ਕਾਂਗਰਸ ਹਾਈਕਮਾਨ ਨੇ ਬਦਲੀ ਰਣਨੀਤੀ, ਮਹਾਰਾਣੀ ਪ੍ਰਨੀਤ ਕੌਰ ਬਣਨਗੇ “ਪੰਜਾਬ ਪ੍ਰਧਾਨ”..!

ਚੰਡੀਗੜ੍ਹ 30 ਸਤੰਬਰ: ਪੰਜਾਬ ‘ਚ ਕਾਂਗਰਸ ਪਾਰਟੀ ਦਾ ਆਪਸੀ ਕਾਟੋ ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪੰਜਾਬ ਕਾਂਗਰਸ ‘ਚ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਨੇ ਹੰਗਾਮਾ ਖੜ੍ਹਾ ਕਰ ਦਿੱਤਾ ਹੈ। ABP ਵੱਲੋਂ ਕਾਂਗਰਸ ਦੇ ਉੱਚ ਸੂਤਰਾਂ ਤੋਂ ਹਾਸਲ ਜਾਣਕਾਰੀ ਮੁਤਾਬਕ ਪਾਰਟੀ ਲੀਡਰਸ਼ਿਪ ਨਵਜੋਤ ਸਿੱਧੂ ਦੇ ਅਸਤੀਫੇ ਦੀ ਕਾਰਵਾਈ ਤੋਂ ਬੇਹੱਦ ਨਾਰਾਜ਼ ਹੈ। ਜੇਕਰ ਸਿੱਧੂ ਅਸਤੀਫਾ ਵਾਪਸ ਨਹੀਂ ਲੈਂਦੇ ਤਾਂ ਉਨ੍ਹਾਂ ਦੀ ਥਾਂ ਕਿਸੇ ਹੋਰ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ। ਸੂਤਰਾਂ ਮੁਤਾਬਕ ਸਿੱਧੂ ਦੇ ਅਸਤੀਫੇ ਤੋਂ ਬਾਅਦ ਹਾਈਕਮਾਨ ਉਨ੍ਹਾਂ ਨੂੰ ਮਨਾਉਣ ਦੇ ਮੂਡ ‘ਚ ਨਹੀਂ ਹੈ।
ਸੂਤਰਾਂ ਮੁਤਾਬਕ ਸਿੱਧੂ ਦੀ ਥਾਂ ਕੌਣ ਸੂਬਾ ਪ੍ਰਧਾਨ ਬਣੇਗਾ, ਇਸ ਬਾਰੇ ਅਜੇ ਫੈਸਲਾ ਨਹੀਂ ਹੋਇਆ ਹੈ। ਪਰ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਪ੍ਰਧਾਨ ਲਈ ਮਹਾਰਾਣੀ ਪ੍ਰਨੀਤ ਕੌਰ ਦਾ ਨਾਂ ਸਾਹਮਣੇ ਆ ਰਿਹਾ ਹੈ। ਪ੍ਰਨੀਤ ਕੌਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਹੈ ਅਤੇ ਉਹ ਪਟਿਆਲਾ ਤੋਂ ਲੋਕ ਸਭਾ ਮੈਂਬਰ ਵੀ ਹੈ।
ਸੂਤਰਾਂ ਮੁਤਾਬਕ ਪਾਰਟੀ ਲੀਡਰਸ਼ਿਪ ਦੇ ਸਾਹਮਣੇ 3-4 ਨਾਵਾਂ ਦੇ ਵਿਕਲਪ ਹਨ। ਰਾਹੁਲ ਗਾਂਧੀ ਤੇ ਪ੍ਰਿਅੰਕਾ ਦੋਵੇਂ ਹੀ ਨਵਜੋਤ ਸਿੱਧੂ ਦੇ ਇਸ ਵਤੀਰੇ ਤੋਂ ਨਾਰਾਜ਼ ਨਜ਼ਰ ਆ ਰਹੇ ਹਨ। ਪ੍ਰਿਯੰਕਾ ਗਾਂਧੀ ਦੇ ਸਲਾਹਕਾਰ ਵਿਭਾਕਰ ਸ਼ਾਸਤਰੀ ਨੇ ਵੀ ਸਿੱਧੂ ਨੂੰ ਪਾਰਟੀ ਤੋਂ ਕੱਢਣ ਦੀ ਮੰਗ ਕੀਤੀ ਹੈ। ਫਿਲਹਾਲ ਸਿੱਧੂ ਤੇ ਹਾਈਕਮਾਨ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ।
ਤਾਜ਼ਾ ਹਾਲਾਤ ਨੂੰ ਵੇਖਦਿਆਂ ਕਾਂਗਰਸ ਹਾਈਕਮਾਨ ਕੈਪਟਨ ਨੂੰ ਮਨਾਉਣ ਵਿੱਚ ਜੁਟ ਗਈ ਹੈ। ਇਸ ਲਈ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ। ਕਾਂਗਰਸ ਦੇ ਸੀਨੀਅਰ ਲੀਡਰ ਵੀ ਇਸ ਬਾਰੇ ਕੋਈ ਸਪਸ਼ਟ ਬਿਆਨ ਦੇਣ ਲਈ ਤਿਆਰ ਨਹੀਂ।