ਸਾਹਿਤ
Trending

ਬਾਦਲਕਿਆਂ ਦੀ ਸਿਆਸਤ ਦਾ ਪਹੀਆ ਬਣ ਚੁੱਕੀ ‘ਸ਼੍ਰੋਮਣੀ ਕਮੇਟੀ’

'Shiromani Committee' has become the wheel of Badalkas' politics.

ਬਾਦਲਕਿਆਂ ਨੇ ਸ਼੍ਰੋਮਣੀ ਕਮੇਟੀ ਦਾ ਉਹ ਹਾਲ ਕਰ ਦਿੱਤਾ ਹੈ ਕਿ ਕਿਸੇ ਵੇਲੇ ਇਸ ਮਹਾਨ ਸੰਸਥਾ ਦੇ ਪ੍ਰਧਾਨ ਦੀ ਚੋਣ ਬੜੀ ਅਹਿਮ ਖ਼ਬਰ ਹੁੰਦੀ ਸੀ। ਹਰੇਕ ਵਾਰ ਬੇਸ਼ੱਕ ਜਥੇਦਾਰ ਗੁਰਚਰਨ ਸਿੰਘ ਟੌਹੜਾ ਹੀ ਪ੍ਰਧਾਨ ਬਣ ਜਾਂਦਾ ਸੀ, ਪਰ ਲੋਕਾਂ ਦੀ ਦਿਲਚਸਪੀ ਜ਼ਰੂਰ ਹੁੰਦੀ ਸੀ। ਪਰ ਬਾਦਲ ਪਰਿਵਾਰ ਨੇ ਐਨਾ ਨਿਘਾਰ ਲਿਆਂਦਾ ਕਿ ਇਸ ਵਾਰ ਕਿਸੇ ਨੂੰ ਕੋਈ ਦਿਲਚਸਪੀ ਹੀ ਨਹੀਂ ਕਿ ਕੀਹਨੂੰ ਪ੍ਰਧਾਨ ਬਣਾਇਆ ਜਾਵੇਗਾ। ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਇਸ ਜਨਰਲ ਇਜਲਾਸ ਲਈ ਪਹੁੰਚਦੇ ਨੇ ਉਨ੍ਹਾਂ ਦੇ ਘਰਦੇ ਮੈਂਬਰ ਵੀ ਤੁਰਨ ਲੱਗੇ ਮਖੌਲਾਂ ਕਰਦੇ ਨੇ ਕਿ “ਜੈਕਾਰੇ ਗਜਾ ਕੇ ਮੁੜ ਆਉਣਾ ਹੈ।” ਸਰਾਵਾਂ ਵਿੱਚ ਕੰਮ ਕਰਦੇ ਮੁਲਾਜ਼ਮ ਤੇ ਸ਼੍ਰੋਮਣੀ ਕਮੇਟੀ ਦਾ ਅਮਲਾ ਵੀ ਮੈਂਬਰਾਂ ਦੀ ਹੈਸੀਅਤ ਸਮਝਦਾ ਹੈ ਕਿ ਸਰਾਵਾਂ ਵਿੱਚ ਕਿਸੇ ਵਾਕਿਫ਼ ਨੂੰ ਕਮਰਾ ਦਿਵਾਉਣ ਜੋਗੇ ਹੀ ਰਹਿ ਗਏ ਨੇ। ਬਾਦਲ ਪਰਿਵਾਰ ਦੀ ਕਿਰਪਾ ਦੇ ਪਾਤਰ ਬਣਨ ਵਾਲੇ ਕੁਝ ਕੁ ਮੈਂਬਰ ਹੀ ਕਿਸੇ ਗਿਣਤੀ ਵਿੱਚ ਹੁੰਦੇ ਨੇ ਜਿਹੜੇ ਕੋਈ ਅਰਥ ਰੱਖਦੇ ਨੇ। ਉਹ ਵੀ ਕਿਸੇ ਬਦਲੀ ਜਾਂ ਭਰਤੀ ਲਈ ਸਿਫ਼ਾਰਸ਼ ਕਰਨ ਜੋਗੇ ਹੁੰਦੇ ਨੇ।

ਸਿੱਖੀ ਦੀ ਚੜ੍ਹਦੀ ਕਲਾ ਲਈ ਕੋਈ ਪ੍ਰੋਜੈਕਟ ਸੋਚਣ ਜਾਂ ਪੰਥ-ਦੋਖੀਆਂ ਦੇ ਹਮਲਿਆਂ ਖਿਲਾਫ਼ ਕੋਈ ਰਣਨੀਤੀ ਬਾਰੇ ਸੋਚਣਾ-ਵਿਚਾਰਨਾ ਤਾਂ ਜਿਵੇਂ ਗੁਨਾਹ ਬਣ ਗਿਆ ਹੋਵੇ। ਇਹੋ ਜਿਹੀ ਸੰਸਥਾ ਦਿਨੋਂ ਦਿਨ ਆਪਣਾ ਵਕਾਰ ਕਿਉਂ ਨਾ ਗਵਾਏਗੀ ? ਇਸ ਸੰਸਥਾ ਦਾ ਸਰਮਾਇਆ ਤੇ ਸਾਧਨ ਹੁਣ ਬਾਦਲ ਪਰਿਵਾਰ ਦੀ ਸਿਆਸਤ ਲਈ ਵਰਤੇ ਜਾਂਦੇ ਨੇ। ਹਰੇਕ ਨੂੰ ਬਾਦਲ ਪਰਿਵਾਰ ਦੀ ‘ਜੀ ਹਜੂਰੀ’ ਕਰਨੀ ਪੈਂਦੀ ਹੈ। ਜੇ ਹੁਕਮ ਹੋ ਜਾਵੇ ਤਾਂ ਪੰਥ-ਦੋਖੀਆਂ ਨੂੰ ਸਿਰੋਪੇ ਵੀ ਦੇਣੇ ਪੈ ਜਾਂਦੇ ਨੇ ਤਾਂ ਇਸ ਸੰਸਥਾ ਦੀ ਇਤਿਹਾਸਕ ਠੁੱਕ ਕਿਵੇਂ ਬਚ ਸਕਦੀ ਹੈ ? ਪੰਥ ਦੀ ਰਾਖੀ ਤੇ ਪਹਿਰੇਦਾਰੀ ਕਰਨ ਦੀ ਥਾਂ ਬਾਦਲਕਿਆਂ ਨੇ ਇਸ ਨੂੰ ਪੰਥਕ ਹਿੱਤਾਂ ਦੇ ਖਿਲਾਫ਼ ਭੁਗਤਣ ਵਾਲੀ ਸੰਸਥਾ ਬਣਾ ਧਰਿਆ ਹੈ। ਇਹੋ ਜਿਹੀ ਸੰਸਥਾ ਬੇਸ਼ੱਕ ਕਿੰਨੀਆਂ ਵੀ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ ਹੋਵੇ, ਬੇਸ਼ੱਕ ਇਸ ਸੰਸਥਾ ਨੇ ਬੀਤੇ ਵਿੱਚ ਕਿੰਨੇ ਵੀ ਮਹਾਨ ਕੰਮ ਕੀਤੇ ਹੋਣ, ਬੇਸ਼ੱਕ ਹੁਣ ਵੀ ਇਸ ਸੰਸਥਾ ਵਿੱਚ ਕੁਰਬਾਨੀਆਂ ਵਾਲੇ ਪਰਿਵਾਰਾਂ ਦੇ ਮੈਂਬਰ ਮੁਲਾਜ਼ਮ ਹੋਣ, ਪਰ ਜਦ ਇਸ ਸੰਸਥਾ ਦਾ ਹਰ ਕਦਮ ਹੀ ਸਿੱਖ ਜਜ਼ਬਾਤਾਂ ਦੇ ਖਿਲਾਫ਼ ਹੋਵੇ, ਜਦ ਇਹ ਸੰਸਥਾ ਸਿੱਖਾਂ ਦੇ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਵੀ ਸਹੀ ਫ਼ਰਜ਼ ਨਾ ਨਿਭਾਵੇ ਤਾਂ ਦੱਸੋ, ਸਿੱਖਾਂ ਨੇ ਇਸ ਤੋਂ ਕੀ ਲੈਣਾ ਹੈ ? ਸਾਡਾ ਦਾਅਵਾ ਹੈ ਕਿ ਜੇ ਇਵੇਂ ਚੱਲਦਾ ਰਿਹਾ ਤਾਂ ਇਹ ਸੰਸਥਾ ਹੌਲੀ-ਹੌਲੀ ਖੁਦ-ਬ-ਖੁਦ ਅਪ੍ਰਸੰਗਕ ਹੋ ਜਾਵੇਗੀ। ਨਵੀਆਂ ਸੰਸਥਾਵਾਂ ਦੀ ਚੜ੍ਹਤ ਨੇ ਇਸ ਦੀ ਸ਼ਾਨ ਫਿੱਕੀ ਪਾ ਦੇਣੀ ਹੈ।

ਜਿਹੜੇ ਬਾਦਲਕੇ ਤੇ ਹੋਰ ਲੋਕ ਸ਼੍ਰੋਮਣੀ ਕਮੇਟੀ ਦਾ ਬੇੜਾ ਗ਼ਰਕ ਕਰਨ ਲਈ ਗੁਨਾਹਗਾਰ ਨੇ, ਇਹਨਾਂ ਦੇ ਵਾਰਿਸ ਵੀ ਇਸ ਨੂੰ ਤਿਆਗ ਕੇ ਨਵੀਆਂ ਪੰਥਕ ਸੰਸਥਾਵਾਂ ਦਾ ਬੇੜਾ ਗ਼ਰਕ ਕਰਨ ਤੁਰ ਪੈਣਗੇ। ਬੜੇ ਲੋਕ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਿੱਤ ਕੇ ਸੁਧਾਰ ਕਰਨ ਦੇ ਦਾਅਵੇ ਕਰਦੇ ਨੇ ਜਦਕਿ ਗੁਰਦੁਆਰਾ ਐਕਟ ਨੇ ਇਸ ਨੂੰ ਐਨੀ ਬੁਰੀ ਤਰ੍ਹਾਂ ਉਲ਼ਝਾ ਦਿੱਤਾ ਹੈ ਕਿ ਇਸਦੇ ਆਪਣੇ ਔਗੁਣ, ਕਮਜ਼ੋਰੀਆਂ ਤੇ ਗੜਬੜਾਂ ਨੇ ਇਸ ਨੂੰ ਕੈਂਸਰ ਵਾਂਗ ਗਰੱਸ ਲਿਆ ਹੈ। ਇਹ ਜਰਜਰੀ ਹੋ ਚੁੱਕੀ ਸੰਸਥਾ ਦੀ ਬਚੀ-ਖੁਚੀ ਸ਼ਾਨ ਬਚਾਉਣ ਦੀ ਲੜਾਈ ਲੜ ਰਹੇ ਲੋਕਾਂ ਦੇ ਹੌਂਸਲੇ ਨੂੰ ਸਲਾਮ ਹੈ ਪਰ ਸਾਫ਼ ਦਿੱਸ ਰਿਹਾ ਹੈ ਕਿ ਉਹ ਵੀ ਛੇਤੀ ਹਾਰ ਜਾਣਗੇ। ਇਸ ਵਾਰ ਸਿੱਖ ਸੰਗਤਾਂ ਦਾ ਹਾਵ-ਭਾਵ ਇਹ ਸੀ ਕਿ ਲਿਫਾਫ਼ੇ ਵਿੱਚੋਂ ਜੀਹਦਾ ਮਰਜ਼ੀ ਨਾਂ ਨਿਕਲੇ, ਕੀ ਫ਼ਰਕ ਪੈਂਦਾ, ਸਾਡੇ ਵੱਲੋਂ ਤਾਂ ਬੇਸ਼ੱਕ ਸੁਮੇਧ ਸੈਣੀ ਵਰਗੇ ਬੁੱਚੜਾਂ ਨੂੰ ਇਸ ਸੰਸਥਾ ਦੇ ਪ੍ਰਧਾਨ ਬਣਾ ਦੇਵੋ, ਜਿਨ੍ਹਾਂ ਨੂੰ ਬਾਦਲ ਦਲ ਪਹਿਲਾਂ ਹੀ ਹਿੱਕ ਦੇ ਵਾਲ਼ ਬਣਾਈ ਬੈਠਾ ਸੀ।

ਬਾਦਲਕਿਆਂ ਨੂੰ ਸਿੱਖੀ ਤੇ ਸਿੱਖਾਂ ਦਾ ਹਰੇਕ ਦੁਸ਼ਮਣ ਪਿਆਰਾ ਹੈ। ਉਨ੍ਹਾਂ ਨੂੰ ਚੌਧਰੀ ਬਣਾ ਕੇ ਸਿੱਖਾਂ ਨੂੰ ਚਿੜਾਇਆ ਜਾਂਦਾ ਹੈ। ਉਹ ਲੋਕ ਸਿੱਖ ਧਰਮ ਦਾ ਖੁਰਾ-ਖੋਜ ਮਿਟਾਉਣ ਲਈ ਹਰ ਹਰਬਾ ਵਰਤਦੇ ਨੇ। ਜਦ ਬਾਦਲਕਿਆਂ ਦਾ ਐਨਾ ਨਿਘਾਰ ਹੋ ਚੁੱਕਾ ਹੋਵੇ ਤਾਂ ਉਨ੍ਹਾਂ ਵੱਲੋਂ ਲਿਫਾਫੇ ਵਿੱਚੋਂ ਨਿਕਲਣ ਵਾਲੇ ਪ੍ਰਧਾਨ ਬਾਰੇ ਲੋਕ ਜਾਣਦੇ ਹੁੰਦੇ ਨੇ ਕਿ ਇਹ ਪਹਿਲੇ ਪ੍ਰਧਾਨ ਨਾਲੋਂ ਵੀ ਨਿਕੰਮਾ ਹੋਵੇਗਾ। ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਨਿੰਦਣ ਵਾਲਿਆਂ ਨੂੰ ਆਪਣੇ ਮੂੰਹ ਤੋਂ ਮੰਨਣਾ ਪਿਆ ਕਿ ਪ੍ਰਧਾਨ ਲੌਂਗੋਵਾਲ ਨਾਲੋਂ ਤਾਂ ਮੱਕੜ ਹੀ ਕਿਤੇ ਵਧੀਆ ਲੱਗਦਾ ਹੁੰਦਾ ਸੀ। ਪ੍ਰਧਾਨ ਲੌਂਗੋਵਾਲ ਨੇ ਜੋ ਦਿਨੇ ਤਾਰੇ ਵਿਖਾਏ, ਉਸ ਨੂੰ ਵੇਖਦਿਆਂ ਜਦ ਬੀਬੀ ਜਗੀਰ ਕੌਰ ਬਣੀ ਤਾਂ ਕਈਆਂ ਨੇ ਕਿਹਾ ਕਿ ਇਹ ਬੀਬੀ ਕਈ ਕਮਜ਼ੋਰੀਆਂ ਦੇ ਬਾਵਜੂਦ ਪ੍ਰਧਾਨ ਮੱਕੜ ਤੇ ਪਧਾਨ ਲੌਂਗੋਵਾਲ ਨਾਲੋਂ ਫੇਰ ਚੰਗੀ ਰਹੇਗੀ ਤਾਂ ਸਾਡਾ ਕਹਿਣਾ ਇਹੀ ਹੈ ਕਿ ਤੇਲ ਵੇਖੋ, ਤੇਲ ਦੀ ਧਾਰ ਵੇਖੋ, ਸਭ ਕੁਝ ਸਾਹਮਣੇ ਆ ਜਾਣਾ ਹੈ, ਜੋ ਸਾਹਮਣੇ ਆ ਚੁੱਕਾ ਹੈ।

ਲਾਪਤਾ 328 ਸਰੂਪਾਂ ਦਾ ਮਾਮਲਾ ਜਿਉਂ ਦਾ ਤਿਉਂ ਹੈ, ਸ਼ਹੀਦ ਭਾਈ ਦਿਲਾਵਰ ਸਿੰਘ ਦੀ ਤਸਵੀਰ ਅਜਾਇਬ ਘਰ ਵਿੱਚ ਨਹੀਂ ਲੱਗੀ। ਸਿੱਖੀ ਪ੍ਰਚਾਰ ਦਾ ਜ਼ਮੀਨੀ ਪੱਧਰ ‘ਤੇ ਕੋਈ ਠੋਸ ਪ੍ਰੋਜੈਕਟ ਨਹੀਂ, ਬਸ ਬਾਦਲਕਿਆਂ ਦਾ ਵੋਟ ਬੈਂਕ ਇਕੱਠਾ ਕੀਤਾ ਜਾ ਰਿਹਾ, ਭਾਰਤੀ ਹਾਕੀ ਖਿਡਾਰੀਆਂ ‘ਤੇ ਕਰੋੜਾਂ ਰੁਪਏ ਜਗੀਰ ਕੌਰ ਨੇ ਫੂਕ ਦਿੱਤੇ, ਸ਼ਹੀਦਾਂ ਦੇ ਪਰਿਵਾਰ ਰੁਲ ਰਹੇ ਨੇ। ਹੁਣ ਅਗਲਾ ਪ੍ਰਧਾਨ ਹੋ ਸਕਦਾ ਹੈ ਮੱਕੜ, ਲੌਂਗੋਵਾਲ ਅਤੇ ਜਗੀਰ ਕੌਰ ਤੋਂ ਵੀ ਵੱਧ ਘਟੀਆ, ਨਿਕੰਮਾ, ਚਮਚਾ ਹੋਵੇ। ਗੱਲ ਕਿਸੇ ਮੱਕੜ, ਲੌਂਗੋਵਾਲ, ਜਗੀਰ ਕੌਰ ਦੀ ਨਹੀਂ, ਗੱਲ ਤਾਂ ਓਸ ਸੱਭਿਆਚਾਰ ਦੀ ਹੈ ਜੋ ਬਾਦਲ ਪਰਿਵਾਰ ਨੇ ਲੈ ਆਂਦਾ ਹੈ।

ਪੰਥਕ ਗੱਲ ਦੀ ਥਾਂ ਕਾਰਪੋਰੇਟ ਘਰਾਣਿਆ ਵਾਂਗ ਸ਼੍ਰੋਮਣੀ ਅਕਾਲੀ ਦਲ ਨੂੰ ਚਲਾਉਣਾ, ਸ਼੍ਰੋਮਣੀ ਕਮੇਟੀ ਨੂੰ ਪੰਥਕ ਸੰਸਥਾ ਦੀ ਤਰਾਂ ਕੰਮ ਕਰਨ ਦੇਣ ਦੀ ਬਜਾਇ ਬਾਦਲਕਿਆਂ ਦੀ ਸਿਆਸਤ ਦੇ ਪਹੀਏ ਵਾਂਗ ਵਰਤਣਾ ਤੇ ਸਭ ਤੋਂ ਮਾੜੀ ਗੱਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਹੁਕਮਨਾਮੇ ਮੋਹਰ ਨੂੰ ਸਵਾਰਥਾਂ ਲਈ ਵਰਤਣਾ। ਇਸ ਤੋਂ ਪਿਛਲੀ ਪੀੜ੍ਹੀ ਦੇ ਅਕਾਲੀ ਪੰਥ ਦਾ ਭੈਅ ਖਾਂਦੇ ਸਨ ਤੇ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਦੀ ਦਿੱਖ-ਸ਼ਾਨ ਬਣਾਈ ਰੱਖਣ ਲਈ ਪੂਰੀ ਜ਼ਿੱਦ ਕਰਦੇ ਸਨ ਜਦਕਿ ਬਾਦਲਕਿਆਂ ਨੇ ਤਾਂ ਪੰਥ ਨੂੰ ਭੈਅ ਦੇਣਾ ਸ਼ੁਰੂ ਹੋਇਆ ਹੈ।

ਸਾਨੂੰ ਯਕੀਨ ਹੈ ਕਿ ਬੀਬੀ ਜਗੀਰ ਕੌਰ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ ਅਗਲਾ ਜਿਹੜਾ ਵੀ ਪ੍ਰਧਾਨ ਬਣੇਗਾ, ਉਹ ਬਾਦਲੀ-ਸਿਆਸਤ ਦੀ ਬਲ਼ੀ ਚੜ੍ਹ ਜਾਵੇਗਾ।

ਰਣਜੀਤ ਸਿੰਘ ਦਮਦਮੀ ਟਕਸਾਲ
ਪ੍ਰਧਾਨ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ
ਮੋ: 88722-93883

Show More

Related Articles

Leave a Reply

Your email address will not be published. Required fields are marked *

Back to top button