ਸਾਹਿਤ
Trending

ਸਿੱਖਾਂ ਨੂੰ ਈਸਾਈ ਬਣਾਉਣ ਦੀ ਲਹਿਰ ਖ਼ਿਲਾਫ਼ ਉੱਠੋ, “ਜਾਗੋ, ਸੰਘਰਸ਼ ਕਰੋ, ਧਰਮ ਪ੍ਰਚਾਰ ਦੀ ਲਹਿਰ ਚਲਾਓ”

Rise up against the movement to convert Sikhs to Christianity.

ਸਿੱਖਾਂ ਕੋਲੋਂ ਸਿੱਖੀ ਖੋਹਣ ਲਈ ਬੜੀਆਂ ਤਾਕਤਾਂ ਸਰਗਰਮ ਨੇ। ਕਾਮਰੇਡ ਕਹਿੰਦੇ ਨੇ ਕਿ ਸਿੱਖਾਂ ਨੂੰ ਨਾਸਤਿਕ ਬਣਾਉਣਾ ਹੈ। ਆਰ.ਐੱਸ.ਐੱਸ. ਵਾਲ਼ੇ ਕਹਿੰਦੇ ਸਿੱਖਾਂ ਨੂੰ ਹਿੰਦੂ ਬਣਾਉਣਾ ਹੈ। ਜੇ ਪੂਰੇ ਹਿੰਦੂ ਨਾ ਬਣਨ ਤਾਂ ‘ਕੇਸਾਧਾਰੀ ਹਿੰਦੂ’ ਬਣਾਉਣਾ ਹੈ। ਕਸ਼ਮੀਰ ਵਿੱਚ ਚਰਚਾ ਹੈ ਕਿ ਸਿੱਖ ਕੁੜੀਆਂ ਨੂੰ ਵਰਗਲਾ ਕੇ ਮੁਸਲਮਾਨ ਬਣਾਇਆ ਜਾ ਰਿਹਾ ਹੈ। ਕੋਈ ਕਹਿੰਦਾ ਸਿੱਖਾਂ ਨੂੰ ਬੋਧੀ ਬਣਨਾ ਚਾਹੀਦਾ, ਕੋਈ ਕਹਿੰਦਾ ਨਹੀਂ ਸਿੱਖਾਂ ਨੂੰ ਈਸਾਈ ਬਣਨਾ ਚਾਹੀਦਾ। ਸਾਰਿਆਂ ਦਾ ਨਿਸ਼ਾਨਾ ਇੱਕੋ ਹੈ ਕਿ ਸਿੱਖਾਂ ਕੋਲੋਂ ਸਿੱਖੀ ਖੋਹਣੀ ਹੈ, ਸਿੱਖੀ ਛੁਡਵਾਉਣੀ ਹੈ ਤੇ ਸਿੱਖਾਂ ਨੂੰ ਸਿੱਖ ਨਹੀਂ ਰਹਿਣ ਦੇਣਾ ਤੇ ਕੁਝ ਹੋਰ ਬਣਾਉਣਾ ਹੈ। ਇਹ ਹਾਲਾਤ ਵੇਖ ਕੇ ਕਹਿਣਾ ਪੈਂਦਾ ਹੈ ਕਿ ਇਹ ਪੰਛੀ ਇਕੱਲਾ ਹੈ, ਇਹਦੇ ਮਗਰ ਸ਼ਿਕਾਰੀ ਬਹੁਤੇ।

ਕਾਮਰੇਡਾਂ, ਹਿੰਦੂਤਵੀਆਂ ਜਾਂ ਸਿੱਖੀ ਉੱਤੇ ਡਟ ਹਮਲਾਵਰ ਕਿਸੇ ਵੀ ਧਿਰ ਨਾਲ਼ ਰੋਸ ਜ਼ਾਹਿਰ ਕਰ ਕੇ ਵੇਖ ਲਵੋ ਕਿ ਤੁਸੀਂ ਸਾਡੇ ਧਰਮ ਉੱਤੇ ਹਮਲੇ ਕਿਉਂ ਕਰਦੇ ਹੋ ? ਉਹ ਖੁਦ ਨੂੰ ਜਾਇਜ਼ ਦਰਸਾਉਣ ਲਈ ਐਹੋ ਜਿਹੀਆਂ ਦਲੀਲਾਂ ਲਿਆਉਂਦੇ ਨੇ, ਐਹੋ ਜਿਹੇ ਤਰਕ ਰੱਖਦੇ ਨੇ ਕਿ ਬੰਦਾ ਕਹਿੰਦਾ ਕਿ ਇਹਨਾਂ ਨਾਲ਼ ਗੱਲ ਛੇੜਨ ਦੀ ਤਾਂ ਲੋੜ ਹੀ ਨਹੀਂ ਸੀ। ਇਨ੍ਹਾਂ ਦਾ ਇਲਾਜ ਤਾਂ ਜੂਤ-ਪਤਾਣ ਹੈ। ਜਿਸ ਨੂੰ ਵਹਿਮ ਹੋਵੇ, ਉਹ ਕਦੇ ਈਸਾਈਆਂ ਨਾਲ਼ ਗੱਲ ਕਰ ਕੇ ਵੇਖ ਲਵੇ ਕਿ ਭਾਈ ਤੁਸੀਂ ਸਾਡੇ ਸਿੱਖਾਂ ਨੂੰ ਸਿੱਖ ਕਿਉਂ ਨਹੀਂ ਰਹਿਣ ਦਿੰਦੇ ? ਕਿਉਂ ਸਿੱਖਾਂ ਨੂੰ ਉਹਨਾਂ ਦੇ ਈਮਾਨ ਤੋਂ ਡੇਗ ਕੇ ਈਸਾਈ ਬਣਾਉਂਦੇ ਹੋਂ ? ਹਰੇਕ ਨੂੰ ਆਪਣੇ ਧਰਮ ਵਿੱਚ ਪ੍ਰਪੱਕ ਰਹਿਣਾ ਚਾਹੀਦਾ ਹੈ। ਕਿਸੇ ਵੀ ਢੰਗ-ਤਰੀਕੇ ਨਾਲ਼ ਕਿਸੇ ਦਾ ਧਰਮ ਖੋਹਣਾ ਤੇ ਆਪਣਾ ਧਰਮ ਥੋਪਣਾ, ਸਹੀ ਗੱਲ ਨਹੀਂ। ਤਾਂ ਇਸ ਮਗਰੋਂ ਫੇਰ ਈਸਾਈਆਂ ਦੀਆਂ ਯਭਲੀਆਂ ਸੁਣ ਸੁਣ ਕੇ ਬੰਦਾ ਸੋਚਦਾ ਕਿ ‘ਗ੍ਰਾਹਮ ਸਟੇਨਜ’ ਦੇ ਟੱਬਰ ਨੂੰ ਕਤਲ ਕਰਨ ਵਾਲ਼ਿਆਂ ਨੂੰ ਇਹੋ ਜਿਹੇ ਲੋਕਾਂ ਨੇ ਤਿਆਰ ਕੀਤਾ ਹੋਵੇਗਾ।

ਕਿੰਨੀ ਸ਼ਰਮਨਾਕ ਗੱਲ ਹੈ, ਕਿ ਨਾਲੇ ਤਾਂ ਸਿੱਖਾਂ ਦਾ ਨੁਕਸਾਨ ਕਰਦੇ ਹਨ, ਸਿੱਖ ਧਰਮ ਉੱਤੇ ਹਮਲਾ ਬੋਲਦੇ ਨੇ, ਨਾਲੇ ਸਿੱਖਾਂ ਨੂੰ ਹੀ ਦੋਸ਼ੀ ਗਰਦਾਨਦੇ ਨੇ ਕਿ ਤੁਸੀਂ ਸਿੱਖਾਂ ਨੂੰ ਸੰਭਾਲ਼ ਨਹੀਂ ਸਕੇ। ਜਿਵੇਂ ਕੋਈ ਚੋਰ ਕਿਸੇ ਘਰਦਿਆਂ ਨੂੰ ਆਖੇ ਕਿ ਜੇ ਦਰਵਾਜਾ ਖੁੱਲਾ ਵਿਖੇਗਾ ਤਾਂ ਮੈਂ ਤਾਂ ਚੋਰੀ ਕਰਾਂਗਾ। ਅੱਜ-ਤਕ ਕਿਸੇ ਚੋਰ ਡਾਕੂ ਨੇ ਖੁਦ ਨੂੰ ਇਹਨਾਂ ਵਾਂਗ ਜਾਇਜ਼ ਨਹੀਂ ਦਰਸਾਇਆ ਹੋਣਾ ਪਰ ਇਹ ਸ਼ਰੇਆਮ ਸਿੱਖ ਹਿੱਤਾਂ ਉੱਤੇ ਡਾਕੇ ਮਾਰਨ ਮਗਰੋਂ ਖੁਦ ਪਾਕ-ਪਵਿੱਤਰ ਤੇ ਸਿੱਖਾਂ ਨੂੰ ਪਾਪੀ ਦੱਸਦੇ ਫਿਰਦੇ ਹਨ। ਡਰਾਮੇਬਾਜ਼ੀਆਂ ਨਾਲ਼ ਲੋਕਾਂ ਨੂੰ ਭਰਮਾ ਕੇ, ਲੋਕਾਂ ਦਾ ਸ਼ੋਸ਼ਣ ਕਰ ਕੇ, ਮਾਨਸਿਕ ਤੌਰ ‘ਤੇ ਕਾਬੂ ਕਰ ਕੇ ਇਹ ਲੋਕ ਪੰਜਾਬ ਵਿੱਚ ਧੜਾਧੜ ਈਸਾਈ ਬਣਾ ਰਹੇ ਹਨ। ਕਦੇ-ਕਦੇ ਸ਼ੱਕ ਪੈਂਦਾ ਹੈ ਕਿ ਸਾਰੇ ਭਾਰਤ ਵਿੱਚ ਹਿੰਦੂਤਵੀ, ਈਸਾਈਆਂ ਦਾ ਵਿਰੋਧ ਕਰਦੇ ਹਨ ਪਰ ਪੰਜਾਬ ਵਿੱਚ ਖਾਮੋਸ਼ ਹਨ ਕਿਉਂਕਿ ਹਿੰਦੂ ਕੱਟੜਪੰਥੀ ਸੋਚਦੇ ਨੇ ਕਿ ਜਿਨ੍ਹਾਂ ਸਿੱਖਾਂ ਨੂੰ ਅਸੀਂ ਕੇਸਾਧਾਰੀ ਹਿੰਦੂ ਨਹੀਂ ਬਣਾ ਸਕੇ, ਜੇ ਇਹ ਉਹਨਾਂ ਦੀ ਸਿੱਖੀ ਖੋਹ ਕੇ ਉਹਨਾਂ ਨੂੰ ਈਸਾਈ ਬਣਾ ਲੈਣ ਤਾਂ ਵੀ ਸੌਦਾ ਮਾੜਾ ਨਹੀਂ ਕਿਉਂਕਿ ਕਰਨਾ ਤਾਂ ਸਿੱਖੀ ਤੇ ਸਿੱਖਾਂ ਦਾ ਨੁਕਸਾਨ ਹੀ ਹੈ।

ਹਿੰਦੂ ਕੱਟੜਪੰਥੀ ਜਾਣਦੇ ਹਨ ਕਿ ਜਦ ਤਕ ਸਿੱਖਾਂ ਕੋਲ਼ ਸਿੱਖੀ ਹੈ ਤਾਂ ਇਹਨਾਂ ਅੰਦਰ ਲੜ ਮਰਨ ਦਾ ਮਾਦਾ ਮਜਬੂਤ ਰਹੇਗਾ। ਪਰ ਜੇ ਇਹ ਸਿੱਖੀ ਤਿਆਗ ਦੇਣ ਤੇ ਕਾਮਰੇਡ, ਈਸਾਈ ਜਾਂ ਕੁਝ ਹੋਰ ਬਣ ਜਾਣ, ਫੇਰ ਇਹ ਨਾ ਬਾਬਾ ਦੀਪ ਸਿੰਘ ਤੋਂ ਪ੍ਰੇਰਨਾ ਲੈ ਸਕਣਗੇ ਤੇ ਨਾ ਭਾਈ ਮਨੀ ਸਿੰਘ ਵਾਂਗ ਬੰਦ-ਬੰਦ ਕਟਵਾ ਸਕਣਗੇ ਤੇ ਨਾ ਭਾਈ ਤਾਰੂ ਸਿੰਘ, ਭਾਈ ਗਰਜਾ ਸਿੰਘ, ਭਾਈ ਬੋਤਾ ਸਿੰਘ ਵਾਂਗ ਸੇਵਾ ਕਰ ਸਕਣਗੇ। ਹਿੰਦੂਤਵੀਆਂ ਨੂੰ ਸਿੱਖਾਂ ਦੇ ਹੋਰ ਕੁਝ ਬਣਨ ਦੀ ਖੁਸ਼ੀ ਹੈ ਕਿ ਸਿੱਖਾਂ ਦਾ ਜੋ ਨੁਕਸਾਨ ਸਾਥੋਂ ਨਹੀਂ ਸੀ ਹੋਣਾ, ਉਹ ਇਹ ਕਰ ਰਹੇ ਹਨ। ਇਸ ਕਰਕੇ ਸਾਰੇ ਭਾਰਤ ਵਿੱਚ ਹਿੰਦੂ ਕੱਟੜਪੰਥੀ ਈਸਾਈਆਂ ਤੇ ਕਾਮਰੇਡਾਂ ਤੇ ਹੋਰਾਂ ਦਾ ਵਿਰੋਧ ਕਰਦੇ ਹਨ, ਪਰ ਪੰਜਾਬ ਵਿੱਚ ਬਿਲਕੁਲ ਨਹੀਂ ਕਰਦੇ। ਸਿੱਖਾਂ ਨੂੰ ਈਸਾਈ ਬਣਾਉਣ ਵਾਲ਼ੇ ਬਿਲਕੁਲ ਓਹੀ ਖੇਡ, ਖੇਡ ਰਹੇ ਨੇ ਜੋ ਭਨਿਆਰੇ, ਆਸ਼ੂਤੋਸ਼ ਤੇ ਸਰਸੇ ਵੇਲ਼ੇ ਖੇਡੀ ਗਈ। ਜਿਹੜੇ ਲੋਕ ਭਨਿਆਰੇ ਵਾਲ਼ੇ ਦੇ ਸਮਰਥਕ ਬਣ ਕੇ ਸਿੱਖਾਂ ਨਾਲ਼ ਟਕਰਾਏ, ਉਹ ਕੌਣ ਸਨ? ਉਹ ਵੀ ਸਿੱਖ ਸਨ, ਪਰ ਉਹ ਭਨਿਆਰੇ ਵਾਲ਼ੇ ਦੇ ਚੇਲੇ ਬਣਨ ਮਗਰੋਂ ਸਿੱਖੀ ਤੇ ਸਿੱਖਾਂ ਦੇ ਐਨੇ ਦੁਸ਼ਮਣ ਬਣ ਗਏ ਕਿ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਅੱਗਾਂ ਲਾਉਣ ਵਾਲ਼ੇ ਬਣ ਗਏ।

ਇਵੇਂ ਹੀ ਜਿਹੜੇ ਆਸ਼ੂਤੋਸ਼ ਨੂਰਮਹਿਲੀਏ ਦੇ ਸਮਰਥਕ ਬਣ ਕੇ ਸਿੱਖਾਂ ਨਾਲ਼ ਟਕਰਾਏ, ਉਹ ਵੀ ਸਿੱਖ ਪਰਿਵਾਰਾਂ ਵਿੱਚੋਂ ਸਨ, ਪਰ ਆਸ਼ੂਤੋਸ਼ ਦੇ ਸਮਰਥਕ ਬਣਨ ਮਗਰੋਂ ਉਹਨਾਂ ਨੂੰ ਸਿੱਖੀ ਤੇ ਸਿੱਖਾਂ ਨਾਲ਼ ਨਫ਼ਰਤ ਹੋ ਗਈ। ਸਿਰਸੇ ਵਾਲ਼ੇ ਦੇ ਚੇਲੇ ਸਿੱਖ ਪਰਿਵਾਰਾਂ ਵਿੱਚੋਂ ਸਨ, ਪਰ ਉਹਨਾਂ ਅੰਦਰ ਐਨੀ ਨਫ਼ਰਤ ਤੇ ਜ਼ਹਿਰ ਭਰ ਦਿੱਤੀ ਗਈ ਕਿ ਉਹ ਬੇਅਦਬੀਆਂ ਕਰਨ ਲਈ ਤਿਆਰ ਹੋ ਗਏ। ਏਦਾਂ ਦੇ ਹੀ ਬਿਆਸ ਵਾਲ਼ੇ ਰਾਧਾ ਸਵਾਮੀ ਤੇ ਹੋਰ ਡੇਰਿਆਂ ਨਾਲ਼ ਜੁੜੇ ਲੋਕ ਹਨ। ਇਉਂ ਹੀ ਈਸਾਈ ਬਣਦੇ ਜਾ ਰਹੇ ਸਿੱਖ ਬੇਸ਼ੱਕ ਸਿੱਖ ਪਰਿਵਾਰਾਂ ਵਿੱਚੋਂ ਨੇ ਪਰ ਜਦ ਈਸਾਈ ਬਣ ਜਾਂਦੇ ਨੇ ਤਾਂ ਸਿੱਖੀ ਤੇ ਸਿੱਖਾਂ ਖਿਲਾਫ਼ ਨਫ਼ਰਤ ਨਾਲ਼ ਭਰ ਜਾਂਦੇ ਨੇ। ਪਤਾ ਨਹੀਂ ਇਹ ਲੋਕ ਆਪਣੇ ਸਮਰਥਕਾਂ ਨੂੰ ਸਿੱਖੀ ਤੇ ਸਿੱਖਾਂ ਖਿਲਾਫ਼ ਐਨੀ ਜ਼ਹਿਰ ਨਾਲ਼ ਕਿਵੇਂ ਭਰਦੇ ਨੇ ਕਿ ਸਿੱਖ ਓਹ ਕੁਝ ਸੋਚ ਵੀ ਨਹੀਂ ਸਕਦੇ ਜੋ ਇਹ ਬੜੀ ਮੌਜ ਨਾਲ਼ ਕਰਦੇ ਹਨ।

ਸਿੱਖ ਕਦੇ ਵੀ ਕਿਸੇ ਦੇ ਧਾਰਮਿਕ ਵਿਸ਼ਵਾਸ਼ਾਂ ਨੂੰ ਠੇਸ ਨਹੀਂ ਪਹੁੰਚਾ ਸਕਦਾ। ਸਿੱਖ ਕਿਸੇ ਧਰਮ ਦੇ ਗ੍ਰੰਥ ਜਾਂ ਧਰਮ ਅਸਥਾਨ ਦੀ ਬੇਅਦਬੀ ਨਹੀਂ ਕਰ ਸਕਦਾ ਪਰ ਇਹ ਲੋਕ ਬੜੀ ਸਹਿਜ ਨਾਲ਼ ਇਹ ਕਾਰੇ ਕਰਦੇ ਹਨ। ਈਸਾਈ ਹਮਲੇ ਦਾ ਵਾਰ ਬੇਹੱਦ ਤੇਜ ਹੁੰਦਾ ਜਾ ਰਿਹਾ ਹੈ। ਸਰਕਾਰਾਂ ਤੋਂ ਕੋਈ ਆਸ ਨਹੀਂ। ਸ਼੍ਰੋਮਣੀ ਕਮੇਟੀ ਨੂੰ ਫਿਕਰ ਰਹਿੰਦਾ ਹੈ ਕਿ ਕਿਤੇ ਸਾਡੇ ਧਰਮ ਪ੍ਰਚਾਰ ਕਾਰਨ ਬਾਦਲਕਿਆਂ ਦੀਆਂ ਵੋਟਾਂ ਹੀ ਨਾ ਖਰਾਬ ਹੋ ਜਾਣ। ਜਥੇਦਾਰ ਅਕਾਲ ਤਖ਼ਤ ਸਾਹਿਬ ਦੀਆਂ ਤਕਰੀਰਾਂ ਕਮਾਲ ਹੁੰਦੀਆਂ ਨੇ, ਰੰਗ ਹੀ ਬੰਨ੍ਹ ਦਿੰਦੇ ਨੇ। ਬੇਮਿਸਾਲ ਗੱਲਾਂ ਕਰਦੇ ਨੇ ਪਰ ਸਿੱਖੀ ਉੱਤੇ ਹੋ ਰਹੇ ਹਮਲਿਆ ਨੂੰ ਰੋਕਣ ਲਈ ਇਹ ਤਕਰੀਰਾਂ ਕੰਮ ਨਹੀਂ ਆਉਣੀਆਂ। ਸਿੰਘ ਸਭਾ ਲਹਿਰ ਬਾਰੇ ਪੜ੍ਹਿਆ ਹੈ ਕਿ ਜਦ ਲੋਕ ਧੜਾਧੜ ਸਿੱਖੀ ਤਿਆਗ ਰਹੇ ਸਨ, ਈਸਾਈ ਬਣ ਰਹੇ ਸਨ, ਸ਼ੁੱਧੀਕਰਨ ਕਰ ਕੇ ਹਿੰਦੂ ਬਣ ਰਹੇ ਸਨ ਤਾਂ ਸਿੱਖਾਂ ਨੇ ਐਸੀ ਜ਼ੋਰਦਾਰ ਲਹਿਰ ਚਲਾਈ ਕਿ ਸਿੱਖਾਂ ਦੇ ਸਿੱਖੀ ਤਿਆਗਣ ਵਾਲੀ ਬਿਰਤੀ ਨੂੰ ਤਾਂ ਠੱਲ ਪੈ ਹੀ ਗਈ, ਨਾਲੇ ਸਿੱਖੀ ਤਿਆਗ ਗਏ ਸਿੱਖ ਮੁੜ ਸਿੱਖ ਸਜ ਗਏ ਤੇ ਨਾਲ਼ ਹੀ ਦੂਜਿਆਂ ਧਰਮਾਂ-ਮਤਾਂ ਦੇ ਲੋਕ ਵੀ ਸਿੱਖੀ ਮੰਡਲ ਵਿੱਚ ਆ ਗਏ।

ਸਿੰਘ ਸਭਾ ਲਹਿਰ ਨੇ ਉਹਨਾਂ ਸਾਰਿਆਂ ਨੂੰ ਬਿਪਤਾ ਪਾ ਦਿੱਤੀ ਜਿਹੜੇ ਸਿੱਖਾਂ ਕੋਲੋਂ ਸਿੱਖੀ ਛੁਡਵਾ ਕੇ ਆਪਣੇ ਧਰਮਾਂ ਵਿੱਚ ਲਿਆ ਰਹੇ ਸਨ। ਹਰੇਕ ਨੂੰ ਜਾਪਿਆ ਜਿਵੇਂ ਉਹਨਾਂ ਨੇ ਪੁੱਠਾ ਪੰਗਾ ਲੈ ਲਿਆ ਹੈ। ਸਿੱਖ ਆਪਣੇ ਸਿੱਖ ਭੈਣ-ਭਰਾਵਾਂ ਨੂੰ ਤਾਂ ਵਾਪਸ ਸਿੱਖੀ ਵਿੱਚ ਲੈ ਹੀ ਗਏ, ਨਾਲ਼ ਸਾਡੇ ਬਥੇਰੇ ਲੋਕਾਂ ਨੂੰ ਵੀ ਲੈ ਗਏ। ਹੁਣ ਵੀ ਸਿੱਖਾਂ ਨੂੰ ਐਹੋ ਜਿਹੀ ਲਹਿਰ ਦੀ ਲੋੜ ਹੈ। ਇਸ ਲਹਿਰ ਨੂੰ ਇਹ ਸੁਣਨ ਦੀ ਲੋੜ ਨਹੀਂ ਕਿ ਈਸਾਈ, ਹਿੰਦੂਤਵੀਏ, ਕਾਮਰੇਡ ਕੀ ਸੋਚਦੇ ਨੇ, ਕੀ ਕਹਿੰਦੇ ਨੇ। ਸਿੱਖੀ ਉੱਤੇ ਹਮਲਾ ਬੋਲੀ ਬੈਠੇ ਲੋਕਾਂ ਦੀ ਕੋਈ ਗੱਲ ਨਾ ਸੁਣੀ ਜਾਵੇ, ਨਾ ਪੜ੍ਹੀ ਜਾਵੇ, ਨਾ ਮੰਨੀ ਜਾਵੇ। ਸਿੱਖੀ ਪ੍ਰਚਾਰ ਦੀ ਹਨੇਰੀ ਐਨੇ ਜ਼ੋਰਦਾਰ ਢੰਗ ਨਾਲ਼ ਚਲਾਈ ਜਾਵੇ ਕਿ ਸਿੱਖੀ ਤਿਆਗ ਗਏ ਲੋਕਾਂ ਨੂੰ ਖੁਦ ਉੱਤੇ ਸ਼ਰਮ ਆਵੇ ਕਿ ਅਸੀਂ ਤਾਂ ਹੀਰਾ-ਸੋਨਾ ਛੱਡ ਕੇ ਘਾਹ-ਫੂਸ ਅਪਣਾ ਲਿਆ ਹੈ। ਲੋਕਾਂ ਨੂੰ ਸਿੱਖੀ ਦੇ ਉੱਚੇ ਆਦਰਸ਼, ਸਿੱਖੀ ਦੇ ਸਿਧਾਂਤ ਦੱਸੇ ਜਾਣ। ਸਿੱਖੀ ਦੇ ਚੰਗੇ, ਸਚਿਆਰੇ ਤੇ ਉੱਜਲ ਪੱਖ ਬਾਰੇ ਦੱਸਿਆ ਜਾਵੇ, ਨਾਲ ਹੀ ਸਿੱਖ ਸਮਾਜ ‘ਚ ਆਈਆਂ ਬੁਰਾਈਆਂ, ਘਾਟਾਂ, ਕਮਜ਼ੋਰੀਆਂ ਤੇ ਉਣਤਾਈਆਂ ਨੂੰ ਸੁਧਾਰਨ ਦੀ ਲਹਿਰ ਚੱਲੇ। ਐਹੋ ਜਿਹਾ ਮਹੌਲ ਸਿਰਜ ਦਿੱਤਾ ਜਾਵੇ ਕਿ ਸਿੱਖੀ ਤਿਆਗ ਕੇ ਕੁਝ ਹੋਰ ਬਣੇ ਫਿਰਦੇ ਸਿੱਖ ਨੂੰ ਕਲੰਕਿਤ ਹੋਇਆ ਜਾਪੇ ਕਿ ਮੈਂ ਕੀ ਪਾਪ ਕਰ ਬੈਠਾ ਹਾਂ।

ਇਸ ਕੰਮ ਵਿੱਚ ਸਭ ਤੋਂ ਵੱਡਾ ਰੋੜਾ ਬਾਦਲ ਦਲ ਬਣੇਗਾ, ਕਿਉਂਕਿ ਸਿੱਖੀ ਤੇ ਸਿੱਖਾਂ ਦੇ ਵਾਧੇ ਨਾਲ਼ ਜੋ ਮਹੌਲ ਬਣੇਗਾ, ਉਹ ਬਾਦਲ ਦਲ ਦੇ ਸਿਆਸੀ ਮਨੋਰਥਾਂ ਦੇ ਅਨੁਕੂਲ ਨਹੀਂ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਰੈਲ਼ੀਆਂ ਵਿੱਚ ‘ਹਲੇ ਲੂਈਆ’ ਕਰਦਾ ਫਿਰਦਾ ਹੈ, ਹਰਸਿਮਰਤ ਕੌਰ ਬਾਦਲ ਪਾਦਰੀ ਤੋਂ ਪ੍ਰਾਥਨਾ ਕਰਵਾਉਂਦੀ ਫਿਰਦੀ ਹੈ। ਸ਼੍ਰੋਮਣੀ ਕਮੇਟੀ ਦਾ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਈਸਾਈ ਚਰਚਾ ਵਿੱਚ ਮੱਥੇ ਟੇਕਦਾ ਰਿਹਾ ਅਤੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵੀ ਵੋਟਾਂ ਖਾਤਰ ਈਸਾਈਆਂ ਨੂੰ ਖੁਸ਼ ਕਰਦਾ ਰਿਹਾ। ਹੁਣ ਈਸਾਈ ਧਰਮ ਵਾਲੇ ਕਹਿ ਰਹੇ ਹਨ ਕਿ ਅਸੀਂ ਪੰਜਾਬ ਵਿੱਚ 35 ਲੱਖ ਈਸਾਈ ਬਣਾ ਲਏ ਹਨ, ਇਸ ਲਈ ਕਾਂਗਰਸੀ, ਬਾਦਲਕੇ ਸਭ ਉਹਨਾਂ ਦਾ ਪਾਣੀ ਭਰਨ। ਵੱਡੇ ਪੱਧਰ ਤੇ ਸਿੱਖਾਂ ਦਾ ਧਰਮ ਪਰਿਵਰਤਨ ਹੋ ਰਿਹਾ ਹੈ, ਭੋਲ਼ੇ-ਭਾਲ਼ੇ ਸਿੱਖਾਂ ਨੂੰ ਗੁੰਮਰਾਹ, ਗਰੀਬ ਸਿੱਖਾਂ ਨੂੰ ਲਾਲਚ, ਮਜ਼ਬੂਰੀਆਂ ਦੇ ਫਾਇਦੇ ਉਠਾਏ ਜਾ ਰਹੇ ਨੇ, ਬਾਕੀ ਡੇਰਿਆਂ ਵਾਂਗ ਈਸਾਈਅਤ ਵਾਲੇ ਵੀ ਵਹਿਮਾਂ, ਭਰਮਾਂ ਚ ਲੋਕਾਂ ਨੂੰ ਧਕੇਲ ਰਹੇ ਹਨ, ਪਖੰਡ ਦੀ ਦੁਕਾਨ ਪੂਰੀ ਚਲ ਰਹੀ ਹੈ।

ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਕਹਿੰਦੀ ਕਿ ਮੈਨੂੰ ਨਹੀਂ ਪਤਾ ਕਿ ਕਿਸੇ ਸਿੱਖ ਨੇ ਈਸਾਈ ਧਰਮ ਅਪਣਾ ਲਿਆ ਹੈ, ਮੇਰੇ ਤੋਂ ਕੋਈ ਰਿਪੋਰਟ ਨਹੀਂ। ਕਮੇਟੀ ਵਲੋਂ ਪਿੰਡਾਂ ਵਿੱਚ ਪ੍ਰਚਾਰ ਦੀਆਂ ਟੀਮਾਂ ਭੇਜਣ ਦੇ ਬੱਸ ਡਰਾਮੇ ਹਨ, ਅਸਲ ਵਿੱਚ ਬਾਦਲ ਦਲ ਦੀ ਵੋਟ ਬੈਂਕ ਬਣਾਈ ਜਾ ਰਹੀ, ਪ੍ਰਚਾਰ ਤਾਂ ਕਿਤੇ ਹੋ ਨਹੀਂ ਰਿਹਾ। ਕਿਉਂਕਿ ਬਾਦਲ ਦਲ ਨੂੰ ਜਾਂ ਤੇ ਉਹ ਸਿੱਖ ਚਾਹੀਦੇ ਨੇ ਜੋ ਪੰਥ-ਪ੍ਰਸਤ ਨਾ ਹੋਣ, ਜਾਂ ਓਹ ਸਿੱਖ ਜੋ ਆਪਣਾ ਧਰਮ ਤਿਆਗ ਚੁੱਕੇ ਹੋਣ। ਸਿੱਖੀ ਵਿੱਚ ਪ੍ਰਪੱਕ ਸਿੱਖ ਬਾਦਲ ਦਲ ਦੇ ਮਨੋਰਥਾਂ ਲਈ ਨਹੀਂ ਬਹਿੰਦੇ। ਇਸ ਕਰਕੇ ਬਾਦਲ ਦਲ ਨੇ ਹਮੇਸ਼ਾਂ ਕੌਮੀ ਸਰਮਾਏ ਨੂੰ ਅਤੇ ਸਿਰਮੌਰ ਸਿੱਖ ਸੰਸਥਾਵਾਂ ਨੂੰ ਸਿੱਖ ਹਿੱਤਾਂ ਦੇ ਖਿਲਾਫ਼ ਹੀ ਭੁਗਤਾਇਆ ਹੈ। ਸਪਸ਼ਟ ਹੈ ਕਿ ਜੇ ਸਿੱਖੀ ਉੱਤੇ ਹਮਲਾਵਰਾਂ ਨਾਲ਼ ਟੱਕਰ ਲੈਣੀ ਹੈ ਤਾਂ ਬਾਦਲਕਿਆਂ ਦੇ ਅਧੀਨ ਚੱਲਦੀਆਂ ਸੰਸਥਾਵਾਂ ਤੋਂ ਕੋਈ ਆਸ ਨਾ ਰੱਖੀ ਜਾਵੇ। ਜਿੱਥੋਂ ਮਰਜ਼ੀ ਤੇ ਜਿਵੇਂ ਮਰਜ਼ੀ ਸਾਧਨ ਜੁਟਾਏ ਜਾਣ ਤੇ ਸਿੱਖੀ ਦੇ ਦੁਸ਼ਮਣਾਂ ਨਾਲ਼ ਟੱਕਰ ਲਈ ਜਾਵੇ।

ਆਸ ਕਰਨੀ ਚਾਹੀਦੀ ਹੈ ਕਿ ਸਿੱਖਾਂ ਨੂੰ ਆਪਣੇ ਹੱਕਾਂ ਤੇ ਹਿੱਤਾਂ ਦੀ ਰਾਖੀ ਲਈ ਸਰਗਰਮ ਹੋਣ ਦਿੱਤਾ ਜਾਵੇਗਾ, ਸਿੱਖਾਂ ਨੂੰ ਆਪਣੇ ਭੈਣ-ਭਰਾ ਵਾਪਸ ਸਿੱਖੀ ਵਿੱਚ ਲਿਆਉਣ ਦਿੱਤੇ ਜਾਣਗੇ ਤੇ ਦੋਖੀ ਕੋਈ ਅੜਚਨ ਨਹੀਂ ਪਾਉਣਗੇ ਪਰ ਜੇ ਕਾਮਯਾਬੀ ਨਾ ਮਿਲੀ ਤਾਂ ਲਾਜ਼ਮੀ ਟੱਕਰ ਹੋਵੇਗੀ। ਖੂਨ-ਖਰਾਬਾ, ਹਿੰਸਾ ਬਹੁਤ ਖ਼ਤਰਨਾਕ ਹੁੰਦੀ ਹੈ। ਧਰਮ ਸੇਵਾ ਤੇ ਤਿਆਗ ਦੀ ਮੱਤ ਦਿੰਦਾ ਹੈ ਪਰ ਧਰਮ ਬਚਾਉਣ ਲਈ ਸਿਰਾਂ ਉੱਤੇ ਖੱਫਣ ਬੰਨ੍ਹ ਕੇ ਖੰਡਾ ਖੜਕਾਉਣ ਦਾ ਹੁਕਮ ਵੀ ਸਾਨੂੰ ਸਾਡੇ ਇਤਿਹਾਸ ਤੋਂ ਮਿਲਦਾ ਹੈ।

ਰਣਜੀਤ ਸਿੰਘ ਦਮਦਮੀ ਟਕਸਾਲ
ਪ੍ਰਧਾਨ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ
ਮੋ : 88722-93883

Show More

Related Articles

Leave a Reply

Your email address will not be published. Required fields are marked *

Back to top button