ਸਾਹਿਤ

ਸਿੱਖ ਬਨਾਮ ਤਾਲਿਬਾਨ

ਸਿੱਖ ਦਾ ਮਤਲਬ ਤਾਲਿਬਾਨ ਏ, ਤੇ ਤਾਲਿਬਾਨ ਦਾ ਮਤਲੱਬ ਸਿੱਖ ਜੇ ਬੋਲੀ ਦਾ ਉਲੱਥਾ ਕਰਕੇ ਵੇਖੀਏ। ਕੁੱਝ ਇਕ ਦੋ ਗੱਲਾਂ ਨੂੰ ਛੱਡਕੇ ਸਿੰਘਾਂ ਤੇ ਪਠਾਣਾਂ ਚ, ਜ਼ਮੀਨ ਅਸਮਾਨ ਦਾ ਫ਼ਰਕ ਏ। ਇਕ ਕਹਾਵਤ ਏ ਅਖੇ, “ਕਾਬਲ ਦੇ ਜੰਮਿਆ ਨੂੰ ਨਿੱਤ ਮੁਹਿੰਮਾਂ” ਬਾਹਲੇ ਪਿਛੋਕੜ ‘ਚ, ਨਾਂ ਜਾਈਏ ਤਾਂ ਪਿੱਛਲੇ ਦਹਾਕਿਆਂ ‘ਚ, ਇਹਨਾਂ ਲੜਾਕੂਆਂ ਗੁਰੀਲਿਆਂ ਪਠਾਣਾਂ ਨੂੰ ਅਸੀਂ ਮਹਾਂ-ਸ਼ਕਤੀਆਂ ਨਾਲ ਲੜਦੇ ਭਿੜਦੇ ਵੇਖਿਆ ਹੈ। ਸਿਆਸੀ ਪੈੰਤੜੇ ਕੀ ਹੁੰਦੇ, ਇਹ ਤੇ ਰਾਜਨੀਤਕ ਤਾਕਤਾਂ ਵਾਲੇ ਜਾਣਦੇ ਹਨ, ਪਰ ਫ਼ਤਿਹ ਅਫ਼ਗ਼ਾਨਾਂ ਦੀ ਹੁੰਦੀ ਰਹੀ। ਆਪਣੀ ਸਰ-ਜ਼ਮੀਨ ਲਈ ਮਰ ਮਿਟਣ ਦਾ ਜੋ ਜਜ਼ਬਾ ਇਹਨਾਂ ‘ਚ ਹੈ, ਬਹੁਤ ਘੱਟ ਕਬੀਲਿਆਂ-ਜਾਤੀਆਂ ‘ਚ ਪਾਇਆ ਜਾਂਦਾ।

ਆਪਣੇ ਵਤਨ ‘ਚ ਗੈਰ- ਮੁਲਕਾਂ ਵੱਲੋਂ ਸਾਸ਼ਨ ਕਰਨਾ, ਇਹਨਾਂ ਨੂੰ ਬਿਲਕੁੱਲ ਪਸੰਦ ਨਹੀਂ। ਪਹਿਲਾਂ ਰੂਸ ਨੂੰ ਪੁੱਠੇ ਪੈਰੀਂ ਮੋੜਨਾਂ ਤੇ ਹੁਣ ਨਾਟੋ ਫੌਜਾਂ ਜਰਮਨ, ਫਰਾਂਸ, ਇੰਗਲੈਂਡ ਆਦਿ ਸਮੇਤ ਅਮਰੀਕਾ ਵਰਗੀ ਮਹਾਂ ਸ਼ਕਤੀ ਨੂੰ ਸ਼ਿਕਸਤ ਦੇਣੀ, ਇਹਨਾਂ ਦੇ ਦ੍ਰਿੜ ਇਰਾਦੇ ਤੇ ਸਿਰੜ ਦੀ ਨਿਸ਼ਾਨੀ ਹੈ। ਹੁਣ ਇਸ ਨੂੰ ਰਾਜਨੀਤੀ ਕਹੀਏ ਜਾਂ ਕੁੱਝ ਹੋਰ, ਇਹ ਸੱਭ ਕਿਆਸ ਅਰਾਈਆਂ ਨੇ ਤੇ ਸਮੇਂ ਦੇ ਗਰਭ ‘ਚ, ਇਹ ਤਾਂ ਸਿਰਫ਼ ਕਰਤਾ ਅਕਾਲ ਪੁਰਖ ਜਾਣਦਾ। ਪਰ ਦੁਨੀਆਂ ਤੇ ਜਰਮਨ ਦੀਆਂ ਜ਼ਿਆਦਾ ਅਖ਼ਬਾਰਾਂ ਇਹਨੂੰ ਅਮਰੀਕਾ ਦੀ ਹਾਰ ਤੇ ਅਫ਼ਗ਼ਾਨਾਂ ਦੀ ਜਿੱਤ ਦੱਸ ਰਹੀਆਂ।

ਅਸੀਂ ਸਿੱਖਾਂ ਘਰ ਜਨਮੇ ਬਚਪਨ ਤੋਂ ਹੀ ਇਹ ਸੁਣਦੇ ਆਏ ਹਾਂ, ਕਿ ਸਿੱਖਾਂ ਨੇ ਪਠਾਣਾਂ ਤੇ ਰਾਜ ਕੀਤਾ ਤੇ ਦਰਾ ਖ਼ੈਬਰ ਦਾ ਰਾਹ ਬੰਦ ਕੀਤਾ। ਇਹ ਇਤਹਾਸ ਵਿੱਚ ਦਰਜ ਹੈ ਕਿ ਪਠਾਣੀਆਂ ਆਪਣੇ ਰੋਂਦੇ ਨਿਆਣਿਆਂ ਨੂੰ “ਹਰੀਆ ਰਾਗਲੇ” ਹਰੀ ਸਿੰਘ (ਜਰਨੈਲ)ਆ ਗਿਆ, ਕਹਿ ਕੇ ਚੁੱਪ ਕਰਾਉੰਦੀਆਂ ਰਹੀਆਂ ਹਨ। ਹੁਣ ਜਦੋਂ ਅਸੀਂ ਸੁਪਰ ਪਾਵਰਾਂ ਨੂੰ ਉਥੋਂ ਰੁੱਖਸਤ ਹੁੰਦਿਆਂ ਵੇਖ ਰਹੇ ਹਾਂ, ਤੇ ਮਨ ਵਿੱਚ ਵਿਚਾਰ ਆਉੰਦਾ ਕਿ ਆਧੁਨਿਕ ਹਥਿਆਰਾਂ, ਅੱਜ ਦੇ ਸਾਇੰਸ ਦੀਆਂ ਨਵੀਆਂ ਕਾਢਾਂ ਵਾਲੇ ਅਸ਼ਤਰ- ਸ਼ਸ਼ਤਰ ‘ਤੇ ਡਰੋਨ ਵਰਗੇ, ਮਨੁੱਖ ਰਹਿਤ ਉੱਡਣ ਖਟੋਲੇ ਵੀ ਇਹਨਾਂ ਪਠਾਣਾਂ ਨੂੰ ਹਰਾ ਨਹੀਂ ਸਕੇ, ਕੀ ਕਾਰਨ ਹੈ ਕਿ ਭੂਰੀਆਂ ਆਲੇ ਇਹਨਾਂ ਤੇ ਰਾਜ ਕਰਗੇ।

“ਮੁਗਲਾਂ ਜ਼ਹਿਰ ਪਿਆਲੇ ਪੀਤੇ,
ਭੂਰੀਆਂ ਆਲੇ ਰਾਜੇ ਕੀਤੇ।।”

ਕੀ ਕਾਰਨ ਹੈ, ਕਿ ਪਠਾਣਾਂ ਨੂੰ ਸਿੱਖਾਂ ਕੋਲੋਂ ਭੈਭੀਤ ਹੋਣਾ ਪਿਆ ? ਹਾਲਾਂਕਿ ਉਹ ਜਾਂਬਾਜ, ਜੰਗਜੂ ਲੜਾਕੇ ਤੇ ਸਿਹਤ ਸਰੀਰ ਪੱਖੋਂ ਵੀ ਸਾਡੇ ਨਾਲ਼ੋਂ ਘੱਟ ਨਹੀਂ। ਵੱਡੀਆਂ ਤਾਕਤਾਂ ਨਾਲ ਮੱਥਾ ਲਾਉਣ ਦਾ ਜਿਗਰਾ ਰੱਖਦੇ ਹਨ। ਮੈਂ ਜੋ ਆਪਣੀ ਤੁੱਛ ਬੁੱਧ ਅਨੁਸਾਰ ਤੱਤ ਕੱਢਿਆ ਕਿ ਉਹ ਸਿੱਖਾਂ ਦੀ ਬਹਾਦਰੀ ਤੋਂ ਨਹੀਂ ਬਲਕਿ ਉਨ੍ਹਾਂ ਦੇ ਕਿਰਦਾਰ ਤੋਂ ਡਰਦੇ ਸਨ। ਉਹ ਸਿੰਘਾਂ ਨੂੰ ਉੱਚੇ ਇਖ਼ਲਾਕੀ ਲੜਾਕੇ ਮੰਨਦੇ ਸਨ, ਉਹ ਸਿੱਖਾਂ ਦੇ ਅਸੂਲਾਂ ਨੂੰ ਸਮਝ ਚੁੱਕੇ ਸਨ, ਕਿ ਇਹ ਬੱਚੇ, ਬੁੱਢਿਆਂ, ਔਰਤਾਂ, ਵਿਕਲਾਗਾਂ ਤੇ ਭੱਜੇ ਜਾਂਦੇ ਦੁਸ਼ਮਣ ਦੀ ਪਿੱਠ ਤੇ ਵਾਰ ਨਹੀਂ ਕਰਦੇ। ਬੇਗਮ ਬਾਨੋ ਤੇ ਗੁਲਖ਼ਾਨ ਦੀ ਕਹਾਣੀ ਸ਼ਾਇਦ ਪਠਾਣ ਸੁਣ ਚੁੱਕੇ ਸਨ, ਕਿ ਕਿਸ ਤਰ੍ਹਾਂ ਸਿੱਖਾਂ ਦੇ ਦਰ ਤੇ ਗਈ, ਬੀਬੀ ਬਾਨੋ ਨੂੰ ਹਰੀ ਸਿੰਘ ਵਰਗਾ ਪੁੱਤਰ ਮਿਲਿਆ ਸੀ, ਜਿਸ ਨੇ ਬਾਨੋ ਦੇ ਪੈਰਾਂ ਤੇ ਮੱਥਾ ਟੇਕ ਉਸਨੂੰ “ਧਰਮ ਮਾਤਾ” ਬਣਾ ਲਿਆ ਸੀ।

ਬਿਨਾਂ ਸ਼ੱਕ ਪਠਾਣਾਂ ਨੇ ਇਕ ਅਕਾਲ ਦੇ ਪੁਜਾਰੀ ਸਿੱਖਾ ਬਾਰੇ ਹੋਰ ਵੀ ਬਹੁਤ ਕੁੱਝ ਸੁਣਿਆ ਹੋਵੇਗਾ। ਕੁਦਰਤੀ ਹੈ ਕਿ ਜਦੋਂ ਮਨੁੱਖ ਆਪਣੇ ਤੋਂ ਉੱਚੀਆਂ ਕਦਰਾਂ ਕੀਮਤਾਂ ਤੇ ਬੁਲੰਦ ਕਿਰਦਾਰ ਵਾਲੀ ਸ਼ਖ਼ਸੀਅਤ ਦਾ ਸਾਹਮਣਾ ਕਰਦਾ ਹੈ, ਤਾਂ ਆਪਣੇ ਆਪ ਨੂੰ ਬੌਣਾ ਸਮਝਦਾ ਹੈ। ਇਹ ਬੌਣਾ ਹੋਣਾ ਹੀ ਅਧੀਨਗੀ ਹੈ, ਡਰ ਹੈ ਤੇ ਮਨ ‘ਚ ਉਪਜਿਆ ਸਤਿਕਾਰ ਵੀ, ਇਖ਼ਲਾਕਾਂ ਤੇ ਕਿਰਦਾਰਾਂ ਵਿੱਚ ਉਮਰਾਂ ਮਾਈਨੇ ਨਹੀਂ ਰੱਖਦੀਆਂ। ਜਿਸ ਤਰ੍ਹਾਂ ਅਸੀਂ ਉੱਚ ਚੋਟੀ ਦੇ ਬੁਲੰਦ ਕਿਰਦਾਰਾਂ ਵਾਲ਼ੇ ਛੋਟੇ ਸਾਹਿਬਜ਼ਾਦਿਆਂ, ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫ਼ਤਿਹ ਸਿੰਘ ਜੀ ਨੂੰ “ਬਾਬਾ ਜੀ” ਦੇ ਨਾਮ ਨਾਲ ਸਤਿਕਾਰ ਦੇ ਕੇ ਬੁਲਾਉਂਦੇ ਹਾਂ, ਤਾਂ ਇਹ ਨੰਨੀਆਂ ਰੂਹਾਂ ਹੋਰ ਵੀ ਬੁਲੰਦ ਹੋ ਜਾਂਦੀਆਂ ਹਨ।

ਹਾਲੇ ਕੱਲ ਦੀਆਂ ਗੱਲਾਂ ਨੇ ਜਦੋਂ ਉੱਚ ਇਖ਼ਲਾਕ ਤੇ ਸੁੱਚੇ ਕਿਰਦਾਰ ਦੀ ਗੱਲ ਆਉੰਦੀ ਹੈ ਤਾਂ “ਤੀਰ ਵਾਲਾ ਬਾਬਾ” ਸਾਹਮਣੇ ਆ ਜਾਂਦਾ ਹੈ। ਜਵਾਨ ਉਮਰ ਤੇ ਦੁਨਿਆਵੀ ਵਿੱਦਿਆ ਵੀ ਕੋਈ ਬਾਹਲੀ ਨਹੀਂ, ਪਰ ਹਰੇਕ ਸੁੱਚੀ ਨਿਗਾਹ ਲਈ ਬਾਬਾ ਜਰਨੈਲ ਸਿੰਘ ਖਾਲਸਾ, ਸਤਿਕਾਰ ਦੇ ਪਾਤਰ ਹਨ। ਜੇਕਰ ਉਨ੍ਹਾਂ ਕੋਲ ਸੁਬਰਾਮਨੀਆਮ ਸੁਆਮੀ ਵਰਗਾ ਪੜਿਆ ਲਿਖਿਆ, ਉੱਚ ਕੋਟੀ ਦਾ ਵਕੀਲ ਮਿਲਣ ਆਉੰਦਾ ਹੈ ਤਾਂ ਸਿਰ ਢੱਕ ਕੇ ਭੁੰਜੇ ਚੌਂਕੜਾ ਮਾਰ ਲੈੰਦਾ ਹੈ। ਜੇ ਜੇਤੂ ਜਰਨੈਲ ਸ਼ੁਬੇਗ ਸਿੰਘ ਜੀ ਮਿੱਲਣ ਆਉਣ ਤਾਂ ਸ਼ਸਤਰ ਵਾਲਾ ਡੱਬਾ ਅੱਗੇ ਰੱਖ ਕਹਿਣ ਲੱਗੇ, ਬਾਬਾ ਜੀ ਦਾਸ ਤੋਂ ਜੋ ਸੇਵਾ ਮਰਜ਼ੀ ਲੈ ਲਓ। ਕਾਰਨ, ਬੁਲੰਦ ਕਿਰਦਾਰ, ਕਹਿਣੀ ਤੇ ਕਰਨੀ ਦਾ ਪੂਰਾ ਗੁਰੂ ਦਾ ਸਿੱਖ, ਜੋ ਉਹਨਾਂ ਨੇ ਚਮਕੌਰ ਨੂੰ ਚੁਰਾਸੀ ‘ਚ ਦੁਹਰਾਇਆ ਸੱਭ ਦੇ ਸਾਹਮਣੇ ਹੈ ਨਾਂ ਇਖ਼ਲਾਕ ਨਾਲ ਸਮਝੌਤਾ ਕੀਤਾ ਨਾਂ ਝੁਕਿਆ ਤੇ ਨਾਂ ਹੀ ਵਿਕਿਆ, ਪਰ ਹਾਂ ਤਸਵੀਰਾਂ ਜ਼ਰੂਰ ਵਿਕਦੀਆਂ ਨੇ।

ਬੀਤੇ ਕੱਲ ਦੀਆਂ ਗੱਲਾਂ ਨੇ ਖਾੜਕੂ ਸੰਘਰਸ਼ ਵਿੱਚ ਵੀ ਬੜੇ ਉੱਚੀਆਂ ਕਦਰਾਂ ਕੀਮਤਾਂ ਵਾਲੇ ਯੋਧੇ ਹੋਏ ਹਨ। ਅਨੇਕਾਂ ਕਿੱਸੇ ਕਹਾਣੀਆਂ ਨੇ, ਇਕ ਉਦਾਹਰਣ ਜ਼ਿੰਦੇ-ਸੁੱਖੇ ਦੀ ਫਾਂਸੀ ਤੋਂ ਪਹਿਲਾਂ, ਜਦੋਂ ਦੋ ਅਣਪਛਾਤੀਆਂ ਭੈਣਾਂ ਸ਼ਹੀਦੀ ਗਾਨੇ ਬੰਨ੍ਹ ਲਈ ਆਈਆਂ, ਉਹ ਸਾਡੇ ਯੋਧਿਆਂ ਦੇ ਬੁਲੰਦ ਕਿਰਦਾਰਾਂ ਦੀਆਂ ਫੈਨ ਸਨ। ਪਰ ਸੱਚ ਇਹ ਹੈ ਕਿ ਖਾਲਸਾ ਰਾਜ ਦੇ ਪਤਨ ਤੋਂ ਮਗਰੋਂ ਖ਼ੁਦਗ਼ਰਜ਼, ਸਤਾ ਦੇ ਲਾਲਚੀਆਂ, ਚੌਧਰ ਦੇ ਭੁੱਖਿਆਂ, ਗ਼ਦਾਰਾਂ ਹੁਕਮਰਾਨਾਂ ਦੇ ਚਮਚਿਆਂ ਸਿੱਖੀ ਕਦਰਾਂ ਕੀਮਤਾਂ ਨੂੰ ਢਾਹ ਲਾਈ ਤੇ ਅਸੀਂ ਨਿਗਾਰ ਵੱਲ ਜਾਂਦੇ ਗਏ। ਉੱਚੇ ਸੁੱਚੇ ਤੇ ਬੁਲੰਦ ਕਿਰਦਾਰ ਹੀ ਖਾਲਸੇ ਦੇ ਨਿਆਰੇਪਣ ਦੀ ਨਿਸ਼ਾਨੀ ਸਨ, ਉਹ ਚਲੇ ਗਏ ਤੇ ਗੁਲਾਮੀ ਦੀਆਂ ਜ਼ੰਜੀਰਾਂ ਕਸਦੀਆ ਗਈਆਂ। ਭਾਵੇਂ ਕਿ ਬੁਲੰਦ ਕਿਰਦਾਰਾਂ ਨੇ ਵੀ ਸਮੇਂ-ਸਮੇਂ ਸਿਰ ਦੇਣੋ ਕਾਣ ਨਾਂ ਕੀਤੀ, ਪਰ ਗ਼ਦਾਰਾਂ ਤੇ ਪੰਥ ਦੋਖੀਆਂ ਵਾਹ ਨਾਂ ਜਾਣ ਦਿੱਤੀ ਤੇ ਅੱਜ ਜਿਸ ਮੋੜ ਤੇ ਖੜ੍ਹੇ ਆ, ਹਾਲਾਤ ਸੱਭ ਦੇ ਸਾਹਮਣੇ ਹਨ।

ਇੱਕ ਅਕਾਲ ਪੁਰਖ ਦੇ ਸੇਵਕ ਤੇ ਬਾਬਿਆਂ ਦੀ ਜੱਥੇਬੰਦੀ ਅਕਾਲੀ ਦਲ ‘ਚ ਅੱਜ ਬੀੜੀਆਂ ਪੀੰਣ ਵਾਲੇ ਜੱਥੇਬੰਦਕ ਸਕੱਤਰ ਹਨ ਤੇ ਪਤਿਤ ਚੌਧਰੀ ਅਕਾਲੀ ਅਖਵਾਉਂਦੇ ਹਨ। ਵੋਟਾਂ ਦੇ ਸਮੇਂ ਕਦੇ ਸਿਰਸੇ ਆਲੇ ਕੋਲ, ਕਦੇ ਨਰਕਧਾਰੀ ਤੇ ਕਈ ਹੋਰਨਾਂ ਦੇਹਧਾਰੀਆਂ ਕੋਲ ਜਾਂਦੇ ਹਨ। ਹੋਰ ਤੇ ਹੋਰ ਸਿੱਖਾਂ ਦੇ ਮੱਕੇ ਸ੍ਰੀ ਦਰਬਾਰ ਸਾਹਿਬ ਦੀਆਂ ਚਾਬੀਆਂ ਵੀ ਬੱਜਰ ਕੁਰਹਿਤ ਕਾਰੇ ਕਰਨ ਵਾਲਿਆਂ ਦੇ ਹੱਥਾਂ ‘ ਹਨ। ਅੱਜ ਕਿੱਥੇ ਰਹਿਗੇ ਇਖ਼ਲਾਕ, ਕਿੱਥੇ ਗਏ ਸਾਡੇ ਕਿਰਦਾਰ, ਬਿਪਰਨ ਦੀ ਰੀਤ ਤੁਰ ਪਏ ਸਾਰੇ, ਕੁੱਝ ਕੁ ਜਾਗਦੀਆਂ ਜ਼ਮੀਰਾਂ ਆਲਿਆਂ ਨੂੰ ਛੱਡਕੇ। “ਆਪ ਤੇ ਮਰਨਾਂ ਬਾਹਮਣਾਂ, ਜ਼ਜਮਾਨ ਵੀ ਡੋਬੇਂ,” ਆਲ਼ੀ ਗੱਲ, ਆਪ ਤੇ ਮਰਨਾਂ ਦੂਜਿਆਂ ਨੂੰ ਵੀ ਲੈ ਕੇ ਬਹਿਣਾ। ਜਿਹੜੇ ਚਾਰ ਸਿਰ ਅਜ਼ਾਦੀ ਦੀ ਗੱਲ ਕਰਦੇ, ਉਨ੍ਹਾਂ ਨੂੰ ਵੀ ਭੰਡਣ ਤੇ ਲੱਕ ਬੰਨ੍ਹਿਆ।

ਸਿੱਖਾਂ ਦੇ ਨਿਆਰੇਪਣ ਤੋਂ ਜਿੰਨਾ ਨੂੰ ਜਮਾਂਦਰੂ ਤਕਲੀਫ਼ ਹੈ, ਰਹਿੰਦੀ ਕਸਰ ਉਨ੍ਹਾਂ ਕਾਮਰੇਡ ਤੇ ਅੱਪਗਰੇਡ ਪ੍ਰਚਾਰਕਾਂ ਨੇ ਕੱਢਤੀ। ਅਖੇ ਜੀ, ਇਹ ਸਿੱਖ ਤੇ ਕਮਲੇ ਆ, ਜਿਹੜੇ ਅਜ਼ਾਦੀ ਦੀ ਗੱਲ ਕਰਦੇ ਆ, ਵਿਚਾਰਾਂ ਦੀ ਲੜਾਈ ਆ, ਹਥਿਆਰਾਂ ਦੀ ਨਹੀਂ। ਸਾਲ ਹੋ ਗਿਆ, ਦਿੱਲੀ ਬਾਡਰ ਤੇ ਬੈਠਿਆਂ ਵਿਚਾਰਾਂ ਆਲਾ ਬੰਬ ਚੱਲਿਆ ਕਿਉੰ ਨਹੀਂ ! ਤੇ ਜੇ ਕਿਸੇ ਨੇ ਖਾਲਸਾਈ ਜਾਹੋ ਜਲਾਲ ਵਿਖਾ ਦਿੱਤਾ, ਫੇਰ ਵਿਚਾਰਾਂ ਆਲੇ ਭਕਾਈ ਮਾਰਨ ਲੱਗ ਜਾਂਦੇ, ਤੇ ਨੌਜਵਾਨ ਸਿੰਘਾਂ ਨੂੰ ਨਿੰਦਦੇ ਵੀ, ਉਹ ਮਰੀਆਂ ਜ਼ਮੀਰਾਂ ਆਲੇ, ਜਿਨ੍ਹਾਂ ਦੇ ਨਾਂ ਇਖ਼ਲਾਕ ਪੱਲੇ ਤੇ ਨਾਂ ਕਿਰਦਾਰ।

ਕਈ ਵਿਦਵਾਨ ਤੇ ਇਹ ਵੀ ਕਹਿਣਗੇ ਜੀ, ਉਦੋਂ ਸਿੰਘਾਂ ਜਮਰੌਦ ਫ਼ਤਿਹ ਤਾਂ ਕੀਤਾ, ਅਖੇ ਅਰਦਾਸ ਹੋਰ ਸੀ ਹੁਣ ਵਾਲੀ ਭਗੌਤੀ ਵਾਲੀ ਨਹੀਂ ਸੀ। ਪਤਾ ਨੀ ਲਗਦਾ ਹੱਸੀਏ ਕੇ ਰੋਈਏ ! ਓਏ ਭਲਿਓ, ਪੰਜ ਬਾਣੀਆਂ ਵੀ ਉਹੀ ਆ ਤੇ ਅਰਦਾਸ ਵੀ ਉਹੋ। ਚੁਰਾਸੀ ‘ਚ ਸੁਪਰ ਪਾਵਰ ਨੂੰ ਚਣੇ ਚਬਾਉਣ ਵਾਲੇ “ਪ੍ਰਿਥਮ ਭਗੌਤੀ” ਸਿਮਰਨ ਵਾਲੇ ਸੀ। ਸ਼੍ਰੀ ਅਕਾਲ ਤਖ਼ਤ ਸਾਹਿਬ ਅੱਗੇ ਅਰਦਾਸ ਕਰ, ਦਿੱਲੀ ਵੱਡਾ ਰੁੱਖ ਸੁੱਟਣ ਵਾਲੇ “ਪ੍ਰਿਥਮ ਭਗੌਤੀ” ਸਿਮਰਕੇ, ਗੁਰ ਨਾਨਕ ਲਈਂ ਧਿਆਏ, ਵਾਲੇ ਸੀ। ਹੋਰ ਤੇ ਹੋਰ ਪੰਜ ਕਰੋੜ ਸੱਤਰ ਲੱਖ ਦੇ ਟਰੱਕ ਭਰਨ ਤੋਂ ਪਹਿਲਾਂ ਤਰਪਾਲ ਪਾਈ ਮੈਟਾਡੋਰ ‘ਚ, ਜਿਹੜੀ ਅਰਦਾਸ ਹੋਈ ਸੀ, ਉਹ ਵੀ “ਪ੍ਰਿਥਮ ਭਗੌਤੀ ਸਿਮਰਕੇ ਗੁਰ ਨਾਨਕ ਲਈ ਧਿਆਏ” ‘ਤੇ ਦਸਮ ਪਾਤਸ਼ਾਹ ਜੀ ਸਭ ਥਾਂਈਂ ਹੋਏ ਸਹਾਈ ਵਾਲੀ ਹੀ ਸੀ।

ਇਸ ਲਈ ਨਾਂ ਸਿੱਖ ਬਦਲੇ ਨਾਂ ਸਿੱਖੀ ਬਦਲੀ ਨਾਂ ਨਿਤਨੇਮ ਤੇ ਨਾਂ ਅਰਦਾਸ। ਬੇੜਾ ਗਰਕ ਹੋਇਆ ਤੇ ਗ਼ਦਾਰਾਂ, ਇਖ਼ਲਾਕ ਹੀਣ ਕਿਰਦਾਰਾਂ ਦਾ ‘ਤੇ ਉਹਨਾਂ ਬੇਗੈਰਤ ਵੋਟਰਾਂ ਦਾ ਜੋ ਅੱਖਾਂ ਬੰਦ ਕਰਕੇ ਆਪਣੀ ਵੋਟ ਇਨ੍ਹਾਂ ਨੂੰ ਪਾਉਂਦੇ ਨੇ। ਸੋ ਆਉ, ਗੁਰੂ ਨੂੰ ਸਨਮੁਖ ਹੋ ਕਿ ਇੱਕ ਅਹਿਦ ਕਰੀਏ ‘ਤੇ ਬਿਨ੍ਹਾਂ ਵਜਾ ਦੇ ਤਰਕ ਸ਼ੰਕੇ ਬੰਦ ਕਰੀਏ ਤੇ ਸਿੱਖ ਕਿਰਦਾਰ ਬੁਲੰਦ ਕਰੀਏ। ਸੋ ਮੁੱਕਦੀ ਗੱਲ, ਜੇ ਸਿੱਖ ਆਪਣੇ ਬੁਲੰਦ ਕਿਰਦਾਰ ਤੇ ਉੱਚੀਆਂ ਕਦਰਾਂ ਨਾਲ ਪਠਾਨਾਂ ਵਰਗੀ ਜੰਗਜੂ ਕੌਮ ‘ਚ, ਡਰ ਪੈਦਾ ਕਰ ਸਕਦੇ, ਬਾਕੀ ਕਿਸਦੇ ਪਾਣੀ ਹਾਰ ਆ। ਬੱਸ ਸਿਰਫ ਉੱਚਾ-ਸੁੱਚਾ ਜੀਵਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲੜ ਲੱਗ ਕੇ ਹੀ ਬਣਾਉਣਾ ਪੈਣਾ, ਬਾਕੀ ਕੰਮ ਦਸਮ ਪਾਤਸ਼ਾਹ ਨੇ ਆਪ ਹੀ ਕਰ ਦੇਣਾ।

ਭੁੱਲਾਂ ਚੁੱਕਾਂ ਦੀ ਖਿਮਾਂ ਜੀ,

ਲੇਖਕ: ਬਿੱਟੂ ਅਰਪਿੰਦਰ ਸਿੰਘ
Source: Facebook

Show More

Related Articles

Leave a Reply

Your email address will not be published.

Back to top button