ਸਾਹਿਤ

ਲੇਖਕ ਅਸ਼ੋਕ ਸੋਨੀ ਦੀ ਕਲਮ ਤੋਂ ਲੇਖ ‘ਪ੍ਰਧਾਨ ਜੀ’ !

Mr. President !

ਪਿਛਲੇ ਕੁਝ ਕੁ ਸਾਲਾਂ ‘ਚ ਖਾਸਕਰ ਪੰਜਾਬ ‘ਚ ਇਕ ਵਿਸ਼ੇਸ਼ ਕਿਸਮ ਦੀ ਪ੍ਰਜਾਤੀ ਪੈਦਾ ਹੋਈ ਹੈ, ਨਾਮ ਹੈ ‘ਪ੍ਰਧਾਨ ਜੀ’। ਇਹ ਪ੍ਰਜਾਤੀ ਹਰੇਕ ਗਲੀ, ਮੁਹੱਲੇ, ਪਿੰਡ, ਮੰਡੀ ਤੇ ਸ਼ਹਿਰ ‘ਚ ਹਰੇਕ ਜਾਤੀ, ਧਰਮ ਤੇ ਖੇਤਰ ‘ਚ ਖੁੰਭਾਂ ਵਾਂਗ ਪਨਪ ਚੁੱਕੀ ਹੈ। ਇਸ ਵਿਸ਼ੇ ਤੇ ਲਿਖਣ ਦਾ ਮਤਲਬ, ਇਹ ਨਹੀਂ ਹੈ ਕਿ ਮੈਂ ‘ਪ੍ਰਧਾਨ ਜੀ’ ਹੁਰਾਂ ਨੂੰ ਮਾੜਾ ਸਮਝਦਾ ਹਾਂ। ਸਗੋਂ ਮੈਨੂੰ ਤਾਂ ਬਹੁਤੇ ਸ਼ਰੀਫ ਤੇ ਭੋਲੇ-ਭਾਲੇ ‘ਪ੍ਰਧਾਨ ਜੀ’ ਹੁਰਾਂ ਨਾਲ ਦਿਲੋਂ ਹਮਦਰਦੀ ਹੈ। ਹੋ ਸਕਦਾ ਏ, ਮੈਂ ਜਾਂ ਮੇਰਾ ਕੋਈ ਪਰਿਵਾਰਕ ਮੈਂਬਰ ਵੀ, ‘ਪ੍ਰਧਾਨ ਜੀ’ ਹੀ ਹੋਵੇ। ਪਰ ਇਕ ਗੱਲ ਯਾਦ ਰੱਖਣਾ ਹਰੇਕ ‘ਪ੍ਰਧਾਨ ਜੀ’ ਨਾਂ ਤਾਂ ਬੇਈਮਾਨ ਏ ਤੇ ਨਾਂ ਹੀ ਹਰੇਕ ਇਮਾਨਦਾਰ।

ਪ੍ਰਧਾਨ ਜੀ ਬਣਨ ਲਈ ਅੱਤ ਦਾ ਆਤਮਵਿਸ਼ਵਾਸ਼ ਜਾਂ ਸ਼ਰਮ ਰਹਿਤ ਹੋਣਾ, ਫੁਕਰੇ ਤੇ ਕੋਲੀਚੱਟ ਚਮਚਿਆਂ ਦਾ ਨਿੱਘਾ ਸਾਥ, ਬਜ਼ੁਰਗਾਂ ਦਾ ਕਮਾਇਆ ਪੈਸਾ ਜਾਂ ਵੱਡੇ ਬੰਦਿਆਂ ਦੀ ਚਾਪਲੂਸੀ ਕਰਨ ਦਾ ਬੇਸ਼ਕੀਮਤੀ ਹੁਨਰ, ਵਰਗੀਆਂ ਯੋਗਤਾਵਾਂ ਹੋਣਾ ਬੇਹੱਦ ਲਾਜ਼ਮੀ ਹੈ। ਬਾਕੀ ਤੁਹਾਡਾ ਬੌਧਿਕ ਪੱਧਰ ਜਾਂ ਯੋਗਤਾ, ਕੋਈ ਖਾਸ ਮਾਇਨੇ ਨਹੀਂ ਰੱਖਦੀ। ਅਸਲ ‘ਚ ਪ੍ਰਧਾਨ ਜੀ ਉਹ ਭੋਲੇ-ਭਾਲੇ ਲੋਕ ਹੁੰਦੇ ਨੇਂ, ਜਿੰਨਾਂ ਨੂੰ ਵਹਿਮ ਹੁੰਦਾ ਹੈ ਕਿ ਉਹਨਾਂ ਤੋਂ ਚੁਸਤ-ਚਲਾਕ, ਇਸ ਧਰਤੀ ਤੇ ਦੂਜਾ ਜੰਮਿਆ ਈ ਕੋਈ ਨਹੀਂ। ਇਸ ਭੋਲੇਪਨ ਜਾਂ ਸਾਫ ਸ਼ਬਦਾਂ ‘ਚ ਆਖਾਂ ਤਾਂ ਮੂਰਖਤਾ ਕਾਰਨ, ਇੰਨਾਂ ਨੂੰ ਚਲਾਕ ਲੋਕ ਤੇ ਰਾਜਨੀਤਕ ਪਾਰਟੀਆਂ, ਸੰਸਥਾਵਾਂ ਆਦਿ ਆਪਣੇ ਹਿੱਤਾਂ ਦੀ ਪੂਰਤੀ ਲਈ, ਉਦੋਂ ਤੀਕ ਰੱਜ ਕੇ ਵਰਤਦੇ ਨੇਂ ਜਦੋਂ ਤੀਕ ‘ਪ੍ਰਧਾਨ ਜੀ’ ਹੁਰਾਂ ਦੇ ਆਰਥਿਕ ਲਾਟੂ ਦੀ ਰੌਸ਼ਨੀ ਮੱਧਮ ਨਾਂ ਪੈ ਜਾਵੇ।

‘ਪ੍ਰਧਾਨ ਜੀ’ ਨੂੰ ਵਹਿਮ ਹੁੰਦਾ ਏ ਕਿ, ਇਹ ਲੋਕ ਇੰਨਾਂ ਦੇ ਸ਼ੁਭਚਿੰਤਕ ਨੇਂ ਪਰ ਅਸਲ ‘ਚ ‘ਪ੍ਰਧਾਨ ਜੀ’ ਦੀ ਅਸਲ ਹੈਸੀਅਤ, ਇਹਨਾਂ ਲਈ ਸੋਨੇ ਦੇ ਆਂਡੇ ਦੇਣ ਵਾਲੀ ਇਕ ਮੁਰਗੀ ਤੋਂ ਵੱਧ ਨਹੀਂ ਹੁੰਦੀ। ਹਾਲਾਂਕਿ ਕੁਝ ਕੁ ‘ਪ੍ਰਧਾਨ ਜੀ’ ਹੁਰਾਂ ਦੇ ਕੰਮ ਸੂਤਰ ਵੀ ਆਏ ਨੇ ਤੇ ਰੋਲ-ਗਿਦੋਲ ‘ਚ ਉਹਨਾਂ ਵੱਡੀਆਂ ਪ੍ਰਾਪਤੀਆਂ ਵੀ ਹਾਸਲ ਕੀਤੀਆਂ ਨੇਂ, ਪਰ ਉਹਨਾਂ ਦੀ ਗਿਣਤੀ, ਉਂਗਲਾਂ ਤੇ ਵੀ ਕੀਤੀ ਜਾ ਸਕਦੀ ਏ।

ਤੁਹਾਡੇ ਪਿੰਡਾਂ, ਸ਼ਹਿਰਾਂ ‘ਚ ਕੱਪੜਿਆਂ ਵਾਂਗ ਆਪਣੀ ਲੋੜ ਅਨੁਸਾਰ ਨਿੱਤ ਪਾਰਟੀਆਂ ਬਦਲਣ ਵਾਲੇ, ਵੱਡੇ-ਵੱਡੇ ਹੋਰਡਿੰਗਸ ਤੇ ਲੋਕਲ ਅਖਬਾਰਾਂ ‘ਚ ਆਪਣੀ ਚਿੱਟੇ ਕੁੜਤੇ-ਪਜਾਮੇ ਵਾਲੀਆਂ ਸ਼ਾਨਦਾਰ ਤਸਵੀਰਾਂ ਰਾਹੀਂ, ਤੁਹਾਨੂੰ ਹਰੇਕ ਵਾਰ-ਤਿਓਹਾਰ ਦੀਆਂ ਵਧਾਈਆਂ ਦੇ ਕੇ, ਐਮ.ਐਲ.ਏ ਦੀਆਂ ਟਿਕਟਾਂ ਪੱਕੀਆਂ ਕਰਨ, ਜਾਂ ਮੰਤਰੀ ਸਾਹਿਬ ਦੇ ਦਿਲ ‘ਚ ਥਾਂ ਬਣਾਉਣ ਦੇ ਇਛੁੱਕ ਲੋਕ, ਆਮ ਨਹੀਂ ਹੁੰਦੇ, ‘ਪ੍ਰਧਾਨ ਜੀ’ ਹੁੰਦੇ ਨੇਂ। ਇਹ ਵੀ ਤਾਂ ਸੱਚ ਏ ਕਿ ਪੰਜਾਬ ਦੇ ਇੰਨਾਂ ‘ਪ੍ਰਧਾਨ ਜੀ’ ਹੁਰਾਂ ਦੇ ਸਿਰ ਤੇ ਹੀ, ਕਿੰਨੇ ਈ ਲੋਕਾਂ ਦਾ ਰੁਜ਼ਗਾਰ ਚੱਲਦਾ ਹੈ। ਹਾਲਾਂਕਿ ਜਿਆਦਾਤਰ ‘ਪ੍ਰਧਾਨ ਜੀ’ ਹੁਰੀਂ ਆਪ ਬੇਰੁਜ਼ਗਾਰ ਹੀ ਹੁੰਦੇ ਨੇਂ, ਪਰ ‘ਪ੍ਰਧਾਨ ਜੀ’ ਹਰੇਕ ਥਾਂ ਤੇ ਵੀ.ਆਈ.ਪੀ. ਟ੍ਰੀਟਮੈਂਟ ਲੈਣ ਦੀ ਤਾਂਘ ‘ਚ ਹੀ ਰਹਿੰਦੇ ਨੇਂ।

ਕਈ ਸਾਲ ਪਹਿਲਾਂ ਮੇਰੀ ਵੋਟ ਬਣਾਉਣ ਦੀ ਬੀ.ਐਲ.ਓ. ਡਿਊਟੀ ਦੌਰਾਨ ਵੋਟ ਬਣਵਾਉਣ ਆਏ ਚਾਰ ਕੁ ਲੋਕਾਂ ਨੂੰ ਮੈਂ ਲੌੜੀਂਦੇ ਸਬੂਤਾਂ ਸੰਬੰਧੀ ਕਾਗਜਾਤ ਲੈ ਕੇ ਆਉਣ ਲਈ ਆਖ ਦਿੱਤਾ। ਪਰ ਉਹ ਮਹਾਂਪੁਰਸ਼ ਕਾਗਜਾਤ ਦੀ ਥਾਂ ਤੇ ਇਕ ‘ਪ੍ਰਧਾਨ ਜੀ’ ਨੂੰ ਨਾਲ ਲੈ ਆਏ। ਸਕੂਲ ਦੇ ਗੇਟ ਤੋਂ ਹੀ ਗਰਮ ‘ਪ੍ਰਧਾਨ ਜੀ’ ਦੇ ਸ਼ਬਦ ਮੇਰੇ ਕੰਨਾਂ ‘ਚ ਪੈ ਗਏ, “ਲੈ ਆਪਣੇ ਬੰਦਿਆਂ ਦੀ ਵੋਟ ਨਹੀਂ ਬਣਾਉਂਦਾ, ਮੈਂ ਐਮ.ਅਲ. ਨੂੰ ਆਖ, ਪਠਾਨਕੋਟ ਧੱਕ ਦੇਣਾ ਏ, ਇੰਨੂੰ”। ਪਰ ਮੈਨੂੰ ਪਤਾ ਸੀ, ਕਿੱਥੋਂ ਵੱਢਿਆਂ, ਖੂਨ ਨਹੀਂ ਆਉਣਾ। ਮੈਂ ਕੋਲ ਆਉਂਦਿਆਂ ਹੀ ਕਿਹਾ, “ਮਹਿੰਦਰ, ਕੁਰਸੀ ਲਿਆ ‘ਪ੍ਰਧਾਨ ਜੀ’ ਲਈ”। ਇੰਨੀਂ ਭੀੜ ‘ਚ ਸਪੈਸ਼ਲ ਕੁਰਸੀ ਮਿਲਣ ਨਾਲ ‘ਪ੍ਰਧਾਨ ਜੀ’ ਨੂੰ ਅੰਦਰੋ ਫੀਲ ਗੁਡ ਹੋਇਆ, ਨਾਲ ਦੀ ਨਾਲ ਹੀ ਬੋਰੋਸਿਲ ਦੇ ਡੂਢ ਸੋ ਰੁਪਈਆਂ ਆਲੇ ਕੱਚ ਦੇ ਪਾਰਦਰਸ਼ੀ ਗਿਲਾਸ ‘ਚ ਆਇਆ ਪਾਣੀ ਪੀ ‘ਪ੍ਰਧਾਨ’ ਜੀ ਠੰਡੇ ਹੋ ਕਹਿੰਦੇ, “ਮਾਸਟਰ ਸਾਬ, ਆ ਆਪਣੇ ਬੰਦੇ ਬੋਟ ਬਣਾਵਣ ਆਏ ਨੇਂ ਥੋਡੇ ਕੋਲ, ਰੋਲਾ ਕੀ ਏ”? ਮੈਂ ਕਿਹਾ, “ਪ੍ਰਧਾਨ ਜੀ, ਤੁਸੀਂ ਤਾਂ ਚੰਡੀਗੜ੍ਹ ਤੱਕ ਦੇ ਕੰਮਾਂ ਦੇ ਜਾਣੀ ਜਾਣ ਓ, ਅੱਜ ਕੱਲ੍ਹ ਸਾਰਾ ਓਨਲਾਇਨ ਸਿਸਟਮ ਏ, ਪਛਾਣ ਪੱਤਰ ਦਾ ਨੰਬਰ ਜਰੂਰੀ ਏ, ਬਸ ਓ ਫੋਟੋਕਾਪੀ ਨਾਲ ਲਾਉਣੀ ਏ, ਫਾਰਮ ਮੈਂ ਆਪੇ ਭਰ ਦਿੰਨਾ”। “ਜਦੋਂ ਅਫਸਰ ਸਾਬ ਆਂਹਦੇ ਨੇਂ ਤਾਂ ਥੋਨੂੰ ਗੋਲੀ ਪੈਂਦੀ ਏ, ਫਟੋਸਟੇਅ ਕਰਾ ਤੇ ਲਿਆਓ, ਸਾਰਿਆਂ ਦੇ ਬੋਟ ਬਣ ਜਾਸਣ, ਮੈਂ ਬੈਠਾਂ” ਉਹਨਾਂ ਬੰਦਿਆਂ ਨੂੰ ਆਖਦਿਆਂ, ਸੋਨੇ ਦੀਆਂ ਦੋ ਮੁੰਦਰੀਆਂ ਤੇ ਕੜਾ ਪਾਇਆ ਹੱਥ, ਮੇਰੇ ਨਾਲ ਗਰਮਜੋਸ਼ੀ ਨਾਲ ਮਿਲਾਉਂਦਿਆਂ ‘ਪ੍ਰਧਾਨ ਜੀ’ ਨੇਂ ਖੁਸ਼ੀ-ਖੁਸ਼ੀ ਵਿਦਾਇਗੀ ਲਈ ।

ਕੁਝ ਕੁ ਵਿਸ਼ੇਸ਼ ‘ਪ੍ਰਧਾਨ ਜੀ’ ਦਲਾਲ ਵੀ ਹੁੰਦੇ ਨੇਂ, ਮੱਝਾਂ-ਗਾਵਾਂ ਜਾਂ ਕਾਰਾਂ-ਟਰੈਕਟਰਾਂ ਦੇ ਨਹੀਂ, ਇਹ ਦਲਾਲੀ ਕਰਦੇ ਨੇਂ ਆਪਸੀ ਝਗੜਿਆਂ ਜਾਂ ਵਿਵਾਦਾਂ ਦੇ ਨਿਪਟਾਰੇ ਦੀ, ਨੌਕਰੀਆਂ ਦਿਵਾਉਣ ਜਾਂ ਬਦਲੀਆਂ ਕਰਵਾਉਣ ਦੀ, ਸਰਕਾਰੀ ਠੇਕਿਆਂ ਆਦਿ ਦੀ ਇਹਨਾਂ ਦੇ ਕਾਲੇ ਕੰਮਾਂ ਦੀ ਲਿਸਟ ਬਹੁਤ ਲੰਮੀ ਏ। ਇਸ ਕਿਸਮ ਦੇ ‘ਪ੍ਰਧਾਨ ਜੀ’ ਹੁਰਾਂ ਨੇਂ ਆਮ ਲੋਕਾਂ ਦੇ ਸੁਪਨਿਆਂ ਦਾ ਕਤਲ ਕਰਦਿਆਂ, ਭ੍ਰਿਸ਼ਟਚਾਰ ਦੇ ਬੂਟੇ ਨੂੰ ਆਪਣੀਆਂ ਕਾਲੀਆਂ-ਕਰਤੂਤਾਂ ਦੀ ਯੂਰੀਆ ਦਾ ਛਿੱਟਾ ਲਗਾਤਾਰ ਦੇ-ਦੇ ਕੇ ਵੱਡਾ ਦਰਖਤ ਬਣਾ ਦਿੱਤਾ ਹੈ। ਕੁਝ ਕੁ ਪ੍ਰਧਾਨਾਂ ਦਾ ਕੰਮ ਹੁੰਦਾ ਏ, ਆਪਣੇ ਪਿੰਡ-ਸ਼ਹਿਰ ‘ਚ ਹਰ ਸਮੇਂ ਤਨਾਅ ਪੂਰਨ ਮਾਹੌਲ ਰੱਖਣ ਦਾ, ਇਹ ਸਿਰਫ ਵਿਰੋਧ ਲਈ ਵਿਰੋਧ ਕਰਨ ਤੇ ਆਪਣੀ ਹਾਜ਼ਰੀ ਦਿਖਾਉਣ ਹਿੱਤ ਹੀ, ਪਿੰਡ-ਸ਼ਹਿਰ ਦੇ ਭਲੇ ਦਾ, ਕੋਈ ਵੀ ਕੰਮ ਨਹੀਂ ਹੋਣ ਦਿੰਦੇ। ਪਰ ਜਦੋਂ ਇੰਨਾਂ ਨਾਲ ਸੈਟਿੰਗ ਹੋ ਜਾਂਦੀ ਏ ਤਾਂ ਬੇਸ਼ਰਮੀ ਨਾਲ ਉਸੇ ਕੰਮ ਦੀ ਤਰੀਫ ਸਰਵਜਨਕ ਤੌਰ ਤੇ ਕਰਨ ਲੱਗ ਜਾਂਦੇ ਨੇਂ, ਜਿਸਦੇ ਖਿਲਾਫ ਇੰਨਾਂ ਧਰਨਾ ਤੀਕ ਲਾਇਆ ਹੁੰਦਾ ਹੈ।

ਕਈ ‘ਪ੍ਰਧਾਨ ਜੀ’ ਪ੍ਰਤਿਭਾਵਾਨ ਲੋਕਾਂ ਨੂੰ ਪਿੱਛੇ ਧੱਕ, ਕਿਸੇ ਹੋਰ ਦੀ ਮਿਹਨਤ ਦਾ ਸੇਹਰਾ ਆਪਣੇ ਸਿਰ ਬੰਨ੍ਹਣ ‘ਚ ਭੋਰਾ ਵੀ ਸ਼ਰਮ ਨਹੀਂ ਕਰਦੇ। ਉਥੇ ਹੀ ਬਹੁਤ ਸਾਰੇ ‘ਪ੍ਰਧਾਨ ਜੀ’ ਹੁਰਾਂ ਨੇ ਆਪਣੇ ਪਿਓ-ਦਾਦਿਆਂ ਦੀਆਂ ਮਿਹਨਤਾਂ ਨਾਲ ਬਣਾਈਆਂ ਜਮੀਨਾਂ- ਜਾਇਦਾਦਾਂ, ਸਿਰਫ ਫੌਕੀ ਚੌਧਰ ਲਈ ਪਾਰਟੀਆਂ ਦੀਆਂ ਟਿਕਟਾਂ ਪ੍ਰਾਪਤ ਕਰਨ ਜਾਂ ਸਰਪੰਚੀ-ਐਮ.ਐਲ.ਏ ਦੀਆਂ ਚੋਣਾਂ ‘ਚ ਬਰਬਾਦ ਕੀਤੀਆਂ ਨੇਂ ਤੇ ਕਰ ਰਹੇ ਨੇਂ। ਜਿਹੜੇ ਬਜ਼ੁਰਗਾਂ ਨੇ ਠਿਆਨੀ-ਠਿਆਨੀ ਜੋੜ, ਭੁੱਖੇ-ਭਾਣੇ ਰਹਿੰਦਿਆਂ, ਸਾਰੀ ਉਮਰ ਬਲਦਾਂ ਨਾਲ ਬਲਦ ਬਣ ਖੇਤ ਬਣਾਏ, ਉਨਾਂ ਦੇ ਪੋਤੇ ਕੁਝ ‘ਪ੍ਰਧਾਨ ਜੀ’ ਫੁਕਰਾਪੰਥੀ ‘ਚ, ਉਹਨਾਂ ਈ ਖੇਤਾਂ ‘ਚ, ਜਦੋਂ ਪਾਣੀ ਨਾਲ ਭਰੇ ਵਾਹਣ ‘ਚ ਤੀਹ-ਤੀਹ ਲੱਖ ਦੀਆਂ ਗੱਡੀਆਂ ਵਾੜ, ਵੀਡਿਓ ਬਣਾਉਂਦੇ ਨੇਂ ਤਾਂ ਸਿਰਫ ਗੱਡੀ ਈ ਚਿਕੜ ਨਾਲ ਨਹੀਂ ਲਿਬੜਦੀ, ਸਗੋਂ ਲਾਹਣਤਾਂ ਨਾਲ ‘ਪ੍ਰਧਾਨ ਜੀ’ ਹੁਰਾਂ ਦੀ ਸ਼ਖਸੀਅਤ ਵੀ ਹਮੇਸ਼ਾਂ ਲਈ ਲਿਬੜ ਜਾਂਦੀ ਏ। ਕਈ ‘ਪ੍ਰਧਾਨ ਜੀ’ ਹੋਰਾਂ ਦੇ ਵਿਸ਼ੇਸ਼ ਚਰਿੱਤਰ ਦੇ ਦਰਸ਼ਨ, ਜਿੱਥੇ ਉਨਾਂ ਦੀ ਵਾਇਰਲ ਆਡਿਓ-ਵੀਡਿਓ ਰਾਹੀਂ ਹੁੰਦੇ ਨੇਂ, ਉੱਥੇ ਈ ਕੁਝ ਕੁ ‘ਪ੍ਰਧਾਨ ਜੀ’ ਸ਼ਰੇਆਮ ਛਿੱਤਰ ਪਰੇਡ ਦੀ ਰੱਜਵੀਂ ਸੋਗਾਤ ਪ੍ਰਾਪਤ ਕਰ ਚੁੱਕੇ ਹਨ।

ਮਤਲਬ ਪ੍ਰਸਤੀ ਦੇ ਇਸ ਦੌਰ ‘ਚ ਕੁਝ ‘ਪ੍ਰਧਾਨ ਜੀ’ ਇਸ ਤਰ੍ਹਾਂ ਦੇ ਵੀ ਨੇਂ, ਜੋ ਲੋਕਾਂ ਦੀ ਸੇਵਾ ਲਈ ਤਨ-ਮਨ-ਧਨ ਤੋਂ ਸਮਰਪਿਤ ਨੇਂ, ਪਰ ਇੰਨਾਂ ਦੀ ਗਿਣਤੀ ਬਹੁਤ ਘੱਟ ਹੈ। ਜਿੰਨਾਂ ਦਾ ਉਦੇਸ਼ ਸਿਰਫ ਮਨੁੱਖਤਾ ਤੇ ਲੋਕ ਭਲਾਈ ਈ ਹੁੰਦਾ ਏ, ਪਰ ਆਮ ਲੋਕ, ਰਾਜਨੀਤਕ ਦਲ ਤੇ ਸੰਸਥਾਵਾਂ ਵੀ ਇੰਨਾਂ ਪ੍ਰਧਾਨਾਂ ਨੂੰ ਖਾਸ ਤਵੱਜੋ ਨਹੀਂ ਦਿੰਦੀਆਂ। ਕਿਉਂਕਿ ਇਹਨਾਂ ਦੀ ਇਮਾਨਦਾਰੀ ਤੇ ਨੈਤਿਕਤਾ ਕਾਰਨ ਇਹ ਕਿਸੇ ਦੇ ਵੀ ਖਾਂਚੇ ‘ਚ ਫਿੱਟ ਨਹੀਂ ਬੈਠਦੇ। ਸਾਡੇ ਲਈ ਸਾਡੇ ਆਪਣੇ ਤੋਂ ਵੱਡਾ ਕੋਈ ਹੋਰ ਜੱਜ ਨਹੀਂ ਹੁੰਦਾ, ਸਾਡੇ ਸਾਰਿਆਂ ‘ਚ ਈ ‘ਪ੍ਰਧਾਨ ਜੀ’ ਬੈਠਾ ਏ, ਕਿਸੇ ‘ਚ ਘੱਟ ਤੇ ਕਿਸੇ ‘ਚ ਵੱਧ, ਪਰ ਕਿਹੜਾ ਇਹ ਸਿਰਫ ਅਸੀਂ ਜਾਣਦੇ ਆਂ।

‘ਪ੍ਰਧਾਨ ਜੀ’ ਦੀ ਨੈਤਿਕ ਉਪਾਧੀ, ਜੋ ਹੋਲੀ-ਹੋਲੀ ਮਜ਼ਾਕ ਦਾ ਪਾਤਰ ਬਣਦੀ ਜਾ ਰਹੀ ਹੈ। ਇਸ ਸ਼ਬਦ ਦੀ ਮਰਿਆਦਾ ਤੇ ਨੈਤਿਕਤਾ ਨੂੰ ਕਾਇਮ ਰੱਖਣ ਦੀ ਜਿੰਮੇਵਾਰੀ, ਸਾਡੀ ਸਾਰਿਆਂ ਦੀ ਹੀ ਹੈ। ਸੋ ਆਓ, ਆਪਾਂ ਸਾਰੇ ਈ ਫੁਕਰਾਪੰਥੀ ਤੋਂ ਬਚਦਿਆਂ, ਨੈਤਿਕਤਾ ਦਾ ਪਾਲਣ ਕਰਨ ਦਾ ਪ੍ਰਣ ਲਈਏ।

ਅਸ਼ੋਕ ਸੋਨੀ, ਕਾਲਮ ਨਵੀਸ
ਖੂਈ ਖੇੜਾ, ਫਾਜ਼ਿਲਕਾ
98727 05078

Show More

Related Articles

Leave a Reply

Your email address will not be published.

Back to top button