ਸਾਹਿਤ

ਬੇਅਦਬੀ ਦੇ ਸਿਆਸੀ ਦੋਸ਼ੀਆਂ ਨੂੰ ਪੰਥ ਨਹੀਂ ਬਖਸ਼ੇਗਾ

The Panth will not spare the political culprits of disrespect.

ਭਾਰਤੀ ਹਕੂਮਤੀ ਸਿਸਟਮ ਵਿੱਚ ਸ਼੍ਰੋਮਣੀ ਅਕਾਲੀ ਦਲ ਹੀ ਇੱਕੋ-ਇੱਕ ਧਿਰ ਸੀ, ਜਿਸ ਤੋਂ ਸਿੱਖਾਂ ਨੂੰ ਆਸ ਸੀ ਕਿ ਇਹ ਸਾਡੇ ਹਿੱਤਾਂ ਦੀ ਰਾਖੀ ਕਰਨ ਵਾਲੀ ਜਮਾਤ ਹੈ। ਪਰ ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਉੱਤੇ ਕਬਜ਼ਾ ਕਰ ਕੇ ਇਸ ਦਾ ਜੋ ਹਾਲ ਕੀਤਾ ਹੋਇਆ ਹੈ, ਉਸ ਨੂੰ ਵੇਖ ਕੇ ਪੰਥ ਦਰਦੀ ਕਲਪਦੇ ਹਨ ਕਿ ਸਿੱਖੀ ਤੇ ਸਿੱਖਾਂ ਦਾ ਕੀ ਬਣੇਗਾ ? ਬਾਦਲ ਪਰਿਵਾਰ ਤੇ ਬਾਦਲ ਸੈਨਾ ਨੂੰ ਪੰਥ ਉੱਤੇ ਨਾ ਤਰਸ ਆਉਂਦਾ ਹੈ ਨਾ ਕੋਈ ਸੰਵੇਦਨਾ ਉਭਰਦੀ ਹੈ। ਉਹਨਾਂ ਨੂੰ ਤਾਂ ਪੰਥਕ ਦਰਦ ਦੀ ਗੱਲ ਕਰਨ ਵਾਲ਼ੇ ਆਪਣੇ ਇੱਕ ਨੰਬਰ ਦੇ ਵੈਰੀ ਜਾਪਦੇ ਨੇ ਕਿ ਸਾਡੀ ਚੌਧਰ, ਚੜ੍ਹਤ ਤੇ ਸੱਤਾ ਖਰਾਬ ਕਰਦੇ ਹਨ। ਬਾਦਲਕਿਆਂ ਨੂੰ ਤਾਂ ਸਿਰਫ਼ ਉਹ ਬੰਦੇ ਹੀ ‘ਆਪਣੇ’ ਜਾਪਦੇ ਹਨ, ਜਿਹੜੇ ਕਹਿਣ ਕਿ “ਸਿੱਖੀ ਤੇ ਸਿੱਖਾਂ ਦੀ ਗੱਲ ਛੱਡੋ, ਪੰਜਾਬ ਦੀ ਵੀ ਪ੍ਰਵਾਹ ਨਾ ਕਰੋ, ਸੱਤਾ ਹੰਢਾਓ ਤੇ ਮੌਜਾਂ ਕਰੋ।”

ਕਿੱਡਾ ਦੁਖਾਂਤ ਹੈ ਕਿ ਬਾਦਲਕਿਆਂ ਨੇ ਪੰਥਕ ਸੰਸਥਾਵਾਂ ਉੱਪਰ ਕਬਜ਼ਾ ਕੀਤਾ ਹੋਇਆ ਹੈ ਤੇ ਪੰਥਕ ਸ਼ਕਤੀ, ਸਾਧਨਾਂ ਤੇ ਸਰਮਾਏ ਨੂੰ ਆਪਣੇ ਸੌੜੇ ਸਵਾਰਥਾਂ ਲਈ ਵਰਤ ਰਹੇ ਹਨ। ਜਿਸ ਨਾਲ ਪੰਥਕ ਹਿੱਤਾਂ ਦਾ ਘਾਣ ਕਰਨ ਦੇ ਨਾਲ਼ ਹੀ ਆਪਣੇ ਥਾਪੇ ਜਥੇਦਾਰਾਂ ਤੋਂ ਧੌਂਸ ਨਾਲ਼ ਖੁਦ ਨੂੰ ਪੰਥਕ ਹੋਣ ਦਾ ਸਰਟੀਫ਼ਿਕੇਟ ਜਾਰੀ ਕਰਵਾ ਕੇ ਚਾਹੁੰਦੇ ਨੇ ਕਿ ਇੱਕ ਵੀ ਸਿੱਖ ਉਹਨਾਂ ਦੀ ਪੰਥ-ਪ੍ਰਸਤੀ ਉੱਤੇ ਸਵਾਲ ਨਾ ਕਰ ਸਕੇ। ਬਾਦਲਕਿਆਂ ਦਾ ਸਾਰਾ ਵਰਤੋਂ ਵਿਹਾਰ ਸਿੱਖੀ ਤੇ ਸਿੱਖਾਂ ਲਈ ਕਾਂਗਰਸ, ਕਾਮਰੇਡਾਂ ਭਾਜਪਾ ਵਰਗੀਆਂ ਹੋਰ ਸਿਆਸੀ ਪਾਰਟੀਆਂ ਵਰਗਾ ਹੈ। ਜੇ ਬਾਦਲਕੇ ਪੰਥਕ ਸੰਸਥਾਵਾਂ ਤੋਂ ਲਾਂਭੇ ਹੋ ਜਾਣ ਤਾਂ ਕੌਮ ਵਿੱਚੋਂ ਨਵੀਂ ਲੀਡਰਸ਼ਿਪ ਉਭਰ ਕੇ ਕੌਮੀ ਹੱਕਾਂ ਦੀ ਰਾਖੀ ਲਈ ਸਰਗਰਮ ਹੋ ਸਕਦੀ ਹੈ। ਪਰ ਬਾਦਲਕੇ ਪੰਥਕ ਹਿੱਤਾਂ ਦੇ ਖਿਲਾਫ਼ ਵੀ ਭੁਗਤਦੇ ਨੇ ਤੇ ਨਵੀਂ ਲੀਡਰਸ਼ਿਪ ਵੀ ਨਹੀਂ ਉਭਰਨ ਦਿੰਦੇ ਅਤੇ ਪੰਥਕ ਸੰਸਥਾਵਾਂ ਉੱਤੋਂ ਕਬਜ਼ਾ ਵੀ ਛੱਡਣ ਲਈ ਤਿਆਰ ਨਹੀਂ। ਜਦੋਂ ਨਕਲੀ ਨਿਰੰਕਾਰੀਆਂ ਨੇ ਸਾਲ 1978 ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਵਿੱਚ ਵਿਸਾਖੀ ਵਾਲ਼ੇ ਦਿਨ 13 ਸਿੱਖਾਂ ਦਾ ਕਤਲੇਆਮ ਕੀਤਾ ਤਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲ਼ੇ ਸੰਗਤਾਂ ਨੂੰ ਬਥੇਰਾ ਸਮਝਾਉਂਦੇ ਰਹੇ, ਕਿ “ਪੰਥ ਦੀ ਡੁਗਡੁਗੀ ਖੜਕਾ, ਖ਼ਾਲਸੇ ਦੇ ਨਿਸ਼ਾਨ ਸਾਹਿਬ ਦੀ ਦੁਰਵਰਤੋਂ ਕਰ ਕੇ ਜਿਹੜਾ ਆਪਣੀ ਕੁਰਸੀ ਕਾਇਮ ਰੱਖਣੀ ਚਾਹੁੰਦਾ, ਖਾਲਸਾ ਜੀ ਉਸ ਨੂੰ ਪਛਾਣਿਓ।” ਪਰ ਇਸ ਦੇ ਬਾਵਜੂਦ ਓਹੀ ਬਾਦਲ ਲਗਾਤਾਰ ਪੰਥਕ ਸੰਸਥਾਵਾਂ ਉੱਤੇ ਕਬਜ਼ਾ ਵਧਾਉਂਦਾ ਗਿਆ ਤੇ ਹੁਣ ਉਸ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨੇ ਤਾਂ ਵੱਡੇ ਬਾਦਲ ਨੂੰ ਵੀ ਪਿੱਛੇ ਛੱਡ ਦਿੱਤਾ।

ਇੱਕ ਕਥਾ ਪ੍ਰਚਲਤ ਹੈ ਕਿ ਮਰਨ ਲੱਗੇ ਕੰਜੂਸ ਤੇ ਜ਼ਾਲਮ ਰਾਜੇ ਨੇ ਆਪਣੇ ਪੁੱਤ ਤੋਂ ਮੰਗ ਕੀਤੀ ਸੀ ਕਿ ਕੁਝ ਅਜਿਹਾ ਕਰਨਾ ਕਿ ਮੇਰੇ ਮਰਨ ਮਗਰੋਂ ਲੋਕ ਮੇਰੀਆਂ ਸਿਫ਼ਤਾਂ ਕਰਨ। ਰਾਜੇ ਦੇ ਮਰਨ ਮਗਰੋਂ ਉਸ ਦੇ ਪੁੱਤ ਨੇ ਐਲਾਨ ਕਰਤਾ ਕਿ ਪਹਿਲਾਂ ਤਾਂ ਮਰੇ ਹੋਏ ਬੰਦੇ ਦੇ ਮੂੰਹ ਵਿੱਚ ਪਾਇਆ ਸਿੱਕਾ ਕੱਢ ਕੇ ਸ਼ਾਹੀ ਖਜ਼ਾਨੇ ਵਿੱਚ ਜਮ੍ਹਾ ਕਰਵਾਇਆ ਜਾਂਦਾ ਸੀ। ਪਰ ਹੁਣ ਸਿੱਕਾ ਕੱਢ ਕੇ ਦੁਬਾਰਾ ਦੱਬਣ ਵੇਲ਼ੇ ਮੁਰਦੇ ਦੇ ਮੂੰਹ ਵਿੱਚ ਇੱਕ ਸਰੀਆ ਗੱਡਿਆ ਜਾਵੇ। ਇਸ ਮਗਰੋਂ ਲੋਕ ਕਹਿਣ ਲੱਗ ਪਏ ਕਿ ਇਹਦੇ ਨਾਲ਼ੋਂ ਤਾਂ ਇਹਦਾ ਪਿਉ ਹਜ਼ਾਰ ਗੁਣਾਂ ਚੰਗਾ ਸੀ। ਜਿਹੜਾ ਮੁਰਦੇ ਦੇ ਮੂੰਹ ਵਿੱਚੋਂ ਸਿੱਕੇ ਜ਼ਰੂਰ ਕਢਵਾ ਲੈਂਦਾ ਸੀ, ਪਰ ਆਹ ਸਰੀਆ ਸੰਘ ਵਿੱਚ ਤਾਂ ਨਹੀਂ ਸੀ ਗੱਡਦਾ। ਨਵਾਂ ਰਾਜਾ ਖੁਸ਼ ਸੀ, ਕਿ ਸਾਰੇ ਉਸ ਦੇ ਪਿਉ ਦੀਆਂ ਸਿਫ਼ਤਾਂ ਕਰਦੇ ਹਨ। ਸੁਖਬੀਰ ਬਾਦਲ ਦਾ ਹਾਲ ਵੀ ਕੁਝ ਅਜਿਹਾ ਹੀ ਹੈ, ਕਿ ਲੋਕਾਂ ਦਾ ਐਨਾ ਲਹੂ ਪੀਣਾ ਹੈ ਕਿ ਲੋਕ ਕਹਿਣ ਕਿ ਬੇਸ਼ੱਕ ਜਿੰਨਾ ਮਰਜ਼ੀ ਮਾੜਾ ਸੀ। ਪਰ ਇਹਦੇ ਨਾਲ਼ੋਂ ਤਾਂ ਇਸ ਦਾ ਪਿਉ ਪ੍ਰਕਾਸ਼ ਸਿੰਘ ਬਾਦਲ ਹਜ਼ਾਰ ਦਰਜ਼ੇ ਚੰਗਾ ਸੀ। ਜਿਨ੍ਹਾਂ ਨੂੰ ਵਹਿਮ ਹੈ, ਉਹ ਇੱਕ ਦਿਨ ਆਪੇ ਮੰਨਣਗੇ ਕਿ ਕਾਂਗਰਸੀਆਂ, ਕਾਮਰੇਡਾਂ, ਭਾਜਪਾਈਆਂ ਤੇ ਹੋਰ ਕਿਸੇ ਤੋਂ ਤਾਂ ਪਹਿਲਾਂ ਹੀ ਪੰਥ ਨੂੰ ਕੋਈ ਆਸ ਨਹੀਂ ਸੀ। ਪਰ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦਿਆਂ ਜੋ ਸੋਚਦੇ ਰਹੇ ਕਿ ਸੁਖਬੀਰ ਬਾਦਲ ਮੌਕੇ ਮਹੌਲ ਬਦਲ ਜਾਵੇਗਾ, ਇਹ ਤਾਂ ਹੋਰ ਵੀ ਵੱਧ ਨਲਾਇਕ ਨਿਕਲ਼ਿਆ। ਹਕੀਕਤ ਇਹ ਹੈ ਕਿ ਪੰਥਕ ਹਿੱਤਾਂ ਦੀ ਰਾਖੀ ਦਾ ਏਜੰਡਾ ਕਦੇ ਬਾਦਲੀ ਮਾਨਸਿਕਤਾ ਵਿੱਚ ਆ ਹੀ ਨਹੀਂ ਸਕਦਾ। ਸੁਖਬੀਰ ਬਾਦਲ ਨੂੰ ਤਾਂ ਪਤਾ ਹੀ ਨਹੀਂ ਕਿ ਪੰਥ ਕੀ ਹੈ ? ਪੰਥਕ ਹਿੱਤ ਕੀ ਹਨ ? ਪੰਥਕ ਹਿੱਤਾਂ ਨੂੰ ਕੀ ਖਤਰਾ ਹੈ? ਪੰਥਕ ਹਿੱਤਾਂ ਦੀ ਰਾਖੀ ਕਿਉਂ ਜ਼ਰੂਰੀ ਹੈ ? ਪੰਥਕ ਹਿੱਤਾਂ ਦੀ ਰਾਖੀ ਕਿਵੇਂ ਹੋਵੇਗੀ ?

ਜ਼ਰਾ ਸੋਚੋ, ਕਿ ਜੇ ਸੁਖਬੀਰ ਬਾਦਲ ਤੇ ਬੀਬੀ ਹਰਸਿਮਰਤ ਕੌਰ ਬਾਦਲ ਕੋਲ਼ ਸਿੱਖ ਕੌਮ ਦੀਆਂ ਅਹਿਮ ਤੇ ਸਿਰਮੌਰ ਸੰਸਥਾਵਾਂ ਉੱਤੇ ਬਿਰਾਜਮਾਨ ਸਖਸ਼ੀਅਤਾਂ ਮਿਲ਼ਣ ਜਾਂਦੀਆਂ ਹਨ ਤਾਂ ਕੀ ਮਹੌਲ ਹੁੰਦਾ ਹੈ। ਤਖ਼ਤਾਂ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਹੈੱਡ ਗ੍ਰੰਥੀ ਤੇ ਹੋਰ ਇਹੋ ਜਿਹੀਆਂ ਹਸਤੀਆਂ, ਜਿਨ੍ਹਾਂ ਦਾ ਨਾਮ ਸੁਣਨ-ਸਾਰ ਸਿੱਖ ਜਗਤ ਵਿੱਚ ਅਦਬ ਤੇ ਸਤਿਕਾਰ ਪੈਦਾ ਹੁੰਦਾ ਹੈ। ਉਹ ਜਦ ਬਾਦਲ ਪਰਿਵਾਰ ਕੋਲ਼ ਜਾਂਦੀਆਂ ਨੇ ਤਾਂ ਚਾਪਲੂਸੀ ਦਾ ਸਿਖਰ ਪੇਸ਼ ਹੁੰਦਾ ਹੈ। ਅਹੁਦੇਦਾਰੀਆਂ ਮਾਨਣ ਲਈ ਬਾਦਲ ਪਰਿਵਾਰ ਦੀ ਚਾਪਲੂਸੀ ਲਾਜ਼ਮੀ ਸ਼ਰਤ ਹੋ ਗਈ ਹੈ। ਬਾਦਲ ਪਰਿਵਾਰ ਦੇ ਬੇਟੇ-ਬੇਟੀਆਂ ਜਦ ਇਹ ਸਭ ਕੁਝ ਵੇਖਦੇ ਹੋਣਗੇ ਤਾਂ ਉਹਨਾਂ ਦੇ ਦਿਲ-ਦਿਮਾਗ ਵਿੱਚ ਕੀ ਖਿਆਲ ਆਉਂਦੇ ਹੋਣਗੇ ? ਕੀ ਉਹ ਕੌਮ ਦੀਆਂ ਵੱਡੀਆਂ ਸਖ਼ਸ਼ੀਅਤਾਂ ਦਾ ਅਦਬ-ਸਤਿਕਾਰ ਕਰ ਸਕਣਗੇ ? ਇਹ ਸਖ਼ਸ਼ੀਅਤਾਂ ਵੀ ਬਾਦਲ ਪਰਿਵਾਰ ਦੇ ਧੀਆਂ ਪੁੱਤਾਂ ਨੂੰ ਲੋੜੋਂ ਵੱਧ ਲਾਡ-ਲਡਾਉਂਦੇ ਹੋਣਗੇ ਤਾਂ ਕਿ ਮਾਲਿਕਾਂ ਦੀ ਨਜ਼ਰ ਸਵੱਲੀ ਰਹੇ। ਇਸ ਮਹੌਲ ਵਿੱਚ ਵੱਡੇ ਹੋਏ ਇਹ ਬੱਚੇ ਜਵਾਨ ਹੋਣ ਮਗਰੋਂ ਢਿੱਡ ਵਿੱਚ ਹੱਸਿਆ ਕਰਨਗੇ ਕਿ ਜਿਹੜੀਆਂ ਮਹਾਨ ਹਸਤੀਆਂ ਤੇ ਅਹਿਮ ਅਹੁਦਿਆਂ ਦੇ ਸਟੇਜ ਤੋਂ ਤਕਰੀਰਾਂ ਵਿੱਚ ਗੁਣ ਗਾਇਨ ਹੋ ਰਿਹਾ ਹੈ। ਇਹ ਲੋਕ ਸਾਡੇ ਘਰ ਮਿਲਣ ਲਈ ਉਡੀਕ ਵਿੱਚ ਬੈਠੇ ਹੁੰਦੇ ਸੀ।

ਪਿੱਛੇ ਜਿਹੇ ਬਾਦਲਕਿਆਂ ਨੇ ਪ੍ਰੋਗਰਾਮਾਂ ਵਿੱਚ ਸੁਖਬੀਰ ਬਾਦਲ ਦੇ ਪੁੱਤ ਨੂੰ ਲਿਆਉਣਾ ਸ਼ੁਰੂ ਕੀਤਾ ਤਾਂ ਚਰਚਾ ਛਿੜ ਪਈ ਕਿ ਤੀਜੀ ਪੀੜ੍ਹੀ ਲੀਡਰੀ ਲਈ ਤਿਆਰ ਹੈ। ਨਾ ਤਾਂ ਕਿਸੇ ਨੂੰ ਸੁਖਬੀਰ ਬਾਦਲ ਦੇ ਸਿਆਸਤ ਵਿੱਚ ਆਉਣ ਦਾ ਕੋਈ ਇਤਰਾਜ ਸੀ ਤੇ ਨਾ ਹੀ ਉਨ੍ਹਾਂ ਦੇ ਪੁੱਤ ਉੱਤੇ ਇਤਰਾਜ ਹੈ। ਦੁੱਖ ਇਸ ਗੱਲ ਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁੱਤ ਦੀ ਪ੍ਰਵਰਿਸ਼ ਉਸ ਮਹੌਲ ਵਿੱਚ ਕੀਤੀ ਕਿ ਹੁਣ ਸੁਖਬੀਰ ਸਿੰਘ ਬਾਦਲ ਨੂੰ ਲੱਗਦਾ ਹੈ ਕਿ ਜੋ ਉਹ ਸੋਚਦਾ ਤੇ ਕਰਦਾ ਹੈ, ਓਹੀ ਸਿੱਖ ਕੌਮ ਲਈ ਸਭ ਤੋਂ ਸਹੀ ਹੈ। ਬਾਦਲ ਪਰਿਵਾਰ ਦੀ ਸਿਆਸਤ ਸਿੱਖ ਧਰਮ ਲਈ ਖਤਰਨਾਕ ਸਾਬਿਤ ਹੋ ਰਹੀ ਹੈ। ਕਸਰ ਤਾਂ ਵੱਡੇ ਬਾਦਲ ਨੇ ਹੀ ਨਹੀਂ ਸੀ ਛੱਡੀ, ਰਹਿੰਦੀ ਕਸਰ ਸੁਖਬੀਰ ਸਿੰਘ ਕੱਢ ਰਿਹਾ ਤੋਂ ਮਗਰੋਂ ਉਹਨਾਂ ਦੇ ਬੇਟੇ ਨੇ ਵੀ ਤਿਆਰੀ ਕਰ ਲਈ ਹੈ। ਇਹ ਪਰਿਵਾਰ ਜੰਮ-ਜੰਮ ਸੱਤਾ ਹੰਢਾਵੇ, ਜਦ ਤਕ ਮਰਜ਼ੀ ਰਾਜ ਕਰੇ, ਪਰ ਇਹਦੇ ਬਦਲੇ ਵਿੱਚ ਸਿੱਖ ਕੌਮ ਦਾ ਘਾਣ ਤਾਂ ਨਾ ਕਰੇ। ਬਾਦਲ ਪਰਿਵਾਰ ਕੋਲ ਜਦ ਵੀ ਤਾਕਤ ਆਈ ਹੈ, ਸਿੱਖਾਂ ਤੇ ਸਿੱਖੀ ਦਾ ਘਾਣ ਹੀ ਹੋਇਆ। ਬਾਦਲ ਪਰਿਵਾਰ ਨੂੰ ਖਾਲਸਾ ਪੰਥ ਨੇ ਤਾਕਤ ਬਖਸ਼ੀ, ਸੱਤਾ ਬਖਸ਼ੀ, ਰਾਜ-ਗੱਦੀ ਬਖਸ਼ੀ, ਮੁੱਖ ਮੰਤਰੀ ਬਣਾਇਆ ਤੇ ਸਾਫ਼ ਕਿਹਾ ਕਿ ਜਿੰਨੀ ਮਰਜ਼ੀ ਮਾਇਆ ਇਕੱਠੀ ਕਰ ਲਵੋ। ਪਰ ਜੇ ਪੰਥ ਦਾ ਲਾਭ ਨਹੀਂ ਕਰ ਸਕਦੇ ਤਾਂ ਕੋਈ ਗੱਲ ਨਹੀਂ, ਘੱਟੋ-ਘੱਟ ਨੁਕਸਾਨ ਨਾ ਕਰੋ। ਪਰ ਬਾਦਲ ਪਰਿਵਾਰ ਨੇ ਪੰਥ ਦਾ ਬੇੜਾ-ਗ਼ਰਕ ਕਰਨ ਦਾ ਅਹਿਦ ਹੀ ਕਰ ਲਿਆ।

ਸਿੱਖਾਂ ਦਾ ਵਾਹ ਬੜੇ ਦੁਸ਼ਮਣਾਂ ਨਾਲ਼ ਪਿਆ। ਸਿੱਖੀ ਦੇ ਸਾਰੇ ਦੁਸ਼ਮਣ ਰਲ-ਮਿਲ ਕੇ ਵੀ ਓਨਾ ਨੁਕਸਾਨ ਨਹੀਂ ਕਰ ਸਕੇ, ਜਿੰਨਾ ਇਕੱਲੇ ਬਾਦਲ ਪਰਿਵਾਰ ਨੇ ਕਰ ਦਿੱਤਾ। ਪੰਥ ਦਾ ਅਹਿਸਾਨ ਮੰਨਣ ਦੀ ਥਾਂ ਬਾਦਲਕਿਆਂ ਨੇ ਅਹਿਸਾਨ-ਫ਼ਰਾਮੋਸ਼ ਬਣ ਕੇ ਪੰਥ ਦੀ ਪਿੱਠ ਵਿੱਚ ਛੁਰਾ ਮਾਰਿਆ, ਪੰਥ ਨਾਲ਼ ਗ਼ੱਦਾਰੀ ਕੀਤੀ। ਸਿੱਖ ਧਰਮ, ਸਿੱਖ ਸੱਭਿਆਚਾਰ, ਗੁਰਦੁਆਰੇ, ਸਿੱਖ ਤਵਾਰੀਖ, ਸਿੱਖ ਅਦਾਰੇ, ਮਰਿਆਦਾ, ਅਕਾਲ ਤਖ਼ਤ ਸਾਹਿਬ ਦਾ ਫਲਸਫਾ, ਗੁਰਬਾਣੀ, ਸ਼੍ਰੋਮਣੀ ਕਮੇਟੀ ਤੇ ਗੁਰਦੁਆਰਾ ਪ੍ਰਬੰਧ, ਸ਼੍ਰੋਮਣੀ ਅਕਾਲੀ ਦਲ, ਸਿੱਖਾਂ ਦੀ ਦਸਤਾਰ, ਕੇਸਾਂ ਵਾਲ਼ਾ ਸਿੱਖੀ ਸਰੂਪ ਤੇ ਸਿੱਖੀ ਦੇ ਹਰ ਕੋਮਲ ਹਿੱਸੇ ਨੂੰ ਬਾਦਲਕਿਆਂ ਨੇ ਤਬਾਹ ਤੇ ਬਰਬਾਦ ਕੀਤਾ। ਉੱਪਰੋਂ ਸਿਤਮ ਦੀ ਗੱਲ ਕਿ ਆਪਣੇ ਹੀ ਜਥੇਦਾਰਾਂ ਤੋਂ ਫ਼ਖਰੇ-ਕੌਮ ਦਾ ਖਿਤਾਬ ਲੈ ਲਿਆ।

ਬਾਦਲਕਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਮਾਨ-ਅੰਤਰ ਦੇਹਧਾਰੀ ਗੁਰੂ-ਡੰਮ ਨੂੰ ਐਨੀ ਜ਼ੋਰਦਾਰ ਤਾਕਤ ਦਿੱਤੀ ਕਿ ਸਿੱਖ ਹੱਕੇ-ਬੱਕੇ ਹੀ ਰਹਿ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ਼ ਸ਼ਰੀਕਾ ਤੇ ਵੈਰ ਰੱਖਣ ਵਾਲ਼ਿਆਂ ਦੇ ਸਿਰ ਉੱਤੇ ਹੱਥ ਰੱਖਣ ਤੇ ਪੰਥ ਦੋਖੀਆਂ ਨੂੰ ਸਰਪ੍ਰਸਤੀ ਦੇਣ ਮੌਕੇ ਬਾਦਲਕਿਆਂ ਨੇ ਪੰਥਕ ਸੋਚ ਵਾਲ਼ਿਆਂ ਸਿੱਖਾਂ ਨੂੰ ਹਕੂਮਤੀ ਤਾਕਤ ਨਾਲ਼ ਦਬਾਉਣ ਦਾ ਅਮਲ ਵੀ ਰੱਖਿਆ। ਬਾਦਲਕਿਆਂ ਨੇ ਪੰਥ ਤੋਂ ਤਾਕਤ ਲੈ ਕੇ ਪੰਥ ਦੋਖੀਆਂ ਦੇ ਹੱਕ ਵਿੱਚ ਐਸਾ ਮਹੌਲ ਸਿਰਜਿਆ, ਜਿਵੇਂ ਮੁਗਲ ਹਾਕਮ ਕਹਿੰਦੇ ਸੀ ਕਿ ਸਿੱਖੋ ਜਾਂ ਮੌਤ ਕਬੂਲ ਕਰੋ ਜਾਂ ਇਸਲਾਮ। ਬਿਲਕੁਲ ਓਵੇਂ ਬਾਦਲਕਿਆਂ ਨੇ ਸਿੱਖਾਂ ਨੂੰ ਸਿੱਖੀ ਛੱਡਣ ਲਈ ਲਲਕਾਰਿਆ ਕਿ ਸਿਰਫ਼ ਓਹੀ ਪ੍ਰਵਾਨ ਹੋਵੇਗਾ, ਜੋ ਪੰਥਕ ਗੱਲ ਨਹੀਂ ਕਰੇਗਾ। ਦੂਸਰੇ ਪਾਸੇ ਆਰ.ਐੱਸ.ਐੱਸ. ਨੇ ਬਾਦਲਕਿਆਂ ਦੀ ਹਮਾਇਤ ਨਾਲ਼ ਪੰਥਕ ਹਿੱਤਾਂ ਉੱਤੇ ਹੱਲਾ ਬੋਲੀ ਰੱਖਿਆ। ਇੱਧਰ ਈਸਾਈਆਂ ਨੇ ਪੰਜਾਬ ਵਿੱਚ ਜ਼ੋਰਦਾਰ ਸਰਗਰਮੀਆਂ ਚਲਾ ਦਿੱਤੀਆਂ। ਸਿੱਖੀ ਤੇ ਸਿੱਖਾਂ ਦੇ ਇਹਨਾਂ ਸਾਰਿਆਂ ਵਰਤਾਰਿਆਂ ਖਿਲਾਫ਼ ਜੀਹਨੇ ਕੰਧ ਬਣ ਕੇ ਰਾਖੀ ਕਰਨੀ ਸੀ, ਓਹ ਬਾਦਲ ਦਲ ਤਾਂ ਪੰਥ ਦੋਖੀਆਂ ਨਾਲ਼ ਰਲ਼ ਗਿਆ, ਸਿੱਖੀ ਤੇ ਸਿੱਖਾਂ ਦਾ ਕੀ ਬਣਦਾ ? ਆਪਣੇ ਵੋਟ-ਬੈਂਕ ਦੇ ਲਾਲਚ ਵਿੱਚ ਬਾਦਲ ਪਰਿਵਾਰ ਨੇ ਹਰ ਪੰਥ ਦੋਖੀ ਨੂੰ ਹਰ ਤਰ੍ਹਾਂ ਦੀ ਹਮਾਇਤ ਦਿੱਤੀ। ਡੇਰਾ ਸਿਰਸਾ ਵਾਲ਼ਿਆਂ ਨੂੰ ਤਾਂ ਐਨੀ ਗਰੰਟੀ ਸੀ ਕਿ ਜੇ ਅਸੀਂ ਸਿੱਖਾਂ ਦੇ ਇਸ਼ਟ ਦੀ ਬੇਅਦਬੀ ਵੀ ਕਰ ਲਈਏ ਤਾਂ ਬਾਦਲ ਦਲ ਸਾਨੂੰ ਕੁਝ ਨਹੀਂ ਕਹੇਗਾ। ਇਹੋ ਕੁਝ ਵਾਪਰਿਆ।

ਸਾਲ 2015 ਵਿੱਚ ਸਿਰਸੇ ਵਾਲ਼ਿਆਂ ਨੇ ਸ਼ਰੇਆਮ ਪਾਵਨ ਸਰੂਪ ਚੋਰੀ ਕਰ ਕੇ ਗੰਦੀਆਂ ਗਾਲ਼ਾਂ ਲਿਖ ਕੇ ਪੋਸਟਰ ਲਾਏ ਕਿ “ਸਿੱਖੋ, ਤੁਹਾਡਾ ਗੁਰੂ ਸਾਡੇ ਕੋਲ਼ ਹੈ।” ਬਾਦਲ ਦਲ ਖਾਮੋਸ਼ ਰਿਹਾ। ਫੇਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਅੰਗ ਗਲ਼ੀਆਂ-ਨਾਲ਼ੀਆਂ ਵਿੱਚ ਖਿਲਾਰਨ ਦੀ ਧਮਕੀ ਦਿੱਤੀ ਤੇ ਅੰਤ ਬਰਗਾੜੀ ਵਿੱਚ ਉਹ ਧਮਕੀ ਸੱਚ ਵੀ ਕੀਤੀ, ਪਰ ਬਾਦਲ ਦਲ ਡੇਰੇ ਵੱਲ ਡਟ ਗਿਆ ਤੇ ਸਿੱਖਾਂ ਦਾ ਘਾਣ ਕੀਤਾ। ਡੇਰੇ ਸਿਰਸੇ ਦਾ ਵਿਰੋਧ ਕਰਨ ਵਾਲ਼ਿਆਂ ਸਿੱਖਾਂ ਦਾ ਬਾਦਲ ਦਲ ਨੇ ਜਿਊਣਾ ਦੁਭਰ ਕਰ ਦਿੱਤਾ। ਧੰਨ ਨੇ ਓਹ ਸਿੱਖ ਜੋ ਸਾਲ 2015 ਤੋਂ 2017 ਤੱਕ ਬਾਦਲਕਿਆਂ ਦੇ ਜਬਰ ਸਾਮ੍ਹਣੇ ਡਟ ਕੇ ਡੇਰੇ ਸਿਰਸੇ ਦਾ ਵਿਰੋਧ ਕਰਦੇ ਰਹੇ। ਬਾਦਲਕਿਆਂ, ਜ਼ਾਲਮ ਪੁਲਸੀਆਂ ਤੇ ਡੇਰੇ ਸਿਰਸੇ ਵਾਲ਼ਿਆਂ ਤੋਂ ਲੇਖਾ ਲੈਣ ਲਈ ਸਾਲ 2017 ਵਿੱਚ ਪੰਥ ਨੇ ਅਣਐਲਾਨੇ ਤੌਰ ‘ਤੇ ਕਾਂਗਰਸ ਨੂੰ ਸੱਤਾ ਦਿੱਤੀ। ਬੜੀ ਆਸ ਸੀ ਕਿ ਕੈਪਟਨ ਅਮਰਿੰਦਰ ਸਿੰਘ ਬਾਦਲਕਿਆਂ ਨੂੰ ਹੱਥ ਪਾਵੇਗਾ। ਪਰ ਬੇਅਦਬੀ ਕਰਨ ਵਾਲ਼ਿਆਂ ਦੋਖੀਆਂ ਨੂੰ ਨੰਗਾ ਕਰਨ ਤੋਂ ਬਿਨਾਂ ਕੈਪਟਨ ਸਰਕਾਰ ਨੇ ਕੱਖ ਨਹੀਂ ਕੀਤਾ। ਸੁਮੇਧ ਸੈਣੀ ਤੇ ਹੋਰ ਪੁਲਸੀਆਂ ਨੂੰ ਫਸਾਉਣ ਦੀ ਥਾਂ ਬਚਾਉਣ ਵਿੱਚ ਕੈਪਟਨ ਸਰਕਾਰ ਬਹੁਤੀ ਕਾਮਯਾਬ ਰਹੀ। ਬਾਦਲਕਿਆਂ ਨੂੰ ਤਾਂ ਕੈਪਟਨ ਸਰਕਾਰ ਨੇ ਕੁਝ ਨਹੀਂ ਕਿਹਾ।

ਹੁਣ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਕੋਈ ਕਿੰਨੀ ਕੁ ਆਸ ਕੀਤੀ ਜਾ ਸਕਦੀ ਹੈ ? ਬਾਦਲਕਿਆਂ ਨੂੰ ਨਾ ਤਾਂ ਸਿਰਸੇ ਵਾਲ਼ਿਆਂ ‘ਤੇ ਪਹਿਲਾਂ ਕੋਈ ਇਤਰਾਜ਼ ਸੀ, ਨਾ ਹੁਣ ਕੋਈ ਰੋਸ ਹੈ। ਹੁਣ ਜਦਕਿ ਉਹਨਾਂ ਸਾਰਿਆਂ ਦੇ ਹਲਫ਼ੀਆ ਬਿਆਨ ਵੀ ਸਾਮ੍ਹਣੇ ਹਨ, ਜਿਨ੍ਹਾਂ ਨੇ ਬਰਗਾੜੀ ਵਿੱਚ ਕਹਿਰ ਕੀਤਾ ਤਾਂ ਵੀ ਬਾਦਲਕਿਆਂ ਨੇ ਸਿਰਸੇ ਡੇਰੇ ਖਿਲਾਫ਼ ਬੁੱਲ ਤੋਂ ਬੁੱਲ ਨਹੀਂ ਚੁੱਕੇ। ਬਾਦਲਕੇ ਡੇਰੇ ਸਿਰਸੇ ਸਮੇਤ ਸਮੁੱਚੇ ਪੰਥ ਦੋਖੀਆਂ ਨੂੰ ਸਪਸ਼ਟ ਸੁਨੇਹਾ ਦੇਣ ਵਿੱਚ ਸਫ਼ਲ ਹਨ ਕਿ “ਸਾਨੂੰ ਤੁਹਾਡੀ ਕਿਸੇ ਵੀ ਪੰਥ-ਵਿਰੋਧੀ ਕਰਤੂਤ ਦਾ ਕੋਈ ਰੋਸਾ ਨਹੀਂ, ਬੱਸ ਸਾਨੂੰ ਵੋਟਾਂ ਪਾ ਦਿਓ।” ਜੇਕਰ ਬੇਅਦਬੀਆਂ ਕਰਨ-ਕਰਾਉਣ ਵਾਲ਼ੇ ਬਾਦਲਕੇ ਸਾਫ਼ ਬਚ ਗਏ ਤਾਂ ਸਾਫ਼ ਗੱਲ ਹੈ ਕਿ ਸਿੱਖਾਂ ਦਾ ਭਵਿੱਖ ਹੋਰ ਖਤਰਨਾਕ ਹੋਵੇਗਾ। ਭਵਿੱਖ ਵਿੱਚ ਜੇ ਕਿਤੇ ਬਾਦਲਕਿਆਂ ਕੋਲ਼ ਰਾਜ-ਸੱਤਾ ਆਈ ਤਾਂ ਪੰਥ-ਦੋਖੀਆਂ, ਪੁਲਸੀਆਂ ਤੇ ਬਾਦਲਕਿਆਂ ਨੇ ਸਿੱਖਾਂ ਲਈ ਓਹੀ ਦਿਨ ਲੈ ਆਉਣੇ ਹਨ, ਜੋ ਅਠਾਰ੍ਹਵੀਂ ਸਦੀ ਵਿੱਚ ਸਨ। ਸਿੱਖਾਂ ਦੇ ਇਸ਼ਟ ਦੀ ਬੇਅਦਬੀ ਲਗਾਤਾਰ ਕਾਂਗਰਸ ਰਾਜ ਵਿੱਚ ਹੋ ਰਹੀ ਹੈ, ਪਰ ਜੇ ਦੁਬਾਰਾ ਬਾਦਲਕੇ ਸੱਤਾ ਵਿੱਚ ਆਏ ਤਾਂ ਬੇਅਦਬੀ ਕਰਨ ਵਾਲ਼ੇ ਬੇਧੜਕ ਹੋ ਕੇ ਹਮਲੇ ਕਰਨਗੇ। ਜੇ ਕਾਂਗਰਸ ਸਰਕਾਰ ਬਾਦਲਕਿਆਂ ਨੂੰ ਹੱਥ ਨਾ ਪਾਵੇ, ਬਾਦਲਕੇ ਫੇਰ ਸੱਤਾ ਵਿੱਚ ਆ ਜਾਣ ਤਾਂ ਉਸ ਮੌਕੇ ਪੰਥ ਦਰਦੀਆਂ ਲਈ ਓਹੀ ਦਿਨ ਹੋਣਗੇ, ਜੋ ਲਖਪਤ ਰਾਏ ਦੇ ਵੱਡੇ ਘੱਲੂਘਾਰੇ ਮੌਕੇ ਸੀ।

ਪਿਛਲੇ ਪੰਜ-ਸੱਤ ਸਾਲਾਂ ਤੋਂ ਜਿਹੜੇ ਪੰਥ ਦਰਦੀ ਬੇਧੜਕ ਤੇ ਬੇਝਿਜਕ ਹੋ ਕੇ ਬਾਦਲਕਿਆਂ ਦੀਆਂ ਕਾਲੀਆਂ ਕਰਤੂਤਾਂ ਦਾ ਵਿਰੋਧ ਕਰਦੇ ਰਹੇ ਹਨ ਕਿ ਕੈਪਟਨ ਸਰਕਾਰ ਨੇ ਇਹਨਾਂ ਨੂੰ ਫੜ ਕੇ ਅੰਦਰ ਕਰ ਹੀ ਦੇਣਾ, ਉਹਨਾਂ ਸਭ ਉੱਤੇ ਬਾਦਲ-ਸੈਨਾ ਬੜੀ ਦੁਖੀ ਹੈ ਤੇ ਲਿਸਟਾਂ ਬਣਾਈ ਬੈਠੇ ਹਨ। ਜੇ ਬਾਦਲਕਿਆਂ ਦਾ ਰਾਜ ਹੋਇਆ ਤਾਂ ਪੰਥ ਦਰਦੀਆਂ ਨੂੰ ਬਾਦਲ ਸੈਨਾ ਲਾਜ਼ਮੀ ਨਿਸ਼ਾਨਾ ਬਣਾਏਗੀ। ਝੂਠੇ ਮੁਕਦਮਿਆਂ ਦੀ ਗੱਲ ਛੱਡੋ, ਝੂਠੇ ਮੁਕਾਬਲਿਆਂ ਵਿੱਚ ਮਰਵਾ ਵੀ ਸਕਦੇ ਹਨ।
ਹਰ ਪਾਸੇ ਤੋਂ ਨਿਰਾਸ਼, ਮਾਯੂਸ ਤੇ ਲਾਚਾਰ ਪੰਥਕ ਸੋਚ ਵਾਲ਼ੇ ਸਿੱਖਾਂ ਲਈ ਭਵਿੱਖ ਬੇਹੱਦ ਖਤਰਨਾਕ ਜਾਪਦਾ ਹੈ। ਕਹਿੰਦੇ ਨੇ ਹਰ ਪਾਸੇ ਤੋਂ ਘਿਰੇ ਬੰਦੇ ਲਈ ਮਰਨ-ਮਾਰਨ ਬਗੈਰ ਕੋਈ ਰਾਹ ਨਹੀਂ ਹੁੰਦਾ। ਕਲਗ਼ੀਧਰ ਸ਼ਹਿਨਸ਼ਾਹ ਦਾ ਵੀ ਫੁਰਮਾਨ ਹੈ ਕਿ “ਜੇਕਰ ਗੱਲ ਸਾਰੇ ਹੀਲੇ ਵਸੀਲੇ ਲੰਘ ਜਾਵੇ, ਤਾਂ ਫੇਰ ਕਿਰਪਾਨ ਨੂੰ ਹੱਥ ਪਾਉਣਾ ਜਾਇਜ਼ ਹੈ।” ਸਾਫ਼ ਗੱਲ ਹੈ ਕਿ ਬਾਦਲ ਦਲ ਦੇ ਸਤਾਏ ਸਿੱਖਾਂ ਕੋਲ਼ ਸਿਰਾਂ ਉੱਤੇ ਖੱਫਣ ਬੰਨ੍ਹਣ ਬਗੈਰ ਕੋਈ ਰਾਹ ਨਹੀਂ ਹੈ।

ਰਣਜੀਤ ਸਿੰਘ ਦਮਦਮੀ ਟਕਸਾਲ
ਪ੍ਰਧਾਨ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ
ਮੋ: 88722-93883

Show More

Related Articles

Leave a Reply

Your email address will not be published.

Back to top button