
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਵੱਲੋਂ ਭਾਰਤੀ ਜਨਤਾ ਪਾਰਟੀ ਨਾਲ ਆਪਣੀ 23 ਸਾਲ ਪੁਰਾਣੀ ਸਾਂਝ ਖ਼ਤਮ ਕਰਨ ਤੋਂ ਬਾਅਦ ਹੀ ਕਿਸੇ ਹੋਰ ਪਾਰਟੀ ਨਾਲ ਗਠਜੋੜ ਕਰਕੇ ਪੰਜਾਬ ਵਿੱਚ ਚੋਣਾਂ ਲੜਨ ਦੀਆਂ ਗੱਲਾਂ ਬਾਹਰ ਨਿਕਲ ਰਹੀਆਂ ਸਨ। ਜਿਸ ਤੇ ਵਿਰਾਮ ਲਗਾਉਂਦੇ ਹੋਏ ਪਿੱਛਲੇ ਦਿਨੀਂ ਅਕਾਲੀ ਦਲ ਵਲੋਂ ਬਸਪਾ ਨਾਲ ਆਪਣੇ ਗੱਠਜੋੜ ਦਾ ਐਲਾਨ ਕਰਦੇ ਹੋਏ ਬਸਪਾ ਨੂੰ ਪੰਜਾਬ ਵਿੱਚ 20 ਸੀਟਾਂ ਤੇ ਆਪਣੇ ਉਮੀਦਵਾਰ ਖੜ੍ਹੇ ਕਰਨ ਦੀ ਸਹਿਮਤੀ ਵੀ ਪ੍ਰਗਟਾ ਦਿੱਤੀ ਤੇ ਪ੍ਰੈਸ ਮੀਟਿੰਗ ਕਰਕੇ ਐਲਾਨ ਵੀ ਕਰ ਦਿੱਤੇ। ਮੈਨੂੰ ਇਹ ਦੇਖ ਅਤੇ ਸੁਣ ਕਿ ਬਹੁਤ ਹੈਰਾਨੀ ਹੋਈ ਕਿ ਜਿਸ ਪਾਰਟੀ ਨੂੰ ਪੰਜਾਬ ਵਿੱਚ ਅਕਾਲੀ ਦਲ ਨੇ ਖੁਦ ਖਤਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ, ਹੁਣ ਉਸੀ ਪਾਰਟੀ ਨਾਲ ਗੱਠਜੋੜ !! ਬਹੁਤ ਕੁੱਝ ਸੋਚਣ ਤੇ ਮਜ਼ਬੂਰ ਕਰ ਗਿਆ।
ਬਹੁਜਨ ਸਮਾਜ ਪਾਰਟੀ ਦੇ ਰਚੇਤਾ ਜਾ ਇਹ ਕਿਹਾ ਜਾਵੇ ਕਿ ਦਲਿਤਾਂ ਨੂੰ ਉਨ੍ਹਾਂ ਦਾ ਹੱਕ ਦਿਵਾਉਣ ਤੇ ਉਨ੍ਹਾਂ ਦਾ ਬਣਦਾ ਮਾਣ ਸਨਮਾਨ ਬਹਾਲ ਕਰਵਾਉਣ ਲਈ ਪਾਰਟੀ ਦਾ ਗੱਠਨ ਦਲਿਤਾਂ ਦੇ ਮਸੀਹਾ ਸ਼੍ਰੀ ਕਾਂਸ਼ੀ ਰਾਮ ਵੱਲੋਂ ਅੱਜ ਤੋਂ 37 ਸਾਲ ਪਹਿਲਾ 14 ਅਪ੍ਰੈਲ 1984 ਕੀਤਾ ਗਿਆ ਸੀ। ਸ਼੍ਰੀ ਕਾਂਸ਼ੀ ਰਾਮ ਵੱਲੋਂ ਜਿੱਥੇ ਸਾਰੇ ਭਾਰਤ ਵਿੱਚ ਦਲਿਤ ਅੰਦੋਲਨ ਸ਼ੁਰੂ ਕੀਤੇ, ਉੱਥੇ ਹੀ ਉੱਤਰ ਪ੍ਰਦੇਸ਼, ਪੰਜਾਬ ਤੇ ਹੋਰ ਰਾਜਾਂ ਵਿੱਚ ਚੋਣਾਂ ਵਿੱਚ ਆਪਣੇ ਉਮੀਦਵਾਰ ਖੜੇ ਕੀਤੇ। ਸਾਲ 1992 ਵਿੱਚ ਬਸਪਾ ਵੱਲੋਂ 105 ਸੀਟਾਂ ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਗਏ, ਜਿਨ੍ਹਾਂ ਵਿੱਚੋ 9 ਉਮੀਦਵਾਰ ਜੇਤੂ ਹੋਏ ਤੇ ਪਾਰਟੀ ਨੂੰ 16.32% ਵੋਟਾਂ ਪ੍ਰਾਪਤ ਹੋਈਆਂ। ਇਸ ਤੋਂ ਬਾਅਦ ਬਸਪਾ ਆਪਣਾ ਉਹ ਵੋਟ ਬੈਂਕ ਨਾ ਸੰਭਾਲ ਸਕੀ ਤੇ ਸਾਲ 1997 ਵਿੱਚ 7.48%, ਸਾਲ 2002 ਵਿੱਚ 5.69%, ਸਾਲ 2007 ਵਿੱਚ 4.13%, ਸਾਲ 2012 ਵਿੱਚ 4.29 ਅਤੇ ਸਾਲ 2017 ਵਿੱਚ ਘੱਟ ਕੇ 1.52% ਹੀ ਰਹਿ ਗਿਆ।
ਬਸਪਾ ਨੂੰ ਪੰਜਾਬ ਵਿੱਚੋਂ ਖਤਮ ਕਰਨ ਦਾ ਸੱਭ ਤੋਂ ਵੱਡਾ ਹੱਥ ਅਕਾਲੀ ਦਲ ਪਾਰਟੀ ਦਾ ਹੀ ਹੈ, ਜਿਨ੍ਹਾਂ ਨੇ ਸਾਲ 1997 ਵਿੱਚ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕਰਕੇ ਦਲਿਤ ਸਮਾਜ ਦੀਆਂ ਵੋਟਾਂ ਨੂੰ ਆਪਣੇ ਵੱਲ ਕਰਨਾ ਸ਼ੁਰੂ ਕੀਤਾ। ਅਕਾਲੀ ਦਲ ਵਲੋਂ ਬਸਪਾ ਪਾਰਟੀ ਦੇ ਲੱਗਭਗ ਸਾਰੇ ਸੀਨੀਅਰ ਲੀਡਰ ਵੀ ਹੌਲੀ ਹੌਲੀ ਕਰਕੇ ਆਪਣੀ ਪਾਰਟੀ ਵਿੱਚ ਰਲਾਉਣੇ ਸ਼ੁਰੂ ਕਰ ਦਿੱਤੇ ਗਏ। ਜਿਸ ਤੋਂ ਬਾਅਦ ਬਸਪਾ ਕੋਲ ਪੰਜਾਬ ਵਿੱਚ ਕੋਈ ਸਿਰ ਕੱਢ ਲਿਡਰ ਨਾ ਰਿਹਾ, ਜੋ ਕੇ ਪਾਰਟੀ ਦੀਆਂ ਨੀਤੀਆਂ ਨੂੰ ਦਲਿਤ ਸਮਾਜ ਦੇ ਅੱਗੇ ਰੱਖ ਸਕੇ। ਕਾਂਗਰਸ ਵੱਲੋਂ ਵੀ ਦਲਿਤ ਆਗੂਆਂ ਨੂੰ ਆਪਣੀ ਪਾਰਟੀ ਵਿੱਚ ਲਿਆ ਕੇ ਉੱਚੇ ਅਹੁਦਿਆਂ ਤੇ ਬਿਰਾਜਮਾਨ ਕੀਤਾ ਗਿਆ ਤੇ ਪੰਜਾਬ ਦੀ ਕੈਬਿਨੇਟ ਵਿੱਚ ਮੰਤਰੀ ਵੀ ਬਣਾਏ।
ਬੇਸ਼ੱਕ ਬਸਪਾ ਵੱਲੋਂ ਵੀ ਸਮੇਂ-ਸਮੇਂ ਤੇ ਅਕਾਲੀ ਦਲ ਦਾ ਵਿਰੋਧ ਕੀਤਾ ਜਾਂਦਾ ਰਿਹਾ ਹੈ, ਪਰ ਅੰਦਰਖ਼ਾਤੇ ਬਸਪਾ ਪੰਜਾਬ ਵਿੱਚ ਕਾਂਗਰਸ ਦੀ ਬਿਜਾਏ, ਅਕਾਲੀ ਦਲ ਦੀ ਹਮਾਇਤ ਸ਼ੁਰੂ ਤੋਂ ਹੀ ਕਰਦੀ ਰਹੀ ਹੈ। ਬਸਪਾ ਵੱਲੋਂ ਦਲਿਤ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦਾ ਰੁਝਾਣ ਸ਼ੁਰੂ ਤੋਂ ਰਿਹਾ ਹੈ, ਪਰ ਕੋਈ ਇਹ ਨਹੀਂ ਜਾਣਦਾ ਕਿ, ਇਸ ਵਾਰ ਅਕਾਲੀ ਦਲ-ਬਸਪਾ ਦਾ ਗੱਠਜੋੜ ਦਾ ਮੁੱਖ ਮੰਤਵ ਕੀ ਹੈ ? ਧਰਾਤਲ ਤੇ ਦੇਖਿਆ ਜਾਵੇ ਤਾਂ ਦਰਅਸਲ, ਭਾਜਪਾ ਦੇ ਨਾਲੋਂ ਯਾਰੀ ਤੋੜਨ ਤੋਂ ਬਾਅਦ ਅਕਾਲੀ ਦਲ ਇਕੱਲਾ ਰਹਿ ਗਿਆ ਸੀ ਅਤੇ ਕਿਸੇ ਵੀ ਪਾਰਟੀ ਦੇ ਨਾਲ ਗੱਠਜੋੜ ਕਰਨ ਬਾਰੇ ਸੋਚ ਰਿਹਾ ਸੀ। ਕਿਉੰਕਿ ਪਾਰਟੀ ਉੱਤੇ ਸੱਭ ਤੋਂ ਵੱਡਾ ਧੱਬਾ ਬਰਗਾੜੀ ਕਾਂਡ ਤੇ ਸੌਧਾ ਸਾਧ ਨੂੰ ਮੁਆਫ਼ੀ ਦੇਣ ਦਾ ਲੱਗ ਚੁੱਕਿਆ ਹੈ ਤੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਵਿੱਚ ਗਲਤਾਨ ਕਰਨ ਵਿੱਚ ਅਕਾਲੀ ਲੀਡਰਾਂ ਦਾ ਨਾਮ ਕਈ ਵਾਰੀ ਮੀਡੀਆ ਵਿੱਚ ਆ ਚੁੱਕਿਆ ਹੈ।
ਭਾਜਪਾ ਵੱਲੋਂ ਵੀ ਉਕਤ ਕਾਰਨਾਂ ਕਰਕੇ ਸਾਲ 2017 ਦੀਆਂ ਚੋਣਾਂ ਤੋਂ ਬਾਅਦ ਹੀ ਅੰਦਰ ਖਾਤੇ ਪੰਜਾਬ ਵਿੱਚ ਆਪਣੇ ਦਮ ਤੇ ਚੋਣਾਂ ਲੜਨ ਦੀ ਵਿਉਂਤਬੰਦੀ ਕੀਤੀ ਜਾ ਰਹੀ ਸੀ। ਇਸ ਤੋਂ ਬਾਅਦ ਕੇਂਦਰ ਦੀ ਮੋਦੀ ਸਰਕਾਰ ਵਲੋ ਕਿਸਾਨ ਵਿਰੋਧੀ ਬਿੱਲ ਪਾਸ ਕਰਨ ਕਰਕੇ ਪੂਰੇ ਪੰਜਾਬ ਵਿੱਚ ਇਸ ਦਾ ਵਿਰੋਧ ਹੋਣ ਲਗ ਪਿਆ। ਜਿਸ ਵਿੱਚ ਅਕਾਲੀ ਪਾਰਟੀ ਵਲੋਂ ਵੀ ਆਪਣੇ ਡਿੱਗ ਚੁੱਕੇ ਗਿਰਾਫ਼ ਨੂੰ ਮੁੜ ਬਹਾਲ ਕਰਨ ਲਈ ਨਵੀਂ ਰਣਨੀਤੀ ਤਿਆਰ ਕੀਤੀ ਗਈ, ਜਿਸ ਦੇ ਤਹਿਤ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵਲੋ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਤੇ ਕਿਸਾਨਾਂ ਦੇ ਹੱਕ ਵਿੱਚ ਹਾਂ ਦਾ ਨਾਹਰਾ ਮਾਰਨਾ, ਸੱਭ ਰਾਜਨੀਤੀ ਦਾ ਹਿੱਸਾ ਹੈ।
ਜੇਕਰ ਇੱਥੇ ਸਾਲ 2017 ਦੀਆਂ ਚੋਣਾਂ ਦੀ ਵੱਲ ਦੇਖਿਆ ਜਾਵੇ ਤਾਂ ਅਕਾਲੀ ਦਲ ਨੂੰ 25.2%, ਭਾਜਪਾ ਨੂੰ 5.4% ਅਤੇ ਬਸਪਾ ਨੂੰ ਸਿਰਫ਼ 1.5 % ਵੋਟਾਂ ਮਿਲੀਆਂ। ਜਦੋਂ ਕਿ ਪੰਜਾਬ ਵਿੱਚ ਪਹਿਲੀ ਵਾਰੀ ਚੋਣਾਂ ਲੜ ਰਹੀ ਆਮ ਆਦਮੀ ਪਾਰਟੀ ਨੂੰ 23.7% ਵੋਟਾਂ ਮਿਲੀਆਂ, ਜੋ ਕਿ ਇਹ ਸਪਸ਼ਟ ਦੱਸ ਰਿਹਾ ਹੈ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਹਨ ਤੇ ਬਦਲਾਵ ਲਿਆਉਣਾ ਚਾਹੁੰਦੇ ਹਨ। ਪਹਿਲਾ ਮਨਪ੍ਰੀਤ ਸਿੰਘ ਬਾਦਲ ਵਲੋਂ ਅਕਾਲੀ ਦਲ ਨੂੰ ਅਲਵਿਦਾ ਕਹਿ ਕਿ ਆਪਣੀ ਪਾਰਟੀ ਖੜ੍ਹੀ ਕਰਕੇ ਪੰਜਾਬ ਵਿੱਚ ਬਦਲਾਵ ਲਿਆਉਣ ਦੀਆਂ ਗੱਲਾਂ ਕੀਤੀਆਂ ਗਈਆ, ਫੇਰ ਕਾਂਗਰਸ ਪਾਰਟੀ ਨੂੰ ਛੱਡ ਕੇ ਆਪ ਪਾਰਟੀ ਵਲੋਂ ਸੁਖਪਾਲ ਸਿੰਘ ਖਹਿਰਾ ਚੋਣਾਂ ਵਿੱਚ ਖੜ੍ਹਾ ਹੋ ਕੇ ਤੇ ਜੇਤੂ ਬਣਿਆ। ਬਾਅਦ ਵਿੱਚ ਆਪ ਦੇ ਸੀਨੀਅਰ ਲੀਡਰਾਂ ਤੇ ਇਲਜ਼ਾਮ ਲਗਾਉਂਦੇ ਹੋਏ ਖਹਿਰਾ ਨੇ ਆਪਣੀ ਪਾਰਟੀ ਬਣਾਈ ਤੇ ਪੰਜਾਬ ਵਿੱਚ ਬਦਲਾਵ ਲਿਆਉਣ ਦੀਆਂ ਗੱਲਾਂ ਕੀਤੀ। ਇਨ੍ਹਾਂ ਦੋਵੇਂ ਲੀਡਰਾਂ ਤੇ ਪੰਜਾਬ ਦੀ ਜਨਤਾ ਨੇ ਅੱਖਾ ਬੰਦ ਕਰਕੇ ਵਿਸ਼ਵਾਸ਼ ਕੀਤਾ, ਪਰ ਇਹ ਕੁਰਸੀ ਦੇ ਭੁੱਖੇ ਲੋਕਾਂ ਨੇ ਪੰਜਾਬ ਦੇ ਲੋਕਾਂ ਤੋਂ ਮਿਲੇ ਪਿਆਰ ਨੂੰ ਅੱਖੋ ਪਰੋਖੇ ਕਰਕੇ ਹੋਏ ਕਾਂਗਰਸ ਪਾਰਟੀ ਦਾ ਪੱਲਾ ਪਕੜ ਕੇ ਅਣਖੀ ਪੰਜਾਬੀਆਂ ਦੀ ਪਿੱਠ ਤੇ ਛੁਰਾ ਮਾਰਿਆ ਹੈ।
ਅਕਾਲੀ ਦਲ ਹਮੇਸ਼ਾ ਹੀ ਦਲਿਤਾਂ ਨੂੰ ਆਪਣੀ ਮੁੱਠੀ ਵਿੱਚ ਕਰਨ ਲਈ ਮੁਫ਼ਤ ਸਕੀਮਾਂ ਚਲਾਉਂਦਾ ਰਿਹਾ ਹੈ ਅਤੇ ਆਪਣੇ ਰਾਜ ਵਿਚ ਅਕਾਲੀ ਦਲ ਨੇ ਹਜ਼ਾਰਾਂ ਹੀ ਮੇਹਨਤਕਸ਼ ਲੋਕਾਂ ਨੂੰ ਨਕਾਰਾ ਬਣਾਇਆ। ਇਹਨਾਂ ਮੁਫ਼ਤ ਦੀਆਂ ਸਕੀਮਾਂ ਦਾ ਬਸਪਾ ਵਲੋ ਵਿਰੋਧ ਵੀ ਕੀਤਾ ਜਾਂਦਾ ਰਿਹਾ ਹੈ, ਪਰ ਬਸਪਾ ਹੁਣ, ਲੋਕਾਂ ਨੂੰ ਰੁਜ਼ਗਾਰ ਦਿਵਾਉਣ, ਕਿਸਾਨੀ ਮੰਗਾਂ, ਮਜ਼ਦੂਰਾਂ ਦੀਆਂ ਮੰਗਾਂ ਬਾਰੇ ਧਿਆਨ ਦੇ ਕੇ, ਬੇਲੋੜੀਆਂ ਮੁਫ਼ਤ ਸਕੀਮਾਂ ਨੂੰ ਬੰਦ ਕਰਕੇ, ਸਿੱਖਿਆ ਸਿਹਤ ਨੂੰ ਮੁਫ਼ਤ ਕਰਵਾਉਣ ਦੇ ਲਈ ਅਤੇ ਹੋਰ ਅਸਲ ਮੁੱਦਿਆਂ ਦੇ ਕੀ ਅਕਾਲੀ ਦਲ ਦਾ ਧਿਆਨ ਲਿਆਵੇਗੀ ? ਵੈਸੇ, ਤਾਂ ਇਹ ਸਿਰਫ਼ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਤੇ ਆਪਣੀ ਕੁਰਸੀ ਦੀ ਲਾਲਸਾ ਨੂੰ ਪੂਰਾ ਕਰਨ ਲਈ ਕੀਤਾ ਗਿਆ ਗਠਜੋੜ ਹੈ। ਜੋ ਹਲਾਤ ਇਸ ਵੇਲੇ ਨਜ਼ਰੀ ਆ ਰਹੇ ਹਨ, ਉਹਦੇ ਤੋਂ ਸਾਫ਼ ਹੈ ਕਿ ਇਹ ਗੱਠਜੋੜ ਵੀ ਪੰਜਾਬ ਦੇ ਲੋਕਾਂ ਦਾ ਦਿਲ ਨਹੀਂ ਜਿੱਤੇਗਾ, ਕਿਉਂਕਿ ਆਮ ਆਦਮੀ ਪਾਰਟੀ ਏਨਾ ਨਾਲੋਂ ਕੀਤੇ ਅੱਗੇ ਚੱਲ ਰਹੀ ਹੈ। ਕਾਂਗਰਸ ਪਾਰਟੀ ਬੇਸ਼ੱਕ ਆਪਣਾ ਆਧਾਰ ਗੁਆਉਂਦੀ ਨਜ਼ਰੀ ਆ ਰਹੀ ਹੈ, ਤੇ ਉਸਦੇ ਲੀਡਰ ਜਿਸ ਤਰ੍ਹਾਂ ਇੱਕ ਦੂਸਰੇ ਤੇ ਦੂਸ਼ਣ ਲਗਾ ਰਹੇ ਹਨ, ਜਿਸ ਕਰਕੇ ਸਾਲ 2022 ਦੀਆਂ ਚੋਣਾਂ ਵਿੱਚ ਪੇਚੇ ਸਖ਼ਤ ਫਸਣ ਦੀ ਉਮੀਦ ਹੈ।
ਪਰ ਇੱਥੇ ਸਵਾਲ ਇਹ ਹੈ ਕਿ ਝੂਠੀ ਬਿਆਨਬਾਜ਼ੀ ਅਤੇ ਮੁਫ਼ਤੀ ਦਾ ਰਾਸ਼ਨ ਦੇਣ ਦੀ ਬਿਜਾਏ, ਕੀ ਸਮੂਹ ਸਿਆਸੀ ਪਾਰਟੀਆਂ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕਰਨਗੀਆਂ ? ਦਿੱਲੀ ਬਾਰਡਰ ਤੇ ਬੈਠੇ ਕਿਸਾਨਾਂ, ਮਜ਼ਦੂਰਾਂ ਦੇ ਮਸਲਿਆਂ ਵੱਲ ਧਿਆਨ ਦੇਣਗੀਆਂ ? ਹਜ਼ਾਰਾਂ ਧਰਨੇ ਲਗਾ ਰਹੇ ਅਧਿਆਪਕਾਂ ਤੇ ਕੱਚੇ ਕਾਮਿਆਂ ਨੂੰ ਪੱਕਾ ਕਰਨ ਲਈ ਕੋਈ ਚੋਰਾ ਜਾਰੀ ਕਰਨਗੀਆ ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਵਾਰੀ ਪੰਜਾਬ ਦੇ ਲੋਕਾਂ ਦਾ ਦਿਲ ਕਿਹੜੀ ਪਾਰਟੀ ਜਿੱਤਦੀ ਹੈ। ਬਾਕੀ ਸਭ ਪਾਰਟੀਆਂ ਦਾ ਮੁੱਖ ਏਜੰਡਾ ਇੱਕੋ ਹੀ ਹੈ, ਪੰਜਾਬ ਨੂੰ ਲੁੱਟਣਾ ਤੇ ਉਸ ਦੀਆ ਹੱਕੀ ਮੰਗਾਂ ਕਦੇ ਵੀ ਪੂਰੀਆਂ ਨਾ ਹੋਣ ਦੇਣੀਆ। ਪੰਜਾਬ ਦੇ ਸੂਝਵਾਨ ਲੋਕੋ ਜਾਗੋ ਅਤੇ ਆਪਣਾ ਇਮਾਨਦਾਰ ਤੇ ਚੰਗਾ ਲੀਡਰ ਚੁਣੋ, ਤਾਂ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਪੰਜਾਬ ਦਾ ਆਪਣਾ ਤੇ ਸਿੱਖ ਰਾਜ ਲਿਆਂਦਾ ਜਾ ਸਕੇ।
ਆਮੀਨ….
ਹਰਕਿਰਨ ਜੀਤ ਸਿੰਘ ਰਾਮਗੜ੍ਹੀਆ
+91 99888 41763