
‘ਧਨੇਰ ਸਾਬ’ ਜ਼ਿਲ੍ਹਾ ਸਮਾਜ ਭਲਾਈ ਅਫਸਰ, ਇਲਾਕੇ ਦੀ ਵੱਡੀ ਸ਼ਖਸੀਅਤ। ਅਖਬਾਰਾਂ ਤੇ ਮੈਗਜ਼ੀਨਾਂ ‘ਚ ਆਰਟੀਕਲ ਵੀ ਲਿੱਖਦੇ, ਸਮਾਜ ‘ਚ ਔਰਤ ਦੀ ਸਥਿਤੀ ਤੇ ਉਨਾਂ ਦੀਆਂ ਲਿਖਤਾਂ ਬਹੁਤ ਪ੍ਰਭਾਵਸ਼ਾਲੀ ਹੁੰਦੀਆਂ।
‘ਅਫਸਰ ਸਾਬ’ ਦੀ ਧੀ ਅਮਨ, ਦੱਸਵੀ ਜਮਾਤ ਦੀ ਵਿਦਿਆਰਥਣ ਆਪਣੇ ਪਾਪਾ ਦੀਆਂ ਲਿਖਤਾਂ ਤੇ ਘਰੇ ਪਾਪਾ ਜੀ ਦਾ ਵਿਵਹਾਰ ਵੇਖ, ਦੋਹਰੇ ਕਿਰਦਾਰ ਬਾਰੇ ਅਕਸਰ ਸੋਚਾਂ ‘ਚ ਪੈ ਜਾਂਦੀ। ਪਰ ਬਾਲ ਮਨ ਅਕਸਰ ਈ, ਨਤੀਜੇ ਤੇ ਨਹੀਂ ਪਹੁੰਚ ਪਾਉਂਦਾ। ਹਰ ਚੀਜ ਘਰੇ ਉਸ ਲਈ ਉਪਲੱਬਧ ਸੀ, ਪਰ ਬਹੁਤ ਵਾਰ ਉਹ ਆਪਣੇ ਪਿਤਾ ਦੀ ਬੇਲੋੜੀ ਸਖਤੀ ਤੇ ਨਜਾਇਜ਼ ਰੋਕ ਟੋਕ ਤੋਂ ਅਸਹਿਜ ਹੋ ਜਾਂਦੀ ਤੇ ਮੰਮੀ ਨਾਲ ਅਕਸਰ ਜ਼ਿਕਰ ਕਰਦੀ। ਮੰਮੀ ਦੀ ਚੁੱਪੀ ਵੀ ਤਾਂ ਅਮਨ ਦੀ ਸਮਝ ਤੋਂ ਬਾਹਰ ਸੀ।
ਸਕੂਲ ‘ਚ ਅੱਜ ਸਲਾਨਾ ਸਮਾਗਮ ਸੀ ਤੇ ਅਮਨ ਨੇ ਵੀ ਗਿੱਧੇ ‘ਚ ਹਿੱਸਾ ਲਿਆ। ਅਮਨ ਦੀ ਸੁੰਦਰਤਾ ਤੇ ਮਸੂਮੀਅਤ ਅਦੁੱਤੀ ਸੀ, ਬੱਚੀ ਦੇ ਚਿਹਰੇ ਦਾ ਨੂਰ ਰੱਬੀ ਸੀ। ਗਿੱਧੇ ‘ਚ ਅਮਨ ਦੇ ਜਬਰਦਸਤ ਪ੍ਰਦਰਸ਼ਨ ‘ਤੇ ਮੁੱਖ ਮਹਿਮਾਨ ਵਜੋਂ ਪੁੱਜੇ ਜ਼ਿਲ੍ਹਾ ਸਿਖਿਆ ਅਫਸਰ, ਮੱਲ੍ਹੀ ਸਾਬ, ਵੱਲੋਂ ਅਮਨ ਨੂੰ ਖਾਸ ਤੌਰ ਤੇ ਸਨਮਾਨਿਤ ਕੀਤਾ ਗਿਆ। ਸ਼ਾਮ ਨੂੰ ਜਿਲੇ ਦੇ ਅਧਿਕਾਰੀਆਂ ਦੀ ਮੀਟਿੰਗ ਖਤਮ ਹੋਣ ਤੇ ਮੱਲ੍ਹੀ ਸਾਬ ਨੇ ਸਾਰਿਆਂ ਸਾਹਮਣੇ ਧਨੇਰ ਸਾਬ੍ਹ ਨੂੰ ਬੇਟੀ ਦੀ ਤਾਰੀਫ਼ ‘ਚ ਕਿਹਾ,” ਸਾਬ, ਅੱਜ ਤੁਹਾਡੀ ਬੇਟੀ ਬਹੁਤ ਪਿਆਰੀ ਲੱਗ ਰਹੀ ਸੀ, ਗਿੱਧੇ ‘ਚ ਪਹਿਲੇ ਸਥਾਨ ਤੇ ਰਹੀ ਏ, ਮੁਬਾਰਕਾਂ!” ਸਾਬ ਬਸ ਹੱਸ ਕੇ ਬਾਹਰ ਆ ਗਏ, ਪਰ ਪਤਾ ਨਹੀਂ ਅੱਖਾਂ ਲਾਲ ਜਿਹੀਆਂ ਕਿਉਂ ਜਾਪ ਰਹੀਆਂ ਸਨ।
ਘਰੇ ਆਉਂਦਿਆ ਹੀ ਬੋਤਲ ਖੋਲ ਬੈਠ ਗਏ ਤੇ ਅਮਨ ਦੇ ਟਿਊਸ਼ਨ ਤੋਂ ਆਉਣ ਦੀ ਉਡੀਕ ਕਰਨ ਲੱਗੇ। ਉੱਧਰ ਅਮਨ ਨੂੰ ਵੀ ਬਹੁਤ ਚਾਅ ਸੀ, ਟਰਾਫ਼ੀ ਨਾਲ ਬੈਗ ‘ਚ ਹੀ ਲੈ ਗਈ, ਕਿ ਘਰ ਵੜਦਿਆਂ ਈ ਪਾਪਾ ਨੂੰ ਦਿਖਾਵੇਗੀ।
ਅਮਨ, ਪਾਪਾ ਦੇ ਕਮਰੇ ‘ਚ ਜਾਣ ਹੀ ਲੱਗੀ ਕਿ, “ਚਟਾਕ, ਚਟਾਕ”, ਸਾਬ ਨੇ ਮਾਸੂਮ ਮੂੰਹ ‘ਤੇ ਦੋ ਕਰਾਰੇ ਥੱਪੜ ਜੜ ਦਿੱਤੇ। ਟਰਾਫੀ ਵੀ ਥੱਲੇ ਡਿੱਗ ਕਿ ਟੁੱਟ ਗਈ, “ਏ ਨੱਚਣ-ਨੁੱਚਣ ਆਲੇ ਕੰਮ ਦੁਬਾਰਾ ਕੀਤੇ ਤਾਂ ਹਿਸਾਬ ਲਾ ਲਈਂ ਆਪਣਾ, ਲੋਕ ਕੀ-ਕੀ ਬਕਵਾਸ ਕਰਦੇ ਨੇ, ਤੈਨੂੰ ਪਤਾ ਨਹੀਂ ਅਸੀਂ………”। ਧਨੇਰ ਸਾਬ੍ਹ ਪਤਾ ਨਹੀਂ ਕੀ-ਕੀ ਕਹੀ ਗਏ।
ਮੰਮੀ, ਮੁਸ਼ਕਿਲ ਨਾਲ ਉਸ ਨੂੰ ਦੂਜੇ ਕਮਰੇ ‘ਚ ਲੈ ਕੇ ਗਈ। ਪਰ ਉਸਨੂੰ ਕੁੱਝ ਵੀ ਸਮਝ ਨਹੀਂ ਆ ਰਿਹਾ ਸੀ, ਬਾਥਰੂਮ ਵੀ ਤਾਂ ਅੰਦਰ ਹੀ ਨਿਕਲ ਗਿਆ ਸੀ। ਪਰ ਸਾਹਮਣੇ ਮੇਜ ਤੇ ਪਏ ਅਖਬਾਰ ‘ਚ ‘ਧਨੇਰ ਸਾਬ’ ਦਾ ਹੀ ਲਿਖਿਆ ਲੇਖ ਚਮਕ ਰਿਹਾ ਸੀ, ਜਿਸਦਾ ਸਿਰਲੇਖ ਸੀ, “ਕੁੜੀਆਂ ਜਾਂ ਚਿੜੀਆਂ”।
ਅਸ਼ੋਕ ਸੋਨੀ ਕਾਲਮਨਵੀਸ
ਖੂਈ ਖੇੜਾ, ਫਾਜ਼ਿਲਕਾ
9872705078