ਚੰਡੀਗੜ੍ਹਰਾਜਨੀਤੀ
Trending

ਚੰਨੀ ਸਰਕਾਰ ਅਣਗਿਣਤ ਚੋਰ-ਮੋਰੀਆਂ ਰੱਖ ਕੇ ਸਾਬਕਾ ਡੀ.ਜੀ.ਪੀ ਨੂੰ ਬਚਾ ਰਹੀ: ਪਰਮਿੰਦਰ ਢੀਂਡਸਾ

Channi government is saving former DGP by keeping innumerable loopholes: Parminder Dhindsa

ਚੰਡੀਗੜ੍ਹ 10 ਨਵੰਬਰ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਤੇ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਨੂੰ ਹਰ ਹੀਲੇ ਬਚਾਉਣ ਦੇ ਦੋਸ਼ ਲਗਾਏ ਹਨ। ਪਾਰਟੀ ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਮੁੱਚੀ ਸਰਕਾਰੀ ਮਸ਼ੀਨਰੀ ਸਮੇਧ ਸੈਣੀ ਨੂੰ ਹਰ ਹਾਲ ਵਿੱਚ ਬਚਾਉਣਤੇ ਲੱਗੀ ਹੋਈ ਹੈ।

ਸ. ਢੀਂਡਸਾ ਨੇ ਵਿਜੀਲੈਂਸ ਬਿਊਰੋ ਵੱਲੋਂ ਸੁਮੇਧ ਸੈਣੀ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦਰਜ ਕੀਤੇ ਗਏ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਮਾਮਲੇ ਦੀ ਹੋਈ ਸੁਣਵਾਈ ਦਾ ਇਕ ਵੀਡੀਓ ਸਾਂਝਾ ਕੀਤਾ ਹੈ। ਜਿਸ ਵਿੱਚ ਸਰਕਾਰੀ ਵਕੀਲ ਸੁਮੇਧ ਸੈਣੀ ਦੀ ਅੰਤਰਿਮ ਜ਼ਮਾਨਤ ਦਾ ਵਿਰੋਧ ਕਰਨ ਦੇ ਬਜਾਏ ਉਸਦੀ ਜਮਾਨਤ ਵਿੱਚ ਮਦਦ ਕਰਨ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ।

ਪਰਮਿੰਦਰ ਢੀਂਡਸਾ ਨੇ ਕਿਹਾ ਕਿ ਹਾਈਕੋਰਟ ਵਿੱਚ ਸਰਕਾਰੀ ਵਕੀਲ ਵੱਲੋਂ ਸੁਮੇਧ ਸੈਣੀ ਦੀ ਜਮਾਨਤ ਅਰਜ਼ੀ ਤੇ ਕੋਈ ਵਿਰੋਧ ਨਾ ਜਤਾਏ ਜਾਣ ਕਾਰਨ ਹੀ ਉਸ ਨੂੰ ਅਦਾਲਤ ਵੱਲੋਂ ਜਮਾਨਤ ਮਿਲੀ ਹੈ। ਜਿਸ ਨਾਲ ਇਹ ਸਿੱਧ ਹੁੰਦਾ ਹੈ ਕਿ ਚੰਨੀ ਸਰਕਾਰ ਵੀ ਇਸ ਮਾਮਲੇ ਵਿੱਚ ਪਿਛਲੀ ਸਰਕਾਰ ਦੀ ਤਰ੍ਹਾਂ ਪੰਜਾਬ ਵਾਸੀਆ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦਾ ਕੰਮ ਕਰ ਰਹੀ ਹੈ ਅਜਿਹੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਇਸ ਮਾਮਲੇ ਨਾਲ ਜੁੜੇ ਸਮੁੱਚੇ ਅਧਿਕਾਰੀਆਂ ਨੂੰ ਆਪਣੇ ਅਹੁਦਿਆਂਤੇ ਬਣੇ ਰਹਿਣ ਦਾ ਕੋਈ ਹੱਕ ਨਹੀ ਹੈ।ਉਨ੍ਹਾਂ ਨੇ ਮੁੱਖ ਮੰਤਰੀ ਸਮੇਤ ਸਮੁੱਚੀ ਸਰਕਾਰੀ ਮਸ਼ੀਨਰੀ ਦੇ ਅਸਤੀਫੇ ਦੀ ਮੰਗ ਕੀਤੀ ਹੈ।

ਪਰਮਿੰਦਰ ਢੀਂਡਸਾ ਨੇ ਕਿਹਾ ਕਿ ਚੰਨੀ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਵੀ ਸੁਮੇਧ ਸੈਣੀ ਨੂੰ ਸੁਰੱਖਿਅਤ ਲਾਂਘਾ ਦੇ ਦਿੱਤਾ ਗਿਆ ਹੈ ਅਤੇ ਸੁਮੇਧ ਸੈਣੀ ਖਿਲਾਫ਼ ਦਿਖਾਈ ਨਰਮੀ ਨੇ ਇਹ ਗੱਲ ਸਿੱਧ ਕਰ ਦਿੱਤੀ ਹੈ ਕਿ ਚੰਨੀ ਸਰਕਾਰ ਵਿੱਚ ਸਿੱਖ ਕੌਮ ਨੂੰ ਬਹਿਬਲ ਕਲਾਂ ਅਤੇ ਕੋਟਕਪੁਰਾ ਗੋਲੀ ਕਾਂਡ ਵਿੱਚ ਇਨਸਾਫ਼ ਮਿਲਣਾ ਮੁਸ਼ਕਲ ਹੈ।

ਸ. ਢੀਂਡਸਾ ਨੇ ਕਿਹਾ ਕਿ ਬਹਿਬਲ ਕਲਾਂ ਸਮੇਤ ਸੁਮੇਧ ਸੈਣੀ ਖਿਲਾਫ਼ ਜਿੰਨੇ ਵੀ ਨਵੇਂ-ਪੁਰਾਣੇ ਕੇਸ ਹਨ, ਜੇਕਰ ਸਰਕਾਰ ਨਿਰਪੱਖਤਾ ਅਤੇ ਠੋਸ ਇਰਾਦੇ ਨਾਲ ਕਾਰਵਾਈ ਕਰਦੀ ਤਾਂ ਸੁਮੇਧ ਸੈਣੀ ਕਦੋਂ ਦਾ ਸਲਾਖਾਂ ਪਿੱਛੇ ਹੁੰਦਾ, ਚੰਨੀ ਸਰਕਾਰ ਹਰੇਕ ਕੰਮ ਵਿੱਚ ਅਣਗਿਣਤ ਚੋਰ-ਮੋਰੀਆਂ ਰੱਖ ਕੇ ਸੈਣੀ ਨੂੰ ਬਚਾਉਣ ਦੀ ਕੋਸਿ਼ਸ਼ ਕਰ ਰਹੀ ਹੈ। ਸਰਕਾਰ ਵੱਲੋਂ ਲੋਕਾਂ ਅਤੇ ਕਾਨੂੰਨ ਨੂੰ ਗੁੰਮਰਾਹ ਕਰਦਿਆਂ ਸਿਰਫ ਖਾਨਾਪੂਰਤੀ ਹੀ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬੇੱਹਦ ਗੰਭੀਰ ਅਤੇ ਸੰਵੇਦਨਸ਼ੀਲ ਮਾਮਲਿਆਂ ਵਿੱਚ ਸੁਮੇਧ ਸੈਣੀ ਵਰਗਾ ਰਸੂਖਦਾਰ ਮੁਲਜ਼ਮ ਬਚ ਨਿਕਲਦਾ ਹੈ ਤਾਂ ਆਮ ਲੋਕਾਂ ਦੇ ਸਰਕਾਰੀ ਤੰਤਰ ਅਤੇ ਕਾਨੂੰਨ ਪ੍ਰਬੰਧਨ ਪ੍ਰਤੀ ਭਰੋਸੇ ਨੂੰ ਸੱਟ ਵੱਜਦੀ ਹੈ।

Show More

Related Articles

Leave a Reply

Your email address will not be published.

Back to top button