ਸਾਹਿਤ
Trending

ਸਿੱਖੋ! ਆਪਣੀ ਪਨੀਰੀ ਸਾਂਭੋ…

Sikho, Save Our Children...

ਭਾਰਤ ਵਿੱਚ ਸਿੱਖਾਂ ਕੋਲੋਂ ਸਿੱਖੀ ਖੋਹਣ ਦੇ ਏਜੰਡੇ ਤਹਿਤ ਹਕੂਮਤ ਬੜੇ ਢੰਗ ਤਰੀਕੇ ਵਰਤਦੀ ਹੈ। ਕਲਾ ਦੇ ਹਰ ਰੂਪ ਦੀ ਦੁਰਵਰਤੋਂ ਕਰ ਕੇ ਫ਼ਿਲਮਾਂ, ਡਰਾਮਿਆਂ, ਗਾਣਿਆਂ ਰਾਹੀਂ ਅਜਿਹਾ ਮਹੌਲ ਸਿਰਜਿਆ ਜਾਂਦਾ ਹੈ ਕਿ ਬੰਦਾ ਖੁਦ-ਬ-ਖੁਦ ਹੀ ਸਿੱਖੀ ਤਿਆਗ ਜਾਵੇ। ਸਿੱਖ ਸਰੂਪ ਨੂੰ ਤਿਆਗਣਾ, ਹੁਣ ਫ਼ਖ਼ਰ ਵਾਲੀ ਗੱਲ ਬਣ ਗਈ ਹੈ। ਬਥੇਰੇ ਸਿੱਖ ਹਨ, ਜਿਹੜੇ ਪਤਿਤ ਹੋਣ ਤੇ ਸ਼ਰਮਸ਼ਾਰ ਹੋਣ ਦੀ ਥਾਂ ਦਲੀਲ ਨਾਲ਼ ਸਾਬਿਤ ਕਰਦੇ ਹਨ ਕਿ ਉਹ ਸਹੀ ਹਨ। ਇਹੋ ਜਿਹੇ ਸਿੱਖ ਵੀ ਬਥੇਰੇ ਨੇ ਜਿਹੜੇ ਕਿਸੇ ਗ਼ਲਤ ਬੰਦੇ ਦੀ ਗੱਲ ਕਰ ਕੇ ਖੁਦ ਨੂੰ ਵੱਡਾ ਦਰਸਾਉਂਦੇ ਨੇ ਕਿ ਮੈਂ ਫਲਾਣੇ ਨਾਲ਼ੋਂ ਤਾਂ ਫੇਰ ਵੀ ਵਧੀਆ ਹਾਂ। ਕੀ ਕਦੇ ਕਿਸੇ ਨੇ ਸੋਚਿਆ ਕਿ ਸਿੱਖ ਪਰਿਵਾਰਾਂ ਵਿੱਚ ਇਹੋ ਜਿਹੀ ਮਾਨਸਿਕਤਾ ਕਿਵੇਂ ਬਣ ਗਈ ਕਿ ਸਿੱਖੀ-ਵਿਰੋਧੀ ਕੰਮ ਬੜੀ ਸਹਿਜਤਾ ਨਾਲ਼ ਪ੍ਰਵਾਨ ਹੋਣ ਲੱਗ ਪਏ ਹਨ ?

ਦਰਅਸਲ ਦੁਸ਼ਮਣ ਨੇ ਸਾਡੇ ਬੱਚਿਆਂ ਨੂੰ ਬਚਪਨ ਵਿੱਚ ਹੀ ਨਿਸ਼ਾਨੇ ਉੱਤੇ ਲੈ ਲਿਆ ਹੈ। ਜਿਹੜੇ ਹਰ ਗਲ਼ੀ ਮੁਹੱਲੇ ਵਿੱਚ ਕਰੈੱਚ ਖੁੱਲ੍ਹੇ ਨੇ, ਉਥੇ ਬੜੀ ਸਾਜ਼ਿਸ਼ ਤਹਿਤ ਬੱਚਿਆਂ ਨੂੰ ਹਿੰਦੀ ਬੋਲਣ ਤੇ ਹਿੰਦੂਆਂ ਵਰਗੇ ਹੋਣ ਦੀ ਮੱਤ ਦਿੱਤੀ ਜਾਂਦੀ ਹੈ। ਬੱਚਿਆਂ ਦੀ ਜ਼ਿੱਦ ਅੱਗੇ ਮਾਪੇ ਲਾਡ-ਲਾਡ ਵਿੱਚ ਝੁਕ ਜਾਂਦੇ ਹਨ। ਬੜੇ ਮਾਪੇ ਕਹਿਣਗੇ ਕਿ ਵੱਡਾ ਹੋ ਕੇ ਆਪੇ ਕੇਸ ਰੱਖ ਲਵੇਗਾ, ਪਰ ਜਦ ਇੱਕ ਵਾਰ ਗੱਡੀ ਲੀਹ ਤੋਂ ਲਹਿ ਜਾਵੇ, ਫੇਰ ਦੁਬਾਰਾ ਚੜ੍ਹਨੀ ਮੁਸ਼ਕਿਲ ਹੀ ਹੁੰਦੀ ਹੈ। ਕਰੈੱਚ ਸਕੂਲ, ਬਜ਼ਾਰ, ਗਲ਼ੀ ਮੁਹੱਲੇ ‘ਚ, ਹਰ ਥਾਂ ਬੱਚੇ ਨੂੰ ਸਿੱਖੀ ਵਿਰੋਧੀ ਮਹੌਲ ਮਿਲਦਾ ਹੈ ਤੇ ਅੰਤ ਰੰਗ ਚੜ੍ਹ ਜਾਂਦਾ ਹੈ। ਜਦ ਤਕ ਬੱਚੇ ਨੂੰ ਸਕੂਲ ਲਗਾਉਂਦੇ ਹਾਂ, ਉਹ ਸਿੱਖੀ ਤੋਂ ਦੂਰ ਜਾਣ ਵਾਲ਼ੇ ਰਾਹ ਪੈ ਚੁੱਕਾ ਹੁੰਦਾ ਹੈ। ਸਕੂਲ ਉਡੀਕ ਰਿਹਾ ਹੁੰਦਾ ਹੈ ਕਿ ਕਦ ਮੇਰਾ ਸ਼ਿਕਾਰ ਆਵੇ ਤੇ ਮੈਂ ਉਸ ਦੀ ਸਿੱਖੀ ਖੋਹ ਲਵਾਂ।

ਹਰੇਕ ਸਿੱਖ ਚਾਹੁੰਦਾ ਹੈ ਕਿ ਉਸ ਦਾ ਬੱਚਾ ਕਿਸੇ ਵਧੀਆ ਸਕੂਲ ਵਿੱਚ ਪੜ੍ਹੇ ਤੇ ਆਪਣੇ ਧਰਮ ਦੀ ਸੇਵਾ ਕਰੇ। ਪਰ ਵਧੀਆ ਸਕੂਲ ਦੀ ਗੱਲ ਦਿਮਾਗ ਵਿੱਚ ਆਉਣ ਸਾਰ ਦਿਮਾਗ ਕਹਿੰਦਾ ਹੈ ਕਿ ਸਿੱਖਾਂ ਦੇ ਵਿੱਦਿਅਕ ਅਦਾਰੇ ਤਾਂ ਸਾਰੇ ਹੀ ਮਾੜੇ ਨੇ, ਚਲੋ ਨਿਆਣੇ ਨੂੰ ਕਿਸੇ ਆਰੀਆ ਸਕੂਲ/ਕਾਲਜ ਜਾਂ ਕ੍ਰਿਸਚੀਅਨ ਸਕੂਲ/ਕਾਲਜ ਵਿੱਚ ਦਾਖਲ ਕਰਵਾਈਏ। ਸੋਚਣ ਵਾਲੀ ਗੱਲ ਹੈ ਕਿ ਆਰੀਆ ਸਕੂਲ/ਕਾਲਜ ਜਾਂ ਕ੍ਰਿਸਚੀਅਨ ਸਕੂਲ/ਕਾਲਜ ਵਿੱਚ ਤਾਂ ਸਾਰਾ ਮਹੌਲ ਆਰੀਅਨ ਜਾਂ ਕ੍ਰਿਸਚੀਅਨ ਵਿਚਾਰਧਾਰਾ ਵਾਲ਼ਾ ਹੀ ਹੋਵੇਗਾ। ਉਂਝ ਇਸ ਮੁਲਕ ਵਿੱਚ ਬੇਸ਼ੱਕ ਧਰਮ-ਨਿਰਪੱਖਤਾ ਦਾ ਢੋਲ ਵਜਾਇਆ ਜਾਂਦਾ ਹੈ, ਪਰ ਹਰ ਥਾਂ ਘੱਟਗਿਣਤੀ ਧਰਮਾਂ ਦਾ ਘਾਣ ਹੋਣਾ ਸੁਭਾਵਿਕ ਗੱਲ ਹੈ। ਵਿੱਦਿਅਕ ਅਦਾਰਿਆਂ ਵਿੱਚ ਵੀ ਇਹੀ ਕੁਝ ਚੱਲਦਾ ਹੈ। ਪੰਜਾਬ ਦੇ ਆਰੀਆ ਸਕੂਲ/ਕਾਲਜ ਜਾਂ ਕ੍ਰਿਸਚੀਅਨ ਸਕੂਲ/ਕਾਲਜ ਵਿੱਚ ਸਿੱਖੀ ਜਜ਼ਬਾਤਾਂ ਦਾ ਗਲ਼ ਘੁੱਟਿਆ ਜਾਂਦਾ ਹੈ ਤੇ ਓਥੇ ਪੜ੍ਹਦੇ ਵਕਤ ਕਿਸੇ ਵੀ ਬੱਚੇ-ਬੱਚੀ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਸ ਦੇ ਦਿਲ-ਦਿਮਾਗ ਵਿੱਚ ਕੀ ਕੁਝ ਭਰਿਆ ਜਾ ਰਿਹਾ ਹੈ। ਉਸ ਨੂੰ ਅਨੁਸ਼ਾਸਨ ਦੇ ਨਾਂ ਹੇਠ ਸਿੱਖ-ਵਿਰੋਧੀ ਕਾਰਿਆਂ ਵਿੱਚ ਲਾਇਆ ਜਾਂਦਾ ਹੈ। ਜੇ ਕਿਸੇ ਦੇ ਮਾਪੇ ਰੋਕਣ-ਟੋਕਣ ਤਾਂ ‘ਕੱਟੜਵਾਦੀ ਕਹਿ ਕੇ ਘੇਰ ਲਿਆ ਜਾਂਦਾ ਹੈ ਤੇ ਨਾਲ਼ ਹੀ ਸਕੂਲ ਛੱਡ ਜਾਣ ਦਾ ਫੁਰਮਾਨ ਵੀ ਜਾਰੀ ਹੋ ਜਾਂਦਾ ਹੈ।

ਬੱਚੇ ਦਾ ਭਵਿੱਖ ਬਰਬਾਦ ਹੋਣ ਦੇ ਡਰੋਂ, ਜਦ ਇੱਕ ਵਾਰ ਕੋਈ ਆਰੀਆ ਸਕੂਲ/ਕਾਲਜ ਜਾਂ ਕ੍ਰਿਸਚੀਅਨ ਸਕੂਲ/ਕਾਲਜ ਵਿੱਚ ਫਸ ਜਾਂਦਾ ਹੈ ਤਾਂ ਸਮਝ ਆ ਜਾਣ ਦੇ ਬਾਵਜੂਦ ਵੀ ਮੱਕੜ-ਜਾਲ ਵਿੱਚੋਂ ਨਿਕਲ ਨਹੀਂ ਸਕਦਾ। ਜਦ ਕੋਈ ਆਰੀਆ ਸਕੂਲ/ਕਾਲਜ ਜਾਂ ਕ੍ਰਿਸਚੀਅਨ ਸਕੂਲ/ਕਾਲਜ ਵਿੱਚੋਂ ਪੜ੍ਹਾਈ ਮੁਕੰਮਲ ਕਰ ਲਵੇ ਤੇ ਬਾਲਗ ਹੋ ਕੇ ਆਮ ਜਿੰਦਗੀ ਜਿਊਣ ਲੱਗ ਪਵੇ ਤਾਂ ਉਸ ਨੂੰ ਸਿੱਖਾਂ ਦੇ ਮਸਲੇ, ਸਿੱਖਾਂ ਦਾ ਦਰਦ, ਸਿੱਖੀ ਨੂੰ ਖ਼ਤਰੇ ਬਾਰੇ ਭੋਰਾ ਵੀ ਸਮਝ ਨਹੀਂ ਪੈ ਸਕਦੀ। ਸਿੱਖ ਆਪਣੀ ਪਛਾਣ ਅਤੇ ਸਿਧਾਂਤ ਨੂੰ ਖਤਰੇ ਵਿੱਚ ਆਇਆ ਵੇਖ ਕੇ ਜੇ ਬਚਣ ਲਈ ਹੱਥ-ਪੱਲਾ ਮਾਰਦੇ ਹਨ ਤਾਂ ਸਿੱਖ-ਵਿਰੋਧੀ ਵਿੱਦਿਅਕ ਅਦਾਰਿਆਂ ਵਿੱਚੋਂ ਪੜ੍ਹੇ ਲੋਕ ਜੋ ਕੁਝ ਲਿਖਦੇ-ਬੋਲਦੇ ਹਨ, ਉਹਦਾ ਮੂਲ ਭਾਵ ਇਹ ਹੁੰਦਾ ਹੈ “ਫੇਰ ਕੀ ਹੋ ਗਿਆ ਜੇ ਸਿੱਖਾਂ ਨੇ ਸਿੱਖੀ ਤਿਆਗ ਦਿੱਤੀ” ?

ਫੇਰ ਕੀ ਹੋ ਗਿਆ, ਜੇ ਕੋਈ ਸਿੱਖ-ਵਿਰੋਧੀ ਸਿੱਖੀ ਅਤੇ ਸਿੱਖਾਂ ਉੱਪਰ ਹਮਲੇ ਕਰ ਰਿਹਾ ਹੈ ? ਫੇਰ ਕੀ ਹੋ ਗਿਆ, ਜੇ ਸਿੱਖਾਂ ਦੇ ਬੱਚੇ-ਬੱਚੀਆਂ ਸਿੱਖੀ ਨਾਲ਼ੋਂ ਦੂਰ ਜਾ ਰਹੇ ਹਨ ? ਫੇਰ ਕੀ ਹੋ ਗਿਆ, ਜੇ ਸਿੱਖ ਵਿਚਾਰਧਾਰਾ ਦੀ ਲੋਕ ਮਨਮਰਜ਼ੀ ਦੀ ਵਿਆਖਿਆ ਕਰਦੇ ਹਨ ? ਫੇਰ ਕੀ ਹੋ ਗਿਆ, ਜੇ ਸਿੱਖਾਂ ਦੀ ਹੋਂਦ ਹਸਤੀ ਮਿਟਦੀ ਜਾ ਰਹੀ ਹੈ ? ਫੇਰ ਕੀ ਹੋ ਗਿਆ, ਜੇ ਸਿੱਖਾਂ ਦੀ ਧਾਰਮਿਕ ਤੇ ਸਿਆਸੀ ਲੀਡਰਸ਼ਿਪ ਸਿੱਖੀ ਨਾਲ਼ ਗ਼ੱਦਾਰੀ ਕਰ ਰਹੀ ਹੈ ?

ਜੋ ਮਰਜ਼ੀ ਹੋ ਰਿਹਾ ਹੋਵੇ, ਸਿੱਖਾਂ ਨੂੰ ਸਿੱਖੀ ਉੱਪਰ ਆਏ ਸੰਕਟ ਬਾਰੇ ਬੋਲਣਾ ਲਿਖਣਾ ਨਹੀਂ ਚਾਹੀਦਾ। ਸਿੱਖਾਂ ਨੂੰ ਇਹ ਸਭ ਕੁਝ ਬਰਦਾਸ਼ਤ ਕਰਨਾ ਚਾਹੀਦਾ। ਸਿੱਖ ਚੁੱਪ ਕਰ ਕੇ ਸੰਤਾਪ ਭੋਗਣ ਤੇ ਬਿਲਕੁਲ ਵੀ ਮੂੰਹ ਨਹੀਂ ਖੋਲ੍ਹਣਾ ਚਾਹੀਦਾ। ਜਿਹੜਾ ਵੀ ਸਿੱਖ, ਸਿੱਖੀ ਉੱਪਰ ਹਮਲਿਆਂ ਬਾਰੇ, ਸਿੱਖ-ਵਿਰੋਧੀ ਰੁਝਾਨਾਂ, ਘਟਨਾਵਾਂ ਤੇ ਵਰਤਾਰਿਆਂ ਬਾਰੇ ਲਿਖਦਾ-ਬੋਲਦਾ ਹੈ, ਉਸ ਨੂੰ ਰੱਜ ਕੇ ਬਦਨਾਮ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਧਰਮ ਉੱਪਰ ਖਤਰੇ ਬਾਰੇ ਕਿਉਂ ਬੋਲਿਆ। ਉਸ ਨੂੰ ‘ਤਾਲਿਬਾਨ’ ਕਹਿ ਕੇ ਭੰਡਣਾ ਚਾਹੀਦਾ ਹੈ। ਜਦ ਧਰਮ ਲਈ ਚਿੰਤਤ ਲੋਕਾਂ ਨੂੰ ਤਾਲਿਬਾਨ ਕਹੋਗੇ, ਇਹ ਡਰਦੇ ਖੁਦ ਹੀ ਬੋਲਣਾ-ਲਿਖਣਾ ਛੱਡ ਦੇਣਗੇ। ਜਿਹੜਾ ਵੀ ਸਿੱਖ, ਸਿੱਖੀ ਲਈ ਬੋਲੇ, ਉਸ ਨੂੰ ਚੁੱਪ ਕਰਵਾਉਣ ਲਈ ਨੀਚ ਤੋਂ ਨੀਚ ਗੱਲ ਲਿਖਣ-ਬੋਲਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ ‘ਤੇ ਨਾਲ਼ ਹੀ ਉਹਨਾਂ ਲੋਕਾਂ ਨੂੰ ਸ਼ਹਿ ਦੇਣੀ ਚਾਹੀਦੀ ਹੈ, ਜਿਹੜੇ ਸਿੱਖੀ ਸਰੂਪ ਤੇ ਸਿੱਖ ਵਿਚਾਰਧਾਰਾ ਦੇ ਉਲ਼ਟ ਭੁਗਤਣ। ਇੰਝ ਗੈਰ-ਸਿੱਖ ਵਿੱਦਿਅਕ ਅਦਾਰਿਆਂ ਤੇ ਪੰਥ-ਵਿਰੋਧੀ ਮਹੌਲ ਵਿੱਚ ਜੰਮੇ-ਪਲੇ ਸਿੱਖ ਬੜੀ ਮੌਜ ਤੇ ਸਹਿਜ ਨਾਲ ਸਿੱਖੀ ਦੇ ਖਿਲਾਫ਼ ਭੁਗਤ ਰਹੇ ਹਨ। ਉਹਨਾਂ ਨੂੰ ਜਾਪਦਾ ਹੁੰਦਾ ਹੈ ਕਿ ਅਸੀਂ ਇਹ ਸਭ ਕੁਝ ਕਰ ਕੇ ਸਿੱਖੀ ਦੀ ਸੇਵਾ ਕਰ ਰਹੇ ਹਾਂ। ਉਹ ਕਹਿੰਦੇ ਨੇ ਕਿ ਸਿੱਖੀ ਨੂੰ ਅਗਾਂਹਵਧੂ ਬਣਾ ਰਹੇ ਹਾਂ।

ਹੈਰਾਨੀ ਦੀ ਗੱਲ ਹੈ, ਕਿ ਆਪਣੇ ਧਰਮ, ਬੋਲੀ ਤੇ ਸੱਭਿਆਚਾਰ ਦੇ ਉਲ਼ਟ ਭੁਗਤ ਕੇ ਇਹ ਲੋਕ ਖ਼ੁਦ ਨੂੰ ਬੜੇ ਸਿਆਣੇ, ਸੂਝਵਾਨ ਤੇ ਅਗਾਂਹਵਧੂ ਸਮਝਦੇ ਹਨ ਤੇ ਜਿਹੜੇ ਲੋਕ ਆਪਣੇ ਧਰਮ, ਬੋਲੀ ਤੇ ਸੱਭਿਆਚਾਰ ਲਈ ਚਿੰਤਤ ਹੋਣ ਉਹਨਾਂ ਨੂੰ ‘ਕਮਲੇ’ ਸਮਝਦੇ ਹਨ। ਇਹੋ ਜਿਹੇ ਸਿਆਣਿਆਂ ਦੇ ਮਾਪੇ ਵੀ ਕਲਪਦੇ ਹੁੰਦੇ ਨੇ ਕਿ ਕਿਥੇ ਇਹਨੂੰ ਆਰੀਆ ਸਕੂਲ ਜਾਂ ਕ੍ਰਿਸਚੀਅਨ ਸਕੂਲ ਵਿੱਚ ਪੜ੍ਹਨ ਲਾਇਆ, ਇਹ ਤਾਂ ਸਿੱਖੀ ਤੇ ਸਿੱਖਾਂ ਦਾ ਵੈਰੀ ਹੀ ਬਣ ਗਿਆ। ਇਹੋ ਜਿਹੇ ਲੋਕਾਂ ਦੇ ਵੰਸ਼ ਵਿੱਚੋਂ ਅੱਗੇ ਕੋਈ ਪੁੱਤ ਪੋਤਰਾ-ਪੋਤਰੀ ਵੀ ਸਿੱਖੀ ਦਾ ਸੱਚ ਸਮਝ ਕੇ ਅਫ਼ਸੋਸ ਪ੍ਰਗਟਾ ਸਕਦੇ ਹੁੰਦੇ ਹਨ ਕਿ ਉਹਨਾਂ ਦੇ ਵਡੇਰੇ ਨੇ ਸਿੱਖੀ ਤੇ ਸਿੱਖਾਂ ਦੇ ਉਲਟ ਚੱਲਦੇ ਵਿਅਕਤੀਆਂ, ਰੁਝਾਨਾਂ ਤੇ ਵਰਤਾਰਿਆਂ ਦਾ ਸਾਥ ਦਿੱਤਾ।

ਸਮੇਂ ਦੀ ਲੋੜ ਹੈ, ਸਪੀਕਰ ਲਾ ਕੇ ਹੋਕਾ ਦਿੱਤਾ ਜਾਵੇ, ਕਿ ਸਿੱਖੀ ਉੱਪਰ ਹਮਲਿਆਂ ਲਈ ਤਿਆਰ ਹੋਣ ਵਾਲੇ ਬੰਦੇ ਜਿੱਥੇ ਹੋਰ ਬਹੁਤ ਸਾਰੇ ਥਾਂਵਾਂ ਤੋਂ ਤਿਆਰ ਹੁੰਦੇ ਹਨ। ਓਥੇ ਇਹੋ ਜਿਹਾ ਮਾਲ ਆਰੀਆ ਸਕੂਲ/ਕਾਲਜ ਜਾਂ ਕ੍ਰਿਸਚੀਅਨ ਸਕੂਲ/ਕਾਲਜ ਵਿੱਚੋਂ ਪੜ੍ਹਾਈ ਕਰ ਕੇ ਵੀ ਤਿਆਰ ਹੁੰਦਾ ਹੈ। ਜਿਨ੍ਹਾਂ ਦੇ ਮਾਪੇ ਸਿੱਖੀ ਵਿੱਚ ਪ੍ਰਪੱਕ ਹਨ ਤੇ ਬੱਚੇ ਨੂੰ ਸਕੂਲ ਜਾਣ ਤੇ ਆਉਣ ਤੋਂ ਬਾਅਦ ਧਰਮ ਦੀ ਸਿੱਖਿਆ ਦਿੰਦੇ ਨੇ ਉਹ ਬੱਚੇ ਤਾਂ ਆਰੀਅਨ ਜਾਂ ਕ੍ਰਿਸਚੀਅਨ ਸਕੂਲ ਵਿੱਚ ਪੜ੍ਹ ਕੇ ਵੀ ਧਰਮ ਵਿੱਚ ਪ੍ਰਪੱਕ ਰਹਿਣਗੇ। ਪਰ ਜਿਨ੍ਹਾਂ ਮਾਪਿਆਂ ਨੂੰ ਆਪ ਸਿੱਖੀ ਦਾ ੳ, ਅ ਨਹੀਂ ਪਤਾ, ਉਹਨਾਂ ਦਾ ਤਾਂ ਸੌ ਪ੍ਰਤੀਸ਼ਤ ਆਵਾ ਊਤੇਗਾ।

ਸ਼੍ਰੋਮਣੀ ਕਮੇਟੀ ਨੇ ਪਿੰਡਾਂ-ਸ਼ਹਿਰਾਂ ਵਿੱਚ ਥਾਂ-ਥਾਂ ‘ਤੇ ਉੱਚ ਦਰਜੇ ਦੇ ਖ਼ਾਲਸਾ ਸਕੂਲ, ਕਾਲਜ ਖੋਲ੍ਹੇ ਹੁੰਦੇ ਤਾਂ ਸਿੱਖ ਆਪਣੇ ਬੱਚੇ ਕਦੇ ਵੀ ਕ੍ਰਿਸਚੀਅਨ ਸਕੂਲ ਵਿੱਚ ਪੜ੍ਹਾਉਣ ਲਈ ਮਜ਼ਬੂਰ ਨਾ ਹੁੰਦੇ। ਪਰ ਸ਼੍ਰੋਮਣੀ ਕਮੇਟੀ ਤਾਂ ਬਾਦਲਾਂ ਦੀ ਭਗਤੀ ਵਿੱਚ ਲੀਨ ਹੈ ਤੇ ਸਕੂਲ/ਕਾਲਜ ਸਿਰਫ਼ ਨਾਮ ਦੇ ਹੀ ਹਨ ਤੇ ਇਹਨਾਂ ਲਈ ਸਿਰਫ਼ ਕਮਾਈ ਦਾ ਸਾਧਨ ਹਨ। ਦੂਜੇ ਪਾਸੇ ਗੁਰੂ ਸਾਹਿਬਾਨ ਦੇ ਨਾਂ ਉੱਤੇ ਆਰ.ਐੱਸ.ਐੱਸ. ਨੇ ਐਨੇ ਸਕੂਲ ਖੋਲ੍ਹ ਦਿੱਤੇ ਹਨ ਕਿ ਕੋਈ ਗਿਣਤੀ ਹੀ ਨਹੀਂ। ਇਹਨਾਂ ਸਕੂਲਾਂ ਵਿੱਚ ਗੁਰਬਾਣੀ ਤੇ ਕੀਰਤਨ ਸਿਖਾਉਣ ਦੀ ਗੱਲ ਕਰ ਕੇ ਸਿੱਖਾਂ ਨੂੰ ਭਰਮਾਇਆ ਜਾਂਦਾ ਹੈ ਕਿ ਇਹ ਸਕੂਲ ਉਹਨਾਂ ਲਈ ਸਭ ਤੋਂ ਵਧੀਆ ਹਨ, ਪਰ ਅਸਲ ਵਿੱਚ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਇਆ ਜਾਂਦਾ ਹੈ। ਬੱਚੇ ਨੂੰ ਗੁਰਬਾਣੀ ਤੇ ਇਤਿਹਾਸ ਦਾ ਪੱਖ ਬਿਲਕੁਲ ਬ੍ਰਾਹਮਣਵਾਦੀ ਨਜ਼ਰੀਏ ਤੋਂ ਸਿਖਾਇਆ ਜਾਂਦਾ ਹੈ।

ਸਾਡੇ ਵਿੱਚੋਂ ਕਿੰਨੇ ਕੁ ਮਾਪੇ ਨੇ ਜਿਹੜੇ ਆਪਣੇ ਬੱਚਿਆਂ ਦੇ ਸਕੂਲ ਵਿੱਚ ਜਾ ਕੇ ਪੁੱਛ-ਪੜਤਾਲ ਕਰਦੇ ਹੋਣ, ਬਹਿਸਦੇ ਹੋਣ ਕਿ ਸਾਡੇ ਬੱਚੇ ਦਾ ਹਿੰਦੀਕਰਨ ਜਾਂ ਹਿੰਦੂਕਰਨ ਕਿਉਂ ਕੀਤਾ ਜਾ ਰਿਹਾ। ਸਕੂਲ ਵਾਲੇ ਬੜੀ ਸਕੀਮ ਨਾਲ਼ ਬੱਚਿਆਂ ਦੇ ਦਿਲ-ਦਿਮਾਗ ਵਿੱਚ ਬ੍ਰਾਹਮਣਵਾਦ ਥੋਪਦੇ ਹਨ, ਪਰ ਮਾਪੇ ਕਦੇ ਪੁੱਛਗਿੱਛ ਨਹੀਂ ਕਰਦੇ। ਜੇ ਕਿਤੇ ਕੋਈ ਸਿੱਖ ਸੰਸਥਾ ਪੰਜਾਬ ਦੇ ਵਿੱਦਿਅਕ ਅਦਾਰਿਆਂ ਦਾ ਸਿਲੇਬਸ ਦਾ, ਸਕੂਲਾਂ ਵਿਚਲੇ ਸਿੱਖ-ਵਿਰੋਧੀ ਮਹੌਲ ਦਾ ਵਿਸ਼ਲੇਸ਼ਣ ਕਰਵਾਏ ਤਾਂ ਰਿਪੋਰਟ ਪੜ੍ਹ ਕੇ ਹੱਕੇ-ਬੱਕੇ ਹੋਣਾ ਪਵੇਗਾ, ਕਿ ਸਿੱਖ ਹੋਮਲੈਂਡ ਪੰਜਾਬ ਵਿੱਚ ਸਿੱਖਾਂ ਦੇ ਬੱਚਿਆ ਕੋਲੋਂ ਇਹ ਮਹੌਲ, ਸਿੱਖੀ ਖੋਹ ਰਿਹਾ ਹੈ।

ਇੱਕ ਨਿੱਕਾ ਜਿਹਾ ਬੂਟਾ ਲਾਇਆ ਜਾਵੇ ਤਾਂ ਉਸ ਦੀ ਦੇਖਭਾਲ਼ ਵੀ ਕਰਦੇ ਹਾਂ, ਪਰ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਤੇ ਸਮਾਜ ਦੇ ਹਵਾਲੇ ਕਰ ਕੇ ਸਮਝਦੇ ਨੇ ਕਿ ਸਭ ਠੀਕ ਹੈ। ਜਦਕਿ ਇਸ ਮੁਲਕ ਵਿੱਚ ਸਿੱਖਾਂ ਨੂੰ ਹਰ ਵਕਤ ਸੁਚੇਤ ਰਹਿਣ ਦੀ ਲੋੜ ਹੈ, ਕਿ ਉਹਨਾਂ ਦੇ ਬੱਚਿਆਂ ਕੋਲੋਂ ਸਿੱਖੀ ਨਾ ਖੋਹ ਲਈ ਜਾਵੇ।

ਰਣਜੀਤ ਸਿੰਘ ਦਮਦਮੀ ਟਕਸਾਲ
ਪ੍ਰਧਾਨ : ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ
ਮੋ : 88722-93883

Show More

Related Articles

Leave a Reply

Your email address will not be published.

Back to top button