ਚੰਡੀਗੜ੍ਹ

ਗੰਨਾ ਕਿਸਾਨਾਂ ਨਾਲ ਧੋਖ਼ਾ, ਕਾਂਗਰਸ ਨੇ ਲੱਡੂ ਖਵਾ ਕੇ ਕਿਸਾਨਾਂ ਦੀ ਪਿੱਠ ‘ਚ ਮਾਰਿਆ ਛੁਰਾ: ਕੁਲਤਾਰ ਸਿੰਘ ਸੰਧਵਾਂ

Sugarcane farmers betrayed, Congress stabs farmers in the back by feeding them laddu: Kultar Singh Sandhwan

ਮਾਮਲਾ ਨਿੱਜੀ ਖੰਡ ਮਿੱਲਾਂ ਨੇ 360 ਪ੍ਰਤੀ ਕੁਇੰਟਲ ਮੁੱਲ ਦੇਣ ਤੋਂ ਕੀਤਾ ਇਨਕਾਰ

ਚੰਡੀਗੜ੍ਹ, 1 ਨਵੰਬਰ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਅਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕਾਂਗਰਸ ਸਰਕਾਰ ’ਤੇ ਸੂਬੇ ਦੇ ਗੰਨਾ ਉਤਪਾਦਕ ਕਿਸਾਨਾਂ ਨਾਲ ਧੋਖ਼ਾ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਦੱਸਿਆ, ‘‘ਪੰਜਾਬ ਦੀ ਕਾਂਗਰਸ ਸਰਕਾਰ ਨੇ ਸੂਬੇ ਦੇ ਗੰਨਾ ਉਤਪਾਦਕ ਕਿਸਾਨਾਂ ਨੂੰ ਗੰਨੇ ਦਾ ਮੁੱਲ 360 ਪ੍ਰਤੀ ਕੁਇੰਟਲ ਦੇਣ ਦਾ ਐਲਾਨ ਤਾਂ ਜ਼ਰੂਰ ਕੀਤਾ ਸੀ, ਪਰ ਇਸ ਦੇ ਲਈ ਲੋੜੀਂਦੀ ਨੋਟੀਫ਼ਿਕੇਸ਼ਨ ਅਤੇ ਬਜਟ ਦਾ ਕੋਈ ਪ੍ਰਬੰਧ ਨਹੀਂ ਕੀਤਾ। ਇਸ ਕਾਰਨ ਸੂਬੇ ਦੀਆਂ ਪ੍ਰਾਈਵੇਟ ਖੰਡ ਮਿੱਲਾਂ ਨੇ ਕਿਸਾਨਾਂ ਦਾ ਗੰਨਾ ਖ਼ਰੀਦਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਜਿਸ ਕਾਰਨ ਗੰਨਾ ਉਤਪਾਦਕ ਭਾਰੀ ਸਦਮੇ ਵਿੱਚ ਹਨ।’’

ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਦੋਸ਼ ਲਾਇਆ ਕਿ ਬਾਦਲਾਂ -ਭਾਜਪਾ ਵਾਂਗ ਕਾਂਗਰਸ ਸਰਕਾਰਾਂ ਦੇ ਦਾਅਵੇ ਕਦੇ ਵੀ ਸੱਚ ਨਹੀਂ ਹੋਏ। ਸੰਧਵਾਂ ਨੇ ਕਿਹਾ, ‘‘ਕਾਂਗਰਸ ਦੇ ਤਤਕਾਲੀ ਮੁੱਖ ਮੰਤਰੀ ਨੇ ਕਿਸਾਨ ਯੂਨੀਅਨਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਗੰਨਾ ਉਤਪਾਦਕਾਂ ਨੂੰ 360 ਰੁਪਏ ਪ੍ਰਤੀ ਕੁਇੰਟਲ ਗੰਨੇੇ ਦਾ ਮੁੱਲ ਅਤੇ ਹਰਿਆਣਾ ਮਾਡਲ ਲਾਗੂ ਕਰ ਦਿੱਤਾ ਜਾਵੇਗਾ। ਇਸ ਵਾਅਦੇ ਦਾ ਜਸ਼ਨ ਮਨਾਉਂਦਿਆਂ ਮੁੱਖ ਮੰਤਰੀ ਨੇ ਕਿਸਾਨ ਆਗੂਆਂ ਨੂੰ ਲੱਡੂ ਵੀ ਖਵਾਏ, ਪਰ ਇਹ ਲੱਡੂ ਗੰਨਾ ਉਤਪਾਦਕਾਂ ਲਈ ਮਿੱਠੀ ਜ਼ਹਿਰ ਹੀ ਸਾਬਤ ਹੋਏ ਹਨ।’’

ਕੁਲਤਾਰ ਸੰਧਵਾਂ ਨੇ ਦੋਸ਼ ਲਾਇਆ ਕਿ ਗੰਨਾ ਦੇ ਮੁੱਲ ਵਿੱਚ ਕੀਤੇ ਵਾਧੇ ਅਤੇ ਹਰਿਆਣਾ ਮਾਡਲ ਲਾਗੂ ਕਰਨ ਲਈ ਲੋੜੀਂਦੇ ਬਜਟ ਦਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਨਹੀਂ ਕੀਤਾ ਗਿਆ, ਜਿਸ ਕਾਰਨ ਘਾਟੇ ਵਿੱਚ ਚੱਲ ਰਹੀਆਂ ਸੂਬੇ ਦੀਆਂ ਪ੍ਰਾਈਵੇਟ ਖੰਡ ਮਿੱਲਾਂ ਨੇ ਕਿਸਾਨਾਂ ਦਾ ਗੰਨਾ ਖ਼ਰੀਦਣ ਅਤੇ ਅੱਗਲੇ ਸਾਲ ਲਈ ਗੰਨਾ ਬਾਂਡ ਕਰਨ ਤੋਂ ਸਾਫ਼ ਮਨਾ ਕਰ ਦਿੱਤਾ ਹੈ। ਐਨਾ ਹੀ ਨਹੀਂ, ਸਗੋਂ ਪ੍ਰਾਈਵੇਟ ਖੰਡ ਮਿੱਲਾਂ ਦੀ ਯੂਨੀਅਨ ਨੇ ਵੱਖ-ਵੱਖ ਮਾਧਿਅਮਾਂ ਰਾਹੀਂ ਆਪਣਾ ਪੱਖ ਕਿਸਾਨਾਂ ਅੱਗੇ ਰੱਖਦਿਆਂ ਕਿਹਾ, ‘‘ਪੰਜਾਬ ਦੀਆਂ ਘਾਟੇ ਵਿੱਚ ਚੱਲ ਰਹੀਆਂ ਪ੍ਰਾਈਵੇਟ ਖੰਡ ਮਿੱਲਾਂ ਪਿਛਲੇ ਸਾਲਾਂ ਦੇ ਗੰਨਾ ਮੁੱਲ 310 ਰੁਪਏ ਪ੍ਰਤੀ ਕੁਇੰਟਲ ਦੀ ਅਦਾਇਗੀ ਨਹੀਂ ਕਰ ਪਾ ਰਹੀਆਂ ਅਤੇ ਕਈ ਮਿੱਲਾਂ ਵੱਲ ਕਿਸਾਨਾਂ ਦੀ ਬਕਾਇਆ ਰਕਮ ਖੜ੍ਹੀ ਹੈ। ਇਸ ਲਈ ਇਹ ਮਿੱਲਾਂ 360 ਰੁਪਏ ਦਾ ਮੁੱਲ ਕਿਸਾਨਾਂ ਨੂੰ ਨਹੀਂ ਦੇ ਸਕਦੀਆਂ, ਕਿਉਂਕਿ ਹਰਿਆਣਾ ਮਾਡਲ ਦੇ ਤਹਿਤ ਭਾਰਤ ਸਰਕਾਰ ਦੇ ਖ਼ਰੀਦ ਮੁੱਲ (ਐਫ਼.ਆਰ.ਪੀ.) ਅਤੇ ਸੂਬੇ ਦੇ ਖ਼ਰੀਦ ਮੁੱਲ ਵਿੱਚਲੇ ਅੰਤਰ ਵਾਲਾ ਪੈਸਾ ਪੰਜਾਬ ਸਰਕਾਰ ਵੱਲੋਂ ਨਹੀਂ ਦਿੱਤਾ ਜਾ ਰਿਹਾ।

ਕੁਲਤਾਰ ਸੰਧਵਾਂ ਨੇ ਮੁੱਖ ਮੰਤਰੀ ਚਰਨਜੀਤ ਸਿੰੰਘ ਚੰਨੀ ਤੋਂ ਮੰਗ ਕੀਤੀ ਕਿ ਗੰਨਾ ਉਤਪਾਦਕਾਂ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਤੁਰੰਤ ਲੋੜੀਂਦਾ ਪੈਸਾ ਜਾਰੀ ਕੀਤਾ ਜਾਵੇ, ਗੰਨੇ ਦੀ ਖ਼ਰੀਦ ਲਈ ਅਤੇ ਅਗਲੇ ਵਰ੍ਹੇ ਲਈ ਗੰਨਾ ਬਾਂਡ ਸ਼ੁਰੂ ਕਰਨ ਦੇ ਆਦੇਸ਼ ਪ੍ਰਾਈਵੇਟ ਖੰਡ ਮਿੱਲਾਂ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਨਿੱਜੀ ਖੰਡ ਮਿੱਲਾਂ ਵੱਲੋਂ ਗੰਨਾ ਖਰੀਦੇ ਜਾਣ ਤੋਂ ਹੱਥ ਖੜ੍ਹੇ ਕਰਨ ਦਾ ਕਾਰਨ ਨਿੱਜੀ ਖੰਡ ਮਿੱਲ ਮਾਫ਼ੀਆ ਹੈ, ਜਿਨਾਂ ਦਾ ਪ੍ਰਮੁੱਖ ਨੁਮਾਇੰਦਾ ਰਾਣਾ ਗੁਰਜੀਤ ਸਿੰਘ ਖੁਦ ਚੰਨੀ ਵਜਾਰਤ ਵਿੱਚ ਵਜੀਰ ਹੈ। ਸੰਧਵਾਂ ਨੇ ਕਿਹਾ ਕਿ ਸਰਕਾਰ ਨੇ ਨਿੱਜੀ ਮਿੱਲ ਮਾਫੀਆ ਅੱਗੇ ਗੋਡੇ ਟੇਕ ਦਿੱਤੇ ਹਨ, ਨਤੀਜੇ ਵਜੋਂ ਇਸ ਵਾਰ ਵੀ ਕਿਸਾਨਾਂ ਦਾ ਸ਼ੋਸਣ ਹੋਵੇਗਾ।

Show More

Related Articles

Leave a Reply

Your email address will not be published. Required fields are marked *

Back to top button