ਸਾਹਿਤ
Trending

ਪੰਜਾਬ ਵਾਸੀਆਂ ਨੇ ਜਿੱਥੇ ਬਾਦਲ-ਕੈਪਟਨ ਝੱਲ ਲਿਆ, ਉੱਥੇ ਚੰਨੀ ਵੀ ਸਹੀਂ…

Where the people of Punjab endured Badal-Captain, Channi was also right ...

ਬਰਗਾੜੀ ਮੋਰਚੇ ਮੌਕੇ ਜਥੇਦਾਰ ਧਿਆਨ ਸਿੰਘ ਮੰਡ ਕਹਿੰਦੇ ਰਹੇ ਕਿ “ਜੇ ਇਨਸਾਫ਼ ਨਾ ਦਿੱਤਾ ਤਾਂ ਜਿਹੜੀ ਖੱਡ ਵਿੱਚ ਪ੍ਰਕਾਸ਼ ਸਿੰਘ ਬਾਦਲ ਡਿੱਗਿਆ ਪਿਆ, ਓਸੇ ਵਿੱਚ ਹੀ ਜਾ ਕੇ ਕੈਪਟਨ ਅਮਰਿੰਦਰ ਸਿੰਘ ਡਿੱਗੇਗਾ” ਓਹੀ ਹੋਇਆ। ਬੇਅਦਬੀ ਮਸਲੇ ਉੱਤੇ ਧੋਖਾ ਦੇਣ ਵਾਲ਼ਾ ਬਾਦਲਕਿਆਂ ਤੇ ਭਾਜਪਾ ਨਾਲ਼ ਮਿਲ਼ ਕੇ ਦੋਸ਼ੀਆਂ ਨੂੰ ਬਚਾਉਣ ਵਾਲ਼ਾ ਕੈਪਟਨ ਅਮਰਿੰਦਰ ਸਿੰਘ ਹੁਣ ਜ਼ਲੀਲ ਹੋਇਆ ਮਹਿਸੂਸ ਕਰਦਾ ਹੈ। ਨਿੰਮੋਝੂਣਾ, ਉਦਾਸ, ਹਾਰਿਆ ਹੋਇਆ, ਬੇਵੱਸ, ਬੇਦਿਲ, ਬੇਜਾਨ, ਮੁਰਝਾਇਆ ਤੇ ਬਦਨਾਮ ਹੋਇਆ ਕੈਪਟਨ, ਹੁਣ ਆਪਣੇ ਦਿਲ ਟੁੱਟਣ ਦੀ ਗੱਲ ਕਰ ਰਿਹਾ। ਇਹ ਸਦਮਾ ਉਸ ਲਈ ਅਸਹਿ ਹੈ ਕਿ ਹੁਣ ਉਹ ਮੁੱਖ ਮੰਤਰੀ ਨਹੀਂ ਰਿਹਾ।

ਪਿਛਲੇ ਸਾਢੇ ਚਾਰ ਸਾਲ ਉਹਨੇ ਸਿੱਖ ਜਜਬਾਤਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ। ਅਫ਼ਸਰਸ਼ਾਹੀ ਬੇਲਗਾਮ ਹੋਈ ਫਿਰਦੀ ਰਹੀ। ਪੁਲੀਸ ਮੁਖੀ ਤੇ ਐਡਵੋਕੇਟ ਜਨਰਲ ਨੂੰ ਕਦੇ ਨਹੀਂ ਪੁੱਛਿਆ ਕਿ ਸੈਣੀ ਨੂੰ ਸਕਿੰਟ ਵਿੱਚ ਕਿਵੇਂ ਅਦਾਲਤ ਤੋਂ ਰਾਹਤ ਮਿਲ਼ ਜਾਂਦੀ ਹੈ ? ਕਦੇ ਨਹੀਂ ਕਿਹਾ ਕਿ ਬਾਦਲਕਿਆਂ ਖਿਲਾਫ਼ ਛੇਤੀ ਕਾਰਵਾਈ ਹੋਵੇਗੀ। ਉਲ਼ਟਾ ਟਰਕਾਉਣ, ਭਰਮਾਉਣ ਤੇ ਗੱਲ ਲਮਕਾਉਣ ਵਿੱਚ ਹੀ ਲੱਗਾ ਰਿਹਾ। ਅੰਤ ਕੁਰਸੀ ਖੁੱਸ ਗਈ। ਮਹਾਰਾਜੇ ਨੂੰ ਹੋਰ ਵੀ ਝਟਕਾ ਲੱਗਿਆ ਹੋਣਾ ਜਦ ‘ਟੈਂਟ ਵਾਲ਼ਿਆਂ ਦਾ’ ਪੁੱਤਰ ਉਸ ਦੀ ਕੁਰਸੀ ਉੱਤੇ ਬੈਠ ਗਿਆ। ਮਹਾਰਾਜਾ ਅਮਰਿੰਦਰ ਸਿੰਘ ਤੇ ਉਸ ਦੀ ਟੀਮ ਦੀ ਤਾਂ ਗੱਲ ਹੀ ਛੱਡੋ, ਨਵਜੋਤ ਸਿੰਘ ਸਿੱਧੂ ਤੇ ਉਸ ਦੇ ਹਮਾਇਤੀਆਂ ਨੇ ਵੀ ਕਦੇ ਨਹੀਂ ਸੀ ਸੋਚਿਆ ਕਿ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦੀ ਕੁਰਸੀ ਉੱਤੇ ਬਿਰਾਜਮਾਨ ਹੋ ਸਕਦਾ ਹੈ, ਇਹ ਚਮਤਕਾਰ ਹੈ। ਰਾਜਿਆਂ ਨੂੰ ਭਿਖਾਰੀ ਤੇ ਭਿਖਾਰੀਆਂ ਨੂੰ ਬਾਦਸ਼ਾਹੀਆਂ ਬਖਸ਼ਣ ਵਾਲ਼ੇ ਪ੍ਰਮਾਤਮਾ ਦੀ ਲੀਲ੍ਹਾ ਦਾ ਕੋਈ ਅੰਤ ਨਹੀਂ।

ਬੇਸ਼ੱਕ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦੀ ਕੁਰਸੀ ਉੱਤੇ ਬਿਰਾਜਮਾਨ ਹੋ ਕੇ ਕੋਈ ਬਹੁਤੀ ਵੱਡੀ ਮੱਲ ਨਾ ਮਾਰ ਸਕੇ। ਜਿਨ੍ਹਾਂ ਮਸਲਿਆਂ ਕਰਕੇ ਕੈਪਟਨ ਦੀ ਕੁਰਸੀ ਗਈ, ਉਹਨਾਂ ਦਾ ਵੀ ਕੋਈ ਹੱਲ ਨਾ ਕਰ ਸਕੇ। ਪਰ ਉਸ ਦੇ ਮੁੱਖ ਮੰਤਰੀ ਬਣਨ ਦੇ ਅਰਥ ਬੜੇ ਵੱਡੇ ਨੇ ਤੇ ਇਹ ਗੱਲ ਪੰਜਾਬ ਦੇ ਇਤਿਹਾਸ ਵਿੱਚ ਦਰਜ਼ ਹੋ ਗਈ ਹੈ ਕਿ ਇੱਥੇ ਉਹਨਾਂ ਵਿੱਚੋਂ ਵੀ ਸਰਦਾਰੀਆਂ ਭੋਗ ਗਏ, ਜਿਨ੍ਹਾਂ ਨੂੰ ਮਨੂੰ ਸਿਮਰਤੀ ਤੇ ਹੋਰ ਹਿੰਦੂਤਵੀ ਗ੍ਰੰਥ ਦੁਰਕਾਰਦੇ ਰਹੇ। ਬ੍ਰਾਹਮਣਵਾਦ ਜਿਨ੍ਹਾਂ ਨੂੰ ਨੀਵੇਂ ਤੋਂ ਨੀਵੇਂ ਗਰਦਾਨਦਾ ਹੈ, ਪੰਜਾਬ ਉਹਨਾਂ ਨੂੰ ਭਾਈ ਲਾਲੋ ਜੀ ਦੇ ਵਾਰਿਸ ਮੰਨ ਕੇ ਸਤਿਕਾਰਦਾ ਹੈ। ਬ੍ਰਾਹਮਣਵਾਦ ਸ਼ੋਸ਼ਣ, ਲੁੱਟ, ਦਰੜਨ ਦਾ ਹੋਕਾ ਦਿੰਦਾ ਹੈ, ਜਦਕਿ ਗੁਰਮਤਿ ਕਿਰਤ ਤੇ ਕਿਰਤੀਆਂ ਦਾ ਸਤਿਕਾਰ ਕਰਨ, ਨਾਮ ਜਪੋ, ਕਿਰਤ ਕਰੋ, ਵੰਡ ਛਕੋ ਕਹਿ ਕੇ ਸਰਬੱਤ ਦਾ ਭਲਾ ਮੰਗਣ ਦੀ ਪ੍ਰੇਰਨਾ ਦਿੰਦੀ ਹੈ।

ਪੰਜਾਬ ਦੀ ਹੀ ਨਹੀਂ, ਭਾਰਤ ਦੀ ਸਿਆਸਤ ਵਿੱਚ ਵੀ ਚਰਨਜੀਤ ਸਿੰਘ ਚੰਨੀ ਦਾ ਮੁੱਖ ਮੰਤਰੀ ਬਣਨਾ ਇੱਕ ਅਚੰਭੇ ਵਾਲੀ ਗੱਲ ਹੈ। ਇਹ ਸਿਰਫ਼ ਪੰਜਾਬ ਵਿੱਚ ਹੀ ਵਾਪਰ ਸਕਦਾ ਹੈ ਕਿ ਉਹਨਾਂ ਸ਼੍ਰੇਣੀਆਂ ਵਿੱਚੋਂ ਕੋਈ ਮੁੱਖ ਮੰਤਰੀ ਬਣ ਜਾਵੇ, ਜਿਨ੍ਹਾਂ ਨੂੰ ਬ੍ਰਹਮਣਵਾਦ ਨੀਵਿਆਂ ਕਹਿ ਕੇ ਦੁਰਕਾਰਦਾ ਹੈ। ਅੱਜ ਵੀ ਬ੍ਰਾਹਮਣਵਾਦ ਨੇ ਜਾਤ-ਵਰਣ ਦੀ ਵੰਡ ਕਰਕੇ ਥਾਂ-ਥਾਂ ਲਿਖ ਕੇ ਲਾਇਆ ਹੋਇਆ ਹੈ ਕਿ ਇੱਥੇ ਸ਼ੂਦਰਾਂ ਦਾ ਦਾਖਲਾ ਨਹੀਂ ਹੋ ਸਕਦਾ, ਪਰ ਪੰਜਾਬ ਵਿੱਚ ਸਿੱਖ ਫਲਸਫ਼ੇ ਦਾ ਜ਼ੋਰ ਹੈ। ਇੱਥੇ ਗੁਰੂ ਸਾਹਿਬਾਨ ਨੇ ਬ੍ਰਾਹਮਣਵਾਦੀ ਜਾਤ-ਵਰਣ ਦੀਆਂ ਜੜ੍ਹਾਂ ਪੁੱਟੀਆ ਹੋਈਆਂ ਹਨ। ਇਸ ਕਰਕੇ ਇੱਥੇ ਚਰਨਜੀਤ ਸਿੰਘ ਚੰਨੀ ਦਾ ਮੁੱਖ ਮੰਤਰੀ ਬਣਨਾ ਉਵੇਂ ਨਹੀਂ ਵੇਖਿਆ ਜਾਂਦਾ ਜਿਵੇਂ ਯੂ.ਪੀ. ਹਰਿਆਣੇ ਤੇ ਹੋਰ ਰਾਜਾਂ ਵਿੱਚ ਵੇਖਿਆ ਜਾ ਸਕਦਾ ਹੈ।

ਬ੍ਰਾਹਮਣਵਾਦੀ ਜਾਤ-ਵਰਣ ਦੀ ਜ਼ਹਿਰ ਨੇ ਪੰਜਾਬ ਤੋਂ ਬਾਹਰ ਪੂਰੀਆਂ ਜੜ੍ਹਾਂ ਲਾਈਆਂ ਹੋਣ ਕਰਕੇ ਅੱਜ ਵੀ ਕਰੋੜਾਂ ਲੋਕ ਸੰਤਾਪ ਝੱਲਦੇ ਹਨ। ਪੰਜਾਬ ਵਿੱਚ ਦੂਜੇ ਸੂਬਿਆਂ ਦੇ ਲੋਕਾਂ ਦੀ ਵਧ ਰਹੀ ਆਬਾਦੀ ਪਿੱਛੇ ਇੱਕ ਪ੍ਰਮੁੱਖ ਤੱਤ ਇਹ ਵੀ ਹੈ ਕਿ ਇਥੋਂ ਜਾਤ-ਵਰਣ ਕਰਕੇ ਉਹ ਸੰਤਾਪ ਨਹੀਂ ਝੱਲਣਾ ਪੈਂਦਾ, ਜੋ ਦੂਜਿਆਂ ਸੂਬਿਆਂ ਵਿੱਚ ਆਮ ਗੱਲ ਹੈ। ਪੰਜਾਬ ਵਿੱਚ ਜੇ ਕੋਈ ਜਾਤ-ਵਰਣ ਕਰਕੇ ਵਿਤਕਰਾ, ਹਮਲਾ ਤੇ ਕਾਰਵਾਈ ਕਰ ਬੈਠੇ ਤਾਂ ਸਾਰਾ ਸਿੱਖ ਸਮਾਜ ਤੇ ਆਮ ਪੰਜਾਬੀ ਹਿੱਕ ਡਾਹ ਕੇ ਵਿਰੋਧ ਕਰਦਾ ਹੈ। ਜਦਕਿ ਬਾਕੀ ਭਾਰਤ ਵਿੱਚ ਬ੍ਰਾਹਮਣਵਾਦ ਦੇ ਜ਼ੋਰ ਕਰਕੇ ਕਹਿੰਦੇ ਹਿੱਕ ਡਲਨੇ ਕਿ ਜਦ ਤੇਰੀ ਜਾਤ ਹੀ ਛੋਟੀ ਹੈ, ਫੇਰ ?

ਜਦ ਸਿਆਸੀ ਦਲਾਂ ਨੇ ਪੰਜਾਬ ਵਿੱਚ ਦਲਿਤ ਮੁੱਖ ਮੰਤਰੀ ਦੀ ਗੱਲ ਛੇੜੀ ਤਾਂ ਸਾਡੇ ਇੱਕ ਵਾਕਿਫ਼ ਨੇ ਕਿਹਾ ਸੀ ਕਿ ਸਿਆਸੀ ਦਲ ਜਾਣਦੇ ਹਨ ਕਿ ਪੰਜਾਬ ਤੋਂ ਬਗੈਰ ਹੋਰ ਸੂਬਿਆਂ ਵਿੱਚ ਇਹ ਗੱਲ ਕਹਿ ਕੇ ਸਿਆਸੀ ਨੁਕਸਾਨ ਹੀ ਹੋਵੇਗਾ। ਜਦ ਕਿ ਜੇ ਇਹੋ ਗੱਲ ਪੰਜਾਬ ਵਿੱਚ ਕਹੀਏ ਤਾਂ ਲਾਭ ਹੋਵੇਗਾ, ਕਿਉਂਕਿ ਪੰਜਾਬ ਵਿੱਚ ਦਲਿਤ ਦਾ ਸਿੱਖ ਭਾਈਚਾਰਾ ਡਟ ਕੇ ਸਾਥ ਦੇ ਸਕਦਾ ਹੈ। ਜਦਕਿ ਹੋਰ ਸੂਬਿਆਂ ਵਿੱਚ ਜਿਹੜੀ ਧਿਰ ਦਲਿਤ ਨੂੰ ਉਭਾਰੇਗੀ, ਉਸ ਦਾ ਬ੍ਰਾਹਮਣਵਾਦ ਵੱਲੋਂ ਉੱਚੇ ਗਰਦਾਨੇ ਲੋਕ ਡਟ ਕੇ ਵਿਰੋਧ ਕਰਨਗੇ। ਉਸ ਦੀ ਗੱਲ ਸੁਣ ਪੰਜਾਬ ਤੇ ਸਿੱਖੀ ਦਾ ਮਾਣ ਮਹਿਸੂਸ ਹੋਇਆ। ਇਹ ਪੰਜਾਬ ਹੀ ਹੈ ਜਿੱਥੇ ਕਲਗੀਧਰ ਸ਼ਹਿਨਸ਼ਾਹ ਦੇ ਵਚਨ ਗੂੰਜਦੇ ਹਨ,
“ਜਿਨ ਕੀ ਜਾਤ ਵਰਣ ਔਰ ਕੁਲ ਮਾਹੀ।। ਸਰਦਾਰੀ ਨਾ ਭਈ ਕਦਾਈਂ।।
ਇਨ ਹੀ ਕੋ ਸਰਦਾਰ ਬਨਾਊਂ।। ਤਬੈ ਗੋਬਿੰਦ ਸਿੰਘ ਨਾਮ ਕਹਾਊਂ।।

ਬ੍ਰਾਹਮਣਵਾਦ ਦੇ ਗੜ੍ਹ ਵਾਲੇ ਪੰਜਾਬ ਦੇ ਬਾਹਰਲੇ ਸੂਬਿਆਂ ਵਿੱਚ ਜੇ ਕੋਈ ਬ੍ਰਾਹਮਣਵਾਦ ਵੱਲੋਂ ਦਰੜੇ ਲੋਕਾਂ ਨੂੰ ਸਰਦਾਰੀਆਂ ਦੇਣ ਦੀ ਗੱਲ ਕਹੇ ਤਾਂ ਤੂਫਾਨ ਆ ਜਾਵੇਗਾ, ਪਰ ਪੰਜਾਬ ਵਿੱਚ ਇਸ ਵਿਚਾਰ ਨੂੰ ਸ਼ਰਧਾ ਤੇ ਸਤਿਕਾਰ ਨਾਲ਼ ਪ੍ਰਵਾਨ ਕੀਤਾ ਜਾਂਦਾ ਹੈ। ਪੰਜਾਬ ਪ੍ਰਵਾਨ ਕਰ ਸਕਦਾ ਹੈ ਕਿ ਸ. ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਿਆ। ਕਾਂਗਰਸ ਕਿਸੇ ਦਾੜ੍ਹੇ-ਕੇਸ ਤੋਂ ਬਗੈਰ ਆਗੂ ਨੂੰ ਵੀ ਮੁੱਖ ਮੰਤਰੀ ਬਣਾ ਸਕਦੀ ਸੀ। ਪਰ ਫ਼ੈਸਲਾ ਲੈਣ ਵਾਲ਼ਿਆਂ ਨੂੰ ਪਤਾ ਸੀ ਕਿ ਪੰਜਾਬ ਦੀ ਤਾਸੀਰ ਦਸਤਾਰ ਵਾਲ਼ੇ ਨੂੰ ਪ੍ਰਵਾਨ ਕਰਦੀ ਹੈ। ਇਸ ਕਰਕੇ ਸਰਦਾਰੀ ਨੂੰ ਦਸਤਾਰ ਸਿੱਖੀ ਨੂੰ ਸਲਾਮ ਕਰਨਾ ਪਿਆ। ਪਰ ਬਾਕੀ ਸੂਬਿਆਂ ਵਿੱਚ ਹਾਲਾਤ ਇਸ ਦੇ ਉਲ਼ਟ ਹੋਣਗੇ। ਕੀ ਕਦੇ ਸੁਣਿਆ ਕਿ ਕਿਸੇ ਸਿਆਸੀ ਦਲ ਨੇ ਐਲਾਨ ਕੀਤਾ ਹੋਵੇ ਕਿ ਉਹ ਭਾਰਤ ਦਾ ਪ੍ਰਧਾਨ ਮੰਤਰੀ ਬ੍ਰਾਹਮਣਵਾਦ ਵੱਲੋਂ ਦਲਿਤ ਕਹੇ ਲੋਕਾਂ ਵਿੱਚੋਂ ਬਣਾਵੇਗਾ? ਹਰੇਕ ਸਿਆਸੀ ਦਲ ਨੂੰ ਪਤਾ ਹੈ ਕਿ ਪੰਜਾਬ ਤੋਂ ਬਗੈਰ ਬਾਕੀ ਭਾਰਤ ਵਿੱਚ ਇਹ ਸੌਦਾ ਘਾਟੇ ਵਾਲ਼ਾ ਰਹੇਗਾ ਕਿਉਂਕਿ ਪੰਜਾਬ ਵਿੱਚ ਸਿੱਖੀ ਕਰਕੇ ਮਾਹੌਲ ਹੋਰ ਹੈ।

ਪੰਜਾਬ ਵਿੱਚ ਹਿੰਦੂ ਮੁੱਖ ਮੰਤਰੀ ਬਣਾਉਣ ਵਾਲੀ ਬਿਰਤੀ ਵਾਲ਼ੇ ਵੀ ਜਾਣਦੇ ਹਨ ਕਿ ਇਹ ਗੱਲ ਸਿਆਸੀ ਧਰੁਵੀਕਰਨ ਲਈ ਤਾਂ ਚੱਲ ਸਕਦੀ ਹੈ। ਪਰ ਇਹਨੂੰ ਫ਼ਿਰਕੂ ਰੰਗ ਦੇਣ ਲਈ ਪੰਜਾਬ ਵਿੱਚ ਮਹੌਲ ਸਾਜਗਾਰ ਨਹੀਂ, ਕਿਉਂਕਿ ਇੱਥੇ ਸਿੱਖ ਫਲਸਫ਼ੇ ਦੇ ਅਸਰ ਕਰਕੇ ਬਥੇਰੇ ਹਿੰਦੂ ਨੇ ਜੋ ਜਾਣਦੇ ਹਨ ਕਿ ਸਿੱਖਾਂ ਨਾਲ਼ ਮਿਲਵਰਤਣ ਰੱਖਣਾ ਚਾਹੀਦਾ ਹੈ। ਚੇਤੇ ਰਹੇ ਕਿ ਖਾੜਕੂਵਾਦ ਦੌਰਾਨ ਵੀ ਪੰਜਾਬ ਵਿੱਚ ਕਦੇ ਫ਼ਿਰਕੂ ਤਣਾਅ ਦੰਗਿਆਂ ਤਕ ਨਹੀਂ ਪਹੁੰਚਿਆ। ਪੰਜਾਬ ਦਾ ਹਿੰਦੂ ਜਾਣਦਾ ਹੈ ਕਿ ਸਿੱਖ ਆਪਣੇ ਧਰਮ, ਕੌਮ, ਬੋਲੀ, ਸੱਭਿਆਚਾਰ ਦੀ ਲੜਾਈ ਲੜਦੇ ਹੋਏ ਵੀ ਹਿੰਦੂ ਨੂੰ ਸਿਰਫ਼ ਹਿੰਦੂ ਹੋਣ ਕਰਕੇ ਵਿਰੋਧੀ ਨਹੀਂ ਮੰਨਦੇ। ਪੰਜਾਬ ਦਾ ਹਿੰਦੂ ਜਾਣਦਾ ਹੈ ਕਿ ਸਿੱਖ ਸਿਰਫ਼ ਓਸ ਸਖਸ਼ ਦਾ ਦੁਸ਼ਮਣ ਹੈ, ਜਿਹੜਾ ਸਿੱਖ ਨਾਲ਼ ਦੁਸ਼ਮਣੀ ਪਾਵੇ। ਪੰਜਾਬ ਵਿੱਚ ਹਿੰਦੂ ਮੁੱਖ ਮੰਤਰੀ ਦਾ ਵਿਚਾਰ ਦੇਣ ਵਾਲ਼ੇ ਜਾਣਦੇ ਹਨ ਕਿ ਉਹਨਾਂ ਵੱਲੋਂ ਫ਼ਿਰਕੂ ਪੱਤਾ ਸੁੱਟਿਆ ਤਾਂ ਜਾ ਸਕਦਾ ਹੈ, ਪਰ ਪੰਜਾਬ ਵਿੱਚ ਸਿੱਖ ਫਲਸਫ਼ੇ ਕਰਕੇ ਕਾਮਯਾਬੀ ਨਹੀਂ ਮਿਲਣੀ। ਸਿੱਖੀ ਨੇ ਪੰਜਾਬ ਵਿੱਚ ਫ਼ਿਰਕੂਪੁਣਾ ਕਾਬੂ ਹੇਠ ਰੱਖਿਆ ਹੋਇਆ ਹੈ।

ਪਿੱਛੇ ਜਿਹੇ ਇੱਕ ਸਿਆਸੀ ਆਗੂ ਨੂੰ ਕਹਿਣਾ ਪਿਆ ਕਿ ਸਾਰੇ ਭਾਰਤ ਵਿੱਚੋਂ ਇੱਕੋ ਇੱਕ ਤਾਂ ਸੂਬਾ ਜਿੱਥੇ ਦਸਤਾਰ ਵਾਲ਼ੇ ਸਿੱਖ ਨੇ ਮੁੱਖ ਮੰਤਰੀ ਬਣਨਾ ਹੁੰਦਾ ਹੈ। ਇਸ ਕਰਕੇ ਪੰਜਾਬ ਵਿੱਚ ਜੇ ਸਾਡੀ ਸਰਕਾਰ ਬਣੀ ਤਾਂ ਸਿੱਖ ਸਰਦਾਰ ਹੀ ਮੁੱਖ ਮੰਤਰੀ ਹੋਵੇਗਾ। ਇਸ ਮਗਰੋਂ ਓਸ ਪਾਰਟੀ ਦੇ ਆਗੂਆਂ ਨੂੰ ਅਹਿਸਾਸ ਹੋਇਆ ਕਿ ਜੇ ਉਹ ਸਿੱਖ ਸਰਦਾਰ ਨੂੰ ਮੁੱਖ ਮੰਤਰੀ ਵਾਲ਼ਾ ਸਪਸ਼ੱਟੀਕਰਨ ਨਾ ਦਿੰਦੇ ਤਾਂ ਪੰਜਾਬ ਵਿੱਚ ਲਾਜ਼ਮੀ ਸਿਆਸੀ ਨੁਕਸਾਨ ਹੁੰਦਾ। ਜੇ ਸਿਆਸੀ ਜਮ੍ਹਾ-ਘਟਾਓ ਦੇ ਪੱਖ ਤੋਂ ਪਰਖੀਏ ਤਾਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਾ ਕੇ ਕਾਂਗਰਸ ਨੇ ਆਪਣੇ ਰਵਾਇਤੀ ਵੋਟ-ਬੈਂਕ ਨੂੰ ਮਜਬੂਤ ਕਰ ਲਿਆ ਹੈ ਤੇ ਹੁਣ ਉਤਰਾਂਚਲ ਤੇ ਯੂ.ਪੀ. ਵਿੱਚ ਇਸੇ ਤਰ੍ਹਾਂ ਦੇ ਪੱਤੇ ਖੇਡਣ ਦਾ ਮਨ ਬਣਾ ਲਿਆ ਹੈ। ਜੇ ਪੰਜਾਬ ਵਿੱਚ ਕਾਮਯਾਬ ਹੋਣ ਮਗਰੋਂ ਕਾਂਗਰਸ ਭਾਰਤ ਦੇ ਦਸ ਕੁ ਸੂਬਿਆਂ ਵਿੱਚ ਇਸੇ ਤਰ੍ਹਾਂ ਬ੍ਰਾਹਮਣਵਾਦ ਦੇ ਸਤਾਏ ਲੋਕਾਂ ਵਿੱਚੋਂ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰ ਦੇਵੇ ਤਾਂ ਇੱਕ ਤਰ੍ਹਾਂ ਇਹ ਸਿੱਖ ਧਰਮ ਦੇ ਅਸੂਲਾਂ ਨੂੰ ਹੋਰ ਅੱਗੇ ਵਧਾਉਣ ਵਾਲੀ ਗੱਲ ਹੀ ਹੋਵੇਗੀ। ਕਿਉਂਕਿ ਜੇ ਸਿੱਖ ਬਹੁਗਿਣਤੀ ਵਾਲ਼ੇ ਪੰਜਾਬ ਵਿੱਚ ਇਹ ਗੱਲ ਵਾਪਰ ਸਕੀ ਤਾਂ ਹੀ ਹੋਰ ਸੂਬਿਆਂ ਵਿੱਚ ਇਹ ਪੱਤਾ ਖੇਡਣ ਦਾ ਵਿਚਾਰ ਬਣਿਆ।

ਸ. ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਨ ਨਾਲ਼ ਬਾਦਲ ਦਲ ਉੱਤੇ ਵੀ ਦਬਾਅ ਬਣ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਥਾਂ ਦੱਬੇ-ਕੁਚਲੇ ਵਰਗਾਂ ਵਿੱਚੋਂ ਕਿਸੇ ਆਗੂ ਨੂੰ ਮੁੱਖ ਮੰਤਰੀ ਐਲਾਨ ਕੇ ਚੋਣ ਲੜੀ ਜਾਵੇ। ਬਾਦਲ ਦਲ ਵੱਲੋਂ ਗੁਲਜਾਰ ਸਿੰਘ ਰਣੀਕੇ ਤੇ ਆਮ ਆਦਮੀ ਪਾਰਟੀ ਵੱਲੋਂ ਸੇਖਵਾਂ, ਚੀਮਾ ਵਰਗਿਆਂ ਦੇ ਸਮਰਥਕ ਚਰਨਜੀਤ ਸਿੰਘ ਚੰਨੀ ਦੇ ਧੰਨਵਾਦੀ ਹੀ ਹੋਣਗੇ ਕਿ ਜੇ ਉਹ ਮੁੱਖ ਮੰਤਰੀ ਬਣਿਆ ਤਾਂ ਸਾਡਾ ਵੀ ਜ਼ਿਕਰ ਛਿੜਿਆ। ਲੇਕਿਨ ਸਿੱਖ ਯੂਥ ਫ਼ੈਡਰੇਸ਼ਨ ਸਪੱਸ਼ਟ ਹੈ ਕਿ ਸਿੱਖ ਮਸਲਿਆਂ ਦਾ ਹੱਲ ਭਾਰਤੀ ਹਕੂਮਤੀ ਸਿਸਟਮ ਵਿੱਚੋਂ ਲੱਭਣਾ ਮੁਸ਼ਕਿਲ ਹੈ। ਪਰ ਪੰਜਾਬ ਵਿੱਚ ਵਾਪਰਨ ਵਾਲ਼ੀਆਂ ਸਿਆਸੀ ਸਰਗਰਮੀਆਂ ਤੋਂ ਸਿੱਖ ਲਾਜ਼ਮੀ ਪ੍ਰਭਾਵਿਤ ਹੁੰਦੇ ਹਨ। ਜੇ ਸਿੱਖਾਂ ਦੇ ਮਸਲੇ ਬ੍ਰਾਹਮਣਵਾਦ ਵੱਲੋਂ ਉੱਚੀਆਂ ਗਰਦਾਨੀਆਂ ਬਿਰਾਦਰੀਆਂ ਦੇ ਮੁੱਖ ਮੰਤਰੀ ਹੱਲ ਨਹੀਂ ਕਰ ਸਕਦੇ ਤਾਂ ਬ੍ਰਾਹਮਣਵਾਦ ਵੱਲੋਂ ਦਰੜੇ ਲੋਕਾਂ ਵਿੱਚੋਂ ਬਣਨ ਵਾਲ਼ੇ ਮੁੱਖ ਮੰਤਰੀ ਵੀ ਜੇ ਹੱਲ ਨਾ ਕਰਨ ਤਾਂ ਕੀ ਫ਼ਰਕ ਪੈਂਦਾ ?

ਸਿੱਖਾਂ ਦੇ ਮਸਲੇ ਤਾਂ ਇਸ ਸਿਸਟਮ ਤੋਂ ਬਾਹਰ ਹੀ ਹੱਲ ਹੋਣੇ ਨੇ, ਪਰ ਜੇ ਇਸ ਦੌਰਾਨ ਕੋਈ ਚਰਨਜੀਤ ਸਿੰਘ ਚੰਨੀ ਵਰਗਾ ਬ੍ਰਾਹਮਣਵਾਦ ਵੱਲੋਂ ‘ਦਲਿਤ’ ਕਹਿ ਕੇ ਦੁਰਕਾਰੀਆਂ ਬਿਰਾਦਰੀਆਂ ਵਿੱਚੋਂ ਕੋਈ ਮੁੱਖ ਮੰਤਰੀ ਬਣਿਆ ਹੈ ਤਾਂ ਚੰਗੀ ਗੱਲ ਹੀ ਹੈ। ਸਿੱਖੀ ਦੀ ਵਿਚਾਰਧਾਰਾ ਵਾਲ਼ੇ ਜਦ ਇਸ ਸਿਸਟਮ ਵਿੱਚ ਯਕੀਨ ਹੀ ਨਹੀਂ ਰੱਖਦੇ ਤਾਂ ਚਾਹੇ ਜਿਹੜਾ ਮਰਜ਼ੀ ਮੁੱਖ ਮੰਤਰੀ ਬਣਦਾ ਰਹੇ, ਕੀ ਫ਼ਰਕ ਪੈਂਦਾ ? ਪਰ ਜਦ ਦਹਾਕਿਆਂ ਤੋਂ ਚੱਲੀ ਆਉਂਦੀ ਰੀਤ ਟੁੱਟੇ ਤੇ ਰੀਤ ਟੁੱਟਣ ਮੌਕੇ ਸਿੱਖ ਫਲਸਫ਼ੇ ਦੀ ਅਗਵਾਈ ਮਹਿਸੂਸ ਹੋਵੇ ਤਾਂ ਦਿਲ ਨੂੰ ਚੰਗਾ ਲੱਗਦਾ। ਬੇਸ਼ੱਕ ਜਿਸ ਸਿਸਟਮ ਵਿੱਚੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਨੇ, ਉਸ ਨੇ ਸਿੱਖੀ ਤੇ ਸਿੱਖਾਂ ਦਾ ਕੁਝ ਸੰਵਾਰਨਾ ਨਹੀਂ, ਜਬਰ ਜ਼ੁਲਮ ਹੀ ਕਰਨਾ ਹੈ, ਪਰ ਇਸ ਇਤਿਹਾਸਕ ਕਦਮ ਦਾ ਸਵਾਗਤ ਤਾਂ ਕਰਨਾ ਬਣਦਾ ਹੀ ਹੈ।

ਜੇ ਨਵਾਂ ਮੁੱਖ ਮੰਤਰੀ ਕੁਝ ਨਾ ਕਰੇ ਤਾਂ ਜਿੱਥੇ ਬਾਦਲਕੇ ਤੇ ਕੈਪਟਨ ਵਰਗੇ ਝੱਲ ਲਏ, ਓਥੇ ਇਹ ਵੀ ਬਰਦਾਸ਼ਤ ਕਰ ਲਵਾਂਗੇ। ਜਿੱਥੇ ਐਨੇ ਮੁੱਖ ਮੰਤਰੀਆਂ ਦੇ ਜਬਰ ਜ਼ੁਲਮ ਝੱਲੇ ਨੇ, ਓਥੇ ਇਹ ਵੀ ਸਹੀਂ।

ਰਣਜੀਤ ਸਿੰਘ ਦਮਦਮੀ ਟਕਸਾਲ
ਪ੍ਰਧਾਨ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ
ਮੋ : 88722-93883

Show More

Related Articles

Leave a Reply

Your email address will not be published.

Back to top button