ਚੰਡੀਗੜ੍ਹ
Trending

ਖੇਤੀਬਾੜੀ ਮਸ਼ੀਨਰੀ ਖ਼ਰੀਦਣ ਲਈ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਕਿਉਂ ਨਹੀਂ ਦਿੱਤਾ ਸਬਸਿਡੀ ਦਾ ਪੈਸਾ? : ਅਮਨ ਅਰੋੜਾ

Why Punjab Government did not provide subsidy money to farmers for purchase of agricultural machinery ? Aman Arora

61,000 ਅਰਜੀਆਂ ਵਿੱਚੋਂ ਮਹਿਜ਼ 9300 ਅਰਜੀਆਂ ਕੀਤੀਆਂ ਮਨਜ਼ੂਰ

ਚੰਡੀਗੜ੍ਹ, 9 ਨਵੰਬਰ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਸੂਬੇ ਦੇ ਕਿਸਾਨਾਂ ਅਤੇ ਖੇਤੀਬਾੜੀ ਸੁਸਾਇਟੀਆਂ ਨੂੰ ਸਬਸਿਡੀ ਅਧਾਰਿਤ ਖੇਤੀਬਾੜੀ ਮਸ਼ੀਨਰੀ ਖ਼ਰੀਦਣ ਲਈ ਸਮੇਂ ਸਿਰ ਰਕਮ ਨਾ ਦੇਣ ’ਤੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚਿੱਠੀ ਲਿਖ ਕੇ ਕਿਸਾਨਾਂ ਨੂੰ ਮਸ਼ੀਨਰੀ ਖ਼ਰੀਦਣ ਲਈ ਤੁਰੰਤ ਰਕਮ ਅਤੇ ਬਕਾਇਆ ਸਬਸਿਡੀ ਜਾਰੀ ਕਰਨ ਦੀ ਮੰਗ ਕੀਤੀ ਹੈ।

ਵਿਧਾਇਕ ਅਰੋੜਾ ਨੇ ਕਿਹਾ, ‘‘ ਪੰਜਾਬ ਦੇ ਕਿਸਾਨਾਂ ਅਤੇ ਖੇਤੀਬਾੜੀ ਸੁਸਾਇਟੀਆਂ ਨੇ ਫ਼ਸਲਾਂ ਦੀ ਬਿਜਾਈ ਅਤੇ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਨਿਪਟਾਉਣ ਲਈ ਵੱਖ- ਵੱਖ ਕਿਸਮਾਂ ਦੀਆਂ ਮਸ਼ੀਨਾਂ ਖ਼ਰੀਦਣ ਲਈ 61,000 ਤੋਂ ਜ਼ਿਆਦਾ ਅਰਜੀਆਂ ਖੇਤੀਬਾੜੀ ਵਿਭਾਗ ਨੂੰ ਦਿੱਤੀਆਂ ਸਨ, ਪਰ ਲੰਮੇ ਸਮੇਂ ਤੋਂ ਇਹ ਅਰਜੀਆਂ ਖੇਤੀਬਾੜੀ ਵਿਭਾਗ ਦੇ ਦਫ਼ਤਰਾਂ ਵਿੱਚ ਧੂੜ ਫੱਕ ਰਹੀਆਂ ਹਨ। ਜਦੋਂ ਕਿ ਪੰਜਾਬ ਦੇ ਕਿਸਾਨ ਮਸ਼ੀਨਰੀ ਨਾ ਹੋਣ ਕਾਰਨ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਲਈ ਮਜ਼ਬੂਰ ਹੋ ਰਹੇ ਹਨ।’’

ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭੇਜੇ ਪੱਤਰ ਰਾਹੀਂ ਖੁਲਾਸਾ ਕੀਤਾ ਕਿ ਪੰਜਾਬ ਸਰਕਾਰ ਖੇਤੀਬਾੜੀ ਮਸ਼ੀਨਰੀ ਖ਼ਰੀਦਣ ਲਈ ਕਿਸਾਨਾਂ ਅਤੇ ਖੇਤੀਬਾੜੀ ਸੁਸਾਇਟੀਆਂ ਨੂੰ ਸਬਸਿਡੀ ਪੈਸੇ ਦੇਣ ਦੇ ਦਾਅਵੇ ਕਰਦੀ ਹੈ, ਪਰ ਪੰਜਾਬ ਦੇ ਹਜ਼ਾਰਾਂ ਕਿਸਾਨ ਅਤੇ ਖੇਤੀਬਾੜੀ ਸਹਿਕਾਰੀ ਸੁਸਾਇਟੀਆਂ ਸਬਸਿਡੀ ਅਧਾਰਿਤ ਖੇਤੀਬਾੜੀ ਮਸ਼ੀਨਰੀ ਖ਼ਰੀਦਣ ਲਈ ਸਰਕਾਰੀ ਪੈਸੇ ਦਾ ਇੰਤਜਾਰ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸੂਬੇ ਦੇ ਕਿਸਾਨਾਂ ਨੇ ਕਰੀਬ 61,000 ਅਰਜੀਆਂ ਦੇ ਕੇ 1,64,800 ਮਸ਼ੀਨਾਂ ਖ਼ਰੀਦਣ ਲਈ ਸਬਸਿਡੀ ਦੇਣ ਦੀ ਮੰਗ ਕੀਤੀ ਸੀ, ਜਿਨਾਂ ਵਿੱਚੋਂ ਮਹਿਜ਼ ਕਰੀਬ 9,300 ਅਰਜੀਆਂ ਪ੍ਰਵਾਨ ਕਰਕੇ ਕੇਵਲ 25,500 ਮਸ਼ੀਨਾਂ ਖ਼ਰੀਦਣ ਦੀ ਹੀ ਪ੍ਰਵਾਨਗੀ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ।

‘ਆਪ’ ਆਗੂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਨੇ ਨਾ ਤਾਂ ਕਿਸਾਨਾਂ ਦੀ ਮੰਗ ਅਨੁਸਾਰ ਪੈਸਾ ਜਾਰੀ ਕੀਤਾ ਅਤੇ ਨਾ ਹੀ ਕੁੱਲ ਖ਼ਰੀਦੀਆਂ ਮਸ਼ੀਨਾਂ ਕਿਸਾਨਾਂ ਤੱਕ ਪਹੁੰਚਾਈਆਂ। ਇਸ ਕਾਰਨ ਪੰਜਾਬ ਦੇ ਕਿਸਾਨ ਮਜ਼ਬੂਰੀਵਸ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਲਈ ਮਜ਼ਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਜਾਣਬੁੱਝ ਕੇ ਪਰਾਲੀ ਨੂੰ ਅੱਗ ਨਹੀਂ ਲਾ ਰਿਹਾ, ਸਗੋਂ ਸਰਕਾਰਾਂ ਦੀਆਂ ਨਲਾਇਕੀਆਂ ਅਤੇ ਸੁਚੱਜੇ ਪ੍ਰਬੰਧ ਨਾ ਕਰਨ ਕਰਕੇ ਅਜਿਹਾ ਹੋ ਰਿਹਾ ਹੈ। ਪਰਾਲੀ ਸਾੜਨ ਕਾਰਨ ਪੈਦਾ ਹੋਇਆ ਧੂੰਆਂ ਨਾ ਕੇਵਲ ਆਮ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ, ਸਗੋਂ ਖੁੱਦ ਕਿਸਾਨ ਵੀ ਧੂੰਏਂ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।

ਅਰੋੜਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਸਾਲ 2021-22 ਲਈ ਮਨਜ਼ੂਰ ਹੋਈ 346 ਕਰੋੜ ਰੁਪਏ ਦੀ ਸਬਸਿਡੀ ਵਿੱਚੋਂ ਅਜੇ ਤੱਕ ਮਹਿਜ਼ 106 ਕਰੋੜ ਰੁਪਏ ਦੀ ਸਬਸਿਡੀ ਰਕਮ ਹੀ ਕਿਸਾਨਾਂ, ਪੰਚਾਇਤਾਂ, ਸੀ.ਐਚ.ਸੀਜ਼ ਅਤੇ ਸਹਿਕਾਰੀ ਸੁਸਾਇਟੀਆਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਪੰਜਾਬ ਸਰਕਾਰ ਦੀ ਨਿਕੰਮੀ ਕਾਰਗੁਜਾਰੀ ਕਾਰਨ ਖੇਤੀਬਾੜੀ ਖੇਤਰ ਲਈ ਕੇਂਦਰ ਵੱਲੋਂ ਜਾਰੀ ਕੀਤਾ ਗਿਆ ਪੈਸਾ ਵਰਤੋਂ ਬਿਨ੍ਹਾਂ ਹੀ ਵਾਪਸ ਜਾਂਦਾ ਰਿਹਾ ਹੈ। ਜਿਸ ਦੀ ਉਦਾਹਰਨ ਹੈ ਕਿ ਪਿੱਛਲੇ ਵਿੱਤੀ ਵਰ੍ਹੇ ਦੌਰਾਨ ਵੀ 45 ਕਰੋੜ ਰੁਪਏ ਦੀ ਕੇਂਦਰੀ ਸਬਸਿਡੀ ਰਕਮ ਵਾਪਸ ਮੁੜ ਗਈ ਸੀ, ਅਜਿਹੀ ਕਾਰਵਾਈ ਰੋਕਣ ਦੀ ਜ਼ਰੂਰਤ ਹੈ।

ਅਮਨ ਅਰੋੜਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਕਿ ਖੇਤੀਬਾੜੀ ਮਸ਼ੀਨਰੀ ਖ਼ਰੀਦਣ ਲਈ ਕਿਸਾਨਾਂ ਦੀਆਂ ਪੈਂਡਿੰਗ ਪਈਆਂ ਅਰਜੀਆਂ ਨੂੰ ਤੁਰੰਤ ਮਨਜ਼ੂਰ ਕੀਤਾ ਜਾਵੇ ਅਤੇ ਮਸ਼ੀਨਰੀ ਖ਼ਰੀਦਣ ਲਈ ਪੈਸਾ ਜਾਰੀ ਕਰਨ ਦੇ ਨਾਲ- ਨਾਲ ਬਕਾਇਆ ਸਬਸਿਡੀ ਰਕਮ ਵੀ ਜਾਰੀ ਕੀਤੀ ਜਾਵੇ।

Show More

Related Articles

Leave a Reply

Your email address will not be published. Required fields are marked *

Back to top button