ਸਾਹਿਤ
Trending

ਸਭ ‘ਤੇ ਵੱਡਾ ਗੁਰੂ ਨਾਨਕ ਤੇਰੀ ਮਹਿਮਾ ਅਪਰੰਪਾਰ

Sab Te Vadda Satguru Nanak Teri Mehima Aparampar.

ਗੁਰੂ ਨਾਨਕ ਸਾਹਿਬ ਜੀ, ਬਾਬਾ ਨਾਨਕ, ਪੀਰ ਨਾਨਕ, ਨਾਨਕ ਵਲੀ ਤੇ ਪਤਾ ਨਹੀਂ ਦੁਨੀਆਂ ਭਰ ਵਿੱਚ ਹੋਰ ਕਿੰਨੇ ਨਾਮ ਨਾਲ ਜਾਣਿਆ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੂੰ, ਕੋਈ ਆਖਦਾ ਉਹ ਫਿਲਾਸਫਰ ਸਨ, ਕੋਈ ਆਖਦਾ ਉਹ ਮਹਾਤਮਾ ਸਨ, ਕੋਈ ਕਹਿੰਦਾ ਗਿਆਨਵਾਨ ਸੀ, ਉਹ ਵਿਦਵਾਨ ਸਨ, ਉਹ ਪਹੁੰਚੇ ਹੋਏ ਫਕੀਰ ਸਨ, ਉਹ ਪੀਰ ਸਨ, ਉਹ ਪੈਗੰਬਰ ਸਨ, ਉਹ ਅਧਿਆਤਮਕ ਗੁਰੂ ਸਨ। ਇਹ ਸਾਡੀ ਸਭ ਦੀ ਆਪੋ ਆਪਣੀ ਸੋਚ ਹੈ ਜਾਂ ਕਹਿ ਲਓ ਕਿ ਗੁਰੂ ਨਾਨਕ ਸਾਹਿਬ ਦੇ ਇਹ ਨਾਮ ਸਿਰਫ ਸਾਡੀ ਸਮਝ ਨੂੰ ਹੀ ਬਿਆਨ ਸਕਦੇ ਹਨ। ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ।

ਆਓ! ਇਕ ਨਿਮਾਣਾ ਯਤਨ ਕਰਦਿਆਂ ਗੁਰੂ ਨਾਨਕ ਸਾਹਿਬ ਨੂੰ ਜਾਣੀਏ ਅਤੇ ਸੱਚੇ-ਪਾਤਸ਼ਾਹ ਦੀ ਸਿਫਤ ਸਲਾਹ ਕਰੀਏ।

ਕਲਿ ਆਈ ਕੁਤੇ ਮੁਹੀ ਖਾਜੁ ਹੋਇਆ ਮੁਰਦਾਰ ਗੁਸਾਈ॥
ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ॥
ਪਰਜਾ ਅੰਧੀ ਗਿਆਨ ਬਿਨੁ ਕੂੜੁ ਕੁਸਤਿ ਮੁਖਹੁ ਆਲਾਈ॥
ਚੇਲੇ ਸਾਜ ਵਜਾਇਦੇ ਨਚਨਿ ਗੁਰੂ ਬਹੁਤੁ ਬਿਧਿ ਬਾਈ॥
ਸੇਵਕ ਬੈਠਨਿ ਘਰਾ ਵਿਚਿ ਗੁਰ ਉਠਿ ਘਰੀ ਤਿਨਾੜੇ ਜਾਈ॥
ਕਾਜੀ ਹੋਏ ਰਿਸਵਤੀ ਵਢੀ ਲੈ ਕੇ ਜਕ ਗਵਾਈ॥
ਇਸਤ੍ਰੀ ਪੁਰਖੈ ਦਾਮ ਹਿਤੁ ਭਾਵੈ ਆਇ ਕਿਥਾਊ ਜਾਈ॥
ਵਰਤਿਆ ਪਾਪ ਸਭਸ ਜਹ ਮਾਹੀਂ॥ (ਵਾਰ 1/30)

ਐਸੇ ਕਲਜੁਗ ਨੂੰ ਤਾਰਣ ਲਈ, ਹਾਏ-ਹਾਏ ਪੁਕਾਰਦੀ ਲੋਕਾਈ ਨੂੰ ਧੀਰ ਬੰਨ੍ਹਣ ਲਈ, ਪਾਪਾਂ ਦੇ ਬੋਝ ਥੱਲੇ ਦੱਬੇ ਜਾ ਚੁੱਕੇ ਅਤੇ ਭਟਕ ਚੁੱਕੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਲਈ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ।

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗਿ ਚਾਨਣੁ ਹੋਆ॥
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥ (ਵਾਰ 1/27)

ਗੁਰੁ ਨਾਨਕ ਸਾਹਿਬ ਹੀ ਸਤਿਗੁਰੂ ਹਨ, ਜਿਵੇਂ ਸੂਰਜ ਦੇ ਨਿਕਲਦੇ ਤਾਰੇ ਲੁਕ ਜਾਂਦੇ ਹਨ, ਹਨੇਰਾ ਦੂਰ ਹੋ ਜਾਂਦਾ ਹੈ। ਇਸ ਤਰਾਂ ਜਦੋਂ ਆਪ ਪ੍ਰਗਟ ਹੋਏ ਤਾਂ ਧਰਤੀ ‘ਤੇ ਛਾਈ ਅਗਿਆਨ ਦੀ ਧੁੰਧ ਮਿਟ ਗਈ ਅਤੇ ਸਭ ਪਾਸੇ ਚਾਨਣ ਹੋ ਗਿਆ। ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ 1469 ਈ. ਰਾਇ ਭੋਇ ਦੀ ਤਲਵੰਡੀ ਮਾਤਾ ਤ੍ਰਿਪਤਾ ਜੀ ਦੀ ਕੁਖੋਂ ਪਿਤਾ ਮਹਿਤਾ ਕਲਿਆਣ ਦਾਸ ਜੀ ਦੇ ਘਰ ਹੋਇਆ। ਆਪ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਸਨ।

ਨਿਧੜਕ, ਨਿਡਰ, ਗੁਰੂ ਨਾਨਕ ਪਾਤਸ਼ਾਹ ਸਦੀਆਂ ਤੋਂ ਚਲੀ ਆਉਂਦੀ ਰਸਮ ਨੂੰ ਨਿਭਾਉਣ ਤੋਂ ਇਨਕਾਰ ਹੀ ਨਹੀਂ ਕਰਦੇ ਸਗੋਂ ਧਾਰਮਿਕ ਨਜ਼ਰੀਏ ਤੋਂ ਰਸਮ ਦੇ ਅਸਲ ਮਾਇਨੇ ਸਮਝਾਉਂਦੇ ਹਨ। ਜਿਹਨਾਂ ਗੁਣਾਂ ਰੂਪੀ ਜਨੇਊ ਨੂੰ ਪਾਉਣ ਦੀ ਗੱਲ ਗੁਰੂ ਸਾਹਿਬ ਨੇ ਆਖੀ ਉਹਨਾਂ ਸਾਰੇ ਗੁਣਾਂ ਬਾਰੇ ਜਗ ਨੂੰ ਸਮਝਾਉਣ ਲਈ ਖੁਦ ਉਨਾਂ ਸਾਰੇ ਗੁਣਾਂ ਨੂੰ ਆਪਣੇ ਦੁਨਿਆਵੀ ਜੀਵਨ ਵਿੱਚ ਅਪਣਾਇਆ।

ਦਇਆ ਕਪਾਹ ਸੰਤੋਖ ਸੂਤੁ ਜਤੁ ਗੰਢੀ ਸਤੁ ਵਟੁ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨਾ ਜਾਇ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ॥ (ਅੰਗ 471)

ਗੁਰੂ ਨਾਨਕ ਪਾਤਸ਼ਾਹ ਵੱਡੇ ਦਾਨੀ ਹਨ, ਲੋੜਵੰਦ ਭੁੱਖੇ ਸਾਧੂਆਂ ਲਈ ਲੰਗਰ ਲਗਾ 20 ਰੁ: ਦਾ ਅਜਿਹਾ ਸੱਚਾ ਸੌਦਾ ਕੀਤਾ ਕਿ ਲੰਗਰ ਦੇ ਭੰਡਾਰ ਅੱਜ ਤੱਕ ਚਲ ਰਹੇ ਹਨ ਅਤੇ ਰਹਿੰਦੀ ਦੁਨੀਆਂ ਤੱਕ ਚਲਦੇ ਰਹਿਣਗੇ। ਸੁਲਤਾਨਪੁਰ ਲੋਧੀ ਵਿਖੇ ਮੋਦੀਖਾਨੇ ਦੀ ਨੌਕਰੀ ਕਰਦਿਆਂ ਦਿਆਲਤਾ ਡੁਲ੍ਹ-ਡੁਲ੍ਹ ਪੈਂਦੀ, ਸੱਚੇ ਰੱਬ ਨਾਲ ਐਸੀ ਲਿਵ ਲੱਗਦੀ ਕਿ ਸਭ ਤੇਰਾ-ਤੇਰਾ ਬੋਲਦਿਆਂ ਗਰੀਬਾਂ ਵਿੱਚ ਵੰਡ ਦਿੰਦੇ।

ਵੇਈਂ ਨਦੀ ਵਿਚੋਂ ਤਿੰਨ ਦਿਨਾਂ ਬਾਅਦ ਜਦੋਂ ਗੁਰੂ ਜੀ ਪ੍ਰਗਟ ਹੋਏ ਤਾਂ ਧਰਮਾਂ ਦੇ ਨਾਮ ਹੇਠ ਵੰਡੀਆਂ ਪਾ ਚੁੱਕੀ ਖਲਕਤ ਨੂੰ ਸੱਚ ਦਾ ਹੋਕਾ ਦਿੱਤਾ ‘ਨਾ ਕੋਈ ਹਿੰਦੂ ਨਾ ਮੁਸਲਮਾਨ’ ਭਾਵ ਕੋਈ ਸੱਚਾ ਹਿੰਦੂ ਨਹੀਂ ਹੈ ਤੇ ਨਾ ਕੋਈ ਸੱਚਾ ਮੁਸਲਮਾਨ ਹੈ। ਵੇਂਈ ਦੇ ਕੰਢੇ ‘ਤੇ ਹੀ ਸਿੱਖ ਫਲਸਫੇ ਦਾ ਆਧਾਰ ਮੂਲ ਮੰਤਰ ਉਚਾਰਿਆ, ਅਕਾਲ-ਪੁਰਖ ਬਾਰੇ ਫਰਮਾਇਆ ਕਿ ਉਹ ਇਕ ਹੈ, ਉਹ ਹੀ ਸੱਚ ਹੈ, ਉਹ ਹੀ ਇਸ ਸ੍ਰਿਸ਼ਟੀ ਦਾ ਕਰਤਾ ਹੈ, ਉਹ ਡਰ ਰਹਿਤ ਹੈ, ਉਹ ਵੈਰ ਰਹਿਤ ਹੈ, ਉਹ ਕਾਲ ਤੋਂ ਪਰੇ ਹੈ, ਉਸਦੀ ਕੋਈ ਮੂਰਤ ਨਹੀਂ, ਉਹ ਕਦੇ ਜੂਨਾਂ ਵਿੱਚ ਨਹੀਂ ਆਉਂਦਾ। ਉਸ ਸਮੇਂ ਵੱਖ-ਵੱਖ ਤਰ੍ਹਾਂ ਦੇ ਰੂਪਾਂ ਵਿੱਚ ਰੱਬ ਨੂੰ ਪੂਜਣ ਵਾਲਿਆਂ ਲਈ ਇਹ ਇਕ ਵੱਡੀ ਲਲਕਾਰ ਸੀ।

ਅੰਤਰਯਾਮੀ ਗੁਰੂ ਨਾਨਕ ਪਾਤਸ਼ਾਹ ਜਾਣਦੇ ਸਨ ਕਿ ਨਮਾਜ਼ ਪੜ੍ਹ ਰਹੇ ਮੌਲਵੀ ਦਾ ਧਿਆਨ ਅੱਲ੍ਹਾ ਵੱਲ ਨਾ ਹੋ ਕੇ ਘਰੇਲੂ ਝੰਜਟਾਂ ਵਿੱਚ ਜਾ ਫਸਿਆ ਹੈ। ਗੁਰੂ ਸਾਹਿਬ ਨੇ ਨਿਰਭਉ, ਸੱਚੇ ਨਿਰੰਕਾਰ ਨੂੰ ਇਕ ਤੇ ਅਟੱਲ ਇਕ ਦਿਖਾਇਆ ਹੈ। ਗੁਰੂ ਨਾਨਕ ਸਾਹਿਬ ਜੀ ਵੱਡੇ ਪਾਂਧੀ ਨੇ ਜਿਹਨਾਂ ਸੱਚ ਦਾ ਹੋਕਾ ਦੇਣ ਲਈ ਵੱਡੀਆਂ ਚਾਰ ਯਾਤਰਾਵਾਂ ਕੀਤੀਆਂ, ਜਿਹਨਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ ਭਾਈ ਗੁਰਦਾਸ ਜੀ ਲਿਖਦੇ ਹਨ:

ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ॥
ਚੜਿਆ ਸੋਧਣਿ ਧਰਤਿ ਲੁਕਾਈ॥ (ਵਾਰ 1/24)

ਗੁਰੂ ਸਾਹਿਬ ਜੀ ਨੇ ਸੱਚ ਦਾ ਪ੍ਰਚਾਰ ਕਰਨ ਲਈ ਹਰ ਉਸ ਜਗ੍ਹਾ ‘ਤੇ ਜਾ ਡੇਰਾ ਕੀਤਾ, ਜਿਥੇ ਕਿਸੇ ਵੀ ਤਰ੍ਹਾਂ ਦਾ ਕੋਈ ਝੂਠ, ਵਹਿਮ ਜਾਂ ਭਰਮ ਪ੍ਰਚਾਰਿਆ ਜਾ ਰਿਹਾ ਸੀ ਅਤੇ ਲੋਕ ਬੁਰੀ ਤਰ੍ਹਾਂ ਇਸ ਭਵਜਲ ਵਿੱਚ ਫਸੇ ਭਟਕ ਰਹੇ ਸਨ। ਜਗਨਨਨਾਥ ਪੁਰੀ ਦੇ ਮੰਦਰ ਵਿੱਚ ਦੀਵਿਆਂ ਦੀ ਆਰਤੀ ਉਤਾਰਨ ਵਾਲੇ ਪੁਜਾਰੀਆਂ ਨੂੰ ਉਪਦੇਸ਼ ਦਿੱਤਾ ਕਿ ਜਗਨ ਨਾਥ ਜਗਤ ਦਾ ਸੁਆਮੀ ਤਾਂ ਸਰਬ ਵਿਆਪਕ ਪ੍ਰਮਾਤਮਾ ਹੈ। ਉਹ ਹਰ ਥਾਂ ਮੌਜੂਦ ਹੈ ਅਤੇ ਉਸ ਕਰਤੇ ਦੀ ਆਰਤੀ ਇਸ ਸ੍ਰਿਸ਼ਟੀ ਵਿੱਚ ਆਪ ਹੀ ਹੋ ਰਹੀ ਹੈ। ਸ੍ਰਿਸ਼ਟੀ ਦੇ ਕਰਤਾ ਦੀ ਹੋਂਦ ਤੋਂ ਕਦੇ ਇਨਕਾਰੀ ਨਹੀਂ ਹੋਇਆ ਜਾ ਸਕਦਾ, ਉਹ ਕਣ ਕਣ ਵਿੱਚ ਹਰ ਸਮੇਂ ਮੌਜੂਦ ਹੈ। ਗੁਰੂ ਸਾਹਿਬ ਸ਼ਬਦ ਉਚਾਰਦੇ ਹਨ:

ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥
ਧੁਪ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ॥
ਕੈਸੀ ਆਰਤੀ ਹੋਇ॥ ਭਵ ਖੰਡਨਾ ਤੇਰੀ ਆਰਤੀ॥ (ਅੰਗ 13)

ਗੁਰੂ ਨਾਨਕ ਸਾਹਿਬ ਇਕ ਉਹ ਜਾਂਬਾਜ਼ ਆਵਾਜ ਹੈ ਜੋ ਗਰੀਬ ਅਤੇ ਹਾਕਮਾਂ ਹੱਥੋਂ ਲਤਾੜੇ ਜਾ ਰਹੇ ਲੋਕਾਂ ਦੇ ਹੱਕ ਵਿੱਚ ਬੁਲੰਦ ਹੋਈ। ਉਹਨਾਂ ਮਲਕ ਭਾਗੋ ਵਰਗਿਆਂ ਦਾ ਗਰੂਰ ਤੋੜ ਭਾਈ ਲਾਲੋ ਜਿਹੇ ਸੱਚੇ ਕਿਰਤੀ ਨੂੰ ਮਾਣ ਬਖਸ਼ਿਆ। ਪੱਥਰਾਂ ‘ਚੋਂ ਨਿਰਮਲ ਨੀਰ ਦੇ ਝਸ਼ਮੇ ਫੁਟਾ ਵਲੀ ਕੰਧਾਰੀ ਦੇ ਹੰਕਾਰ ਨੂੰ ਤੋੜਿਆ। ਉਨਾਂ ਹਰਦੁਆਰ ‘ਚ ਜਾ ਲੱਖਾਂ ਲੋਕਾਂ ਦੇ ਉਲਟ ਪੱਛਮ ਦਿਸ਼ਾ ਵੱਲ ਪਾਣੀ ਦੇਹ ਸੂਰਜ ਤੱਕ ਪਾਣੀ ਪਹੁੰਚ ਜਾਣ ਦੇ ਭਰਮ ਨੂੰ ਮਿਟਾਇਆ।

ਗੁਰੂ ਨਾਨਕ ਸਾਹਿਬ ਤਾਂ ਉਹ ਨਿਮਰਤਾ ਹੈ, ਜੋ ਦੁੱਧ ‘ਚ ਚੰਬੇਲੀ ਵਾਂਗ ਹਰ ਹਿਰਦੇ ਵਿੱਚ ਘੁੱਲ ਜਾਂਦੀ ਹੈ ਤੇ ਰੂਹ ਫੁਲਾਂ ਦੀ ਸੁਗੰਧ ਭਾਂਤੀ ਮਹਿਕ ਉਠਦੀ ਹੈ। ਗੁਰੂ ਨਾਨਕ ਸਾਹਿਬ ਜੀ ਕੋਲ ਰੂਹਾਨੀ ਸੋਝੀ ਅਤੇ ਸ਼ਕਤੀ ਹੈ, ਕਿ ਉਹ ਇਸਲਾਮ ਮਜ਼ਹਬ ਦੇ ਕੇਂਦਰ ਸਥਾਨ ਮੱਕਾ ਜਾ ਮੁਸਲਮਾਨ ਹੋਣ ਦੇ ਭਾਵ ਸਮਝਾਉਂਦੇ ਹਨ ਅਤੇ ਕਾਜੀਆਂ ਦਾ ਭਰਮ ਤੋੜ ਇਹ ਪ੍ਰਤੱਖ ਕਰਦੇ ਹਨ ਕਿ ਅੱਲਾ ਉਹ ਸੱਚਾ ਪਰਵਰਦਗਾਰ, ਹਰ ਪਾਸੇ ਹਰ ਦਿਸ਼ਾ ਵਿੱਚ ਬਿਰਾਜਮਾਨ ਹੈ।

ਕਾਜ਼ੀਆਂ ਵੱਲੋਂ ਪੁੱਛੇ ਜਾਣ ਤੇ ਕਿ “ਹਿੰਦੂ ਵੱਡਾ ਹੈ ਕਿ ਮੁਸਲਮਾਨ” ਤਾਂ ਗੁਰੂ ਸਾਹਿਬ ਧਰਮਾਂ ਦੇ ਨਾਂ ਹੇਠ ਪ੍ਰਚਾਰੇ ਜਾ ਰਹੇ ਵੱਡੇ ਛੋਟੇ ਦੇ ਵਹਿਮ ਨੂੰ ਮੁੱਢ ਤੋਂ ਪੱਟ ਸੁੱਟਦੇ ਹਨ ਅਤੇ ਜਵਾਬ ਦਿੰਦੇ ਹਨ, “ਸ਼ੁਭ ਅਮਲਾਂ ਬਾਝੋਂ ਦੋਨੋ ਰੋਈ” ਭਾਵ ਉਹੀ ਚੰਗਾ ਹੈ, ਉਹੀ ਵੱਡਾ ਹੈ, ਜਿਸ ਦੇ ਅਮਲ ਚੰਗੇ ਹਨ, ਕਿਉਂਕਿ ਸੱਚੀ ਦਰਗਾਹ ਵਿੱਚ ਪਰਖ ਧਰਮ ਦੀ ਨਹੀਂ, ਚੰਗੇ ਕੰਮਾਂ ਦੀ ਹੋਣੀ ਹੈ।

ਗੁਰੂ ਨਾਨਕ ਪਾਤਸ਼ਾਹ ਹੀ ਵੱਡੇ ਪਰਉਪਕਾਰੀ ਹਨ, ਆਪ ਸਮਾਜ ਦੇ ਠੁਕਰਾਏ ਜਾ ਚੁੱਕੇ ਕੋਹੜੀ ਦਾ ਉਧਾਰ ਕਰਨ ਲਈ ਖੁਦ ਉਸ ਪਾਸ ਜਾਂਦੇ ਹਨ। ਗੁਰੂ ਨਾਨਕ ਸਾਹਿਬ ਹੀ ਤਾਂ ਉੱਚੇ ਵਿਦਵਾਨ ਹਨ, ਜਿਨ੍ਹਾਂ ਕਸ਼ਮੀਰ ਦੇ ਪੰਡਤ ਬ੍ਰਹਮ ਦਾਸ ਦਾ ਫੋਕੀ ਵਿਦਿਆ ਦੀ ਹਉਮੈ ਨੂੰ ਤੋੜਦਿਆਂ ਵਿਦਵਤਾ ਦੇ ਸਹੀ ਮਾਇਨੇ ਸਮਝਾਏ।

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥ (ਅੰਗ 62)

ਉਹਨਾਂ ਨੇ ਸੱਚ ਅਨੁਭਵ ਕੀਤਾ, ਸੱਚ ਜੀਵਿਆ ਅਤੇ ਸੱਚ ਹੀ ਪ੍ਰਚਾਰਿਆ। ਗੁਰੂ ਨਾਨਕ ਪਾਤਸ਼ਾਹ ਨੇ ਕਰਾਮਾਤਾਂ, ਜਾਦੂ-ਟੂਣਿਆਂ ਦੀ ਜਿਲ੍ਹਣ ਵਿਚੋਂ ਕੱਢ ਲੋਕਾਈ ਸਤਿਨਾਮ ਦਾ ਉਪਦੇਸ ਦਿੱਤਾ। ਜੀਵਨ ਜੁਗਤਿ ਦਾ ਇਕ ਨਿਵੇਕਲਾ ਅਤੇ ਉਤਮ ਰਾਹ ਦਿਖਾਇਆ।

ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। (ਵਾਰ 1/45)

ਗੁਰੂ ਸਾਹਿਬ ਸੱਚੇ ਗ੍ਰਹਿਸਥੀ ਹਨ, ਉਨਾਂ ਗ੍ਰਹਿਸਥ ਜੀਵਨ ਦਾ ਤਿਆਗ ਕਰ ਰੱਬ ਨੂੰ ਮਿਲਣ ਦੀ ਚਲ ਰਹੀ ਰੀਤ ਦੇ ਉਲਟ ਗ੍ਰਹਿਸਥ ਨੂੰ ਹੀ ਸਭ ਤੋਂ ਨਿਆਰਾ ਧਰਮ ਆਖਿਆ। ਆਪ ਨੇ ਫਰਮਾਇਆ ਕਿ ਗ੍ਰਹਿਸਥ ਜੀਵਨ ਗੁਜਾਰਦਿਆਂ ਮੋਹ ਮਾਇਆ ਵਿੱਚ ਖੁੱਬ ਨਾ ਜਾਵੋ, ਉਸ ਵਿੱਚ ਨਾ ਫਸੋ ਪਰ ਰੱਬ ਨੂੰ ਪਾਉਣ ਵਾਸਤੇ ਸੰਸਾਰ ਨੂੰ ਛੱਡਣ ਦੀ ਕੋਈ ਲੋੜ ਨਹੀਂ ਹੈ।

ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈੲੈ॥ (ਅੰਗ 730)

ਗੁਰੂ ਨਾਨਕ ਪਾਤਸ਼ਾਹ ਉੱਘੇ ਸਮਾਜ-ਸੇਵੀ ਹਨ, ਜਿਹਨਾਂ ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਜਨੀਤਕ ਹਰ ਪੱਖ ਤੋਂ ਲਿਤਾੜੀ ਜਾ ਰਹੀ ਔਰਤ ਜਾਤ ਦੇ ਹੱਕ ਵਿੱਚ ਹੋਕਾ ਦਿੰਦਿਆਂ, ਔਰਤ ਨੂੰ ਖੁਦ ਨੂੰ ਵੀ ਉਸਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ।

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਅੰਗ 473)

ਗੁਰੂ ਨਾਨਕ ਸਾਹਿਬ ਜੀ ਦੀ ਗਰਜ ਇਨਕਲਾਬੀ ਜਰਨੈਲ ਦੀ ਹੈ, ਜੋ ਸਿੱਖੀ ਦੇ ਰਾਹ ਉੱਤੇ ਚਲਣ ਦੀ ਆਵਾਜ਼ ਦਿੰਦਿਆਂ ਫਰਮਾਉਂਦੇ ਹਨ:

ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥ ਸਿਰ ਦੀਜੈ ਕਾਣਿ ਨ ਕੀਜੈ॥ (ਅੰਗ 1412)

ਨਿਰਭਉ ਸਤਿਗੁਰੂ ਜਾਲਮ ਹਾਕਮ ਬਾਬਰ ਨੂੰ ਜਾਬਰ ਆਖ ਵੰਗਾਰਦੇ ਹਨ। ਕੋਮਲ ਹਿਰਦੇ ਦੇ ਮਾਲਕ,ਗੁਰੂ ਸਾਹਿਬ ਜੁਲਮ ਦੀ ਇੰਤਹਾ ਵੇਖਦਿਆਂ ਰੱਬ ਨੂੰ ਉਲਾਮਾ ਦਿੰਦੇ ਹਨ:

ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦੁ ਨਾ ਆਇਆ॥ (ਅੰਗ 360)

ਗੁਰੂ ਨਾਨਕ ਸਾਹਿਬ ਜੀ ਇਕ ਸੱਚੇ ਕਿਰਤੀ ਹਨ, ਚਾਰ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਦੀ ਧਰਤੀ ‘ਤੇ ਆਪ ਹਲ ਵਾਹਿਆ। ਹੱਥੀਂ ਕਿਰਤ ਕੀਤੀ ਅਤੇ ਦੂਜੇ ਨਾਨਕ ਗੁਰੂ ਅੰਗਦ ਸਾਹਿਬ ਜੀ ਨੂੰ ਸਿਰ ਪਹਿਲੀ ਮਿਲਣੀ ਮੌਕੇ ਹੀ ਚਾਰੇ ਦੀ ਪੰਢ ਰੱਖ ਕਿਰਤ ਦੇ ਸਿੱਖੀ ਦਾ ਮੂਲ ਸਿਧਾਂਤ ਬਣਾਇਆ ਅਤੇ ਸ਼ੁਭ ਕਰਮਾਂ ਦੀ ਖੇਤੀ ਕਰਨ ਦੇ ਪੂਰਨੇ ਪਾਏ।

ਗੁਰੂ ਨਾਨਕ ਸਾਹਿਬ ਇਕ ਸੁਘੜ ਸੁਜਾਨ ਵੈਦ ਹਨ। ਉਨ੍ਹਾਂ ਨੇ ਸੰਸਾਰ ਦੀ ਹਾਲਤ ਵੇਖ ਕੇ ਉਸ ਦੀ ਦੁਖਦੀ ਰਗ ਨੂੰ ਫੜਿਆ। ਉਨਾਂ ਦੀ ਦ੍ਰਿਸ਼ਟੀ ਅਤਿ ਵਿਸ਼ਾਲ ਹੈ, ਜੋ ਸਾਰੇ ਹੀ ਬ੍ਰਹਿਮੰਡ ਨੂੰ ਇਕੋ ਤੱਕਣੀ ਵਿੱਚ ਤੱਕ ਲੈਂਦੀ ਹੈ। ਗੁਰੂ ਨਾਨਕ ਪਾਤਸ਼ਾਹ ਤਾਂ ਅਕਾਲ ਪੁਰਖ ਦੀ ਨੂਰਾਨੀ-ਰੂਹਾਨੀ ਨਿਰੰਕਾਰੀ ਜੋਤਿ ਹਨ।

ਗੁਰਬਾਣੀ ਦਾ ਪਾਵਨ ਕਥਨ ਹੈ:
ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ॥
ਨਿਰੰਕਾਰ ਆਕਾਰ ਜੋਤਿ ਜਗ ਮੰਡਲ ਕਰਿਯਉ॥ (ਅੰਗ 1395)

ਯਸ਼ਪ੍ਰੀਤ ਕੌਰ,
ਲੈਕਚਰਾਰ
ਖ਼ਾਲਸਾ ਕਾਲਜ ਆਫ ਨਰਸਿੰਗ, ਅੰਮ੍ਰਿਤਸਰ।
99147 11108

Show More

Related Articles

Leave a Reply

Your email address will not be published. Required fields are marked *

Back to top button