
ਇੱਕ ਵਾਸਤਵਿਕ, ਭਾਰਤੀ ਦੇਸ਼ਭਗਤ ਦੀ ਦਿਲ ਨੂੰ ਛੂਹ ਲੈਣ ਵਾਲੀ ਸੱਚੀ ਕਹਾਣੀ
ਅੱਜ ਤੋਂ ਕਰੀਬ ਸਾਢੇ ਕੁ ਤਿੰਨ ਸਾਲ ਪਹਿਲਾਂ ਮਿਤੀ 10 ਅਪ੍ਰੈਲ 2018, ਸਥਾਨ ਸੀ, ਜੰਮੂ-ਕਸ਼ਮੀਰ ਦਾ ਜ਼ਿਲ੍ਹਾ ਕੁਲਗਾਮ, ਅੱਤਵਾਦੀਆਂ ਅਤੇ ਦੇਸ਼ ਦੇ ਬਹਾਦਰ ਜਵਾਨਾਂ ਵਿਚਾਲੇ ਹੋਏ ਭਿਆਨਕ ਮੁਕਾਬਲੇ ਨੇ ਦੇਵਭੂਮੀ ਦੇ ਪਿੰਡ ਸਿੱਧਪਰਮ ਦੇ ਮਹਾਨ ਦੇਸ਼ ਭਗਤ ਨੈਨਵਾਲ ਪਰਿਵਾਰ ਦੀ ਦਸ਼ਾ ਅਤੇ ਦਿਸ਼ਾ ਹੀ ਬਦਲ ਦਿੱਤੀ।
ਸਾਲ 1971 ਦੀ ਜੰਗ ਵਿੱਚ ਹਿੱਸਾ ਲੈਣ ਵਾਲੇ ਸੇਵਾਮੁਕਤ ਸੈਨਿਕ ਸ਼੍ਰੀ ਚੱਕਰਧਰ ਨੈਨਵਾਲ ਦੇ ਪੁੱਤਰ ਅਤੇ ਸੁਤੰਤਰਤਾ ਸੈਨਾਨੀ ਸ਼੍ਰੀ ਸੁਰੇਸ਼ਾਨੰਦ ਨੈਨਵਾਲ ਦੇ ਪੋਤਰੇ, ਮਹਾਨ ਦੇਸ਼ਭਗਤ ਜਵਾਨ ਨਾਇਕ ਦੀਪਕ ਨੈਨਵਾਲ ਨੇ 17 ਘੰਟੇ ਲਗਾਤਾਰ ਅੱਤਵਾਦੀਆਂ ਨਾਲ ਬਹਾਦਰੀ ਨਾਲ ਲੜਦੇ ਹੋਏ, ਛਾਤੀ ਤੇ ਦੋ ਗੋਲੀਆਂ ਖਾਧੀਆਂ। ਪਰ ਇਸ ਤੋਂ ਬਾਅਦ ਵੀ ਮੈਦਾਨ-ਏ-ਜੰਗ ਵਿੱਚ ਕਾਇਮ ਰਿਹਾ, ਬਾਅਦ ‘ਚ ਹਸਪਤਾਲ ਲਿਜਾਇਆ ਗਿਆ। ਸੈਨਾ ਦੇ ਵੱਡੇ-ਵੱਡੇ ਡਾਕਟਰਾਂ ਦੀ ਜੀਅ ਤੋੜ ਕੋਸ਼ਿਸ਼ਾਂ, ਮਾਤਾ ਪਾਰਵਤੀ ਦੇਵੀ, ਪਤਨੀ ਜੋਤੀ ਨੈਨਵਾਲ, 6 ਸਾਲ ਦੀ ਬੇਟੀ ਲਾਵਣਿਆ ਅਤੇ 4 ਸਾਲ ਦੇ ਮਾਸੂਮ ਬੇਟੇ ਰੇਯਾਂਸ਼ ਦੀਆਂ ਦੁਆਵਾਂ ਦਾ ਵੀ ਕੋਈ ਅਸਰ ਨਹੀਂ ਹੋਇਆ। ਦੀਪਕ ਨੈਨਵਾਲ 40 ਦਿਨ ਤੱਕ ਮੌਤ ਨਾਲ ਲੜਾਈ ਲੜਨ ਤੋਂ ਬਾਅਦ ਸ਼ਹੀਦ ਹੋ ਗਏ।
ਆਹ ! ਮੈਨੂੰ ਯਾਦ ਹੈ 21 ਮਈ 2018 ਦਾ ਉਹ ਦਿਨ, ਜਦੋਂ ਸਾਰੇ ਦੇਸ਼ ਵਾਸੀਆਂ ਨੇ ਸ਼ਹੀਦ ਦੀਪਕ ਨੈਨਵਾਲ ਦੇ ਪਵਿੱਤਰ ਮ੍ਰਿਤਕ ਸ਼ਰੀਰ ਨੂੰ ਟੀ.ਵੀ. ‘ਤੇ ਉਨ੍ਹਾਂ ਦੇ ਮਾਸੂਮ ਬੱਚਿਆਂ ਵੱਲੋਂ ਅੰਤਿਮ ਸਲਾਮੀ ਦਿੰਦੇ ਦੇਖਿਆ ਤਾਂ ਪੱਥਰ ਵੀ ਰੋ ਪਏ ਸਨ।
ਦੀਪਕ ਦੀ ਸ਼ਹਾਦਤ ਤੋਂ ਬਾਅਦ ਪੂਰਾ ਪਰਿਵਾਰ ਟੁੱਟ ਹੀ ਗਿਆ, ਖਾਸ ਕਰਕੇ ਦੀਪਕ ਦੀ ਪਤਨੀ ਜੋਤੀ। ਪਰ ਦੀਪਕ ਦੇ ਬੋਲ ਵਾਰ-ਵਾਰ ਜੋਤੀ ਦੇ ਕੰਨਾਂ ‘ਚ ਗੂੰਜਦੇ ਰਹੇ ਕਿ ਜੇਕਰ ਮੈਂ ਦੇਸ਼ ਲਈ ਸ਼ਹੀਦ ਹੋ ਜਾਵਾਂ ਤਾਂ ਤੂੰ ਫੌਜ ‘ਚ ਜਾਵੀਂ। ਹਾਲਾਂਕਿ ਜੋਤੀ, ਜੋ ਕਿ ਉੱਤਰਾਖੰਡ ਦੇ ਇੱਕ ਸਧਾਰਨ ਪਰਿਵਾਰ ਤੋਂ ਸੀ, ਭਾਵਨਾਤਮਕ ਤੌਰ ‘ਤੇ ਟੁੱਟ ਹੀ ਗਈ ਸੀ, ਪਰ ਜੋਤੀ ਦੀ ਮਾਂ ਦੀ ਪ੍ਰੇਰਨਾ ਨੇ ਹੈਰਾਨੀਜਨਕ ਕੰਮ ਕੀਤਾ। ਜੋਤੀ ਨੇ ਸੋਚ ਲਿਆ ਕਿ ਉਹ ਖੁਦ ਆਪਣੇ ਬੱਚਿਆਂ ਲਈ ਹੀ ਨਹੀਂ, ਸਗੋਂ ਪੂਰੇ ਸਮਾਜ ਲਈ ਇਕ ਮਿਸਾਲ ਬਣੇਗੀ।
ਸਾਡਾ ਪਰੰਪਰਾਗਤ, ਰੂੜ੍ਹੀਵਾਦੀ ਸਮਾਜ, ਜੋ ਇਨ੍ਹਾਂ ਹਾਲਾਤਾਂ ਵਿੱਚ ਭੈਣ ਜੋਤੀ ਤੋਂ ਸਿਰਫ ਏਹੀ ਉਮੀਦ ਰੱਖਦਾ ਸੀ, ਕਿ ਉਹ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰੇ ਤੇ ਉਮਰ ਭਰ ਲੋਕਾਂ ਦੀ ਹਮਦਰਦੀ ਦਾ ਪਾਤਰ ਬਣੀ ਰਹੇ। ਪਰ ਜੋਤੀ ਤਾਂ ਇੱਕ ਬਹਾਦਰ ਔਰਤ ਸੀ, ਇਹ ਗੱਲ ਉਹ ਕਿੱਥੇ ਮੰਨਦੀ ਸੀ, ਉਸ ਨੇ ਆਪਣੇ ਆਪ ਨੂੰ ਸੰਭਾਲਦੇ ਹੋਏ, ਨਵਾਂ ਮੋਰਚਾ ਸੰਭਾਲ ਲਿਆ। ਮਾਂ ਦੇ ਪ੍ਰੇਰਨਾਦਾਇਕ ਸ਼ਬਦ, ਭਰਾ ਦਾ ਸਹਾਰਾ, ਸੱਸ-ਸਹੁਰੇ ਦਾ ਸਾਥ, ਮਹਾਰ ਰੈਜੀਮੈਂਟ ਦਾ ਸਹਿਯੋਗ ਅਤੇ ਉਸ ਦੇ ਪਤੀ ਦੇ ਪਹਿਲੇ ਬੋਲ ਕਿ ਜੇ ਉਸ ਨੂੰ ਕੁਝ ਵੀ ਹੋ ਜਾਵੇ, ਉਸ ਨੂੰ ਫੌਜ ਵਿਚ ਭਰਤੀ ਹੋਣਾ ਹੈ, ਉਸ ਨੂੰ ਹਥਿਆਰਬੰਦ ਸੈਨਾ ਵਿਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ।
ਆਪਣੇ ਪਤੀ ਦੀ ਸ਼ਹਾਦਤ ਦੇ ਦੋ ਮਹੀਨੇ ਬਾਅਦ ਹੀ ਜਦੋਂ ਜੋਤੀ ਨੇ ਦੁਬਾਰਾ ਪੜ੍ਹਾਈ ਸ਼ੁਰੂ ਕੀਤੀ ਤਾਂ ਲੋਕਾਂ ਨੇ ਵੱਖੋ-ਵੱਖਰੀਆਂ ਗੱਲਾਂ ਬਣਾਈਆਂ। ਪਰ ਜੋਤੀ ਨੇ ਪ੍ਰਵਾਹ ਨਾਂ ਕਰਦੇ ਹੋਏ ਦ੍ਰਿੜ ਇਰਾਦੇ ਅਤੇ ਬੁਲੰਦ ਹੌਸਲੇ ਨਾਲ ਮਿਹਨਤ ਜਾਰੀ ਰੱਖੀ। ਇਨ੍ਹਾਂ ਔਖੇ ਹਾਲਾਤਾਂ ਦੌਰਾਨ ਬ੍ਰਿਗੇਡੀਅਰ ਚੀਮਾ ਅਤੇ ਕਰਨਲ ਐਮ.ਪੀ. ਸਿੰਘ ਨੇ ਜੋਤੀ ਨੂੰ ਰਾਹ ਦਿਖਾਉਣ ਦੀ ਜ਼ਿੰਮੇਵਾਰੀ ਬਖੂਬੀ ਨਿਭਾਈ।
ਸਰਵਿਸਿਜ਼ ਸਿਲੈਕਸ਼ਨ ਬੋਰਡ ਵਿੱਚ ਚੋਣ ਲਈ ਬਹੁਤ ਸਖ਼ਤ ਅਭਿਆਸ, ਸਿਖਲਾਈ, ਸਰੀਰਕ ਫਿਟਨੈਸ, ਅੰਗਰੇਜ਼ੀ ਭਾਸ਼ਾ ਅਤੇ ਹੋਰ ਵਿਸ਼ਿਆਂ ਵਿੱਚ ਬਹੁਤ ਜ਼ਿਆਦਾ ਨਿਪੁੰਨਤਾ ਦੀ ਲੋੜ ਹੁੰਦੀ ਹੈ। ਤੁਸੀਂ ਜ਼ਰਾ ਕਲਪਨਾ ਤਾਂ ਕਰੋ, ਇੱਕ ਆਮ ਭਾਰਤੀ 33 ਸਾਲਾ ਘਰੇਲੂ ਔਰਤ, ਦੋ ਛੋਟੇ ਬੱਚਿਆਂ ਦੀ ਮਾਂ, ਜੋ ਕੁਝ ਸਮਾਂ ਪਹਿਲਾਂ ਹੀ ਵਿਧਵਾ ਹੋਈ ਹੋਵੇ। ਉਸਨੇ ਨਾਂ ਸਿਰਫ਼ ਆਪਣੇ ਆਪ ਨੂੰ ਟੁੱਟਣ ਤੋਂ ਬਚਾਇਆ, ਸਗੋਂ ਲਗਾਤਾਰ ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਮਿਹਨਤ ਕਰਕੇ ਉਹ ਭਾਰਤੀ ਫੌਜ ਵਿੱਚ ਅਫਸਰ ਵੱਜੋਂ ਚੁਣੇ ਜਾਣ ਵਿੱਚ ਵੀ ਕਾਮਯਾਬ ਰਹੀ। ਧੰਨ ਹੋ ਤੁਸੀਂ ਭੈਣ ਜੋਤੀ ਨੈਨਵਾਲ, ਭਾਰਤ ਮਾਤਾ ਦੀ ਇਹ ਬਹਾਦਰ ਧੀ, ਜਿਸ ਨੇ ਮੁਸੀਬਤਾਂ ਦੇ ਸਾਹਮਣੇ ਖਿਲਰਣ ਦੀ ਥਾਂ, ਆਪਣੇ ਆਪ ਨੂੰ ਪੂਰੇ ਦੇਸ਼ ਦੇ ਸਾਹਮਣੇ ਇੱਕ ਉੱਤਮ ਉਦਾਹਰਣ ਵਜੋਂ ਪੇਸ਼ ਕੀਤਾ ਹੈ।
20 ਨਵੰਬਰ 2021 ਨੂੰ ‘ਆਫੀਸਰਜ਼ ਟਰੇਨਿੰਗ ਅਕੈਡਮੀ’ (OTA) ਦੇ ਆਖਰੀ ਪੜਾਅ ਨੂੰ ਪਾਰ ਕਰਨ ਤੋਂ ਬਾਅਦ, ਜਦੋਂ ਭੈਣ ਜੋਤੀ ਦੀਪਕ ਨੈਨਵਾਲ ਨੇ ਭਾਰਤੀ ਫੌਜ ਵਿੱਚ ਬਤੌਰ ਲੈਫਟੀਨੈਂਟ ਅਹੁਦਾ ਸੰਭਾਲਿਆ ਤਾਂ ਧੀ ਲਾਵਣਿਆ ਅਤੇ ਪੁੱਤਰ ਰੇਹਾਂਸ਼ ਵੀ ਫੌਜ ਦੀ ਵਰਦੀ ਵਿੱਚ ਮਾਂ ਦੇ ਨਾਲ ਮੌਜੂਦ ਸਨ। ਇਸ ਰੂਹਾਨੀ ਤਸਵੀਰ ਵਿੱਚ ਤੁਸੀਂ ਸਾਰੇ ਮਾਂ ਦੀ ਅਥਾਹ ਤਾਕਤ ਅਤੇ ਇੱਕ ਬਹਾਦਰ ਔਰਤ ਦੇ ਅਸਾਧਾਰਨ ਸੰਘਰਸ਼ ਦੇ ਦਰਸ਼ਨ ਕਰ ਭਾਵੁਕ ਹੋ ਜਾਵੋਗੇ।
ਹੁਣ ਜੋਤੀ ਦੀਪਕ ਨੈਨਵਾਲ ਲੈਫਟੀਨੈਂਟ ਬਣ ਕੇ ਜਦੋਂ ਆਪਣੇ ਘਰ ਪੁੱਜੀ ਤਾਂ ਪੂਰੇ ਪਿੰਡ ਨੇ ਭਾਵੁਕ ਸਵਾਗਤ ਕੀਤਾ। ਸੱਸ-ਸਹੁਰੇ ਨੇ ਕਿਹਾ ਕਿ ਅਸੀਂ ਦੀਪਕ ਨੂੰ ਕਦੇ ਨਹੀਂ ਭੁੱਲ ਸਕਦੇ, ਪਰ ਸਾਨੂੰ ਜੋਤੀ ਦੇ ਰੂਪ ‘ਚ ਸਾਡਾ ਪੁੱਤਰ ਹੀ ਮਿਲ ਗਿਆ ਹੈ। ਉਥੇ ਹੀ ਜਦੋਂ ਜੋਤੀ ਪੈਕੇ ਪਿੰਡ ਪਹੁੰਚੀ ਤਾਂ ਪਰਿਵਾਰ ਦੇ ਸਾਰੇ ਜੀਆਂ ਅਤੇ ਪਿੰਡ ਵਾਸੀਆਂ ਨੇ ਵੀ ਆਪਣੀ ਵਿਲੱਖਣ ਧੀ ‘ਤੇ ਮਾਣ ਮਹਿਸੂਸ ਕਰਦਿਆਂ ਅਦਭੁਤ ਰੂਹਾਨੀ ਸਤਿਕਾਰ ਦਿੱਤਾ। ਇਸ ਤੋਂ ਪਹਿਲਾਂ ਵੀ ਆਪਣੇ ਪਤੀ ਦੀ ਸ਼ਹਾਦਤ ਤੋਂ ਬਾਅਦ ਫੌਜ ਵਿੱਚ ਭਰਤੀ ਹੋਈਆਂ ਮੇਰੀਆਂ ਭੈਣਾਂ ਵਿੱਚ ਸ਼ਹੀਦ ਮੇਜਰ ਵਿਭੂਤੀ ਸ਼ੰਕਰ ਢੋਂਢਿਆਲ ਦੀ ਪਤਨੀ ਨਿਕਿਤਾ, ਸ਼ਹੀਦ ਸ਼ਿਸ਼ੀਰ ਮੱਲਾ ਦੀ ਵੀਰਵਧੂ ਸੰਗੀਤਾ ਅਤੇ ਸ਼ਹੀਦ ਅਮਿਤ ਸ਼ਰਮਾ ਦੀ ਪਤਨੀ ਪ੍ਰਿਯਾ ਸੇਮਵਾਲ ਆਦਿ ਸ਼ਾਮਲ ਹਨ, ਜਿੰਨਾਂ ਦਾ ਜਿਕਰ ਕੀਤੇ ਬਗੈਰ ਇਹ ਕਹਾਣੀ ਅਧੂਰੀ ਹੈ।
ਮੈਂ ਆਸ ਕਰਦਾ ਹਾਂ, ਕਿ ਇਸ ਮਹਾਨਾਇਕਾ ਦੀ ਇਹ ਕਹਾਣੀ ਮੇਰੀ ਹਰੇਕ ਭੈਣ ਤੱਕ ਪਹੁੰਚੇਗੀ ਤਾਂ ਜੋ ਮੇਰੇ ਦੇਸ਼ ਦੀਆਂ ਧੀਆਂ ਦੀ ਆਦਰਸ਼, ਫਿਲਮੀ ਹੀਰੋਇਨਾਂ ਦੀ ਥਾਂ ਤੇ ਇਸ ਤਰ੍ਹਾਂ ਦੀਆਂ ਅਸਲ ਮਹਾਨਾਇਕਾਵਾਂ ਹੋਣਗੀਆਂ।
ਅਸ਼ੋਕ ਸੋਨੀ, ਕਾਲਮ ਨਵੀਸ
ਖੂਈ ਖੇੜਾ, ਫਾਜ਼ਿਲਕਾ
98727 05078