ਨੂੰ ਤੋੜਨਾ ਹੈ ਜਿਹੜਾ ਸਟੇਟ ਦਾ ਕੋਹੜ ਨੰਗਾ ਕਰਦਾ ਹੋਵੇ। ਇਹ ਵਿਚਾਰੇ ਅੱਡੀ-ਚੋਟੀ ਦਾ ਜ਼ੋਰ ਲਾ ਕੇ ਇਹ ਸਾਬਿਤ ਕਰਦੇ ਨੇ ਕਿ ਅਸੀਂ ਮਨੁੱਖਤਾ ਦੀ ਵੈਰੀ ਇੰਡੀਅਨ ਸਟੇਟ ਨੂੰ ਦੇਵੀ ਸ਼ਕਤੀ ਨਾਲ ਲੈਸ ਮੰਨਦੇ ਹਾਂ ਜੋ ਹਰ ਜ਼ੁਲਮ, ਹਰ ਬੇਇਨਸਾਫੀ, ਹਰ ਵਧੀਕੀ ਕਰਨ ਦੇ ਬਾਵਜੂਦ ਨੇਹਕਲੰਕ ਹੈ। ਐਨੇ ਗਏ-ਗੁਜਰੇ ਲੋਕਾਂ ਉੱਤੇ ਕਾਹਦਾ ਗੁੱਸਾ ? ਤਰਸ ਹੀ ਕਰਨਾ ਚਾਹੀਦਾ। ਇਸ ਕਰਕੇ ਜਿਹੜੇ ਲੋਕਾਂ ਨੂੰ ਸਾਡੇ ਇਹ ਕਹਿਣ ਕਰਕੇ ਕਿ ਇੰਡੀਅਨ ਸਟੇਟ ਸਾਡੇ ਇਸ਼ਟ ਦੀ ਬੇਅਦਬੀ ਕਰਨ ਵਾਲ਼ੇ ਦੁਸ਼ਟਾਂ ਦੇ ਹੱਕ ਵਿੱਚ ਡਟੀ ਹੋਈ ਹੈ ਤੇ ਹੁਣ ਉਹ ਲੋਕ ਜਵਾਬ ਦੇਣ। ਜਿਹੜੇ ਕਹਿੰਦੇ ਸੀ ਕਿ ਮਹਿੰਦਰਪਾਲ ਬਿੱਟੂ ਨੂੰ ਮਾਰਨਾ ਗਲਤ ਸੀ ਕਿ ਹੁਣ ਬਾਕੀ ਪਾਪੀਆਂ ਬਾਰੇ ਕੀ ਫ਼ੈਸਲਾ ਹੈ। ਸਭ ਦੇ ਸਾਹਮਣੇ ਹੈ ਕਿ ਬੇਅਦਬੀ ਕਰਨ ਵਾਲੇ ਸਾਰੇ ਪਾਪੀ ਅਦਾਲਤਾਂ ਵਿੱਚੋਂ ਜਮਾਨਤਾਂ ਕਰਵਾ ਕੇ ਮੌਜ ਨਾਲ ਘਰ ਬੈਠੇ ਹਨ। ਉਹਨਾਂ ਵਿਚਾਰਿਆਂ ਕੋਲ ਕੋਈ ਤਰਕ, ਦਲੀਲ, ਬਹਾਨਾ ਨਹੀਂ ਬਚਿਆ ਤਾਂ ਹੁਣ ਉਹ ਸਾਨੂੰ ਹੀ ਭੰਡਣਗੇ ਕਿਉਂਕਿ ਸਟੇਟ ਖਿਲਾਫ਼ ਬੋਲਣਗੇ ਤਾਂ ਸਟੇਟ ਦਰੜ ਦੇਵੇਗੀ।

ਖੈਰ ਅਸੀਂ ਤਾਂ ਇਹੀ ਕਹਾਂਗੇ ਕਿ ਅਸੀਂ ਆਪਣਾ ਫ਼ਰਜ਼ ਲਾਜ਼ਮੀ ਨਿਭਾਉਂਦੇ ਰਹਾਂਗੇ ਤੇ ਇੰਡੀਅਨ ਸਟੇਟ, ਕਾਂਗਰਸ, ਭਾਜਪਾ, ਆਪ ਤੇ ਬਾਦਲਕਿਆਂ ਤੇ ਹੋਰਾਂ ਦਾ ਵਿਰੋਧ ਕਰਦੇ ਰਹਾਂਗੇ ਤੇ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਸੰਘਰਸ਼ ਕਰਦੇ ਰਹਾਂਗੇ।

ਰਣਜੀਤ ਸਿੰਘ ਦਮਦਮੀ ਟਕਸਾਲ
ਪ੍ਰਧਾਨ : ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ
ਮੋ : 88722-93883

Show More

Related Articles

Leave a Reply

Your email address will not be published. Required fields are marked *

Back to top button