ਅਸਾਧਾਰਨ ਮਹਿਲਾ ਦੀ ਅਸਾਧਾਰਨ ਕਹਾਣੀ: ਮੀਰਾਬਾਈ ਚਾਨੂ

ਓਲੰਪਿਕਸ ‘ਚ ਤੁਸੀਂ ਕਿਸੇ ਹੋਰ ਤੋਂ ਪਛੜ ਜਾਓ ਤਾਂ ਕੋਈ ਖਾਸ ਗੱਲ ਨਹੀਂ। ਪਰ ਜੇਕਰ ਤੁਸੀਂ ਆਪਣਾ ਖੇਡ ਪੂਰਾ ਨਹੀਂ ਕਰ ਪਾਉਂਦੇ ਤਾਂ ਤੁਹਾਡੇ ਨਾਮ ਸਾਹਮਣੇ ਇਕ ਸ਼ਰਮਨਾਕ ਵਾਕ ਲਿਖਿਆ ਜਾਂਦਾ ਏ, “ਡਿਡ ਨਾਟ ਫਿਨਿਸ਼”। 2016 ਓਲੰਪਿਕਸ ਭਾਰਤ ਦੀ ਮਹਿਲਾ ਵੇਟਲਿਫਟਰ ਜੋ ਰੋਜ ਪ੍ਰੈਕਟਿਸ ‘ਚ ਜਿੰਨਾ ਭਾਰ ਆਰਾਮ ਨਾਲ ਚੁੱਕਦੀ ਸੀ, ਉਨਾਂ ਭਾਰ ਵੀ ਨਾਂ ਚੁੱਕ ਸਕੀਂ ਤੇ ਉਨਾਂ ਦੇ ਨਾਮ ਅੱਗੇ ਸ਼ਰਮਨਾਕ ਸਕੋਰ ਲਿਖਿਆ ਗਿਆ “ਡਿਡ ਨਾਟ ਫਿਨਿਸ਼”।
ਇਸ ਨਮੋਸ਼ੀ ਕਾਰਨ ਇਹ ਕੁੜੀ ਇਕ ਵਾਰ ਤਾਂ ਡਿਪ੍ਰੈਸ਼ਨ ‘ਚ ਜਾ ਕੇ ਸੰਨਿਆਸ ਲੈਣ ਦਾ ਮੰਨ ਬਣਾ ਚੁੱਕੀ ਸੀ। ਪਰ ਇਹ ਦਲੇਰ ਧੀ ਕੋਈ ਆਮ ਕੁੜੀ ਨਹੀਂ ਸੀ, ਇਸ ਦੇ ਮਨ ਤੇ ਇਸ ਨਮੋਸ਼ੀ ਦਾ ਡੂੰਘਾ ਅਸਰ ਤਾਂ ਹੋਇਆ, ਪਰ ਇਹਨੇਂ ਇਸ ਨੂੰ ਚੈਲੇਂਜ ਦੇ ਤੌਰ ਤੇ ਲਿਆ। ਪਿਛਲੇ ਸਾਲ 2021 ਰਿਓ ਓਲੰਪਿਕਸ ‘ਚ ਪਹਿਲਾ ਦਿਨ ਤੇ ਭਾਰਤ ਦੀ ਇਸੇ ਧੀ ਨੇ 49 ਕਿਲੋ ਵਰਗ ‘ਚ ਕੁਲ 202 ਕਿਲੋ ਵਜਨ ਚੁੱਕ ਚਾਂਦੀ ਤਮਗਾ ਜਿੱਤ ਤਹਿਲਕਾ ਮਚਾ ਦਿੱਤਾ ਸੀ। ਜੀ ਹਾਂ, ਇਹ ਮਹਾਨਾਇਕਾ ਹੈ “ਮੀਰਾਬਾਈ ਚਾਨੂ”।
8 ਅਗਸਤ 1994 ਨੂੰ ਮਣਿਪੁਰ ਦੇ ਛੋਟੇ ਜਿਹੇ ਪਿੰਡ ‘ਚ ਪਿਤਾ ਸ਼੍ਰੀ ਕਰਿਤੀ ਮਿਤੇਈ ਤੇ ਮਾਤਾ ਸ਼੍ਰੀਮਤੀ ਤੋਂਬੀ ਲੀਮਾ ਦੇ ਘਰ ਇਕ ਛੋਟੇ ਜਿਹੇ ਪਿੰਡ ‘ਚ ਜੋ ਕਿ ਇੰਫਾਲ ਤੋਂ 100 ਕਿਲੋਮੀਟਰ ਦੂਰ ਹੈ, ਮੀਰਾ ਨੇ ਜਨਮ ਲਿਆ ਸੀ। ਛੇ ਭੈਣ ਭਰਾਵਾਂ ‘ਚੋਂ ਸਭ ਤੋਂ ਛੋਟੀ ਮੀਰਾਬਾਈ ਆਪਣੇ ਭਰਾ ਨਾਲ ਲਕੜੀਆਂ ਕੱਟ ਘਰ ਲਿਆਉਂਦੀ ਸੀ। ਇਕ ਵਾਰ ਜਦੋਂ ਉਹ ਹੱਦੋਂ ਵੱਧ ਲੱਕੜਾਂ ਚੁੱਕ ਲਿਆਈ ਤੇ ਭਰਾ ਨੇ ਉਹਨੂੰ ਵੇਟ ਲਿਫਟਿੰਗ ਲਈ ਪ੍ਰੇਰਿਤ ਕੀਤਾ। ਬਾਕੀ ਜਦੋਂ ਮੀਰਾਬਾਈ ਨੇ ਮਣਿਪੁਰ ਦੀ ਸਟਾਰ ਵੇਟ ਲਿਫਟਰ ਕੁੰਜੁਰਾਨੀ ਦੇ ਏਥੰਸ ਓਲੰਪਿਕਸ ਬਾਰੇ ਪੜ੍ਹਿਆ ਤਾਂ ਬਸ ਉਸੇ ਦਿਨ ਤੋਂ ਕੁੰਜੁਰਾਨੀ ਨੂੰ ਆਪਣਾ ਆਦਰਸ਼ ਬਣਾ ਲਿਆ। ਬਹੁਤ ਜਿਆਦਾ ਜਿਦ ਕੀਤੀ ਤਾਂ ਮਾਪਿਆਂ ਨੇ ਵੀ ਇਜਾਜਤ ਦੇ ਦਿੱਤੀ, ਪਰ ਪਿੰਡ ‘ਚ ਕਿਹੜਾ ਟ੍ਰੇਨਿੰਗ ਸੈਂਟਰ ਸੀ। ਮੀਰਾਬਾਈ ਦਾ ਵੇਟਲਿਫਟਿੰਗ ਨਾਲ ਮੋਹ ਵੇਖੋ, ਸ਼ੁਰੂ ‘ਚ ਲੋਹੇ ਦਾ ਬਾਰ ਨਹੀਂ ਸੀ ਤਾਂ ਬਾਂਸ ਨਾਲ ਹੀ ਕੰਮ ਚਾਲੂ ਕਰ ਦਿੱਤਾ।
60 ਕਿਲੋਮੀਟਰ ਦੂਰ ਰੋਜ ਆਹ ਭੈਣ ਟ੍ਰੇਨਿੰਗ ਸੈਂਟਰ ਜਾਂਦੀ ਸੀ, ਜਿਸ ਲਈ ਲੋਕਾਂ ਨੇ ਇਸ ਕੁੜੀ ਦੀ ਬਹੁਤ ਮਦਦ ਕੀਤੀ। ਡਾਇਟ ‘ਚ ਮੀਟ ਤੇ ਦੁੱਧ ਦੀ ਜਰੂਰਤ ਸੀ, ਪਰ ਪਰਿਵਾਰ ਲਈ ਮੁਸ਼ਕਿਲ ਸੀ ਤਾਂ ਫੇਰ ਵੀ ਮੀਰਾਬਾਈ ਦੇ ਹੌਂਸਲੇ ਬੁਲੰਦ ਰਹੇ।
ਮਿਹਨਤਾਂ ਦਾ ਮੁੱਲ ਜਰੂਰ ਪੈਂਦਾ ਹੈ ਤੇ ਮੀਰਾਬਾਈ ਦੀ ਮਿਹਨਤ ਦਾ ਮੁੱਲ ਵੀ ਪਿਆ। 11 ਸਾਲ ਦੀ ਉਮਰ ‘ਚ ਆਹ ਬੇਟੀ ਅੰਡਰ-15 ਚੈਂਪੀਅਨ ਬਣ ਗਈ। ਹੋਰ ਸਖਤ ਮਿਹਨਤ ਲਗਾਤਾਰ ਕੀਤੀ ਤੇ 17 ਸਾਲ ਦੀ ਉਮਰ ‘ਚ ਜੂਨੀਅਰ ਚੈਂਪੀਅਨ ਬਣ ਗਈ। 2014 ਗਲਾਸਗੋ ਕਾਮਨਵੇਲਥ ਗੇਮਜ਼ ‘ਚ ਚਾਂਦੀ ਤਮਗਾ ਜਿੱਤਿਆ। ਜਿਸ ਕੁੰਜੁਰਾਨੀ ਨੂੰ ਆਦਰਸ਼ ਮੰਨ ਮੀਰਾਬਾਈ ਨੇ ਵੇਟਲਿਫਟਿੰਗ ਸ਼ੁਰੂ ਕੀਤੀ ਸੀ, ਉਸੇ ਕੁੰਜੁਰਾਨੀ ਦਾ 12 ਸਾਲ ਪੁਰਾਣਾ ਰਿਕਾਰਡ 2016 ‘ਚ 192 ਕਿਲੋਗ੍ਰਾਮ ਭਾਰ ਚੁੱਕ ਤੋੜ ਕੇ ਸਨਸਨੀ ਫੈਲਾ ਦਿੱਤੀ। ਜੋ ਕਿ ਮੀਰਾਬਾਈ ਦੀ ਕੋਚ ਵੀ ਸੀ, ਜਦਕਿ ਹੁਣ ਇਹਨਾਂ ਦੇ ਮਹਾਨ ਕੋਚ ਸ਼੍ਰੀ ਵਿਜੈ ਸ਼ਰਮਾ ਜੀ ਹਨ।
2016 ਦੀ ਓਲੰਪਿਕ ਹਾਰ ਤੋਂ ਬਾਅਦ ਬਹੁਤ ਸਖਤ ਮਿਹਨਤ ਕਰਦੇ ਹੋਏ, ਇਸ ਭੈਣ ਨੇ 2018 ਕਾਮਨਵੇਲਥ ਗੇਮਜ਼ ‘ਚ ਰਿਕਾਰਡ ਨਾਲ ਸੋਨ ਤਮਗਾ ਜਿੱਤ ਕੇ ਟੋਕੀਓ ਓਲੰਪਿਕਸ ‘ਚ ਫੇਰ ਟਿਕਟ ਪੱਕੀ ਕੀਤੀ ਤਾਂ ਪਹਿਲਾ ਪਦਮ ਸ਼੍ਰੀ ਤੇ ਬਾਅਦ ‘ਚ ਖੇਲ ਰਤਨ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਸਾਲ 2021 ਟੋਕੀਓ ‘ਚ ਇਸ ਵਾਰ ਮੀਰਾਬਾਈ ਨੇ ਸਨੈਚ ‘ਚ 87 ਤੇ ਫੇਰ ਕਲੀਨ ਐਂਡ ਜਰਕ ‘ਚ 115 ਕਿਲੋ ਕੁਲ 202 ਕਿਲੋ ਵਜਨ ਚੁੱਕ ਓਲੰਪਿਕਸ ‘ਚ ਚਾਂਦੀ ਤਮਗਾ ਜਿੱਤ ਇਤਿਹਾਸ ਸਿਰਜ ਦਿੱਤਾ।
ਅੱਜ ਪੂਰਾ ਦੇਸ਼ ਮੀਰਾਬਾਈ ਤੇ ਮਾਣ ਕਰਦਾ ਹੈ। ਵਾਕਈ ਮੀਰਾਬਾਈ ਚਾਨੂ ਨੇ ਉਸ ਮੁਸ਼ਕਿਲ ਦੌਰ ਤੋਂ ਬਾਅਦ ਵੀ ਸਿਖਰ ਤੇ ਪਹੁੰਚ ਕਮਾਲ ਹੀ ਕੀਤੀ ਹੈ।
ਜੁਗ-ਜੁਗ ਜੀਓ, ਮੀਰਾਬਾਈ ਚਾਨੂੰ…
ਅਸ਼ੋਕ ਸੋਨੀ ਕਾਲਮਨਵੀਸ
ਖੂਈ ਖੇੜਾ, ਫਾਜ਼ਿਲਕਾ
98727-05078