ਸਾਹਿਤ
Trending

ਏਕਤਾ ਦਾ ਅਦਭੁੱਤ ਮਹਾਂਨਾਇਕ- ਮੌਲਾਨਾ ਅਬੁਲ ਕਲਾਮ ਆਜ਼ਾਦ 11 ਨਵੰਬਰ ਜਯੰਤੀ ਤੇ ਵਿਸ਼ੇਸ਼ !

ਭਾਰਤੀ ਸਿੱਖਿਆ ਪ੍ਰਣਾਲੀ ਦਾ ਅਨਮੋਲ ਸਤੰਭ

11 ਨਵੰਬਰ 1888 ਨੂੰ ਸਾਊਦੀ ਅਰਬ ਦੇ ਮੱਕਾ ਸ਼ਹਿਰ ਵਿੱਚ, ਕਈ ਕਿਤਾਬਾਂ ਦੇ ਲੇਖਕ ਪ੍ਰਸਿੱਧ ਧਾਰਮਿਕ ਵਿਦਵਾਨ, ਪਿਤਾ ਮੌਲਾਨਾ ਸਈਅਦ ਮੁਹੰਮਦ ਖੈਰੂਦੀਨ ਅਤੇ ਮਾਤਾ ਸ਼ੇਖ ਆਲੀਆ ਦੀ ਕੁੱਖੋਂ, ਇੱਕ ਅਜਿਹਾ ਸੂਰਜ ਚੜ੍ਹਿਆ, ਜਿਸ ਦੀ ਰੌਸ਼ਨੀ ਅੱਜ ਵੀ ਭਾਰਤ ਦੇ ਕੋਨੇ-ਕੋਨੇ ਨੂੰ ਰੁਸ਼ਨਾ ਰਹੀ ਹੈ, ਨਾਮ- ਮੌਲਾਨਾ ਅਬੁਲ ਕਲਾਮ ਗੁਲਾਮ ਮੋਹੀਉੱਦੀਨ ਅਹਿਮਦ।

1857 ਦੇ ਵਿਦਰੋਹ ਤੋਂ ਬਾਅਦ ਕਲਾਮ ਦੇ ਪਿਤਾ ਸਾਊਦੀ ਅਰਬ ਚਲੇ ਗਏ ਸਨ। ਜਿੱਥੇ ਉਹਨਾਂ ਦਾ ਨਿਕਾਹ, ਬਹੁਤ ਈ ਸੰਪਨ ਪਰਿਵਾਰ ਦੀ ਸ਼ੇਖ ਆਲੀਆ ਨਾਲ ਹੋਇਆ ਸੀ। 1890 ਵਿੱਚ ਮੌਲਾਨਾ ਕਲਾਮ ਦਾ ਪਰਿਵਾਰ ਕਲਕੱਤਾ ਵਾਪਸ ਆ ਗਿਆ ਅਤੇ ਉੱਥੇ ਹੀ ਵਸ ਗਿਆ। ਧਾਰਮਿਕ ਸੁਭਾਅ ਦੇ ਮੁਸਲਿਮ ਪਰਿਵਾਰਕ ਪਿਛੋਕੜ ਕਾਰਨ ਮੌਲਾਨਾ ਨੇ ਆਪਣੇ ਪਿਤਾ ਤੋਂ ਪਰੰਪਰਾਗਤ ਧਾਰਮਿਕ ਇਸਲਾਮੀ ਸਿੱਖਿਆ ਪ੍ਰਾਪਤ ਕੀਤੀ। ਮੌਲਾਨਾ ਬਹੁਤ ਹੀ ਹੋਣਹਾਰ ਤੇ ਬੁੱਧੀਮਾਨ ਵਿਦਿਆਰਥੀ ਸੀ। ਉਹਨਾਂ ਲਈ ਵਿਸ਼ੇਸ਼ ਅਧਿਆਪਕਾਂ ਦਾ ਪ੍ਰਬੰਧ ਕੀਤਾ ਗਿਆ, ਪ੍ਰੰਤੂ ਫਿਰ ਵੀ ਜ਼ਿਆਦਾਤਰ ਧਾਰਮਿਕ ਇਸਲਾਮੀ ਵਿਸ਼ਿਆਂ ਦੀ ਪੜ੍ਹਾਈ ਹੀ ਕੀਤੀ ਗਈ।

ਇਸੇ ਦੌਰਾਨ 13 ਸਾਲ ਦੀ ਉਮਰ ਵਿੱਚ ਮੌਲਾਨਾ ਦਾ ਖਦੀਜਾ ਬੇਗਮ ਨਾਲ ਨਿਕਾਹ ਹੋ ਗਿਆ। ਮੌਲਾਨਾ ਅਬੁਲ ਕਲਾਮ, ਸਰ ਸਯਦ ਅਹਿਮਦ ਖਾਨ ਨੂੰ ਪੜ੍ਹ ਕੇ ਬਹੁਤ ਪ੍ਰਭਾਵਿਤ ਹੋਏ ਅਤੇ ਫਿਰ ਉਰਦੂ, ਹਿੰਦੀ, ਬੰਗਾਲੀ, ਅਰਬੀ ਅਤੇ ਫਾਰਸੀ ਸਿੱਖਣ ਤੋਂ ਬਾਅਦ ਉਨ੍ਹਾਂ ਨੇ ਅੰਗਰੇਜ਼ੀ ਭਾਸ਼ਾ ਵਿੱਚ ਵੀ ਮੁਹਾਰਤ ਹਾਸਲ ਕਰ ਲਈ। ਇਸ ਬੇਮਿਸਾਲ ਪ੍ਰਤਿਭਾਸ਼ਾਲੀ ਤੇ ਸਿਰੜੀ ਵਿਦਿਆਰਥੀ ਨੇ ਇਤਿਹਾਸ, ਫਿਲਾਸਫੀ ਤੇ ਰਾਜਨੀਤਕ ਸ਼ਾਸ਼ਤਰ ਦਾ ਡੂੰਘਾ ਅਧਿਐਨ ਕਰਨ ਤੋਂ ਬਾਅਦ ਆਪਣੀ ਤੋਂ ਦੁੱਗਣੀ ਉਮਰ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ। 16 ਸਾਲ ਦੀ ਉਮਰ ਤੱਕ ਉਸਨੇ ਸਾਰੇ ਵਿਸ਼ਿਆਂ ਦਾ ਅਧਿਐਨ ਪੂਰਾ ਕਰ ਲਿਆ ਸੀ। ਜਿਸ ਨੂੰ ਆਮ ਸਿਖਿਆਰਥੀ 25 ਸਾਲ ਦੀ ਉਮਰ ਤੱਕ ਮੁਸ਼ਕਿਲ ਨਾਲ ਈ ਪਾਰ ਕਰ ਸਕਦੇ ਸੀ।

ਫੇਰ ਮੌਲਾਨਾ ਨੇ ਅਫਗਾਨਿਸਤਾਨ, ਇਰਾਕ, ਸੀਰੀਆ ਅਤੇ ਤੁਰਕੀ ਆਦਿ ਕਈ ਦੇਸ਼ਾਂ ਦੀ ਯਾਤਰਾ ਕੀਤੀ ਅਤੇ ਇਨ੍ਹਾਂ ਦੌਰਿਆਂ ਦੌਰਾਨ, ਉਹ ਉੱਥੋਂ ਦੇ ਮਹਾਨ ਕ੍ਰਾਂਤੀਕਾਰੀਆਂ ਨੂੰ ਮਿਲੇ। ਜਿਸ ਨੇ ਮੌਲਾਨਾ ਦੇ ਜੀਵਨ ਦੀ ਦਿਸ਼ਾ ਹੀ ਬਦਲ ਦਿੱਤੀ। ਅਸਲ ਵਿਚ ਇਹ ਕ੍ਰਾਂਤੀਕਾਰੀ ਆਪੋ-ਆਪਣੇ ਦੇਸ਼ਾਂ ਦੀ ਆਜ਼ਾਦੀ ਲਈ ਲੜਾਈ ਲੜ ਰਹੇ ਸਨ ਅਤੇ ਇਸੇ ਕਾਰਨ ਉਹਨਾਂ ਸਾਰਿਆਂ ਨੂੰ ਆਪੋ-ਆਪਣੇ ਮੁਲਕਾਂ ਵਿੱਚੋਂ ਵੀ ਕੱਢ ਦਿੱਤਾ ਗਿਆ ਸੀ। ਪਰ ਇਨ੍ਹਾਂ ਮਾੜੇ ਹਾਲਾਤਾਂ ਵਿੱਚ ਵੀ ਇਨ੍ਹਾਂ ਇਨਕਲਾਬੀਆਂ ਦੀ ਦੇਸ਼ ਭਗਤੀ ਤੇ ਹੌਂਸਲੇ ਨੂੰ ਦੇਖਦਿਆਂ ਮੌਲਾਨਾ ਦੇ ਅੰਦਰ ਪਹਿਲਾਂ ਤੋਂ ਮੌਜੂਦ ਦੇਸ਼ ਭਗਤੀ ਦੀ ਚੰਗਿਆੜੀ ਭੜਕ ਉੱਠੀ ਅਤੇ ਮੌਲਾਨਾ ਇੱਕ ਰਾਸ਼ਟਰਵਾਦੀ ਇਨਕਲਾਬੀ ਬਣ ਗਿਆ।

ਵਾਪਸ ਆ ਕੇ ਅਬੁਲ ਕਲਾਮ ਨੇ ਦੇਸ਼ ਦੇ ਮਹਾਨ ਕ੍ਰਾਂਤੀਕਾਰੀਆਂ ਅਰਬਿੰਦੋ ਘੋਸ਼ ਅਤੇ ਸ਼ਿਆਮ ਸੁੰਦਰ ਚੱਕਰਵਰਤੀ ਨਾਲ ਮਿਲ ਕੇ ਭਾਰਤ ਦੇ ਰਾਸ਼ਟਰੀ ਅੰਦੋਲਨ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਨਾਂ ਨਾਲ ‘ਆਜ਼ਾਦ’ ਸ਼ਬਦ ਜੋੜ ਕੇ ਲੋਕਾਂ ਨੂੰ ਧਾਰਮਿਕ ਕੱਟੜਵਾਦ ਤੋਂ ਦੂਰ ਕਰਨ ਲਈ ਮੌਲਾਨਾ ਅਬੁਲ ਕਲਾਮ ਆਜ਼ਾਦ ਹੋ ਗਏ। ਇਸੇ ਲਈ ਇੰਨਾਂ ਨੂੰ ਮੌਲਾਨਾ ਆਜ਼ਾਦ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮੌਲਾਨਾ ਆਜ਼ਾਦ, ਮੁਸਲਿਮ ਲੀਗ ਦੇ ਧਰਮ-ਅਧਾਰਤ, ਦੋ-ਰਾਸ਼ਟਰ ਸਿਧਾਂਤ ਨੂੰ ਰੱਦ ਕਰਨ ਵਾਲੇ ਪ੍ਰਮੁੱਖ ਮੁਸਲਿਮ ਨੇਤਾ ਸਨ। ਅਸਲ ‘ਚ ਉਹ ਮਹਾਤਮਾ ਗਾਂਧੀ ਤੋਂ ਬਹੁਤ ਪ੍ਰਭਾਵਿਤ ਸਨ। ਮੌਲਾਨਾ ਆਜ਼ਾਦ ਨੇ ਕ੍ਰਾਂਤੀਕਾਰੀ ਗਤੀਵਿਧੀਆਂ ‘ਤੇ ਆਧਾਰਿਤ ਇੱਕ ਵਿਲੱਖਣ ਹਫ਼ਤਾਵਾਰੀ ਮੈਗਜ਼ੀਨ ‘ਅਲ-ਹਿਲਾਲ’ ਸ਼ੁਰੂ ਕੀਤਾ, ਜੋ ਬਹੁਤ ਮਸ਼ਹੂਰ ਹੋਇਆ। ਅਸਲ ਵਿੱਚ ਆਜ਼ਾਦ ਇੱਕ ਸ਼ਾਨਦਾਰ ਲੇਖਕ, ਪੱਤਰਕਾਰ ਅਤੇ ਹਿੰਦੂ-ਮੁਸਲਿਮ ਏਕਤਾ ਦਾ ਕੱਟੜ ਸਮਰਥਕ, ਅਸਾਧਾਰਨ ਬੁਲਾਰਾ ਅਤੇ ਇੱਕ ਸੱਚਾ ਦੇਸ਼ ਭਗਤ ਸੀ। ਉਨ੍ਹਾਂ ਨੇ ਇਸ ਮੈਗਜ਼ੀਨ ਰਾਹੀਂ ਫਿਰਕੂ ਸਦਭਾਵਨਾ ਅਤੇ ਹਿੰਦੂ ਮੁਸਲਿਮ ਏਕਤਾ ਤੇ ਜ਼ੋਰ ਦਿੰਦੇ ਹੋਏ ਅੰਗਰੇਜ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਅੰਗਰੇਜ਼ਾਂ ਦੇ ਨਾਲ-ਨਾਲ ਆਜ਼ਾਦ ਦੇ ਇਸ ਕਦਮ ਨੇ ਕੁਝ ਕੱਟੜ ਮੁਸਲਿਮ ਸਿਆਸਤਦਾਨਾਂ ਨੂੰ ਵੀ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਕ ਪਾਸੇ ਤਾਂ ਉਹ ਆਜ਼ਾਦ ਦੇ ਆਲੋਚਕ ਬਣ ਗਏ ਅਤੇ ਦੂਜੇ ਪਾਸੇ ਬ੍ਰਿਟਿਸ਼ ਸਰਕਾਰ ਨੇ ਤੁਰੰਤ ਇਸ ਮੈਗਜ਼ੀਨ ‘ਤੇ ਪਾਬੰਦੀ ਲਗਾ ਦਿੱਤੀ।

ਦਲੇਰ ਮੌਲਾਨਾ ਆਜ਼ਾਦ ਨੇ ਕਿੱਥੇ ਹਾਰ ਮੰਨਣੀ ਸੀ, ਉਹੀ ਮੈਗਜ਼ੀਨ ਮੁੜ ‘ਅਲ-ਬਲਾਗ’ ਦੇ ਨਾਂ ਹੇਠ ਸ਼ੁਰੂ ਕਰਕੇ ਵੱਡੇ ਪੱਧਰ ‘ਤੇ ਰਾਸ਼ਟਰਵਾਦ ਅਤੇ ਹਿੰਦੂ-ਮੁਸਲਿਮ ਏਕਤਾ ਦੀ ਮੁਹਿੰਮ ਸ਼ੁਰੂ ਕਰਨ ਦੇ ਨਾਲ-ਨਾਲ ਮੁਸਲਿਮ ਸਿਆਸਤਦਾਨਾਂ ਨੂੰ ਇਨਕਲਾਬੀ ਸਰਗਰਮੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਆਪ ਵੀ ਵੱਡੇ ਪੱਧਰ ‘ਤੇ ਇਨਕਲਾਬੀ ਸਰਗਰਮੀਆਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਇਹ ਦੂਸਰਾ ਮੈਗਜ਼ੀਨ ਵੀ ਅੰਗਰੇਜ਼ ਸਰਕਾਰ ਨੇ ਜ਼ਬਤ ਕਰ ਆਜ਼ਾਦ ਨੂੰ ਕਲਕੱਤਾ ਤੋਂ ਕੱਢਦਿਆਂ, ਰਾਂਚੀ ਵਿਚ ਨਜ਼ਰਬੰਦ ਕਰ ਦਿੱਤਾ। ਪਰ ਆਜ਼ਾਦ ਨੇ ਕਿੱਥੇ ਚੁੱਪ ਰਹਿਣਾ ਸੀ। ਨਜ਼ਰਬੰਦੀ ‘ਚ ਉਹਨਾਂ ਦੋ ਇਨਕਲਾਬੀ ਕਿਤਾਬਾਂ ਲਿਖੀਆਂ, ਜੋ ਦੇਸ਼ ਚ ਬਹੁਤ ਪ੍ਰਸਿੱਧ ਹੋਈਆਂ। ਨਜ਼ਰਬੰਦੀ ਤੋਂ ਬਾਹਰ ਆਉਂਦਿਆਂ ਹੀ ਉਹ ਤਨ-ਮਨ-ਧਨ ਨਾਲ ਮਹਾਤਮਾ ਗਾਂਧੀ ਦੇ ਅਸਹਿਯੋਗ ਅੰਦੋਲਨ ਨਾਲ ਜੁੜ ਗਏ। ਉਹਨਾਂ ਨੇ ਸਾਰੇ ਦੇਸ਼ ‘ਚ ਅੰਗ੍ਰੇਜਾਂ ਵਿਰੁੱਧ ਜਬਰਦਸਤ ਲਹਿਰ ਪੈਦਾ ਕਰ ਦਿੱਤੀ। ਅੰਗਰੇਜ਼ ਸਰਕਾਰ ਨੇ ਘਬਰਾ ਕੇ ਸਾਥੀਆਂ ਸਮੇਤ ਉਹਨਾਂ ਨੂੰ, ਜੇਲ੍ਹ ਵਿੱਚ ਡੱਕ ਦਿੱਤਾ। ਪਰ ਮੌਲਾਨਾ ਆਜ਼ਾਦ, ਜਦੋਂ ਇੱਕ ਸਾਲ ਦੀ ਸਜ਼ਾ ਕੱਟ ਕੇ ਵਾਪਸ ਆਏ ਤਾਂ ਹੁਣ ਇੱਕ ਰਾਸ਼ਟਰੀ ਨੇਤਾ ਬਣ ਗਏ ਸਨ।

ਕੇਵਲ 35 ਸਾਲ ਦੀ ਉਮਰ ਵਿੱਚ 1923 ਵਿੱਚ ਉਨ੍ਹਾਂ ਨੂੰ ਕਾਂਗਰਸ ਦੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਬਣਨ ਦਾ ਮਾਣ ਪ੍ਰਾਪਤ ਹੋਇਆ, ਉਹ ਲਗਾਤਾਰ 6 ਸਾਲ ਕਾਂਗਰਸ ਪ੍ਰਧਾਨ ਰਹੇ। ਮਹਾਤਮਾ ਗਾਂਧੀ ਨੇ ਖੁਦ ਉਨ੍ਹਾਂ ਦੀ ਅਸਾਧਾਰਨ ਸ਼ਖਸੀਅਤ ਲਈ ਉਨ੍ਹਾਂ ਨੂੰ ‘ਗਿਆਨ ਦੇ ਸਮਰਾਟ’ ਦੀ ਉਪਾਧੀ ਦਿੱਤੀ ਸੀ। ਆਜ਼ਾਦੀ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਰਾਮਪੁਰ ਤੋਂ ਮੌਲਾਨਾ ਆਜ਼ਾਦ ਸੰਸਦ ਮੈਂਬਰ ਬਣੇ ਤਾਂ ਉਹਨਾਂ ਦੀ ਯੋਗਤਾ, ਕਾਬਲੀਅਤ, ਸਮਰੱਥਾ ਅਤੇ ਦੂਰਅੰਦੇਸ਼ੀ ਸਦਭਾਵਨਾ ਵਾਲੀ ਸੋਚ ਨੂੰ ਦੇਖਦਿਆਂ, ਉਨ੍ਹਾਂ ਨੂੰ ਭਾਰਤ ਦਾ ਪਹਿਲਾ ਸਿੱਖਿਆ ਮੰਤਰੀ ਬਣਾਇਆ ਗਿਆ। ਮੌਲਾਨਾ ਆਜ਼ਾਦ ਨੇ ਜਿੱਥੇ ਔਰਤਾਂ ਦੀ ਸਿੱਖਿਆ, ਮੁਫ਼ਤ ਅਤੇ ਲਾਜ਼ਮੀ ਸਿੱਖਿਆ, ਮਾਤ ਭਾਸ਼ਾ ਵਿੱਚ ਸਿੱਖਿਆ ‘ਤੇ ਜ਼ੋਰ ਦਿੰਦੇ ਹੋਏ, ਸਿੱਖਿਆ ਪ੍ਰਣਾਲੀ ਵਿੱਚ ਅਸਧਾਰਨ ਹਾਂ-ਪੱਖੀ ਇਨਕਲਾਬੀ ਤਬਦੀਲੀਆਂ ਕੀਤੀਆਂ। ਉੱਥੇ ਹੀ ਉੱਚ ਸਿੱਖਿਆ ਲਈ ਸਾਡੇ ਦੇਸ਼ ਦੇ ਪ੍ਰਮੁੱਖ ਸੰਸਥਾਨਾਂ, ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ.) ਦੇ ਨਾਲ-ਨਾਲ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੀ ਸਿਰਜਣਾ ਕੀਤੀ ‘ਤੇ ਨਾਲ ਹੀ ਭਾਰਤੀ ਸੰਸਕ੍ਰਿਤਕ ਸੰਬੰਧ ਪ੍ਰੀਸ਼ਦ, ਸੰਗੀਤ ਨਾਟਕ ਅਕਾਦਮੀ, ਸਾਹਿਤ ਅਕਾਦਮੀ ਅਤੇ ਲਲਿਤ ਕਲਾ ਅਕਾਦਮੀ ਵਰਗੀਆਂ ਅਦੁਤੀਆਂ ਸੰਸਥਾਵਾਂ ਦੀ ਸਥਾਪਨਾ ਵੀ ਕੀਤੀ। ਜਿਸ ਨੇ ਭਾਰਤ ਵਿੱਚ ਸਿੱਖਿਆ ਦੀ ਦਿਸ਼ਾ ਤੇ ਦਸ਼ਾ ਹੀ ਬਦਲ ਦਿੱਤੀ।

22 ਫਰਵਰੀ 1958 ਨੂੰ ਭਾਰਤ ਦਾ ਇਹ ਸੂਰਜ ਦਿਲ ਦਾ ਦੌਰਾ ਪੈਣ ਕਾਰਨ ਸਦਾ ਲਈ ਅਸਤ ਹੋ ਗਿਆ। ਦੇਸ਼ ਲਈ ਉਹਨਾਂ ਦੇ ਮਹਾਨ ਯੋਗਦਾਨ ਲਈ ਮੌਲਾਨਾ ਆਜ਼ਾਦ ਨੂੰ ਮਰਨ ਉਪਰੰਤ 1996 ਵਿੱਚ ਦੇਸ਼ ਦੇ ਸਰਵਉੱਚ ਸਨਮਾਨ ‘ਭਾਰਤ-ਰਤਨ’ ਨਾਲ ਸਨਮਾਨਿਤ ਕੀਤਾ ਗਿਆ ਅਤੇ ਹਰ ਸਾਲ ਉਹਨਾਂ ਦੇ ਜਨਮ ਦਿਨ11 ਨਵੰਬਰ ਨੂੰ ‘ਰਾਸ਼ਟਰੀ ਸਿੱਖਿਆ ਦਿਵਸ’ ਵਜੋਂ ਮਨਾ ਕੇ ਯਾਦ ਕੀਤਾ ਜਾਂਦਾ ਹੈ। ਉਹਨਾਂ ਦੇ ਸਨਮਾਨ ਵਿੱਚ 2015 ਵਿੱਚ ਭਾਰਤ ਸਰਕਾਰ ਵੱਲੋਂ ਇਕ ਡਾਕ ਟਿਕਟ ਵੀ ਜਾਰੀ ਕੀਤਾ ਗਿਆ ਹੈ।

ਮਹਾਨ ਦੇਸ਼ ਭਗਤ ਮੌਲਾਨਾ ਅਬੁਲ ਕਲਾਮ ਆਜ਼ਾਦ ਵਰਗੇ ਮਹਾਂਪੁਰਸ਼ ਸਦੀਆਂ ‘ਚ ਇੱਕ ਵਾਰ ਜਨਮ ਲੈਂਦੇ ਹਨ। ਮੈਂ ਆਸ ਕਰਦਾ ਹਾਂ ਕਿ ਅੱਜ ਦੇ ਸਾਡੇ ਸਿਆਸਤਦਾਨ, ਇਸ ਮਹਾਨਾਇਕ ਦੇ ਅਨਮੋਲ ਜੀਵਨ ਤੋਂ ਪ੍ਰੇਰਨਾ ਲੈ ਕੇ ਦੇਸ਼ ਨੂੰ ਫਿਰਕਾਪ੍ਰਸਤੀ ਅਤੇ ਧਾਰਮਿਕ ਕੱਟੜਵਾਦ ਤੋਂ ਬਚਾਉਣ ਲਈ ਇਮਾਨਦਾਰੀ ਨਾਲ ਸੁਹਿਰਦ ਯਤਨ ਕਰਦਿਆਂ ਸੰਪਰਦਾਇਕ ਸਦਭਾਵ ਪੈਦਾ ਕਰਨਗੇ।

ਅਸ਼ੋਕ ਸੋਨੀ, ਕਾਲਮ ਨਵੀਸ

ਖੂਈ ਖੇੜਾ, ਫਾਜ਼ਿਲਕਾ (ਪੰਜਾਬ)

9872705078

Show More

Related Articles

Leave a Reply

Your email address will not be published. Required fields are marked *

Back to top button