
ਚੰਡੀਗੜ੍ਹ, 31 ਅਕਤੂਬਰ: ਅਕਾਲੀ ਦਲ 1920 ਦੇੇ ਪ੍ਰਧਾਨ ਸ. ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਸਿੱਖ ਨਸਲਕੁੱਸ਼ੀ ਲਈ ਮੁੱਖ ਗੁਨਾਹਗਾਰ ਜਗਦੀਸ਼ ਟਾਈਟਲਰ ਦੀ ਨਿਯੁਕਤੀ ਤੇ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਕਾਂਗਰਸ ਹਾਈ ਕਮਾਂਡ ਨੂੰ ਨਿਸ਼ਾਨੇ ਤੇ ਲੈਂਦਿਆਂ ਦੋਸ਼ ਲਾਇਆ ਕਿ ਸਿੱਖਾਂ ਦੇ ਜਖਮਾਂ ‘ਤੇ ਲੂਣ ਛਿੱੜਕਿਆ ਗਿਆ ਹੈ।
ਸਾਬਕਾ ਸਪੀਕਰ ਨੇ 1984 ਦੇ ਕਾਂਡ ਬਾਰੇ ਦੱਸਿਆ ਕਿ ਇਸ ਨੇ ਜਿਉਦੇ ਸਿੱਖ ਸਾੜੇ, ਮਾਸੂਮ ਬੱਚੇ ਵੀ ਨਹੀ ਬਖਸ਼ੇ ਗਏ। ਸ਼ਰੇਆਮ ਸਿੱਖਾਂ ਦੀ ਜਾਇਦਾਦ ਲੁੱਟੀ ਗਈ। ਸਿੱਖ ਨੌਜੁਆਨ, ਲੜਕੀਆਂ, ਔਰਤਾਂ ਅਤੇ ਬਜ਼ੁਰਗ ਮਹਿਲਾਵਾਂ ਤੇ ਅਣ ਮਨੁੱਖੀ ਤਸ਼ੱਦਦ ਕੀਤਾ ਗਿਆ, ਜਿਸ ਦਾ ਵਰਨਣ ਨਹੀ ਕੀਤਾ ਜਾ ਸਕਦਾ।
ਸ. ਰਵੀਇੰਦਰ ਸਿੰਘ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਦੇ ਸਿੱਖ ਕਾਂਗਰਸੀਆਂ ਨੂੰ ਸਥਿਤੀ ਸਪੱਸ਼ਟ ਕਰਨ ਲਈ ਕਿਹਾ। ਉਨ੍ਹਾਂ ਮੁਤਾਬਕ ਸਿੱਖ ਕੌਮ ਪਿਛਲੇ 37 ਸਾਲ ਤੋਂ ਭਾਰਤੀ ਨਿਆਂ ਪ੍ਰਣਾਲੀ ਤੋਂ ਇਨਸਾਫ ਦੀ ਮੰਗ ਕਰ ਰਹੀ ਹੈ, ਪਰ ਇਨਸਾਫ ਨਹੀ ਮਿਲ ਰਿਹਾ।
ਸ. ਸਿੰਘ ਨੇ ਕਿਹਾ ਕਿ ਇਸ ਕਾਂਡ ਦੇ ਪੀੜਤ ਨੌਜੁਆਨ ਬਜ਼ੁਰਗ ਹੋ ਗਏ ਹਨ ਤੇ ਉਸ ਵੇਲੇ ਦੇ ਬਿਰਧ ਨਿਆਂ ਦੇ ਉਡੀਕ ਕਰਦੇ, ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ।