ਸਾਹਿਤ
Trending

ਪੰਜਾਬੀ ਕਹਾਣੀ: ਪ੍ਰਾਹੁਣਾ ਸਾਬ…

Short Story: Parahuna Saab...

‘ਮੀਤਾ’, ਉਹ ਹੋ ਮਾਫ ਕਰਨਾ, ਸਹੁਰੇ ਪਿੰਡ ਸਰਦਾਰ ਗੁਰਮੀਤ ਸਿੰਘ, ਨਾਮ ਏ। ਅੱਠਵੀਂ ਫੇਲ ਮੀਤੇ ਨੂੰ ਪਿੰਡ ‘ਚ ਭਾਵੇਂ ਕੋਈ ਬੇਰਾਂ ਵੱਟੇ ਨੀਂ ਪੁੱਛਦਾ, ਪਰ ਜਦੋਂ ਸਹੁਰੇ ਪਿੰਡ ਬੋਹੜਵਾਲੇ ਆਲੀ ਗੱਡੀ ਚੜਦਾ ਏ ਤਾਂ ਉਹਦੀ ਤੋਰ, ਟੋਹਰ ਤੇ ਤਰੀਕੇ ਈ ਬਦਲ ਜਾਂਦੇ। ਹਾਲਾਂਕਿ ਉਹਨੇ ਵੀ ਕਈ ਵਾਰ ਕੋਸ਼ਿਸ਼ ਕੀਤੀ ਸਕੂਟਰ ਸਿੱਖਣ ਦੀ ਪਰ ਸੋਲ਼ਾਂ ਦੂਣੀ ਅੱਠ ਸੀ ਮੀਤਾ। ਤਿੰਨ ਵਾਰ ਗੋਡੇ ਛਿਲਾ, ਦੋ ਵਾਰ ਗਿੱਟੇ ਤੁੜਵਾ ਤੇ ਚਾਰ ਪਜ਼ਾਮੇ ਕੁਰਬਾਨ ਕਰਨ ਤੋਂ ਬਾਅਦ ਵੀ ਨਾਂ ਸਿੱਖ ਸਕਿਆ। ਤਿੰਨ ਭੈਣਾਂ ‘ਚੋ ਸਭ ਤੋਂ ਛੋਟੀ ਸੋਹਣੀ-ਸੁਨੱਖੀ ਜੀਤੋ ਦੀ ਕਿਸਮਤ ਬਾਪੂ ਨੇ ਨਿਆਈ ਆਲੇ 14 ਕਿਲਿਆਂ ਕਰਕੇ ਮੀਤੇ ਨਾਲ ਲਿਖਤੀ ਸੀ।

ਮੀਤੇ ਦਾ ਸਹੁਰੇ ਜਾ ਕੇ ਰੁੱਸਣ ‘ਚ ਪ੍ਰਦਰਸ਼ਨ ਸਹਿਵਾਗ ਵਾਂਗੂ ਧੂੰਆਂਧਾਰ ਹੀ ਚੱਲਦਾ ਆ ਰਿਹਾ ਹੈ। ਬਿਨਾਂ ਰੁੱਸੇ ਮੀਤਾ ਕਦੇ ਨੀਂ ਆਇਆ ਤੇ ਜੀਤੋ ਨੂੰ ਹਮੇਸ਼ਾ ਬਾਅਦ ‘ਚ ਭਰਾ ਹੀ ਛੱਡ ਕੇ ਜਾਂਦੇ। ਅਸਲ ‘ਚ ਪੁਆੜੇ ਦੀ ਜੜ੍ਹ ਰਾਤ ਆਲੀ ਰੇਲ ਗੱਡੀ ਵੀ ਸੀ। ਜੋ ਸਿੱਧੀ ਮੀਤੇ ਦੇ ਪਿੰਡ ਜਾਂਦੀ ਸੀ, ਜਿਸ ਕਾਰਨ ਰੁੱਸਣ ਤੋਂ ਬਾਅਦ ਆਪ ਜੀ ਨੂੰ ਕਦੇ ਔਖਾ ਈ ਨਹੀਂ ਹੋਣਾ ਪਿਆ। ਮੀਤਾ ਅਰਿਸਟੋਕਰੈਟ ਦਾ ਖਾਸ ਸੂਟਕੇਸ ਲੈ, ਜਦੋਂ ਸਹੁਰੇ ਕੂਚ ਕਰਦਾ ਤਾਂ ਪਿੰਡ ਬੋਹੜ ਆਲੇ ਦੀਆਂ ਕੰਧਾਂ ਕੰਬਣ ਲੱਗ ਜਾਂਦੀਆਂ।

ਮੀਤੇ ਦੇ ਰੁਸਣ ਦੇ ਕਿੱਸੇ ਬਹੁਤ ਲੰਬੇ ਹਨ, ਪਰ ਕੁਝ ਖਾਸ ਮੌਕਿਆਂ ਦਾ ਹੀ ਜਿਕਰ ਕਰਾਂਗੇ। ਕਦੇ ਸਬਜੀ ਤੋਂ, ਕਦੇ ਸਤਿ ਸ੍ਰੀ ਅਕਾਲ ਤੋਂ, ਕਦੇ ਬਕਰੇ-ਕੁੱਕੜ ਦੇ ਮੀਟ ਤੋਂ, ਕਦੇ ਦਾਰੂ ਤੋਂ, ਕਦੇ ਤੋਲੀਏ ਤੋਂ, ਬਸ ਆਪ ਜੀ ਬਹਾਨਾ ਈ ਭਾਲਦੇ ਸਨ। ਇਕ ਵਾਰ ਤਾਂ ਆਪ ਜੀ, ਇਸ ਕਰਕੇ ਰੁਸਣ ਚ ਕਾਮਯਾਬ ਰਹੇ, ਕਿਉਂਕਿ ਆਪ ਜੀ ਨੂੰ ਸਲਾਦ ‘ਚ ਗੰਢੇ ਚੋਰਸ ਕੱਟ ਕੇ ਦੇ ਦਿੱਤੇ ਗਏ। ਪਰ ਆਪ ਜੀ ਦਾ ਮੰਨਣਾ ਸੀ ਕਿ ਪ੍ਰਾਹੁਣਾ ਸਾਬ੍ਹ ਲਈ ਗੋਲ ਪਿਆਜ਼ ਹੀ ਕੱਟਣੇ ਚਾਹੀਦੇ ਹਨ। ਕਈ ਵਾਰ ਆਪ ਜੀ ਆਪਣੇ ਨਾਲ ਪਿੰਡੋ ਚਾਰ ਲੰਗੋੜ ਵੀ ਨਾਲ ਸਹੁਰੇ ਲੈ ਜਾਂਦੇ ਤੇ ਉਹਨਾਂ ਸਾਹਮਣੇ ਸਹੁਰਿਆਂ ਨੂੰ ਪੂਰੇ ਪਿੰਡ ‘ਚ ਬਹਾਨੇ ਨਾਲ ਰੱਜਵਾਂ ਜਲੀਲ ਕਰਦੇ।

ਲਓ ਜੀ, ਇਕ ਵਾਰੀ ਫੇਰ ਮੀਤੇ ਦੇ ਸਹੁਰੇ ਜਾਣ ਦੀ ਤਿਆਰੀ, ਸਹੁਰੇ ਘਰ ‘ਚ ਕਸ਼ਮੀਰ ਵਾਂਗ ਮਾਹੌਲ ਪੂਰਾ ਤਨਾਅਪੂਰਨ ਤੁਰੰਤ ਸਾਰੇ ਟੱਬਰ ਦੀ ਆਪਾਤ ਬੈਠਕ ਬੁਲਾਈ ਗਈ ਤੇ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਜੋ ਮਰਜੀ ਪ੍ਰਬੰਧ ਕਰਨੇ ਪੈਣ, ਇਸ ਵਾਰ ਪ੍ਰਾਹੁਣਾ ਨਹੀਂ ਰੁੱਸਣ ਦੇਣਾ। ਇਸ ਲਈ ਘਰ ਦੀ ਆਰਥਿਕ ਸਥਿਤੀ ਨੂੰ ਨਜ਼ਰਅੰਦਾਜ਼ ਕਰ ਤੁਰੰਤ ਵਿਸ਼ੇਸ਼ ਫੰਡ ਜਾਰੀ ਕੀਤੇ ਗਏ। ਪਰ ਇੱਧਰ ਮੀਤਾ ਸਹਿਵਾਗ ਵੀ ਜਬਰਦਸਤ ਤਿਆਰੀ ਨਾਲ ਸਹੁਰੇ ਪਹੁੰਚ ਚੁੱਕਾ ਸੀ। ਪਰ ਸਹੁਰਿਆਂ ਵੱਲੋਂ ਬਹੁਤ ਹੀ ਜਬਰਦਸਤ ਪ੍ਰਦਰਸ਼ਨ, ਪਿਆਜ ਗੋਲ ਵੀ ਤੇ ਚੋਰਸ ਵੀ, ਰੋਟੀ ਚੁੱਲ੍ਹੇ ਦੀ ਵੀ ਤੇ ਤੰਦੂਰ ਦੀ ਵੀ, ਮੀਟ-ਦਾਰੂ ਦੇਸੀ ਤੇ ਅੰਗ੍ਰੇਜ਼ੀ ਕੁਲ ਮਿਲਾ ਕੇ, ਸਹਿਵਾਗ ਨੂੰ ਬੰਨ ਕੇ ਰੱਖ ਦਿੱਤਾ। ਰਾਤ ਆਲੀ ਗੱਡੀ ਆਉਣ ‘ਚ ਸਿਰਫ ਅੱਧਾ ਘੰਟਾ ਬਾਕੀ, ਮੀਤੇ ਦਾ ਸਹੁਰਾ ਪਰਿਵਾਰ ਆਪਣੀ ਜਿੱਤ ਦੀ ਖੁਸ਼ੀ ਮਨਾ ਰਿਹਾ ਸੀ। ਪੜੋਸੀ ਵੀ ਕੰਧ ਨਾਲ ਕੰਨ ਲਾ-ਲਾ ਥੱਕਣ ਤੋਂ ਬਾਅਦ ਮੰਜਿਆਂ ਤੇ ਪੈ ਚੁੱਕੇ ਸਨ। ਹੁਣ ਮੀਤੇ ਨੂੰ ਸਿਰਫ ਗਲਾਸੀ ਦੁੱਧ ਹੀ ਫੜਾਉਣਾ ਸੀ ਤੇ ਇਹ ਡਿਊਟੀ ਛੋਟੇ ਸਾਲੇ ਨੇ ਆਪ ਨਿਭਾਉਣ ਦਾ ਫੈਸਲਾ ਲਿਆ।

ਮੀਤਾ ਜਬਰਦਸਤ ਦਬਾਅ ‘ਚ, ਪਰ ਇਕ ਦਮ ਲਾਸਟ ਬਾਲ ‘ਚ ਛੱਕਾ ਮਾਰਨ ਦਾ ਇਰਾਦਾ। ਮੀਤੇ ਨੇ ਜੱਗਦੇ ਲਾਟੂ ਨੂੰ ਕੋਲ ਪਿਆ ਵੱਟਾ ਮਾਰਤਾ ਤੇ ਕਮਰੇ ‘ਚ ਘੁੱਪ ਹਨੇਰਾ ਤੇ ਆਪ ਦਰਵਾਜੇ ਓਹਲੇ ਖੜ ਗਿਆ। ਦੁੱਧ ਲੈ ਕੇ ਜਦੋਂ ਸਾਲ਼ਾ ਆਇਆ ਤਾਂ ਮੀਤੇ ਨੇ ਹਨੇਰੇ ‘ਚ ਦਰਵਾਜ਼ੇ ਪਿਛੋਂ ਇਕਦਮ ਕਿਹਾ, ‘ਹੋ’ ਸਾਲਾ ਘਾਬਰ ਕੇ ਕਹਿੰਦਾ, “ਕਿਹੜਾ ਏ ਓਏ”! ਮੀਤੇ ਨੇ ਘਮਸਾਣ ਮਚਾਤਾ ਕਹਿੰਦਾ, “ਸਾਲਿਓ, ਸਾਡੀ ਕੋਈ ਕਦਰ ਹੀ ਹੈ ਨੀ ਇੱਥੇ। ਪ੍ਰਾਹੁਣੇ ਨੂੰ ਹੀ ਕਹਿ ਜਾਂਦੇ ਓ, ਕਿਹੜਾ ਓਏ, ਕਿਹੜਾ ਓਏ, ਮੈਂ ਚੱਲਿਆਂ।” ਇਸ ਦੇ ਨਾਲ ਹੀ ਮੀਤੇ ਨੇ ਚੌਂਦੀਆਂ-ਚੌਂਦੀਆਂ ਗਾਲਾਂ ਦੀ ਹਨੇਰੀ ਲਿਆ ਤੀ। ਸਹਿਵਾਗ ਨੇ ਪਾਸਾ ਪਲਟ ਦਿੱਤਾ ਸੀ, ਪੜੋਸੀਆਂ ਦਾ ਵੀ ਜੀ ਟਿੱਕ ਗਿਆ ਸੀ, ਉੱਧਰ ਮੀਤੇ ਨੇ ਵੀ ਕਦਮ ਤੇਜੀ ਨਾਲ ਟੇਸ਼ਨ ਵੱਲ ਵਧਾ ਦਿੱਤੇ ਸਨ।

ਜੀਤੋ ਨੂੰ ਮੀਤੇ ਦੇ ਲੜ ਬੰਨ੍ਹ ਡੋਬਣ ‘ਚ ਵੱਡਾ ਹੱਥ ਜੀਤੋ ਦੀ ਸਭ ਤੋਂ ਵੱਡੀ ਭੈਣ ਬਲਬੀਰੋ, ਉਰਫ ਬੀਬੋ ਦਾ ਸੀ। ਮੀਤੇ ਦੇ ਪਿਓ ਤੇ ਬੀਬੋ ਦੇ ਘਰਵਾਲੇ ਰੇਸ਼ਮ ਸਿਉਂ ਦੀ ਵੱਟ ਸਾਂਝੀ ਸੀ ਤੇ ਤਕੜਾ ਯਾਰਾਨਾ ਸੀ। ਬਸ ਤਾਂ ਹੀ ਬੀਬੋ ਆਪਣੀ ਛੋਟੀ ਭੈਣ ਦੀ ਵਿਚੋਲਣ ਬਣੀ। ਅਸਲ ‘ਚ ਬੀਬੋ, ਜੀਤੋ ਤੋਂ 20 ਸਾਲ ਵੱਡੀ ਸੀ। ਪੁਰਾਣੇ ਸਮਿਆਂ ‘ਚ ਨੂੰਹ, ਸੱਸ ਆਮ ਈ ਕੱਠੀਆਂ ਪੰਜੀਰੀ ਖਾਂਦੀਆਂ ਸਨ। ਮੇਰਾ ਆਵਦਾ ਮਾਮਾ, ਵੱਡੇ ਮਾਮੇ ਦੇ ਪੁੱਤਰ ਤੋਂ ਤੇ ਮੇਰੀ ਮਾਂ ਮੇਰੇ ਵੱਡੇ ਮਾਮੇ ਦੀ ਕੁੜੀ ਤੋ ਛੋਟੇ ਹਨ। ਬੀਬੋ ਕਬਰਵਾਲੇ ਆਲੀ ਕਮਲਪ੍ਰੀਤ ਕੌਰ ਆਂਗੂ ਤਕੜੇ ਸ਼ਰੀਰ ਦੀ ਧਣੀ ਸੀ, ਜੀਤੋ ਨੂੰ ਤਾਂ ਆਪਣੀ ਧੀ ਈ ਸਮਝਦੀ ਸੀ, ਪਰ ਆ ਫੈਸਲਾ ਅਣਜਾਣੇ ‘ਚ ਲੈ ਬੈਠੀ ਸੀ।

ਲਓ ਜੀ, ਹੁਣ ਬੋਹੜਆਲੇ ਮੀਤੇ ਦੇ ਸਾਲੇ ਦਾ ਵਿਆਹ ਆ ਗਿਆ ਤੇ ਇੱਧਰ ਸਹਿਵਾਗ ਨੇ ਵੀ ਪ੍ਰੈਕਟਿਸ ਆਲੀਆਂ ਧੂੜਾਂ ਈ ਪੱਟ ਰੱਖੀਆਂ ਸੀਂ। ਹਰੇਕ ਪਿੰਡ ‘ਚ ਚਾਰ-ਪੰਜ ਅਜਿਹੇ ਬੰਦੇ ਹੁੰਦੇ ਨੇਂ, ਜਿੰਨਾਂ ਦੇ ਵਾਂਢੇ ਜਾਣ ਜਾਂ ਕਿਸੇ ਵੀ ਯਾਤਰਾ ਤੇ ਕਈ ਦਿਨ ‘ਦਫਾ’ ਹੋਣ ‘ਤੇ ਪਿਛੋਂ ਸਾਰੇ ਪਿੰਡ ਨੂੰ ਚਾਅ ਚੜ੍ਹ ਜਾਂਦਾ ਹੈ। ਅਜਿਹੇ ਹੀ ਚਾਰ ਲੰਗੋੜ ਨਾਲ ਲੈ ਮੀਤਾ, ਮਾਫ ਕਰਨਾ ਸਰਦਾਰ ਗੁਰਮੀਤ ਸਿੰਘ ਵਿਆਹ ਤੋਂ ਦੋ ਦਿਨ ਪਹਿਲਾਂ ਈ ਸਹੁਰੇ ਅੱਪੜ ਗਏ।

ਪੂਰਾ ਬੋਹੜਵਾਲਾ ਪਿੰਡ ਖਾਤਰਦਾਰੀ ‘ਚ ਲੀਨ। ਜਾਗੋ ਦਾ ਜਬਰਦਸਤ ਮਾਹੌਲ ਚੱਲ ਰਿਹਾ ਸੀ ਕਿ ਇੱਕ ਮਨਹੂਸ ਫੋਨ ਕਾਲ ਆਈ, ਆਹ! ਕੁੜੀ ਦੇ ਭਰਾ ਨੂੰ ਅਟੈਕ ਤੇ ਮੌਤ, ਇਕਦਮ ਖੁਸ਼ੀ ਦਾ ਮਾਹੌਲ ਮਾਤਮ ‘ਚ ਤਬਦੀਲ।

ਸਾਰੇ ਰਿਸ਼ਤੇਦਾਰਾਂ ‘ਚ ਜੀਤੋ ਤੇ ਬੀਬੋ ਦੇ ਵਿਚਕਾਰਲੀ ਭੈਣ ਬੰਸੋ ਦੇ ਘਰਵਾਲੇ ਇਕਬਾਲ ਸਿੰਘ ਨੇ ਕਿਹਾ, “ਵੇਖੋ ਸਵੇਰੇ ਆਨੰਦ ਕਾਰਜ ਤਾਂ ਕਰਨੇ ਈ ਪੈਣੇ ਨੇਂ। ਪਰ ਹੁਣ ਸਿਰਫ ਚਾਰ ਬੰਦੇ ਈ ਜਾਓ, ਪ੍ਰਾਹੁਣਿਆਂ ‘ਚੋਂ ਸਭ ਤੋਂ ਵੱਡੇ ਰੇਸ਼ਮ ਸਿੰਘ ਜੀ ਨੂੰ ਜਾਣ ਦਿਓ, ਮੈਂ ਤੇ ਗੁਰਮੀਤ ਨਹੀਂ ਜਾਂਦੇ”। ਸਾਰੇ ਪਰਿਵਾਰ ਨੇਂ ਇਕਬਾਲ ਸਿੰਘ ਦੀ ਸਿਆਣੀ ਗੱਲ ਦਾ ਸਵਾਗਤ ਕੀਤਾ, ਸਿਵਾਏ ਮੀਤੇ ‘ਕਲ਼ੇਸ਼ੀ’ ਦੇ।

ਅਗਲੇ ਦਿਨ ਚਾਰ ਬੰਦਿਆਂ ਦੀ ਬਰਾਤ ਚੁੱਪ-ਚਪੀਤੇ ਚਲੀ ਗਈ, ਪਰ 11 ਕੁ ਵਜੇ ਮੀਤੇ ਦਾ ਸਹਿਵਾਗ, ਇਸ ਕਰੁਣਾਮਈ ਪੱਲ ‘ਚ ਵੀ ਬੇਸ਼ਰਮੀ ਨਾਲ ਜਾਗ ਗਿਆ। ਉਹਨੇ ਮੀਟ ਦੀ ਮੰਗ ਕੀਤੀ ਤਾਂ ਬੀਬੋ ਦੇ ਪੁੱਤਰ ਨੇਂ ਸ਼ਹਿਰ ਨੂੰ ਸਾਈਕਲ ਛੰਡ ਦਿੱਤੀ। ਮੁੜ੍ਹਕੋ-ਮੁੜ੍ਹਕੀ ਹੋਇਆ, ਜਦੋਂ ਨੂੰ ਉਹ ਪਰਤਿਆ, ਮੀਤੇ ਦੀ ਟੋਲੀ ਲੌਰ ‘ਚ ਆ ਚੁੱਕੀ ਸੀ ਤੇ ਉਹਨਾਂ ਪੂਰਾ ਪਤੀਲਾ ਹੀ ਮੰਗਾ ਲਿਆ। ਅੱਤ ਤੇ ਅੰਤ ‘ਚ ਸਿਰਫ ਅੱਧਕ ਤੇ ਟਿੱਪੀ ਦਾ ਈ ਫਰਕ ਹੁੰਦਾ ਏ, ਪਰ ਅੱਜ ਮੀਤੇ ਨੇ ਉਹ ਫਰਕ ਖਤਮ ਹੀ ਕਰ ਦਿੱਤਾ ਸੀ।

ਜੁਆਨ ਮੌਤ ਦਾ ਡੁੰਘਾ ਮਾਤਮ ਤੇ ਉੱਧਰ ਮੀਤਾ ਜੁਆਈਪੁਣਾ ਦਿਖਾਉਣ ‘ਚ ਕਮੀਣਪੁਣੇ ਤੇ ਆਮਾਦਾ। ਹੁਣ ਬੀਬੋ ਅੱਕ ਕੇ ਕੋਲ ਆ ਖੜ੍ਹੀ, ਅਖੀਰ ਮੀਤਾ ਸਹੁਰਿਆਂ ਨੂੰ ਸੁਣਾਉਂਦਾ ਕਹਿੰਦਾ, “ਓ ਯਾਰੋ ਆਪਾਂ ਇੱਥੇ ਕਾਹਦੇ ਜਵਾਈ, ਇੱਥੇ ਤਾਂ ਰੇਸ਼ਮ ਸਿਉਂ ਦੀ ਭੈਣ, “ਚਟਾਕ, ਚਟਾਕ, ਬੀਬੋ ਨੇਂ ਕ੍ਰਿਸ ਗੇਲ ਦੇ ਸ਼ਾਟਾਂ ਵਾਂਗ, ਤਿੰਨ-ਚਾਰ ਕਰਾਰੇ ਥੱਪੜ ਠੋਕ ਆਪਣੇ ‘ਛੋਟੇ ਜੀਜੇ’ ਮੀਤੇ ਦਾ ਮੂੰਹ ਲਾਲ ਕਰ ਦਿੱਤਾ। ਪਤਾ ਨਹੀਂ ਕਿਸ ਨੇ ਕੀ-ਕੀ ਕਿਹਾ, ਮੀਤੇ ਦੀ ਜੁੰਡਲੀ ਕਿਸੇ ਤਰਾਂ, ਰੱਜ਼ਵੀਂ ਜ਼ਲਾਲਤ ਤੋਂ ਬਾਅਦ, ਕੋਈ ਨਹਿਰ-ਕੂਆ ਨਾਂ ਕਰਦੀ ਹੋਈ, ਪਿੰਡ ਪਰਤ ਹੀ ਆਈ।

ਚਾਰ ਕੁ ਸਾਲਾਂ ਬਾਅਦ ਅੱਜ, ਸ਼ਹਿਰ ‘ਚ ਮਹਾਨ ਕੀਰਤਨ ਦਰਬਾਰ, ਮੁੱਖ ਬੁਲਾਰੇ ਵਜੋਂ ਜੱਥੇਦਾਰ ਗੁਰਮੀਤ ਸਿੰਘ ਜੀ ਹੁਰਾਂ ਦੇ ਸਾਰੇ ਵੈਲ ਤਿਆਗ, ਨਾਮ ਦੇ ਲੜ ਲੱਗਣ ਦੇ ਮੀਠੇ ‘ਤੇ ਪ੍ਰਭਾਵਸ਼ਾਲੀ ਪ੍ਰਵਚਨ ਨੇ ਸੰਗਤਾਂ ਨੂੰ ਨਿਹਾਲ ਕਰ ਛੱਡਿਆ ਸੀ।

ਅਸ਼ੋਕ ਸੋਨੀ, ਹਿੰਦੀ ਅਧਿਆਪਕ
ਪਿੰਡ ਖੂਈ ਖੇੜਾ, ਫਾਜ਼ਿਲਕਾ
98727 05078

Show More

Related Articles

Leave a Reply

Your email address will not be published.

Back to top button