ਸਿੱਖਿਆ ਤੇ ਰੋਜ਼ਗਾਰਚੰਡੀਗੜ੍ਹ
Trending

ਧਰਨੇ ‘ਤੇ ਬੈਠੇ ਬੇਰੁਜਗਾਰ ਅਧਿਆਪਿਕਾਂ ਨੂੰ ਮਿਲੇ ਅਰਵਿੰਦ ਕੇਜਰੀਵਾਲ

Arvind Kejriwal meets unemployed teachers sitting on dharna.

‘ਆਪ’ ਦੀ ਸਰਕਾਰ ਬਣਨ ‘ਤੇ ਕੱਚੇ ਅਧਿਆਪਕਾਂ ਨੂੰ ਤੁਰੰਤ ਪੱਕਾ ਕੀਤਾ ਜਾਵੇਗਾ: ਅਰਵਿੰਦ ਕੇਜਰੀਵਾਲ

ਅਧਿਆਪਕਾਂ ਦੀ ਥਾਂ ਸਕੂਲਾਂ ‘ਚ ਹੁੰਦੀ ਹੈ ਨਾ ਕਿ ਧਰਨਿਆਂ ਅਤੇ ਟੈਂਕਰੀਆਂ ਉੱਤੇ: ਭਗਵੰਤ ਮਾਨ

ਮੋਹਾਲੀ/ਚੰਡੀਗੜ, 27 ਨਵੰਬਰ (ਨਰਿੰਦਰ ਪਾਲ ਸਿੰਘ) ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਨਿਵਾਰ ਨੂੰ ਮੋਹਾਲੀ ਵਿਖੇ ਸਿੱਖਿਆ ਬੋਰਡ ਦਫਤਰ ਮੂਹਰੇ ਧਰਨੇ ਉੱਤੇ ਬੈਠੇ ਕੱਚੇ ਅਧਿਆਪਕਾਂ ਅਤੇ ਸੋਹਾਣਾ ਵਿਖੇ ਪਾਣੀ ਵਾਲੀ ਟੈਂਕੀ ਉਤੇ ਚੜੇ ਬੇਰੁਜਗਾਰ ਪੀ.ਟੀ.ਆਈ ਅਧਿਆਪਕਾਂ ਨਾਲ ਧਰਨੇ ਵਿਚ ਬੈਠੇ ਅਤੇ ਉਨਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਿਆ। ਕੇਜਰੀਵਾਲ ਨੇ ਧਰਨਾਕਾਰੀ ਅਧਿਆਪਕਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ‘ਤੇ ਕੱਚੇ ਅਧਿਆਪਕਾਂ ਨੂੰ ਪੱਕੇ (ਰੈਗੂਲਰ) ਕੀਤਾ ਜਾਵੇਗਾ, ਤਾਂ ਜੋ ਸੂਬੇ ‘ਚ ਚੰਗੀ ਸਿੱਖਿਆ ਦਾ ਮਹੌਲ ਸਿਰਜਿਆ ਜਾਵੇ।

ਅਰਵਿੰਦ ਕੇਜਰੀਵਾਲ ਧਰਨਾਕਾਰੀ ਅਧਿਆਪਕਾਂ ਨੂੰ ਮਿਲਣ ਲਈ ਅੱਜ ਸਵੇਰੇ ਦਿੱਲੀ ਤੋਂ ਵਿਸ਼ੇਸ਼ ਤੌਰ ‘ਤੇ ਇਨਾਂ ਕੱਚੇ ਅਤੇ ਬੇਰੁਜਗਾਰ ਅਧਿਆਪਕਾਂ ਦੇ ਸਮਰਥਨ ਵਿਚ ਮੋਹਾਲੀ ਪਹੁੰਚੇ ਸਨ। ਇਸ ਸਮੇਂ ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ, ਅਮਰਜੀਤ ਸਿੰਘ ਸੰਦੋਆ ਅਤੇ ਜੈ ਸਿੰਘ ਰੋੜੀ ਨਾਲ ਸਨ।

ਮੁਹਾਲੀ ਪਹੁੰਚਦਿਆਂ ਹੀ ਅਰਵਿੰਦ ਕੇਜਰੀਵਾਲ ਪੰਜਾਬ ਸਕੂਲ ਸਿੱਖਿਆ ਬੋਰਡ ਅੱਗੇ 165 ਦਿਨਾਂ ਤੋਂ ਧਰਨੇ ‘ਤੇ ਬੈਠੇ ਕੱਚੇ ਅਧਿਆਪਕਾਂ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਦੀਆਂ ਸਮੱਸਿਆਵਾਂ ਸੁਣੀਆਂ। ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, ” ਚੰਨੀ ਸਰਕਾਰ ਨੇ ਥਾਂ ਪੁਰ ਥਾਂ 36 ਹਜ਼ਾਰ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨ ਦੇ ਬੋਰਡ ਤਾਂ ਜ਼ਰੂਰ ਲਾਏ ਹੋਏ ਹਨ, ਪਰ ਨਾ ਅਧਿਆਪਕਾਂ ਨੂੰ ਪੱਕੇ ਕੀਤਾ ਅਤੇ ਨਾ ਹੀ ਸੈਂਕੜੇ ਹਜਾਰਾਂ ਸਫ਼ਾਈ ਅਤੇ ਹੋਰ ਮਹਿਕਮਿਆਂ ਦੇ ਕੱਚੇ ਅਤੇ ਆਊਟਸੋਰਸਿੰਗ ਕਰਮਚਾਰੀਆਂ ਨੂੰ ਪੱਕੇ ਕੀਤਾ ਗਿਆ।” ਕੇਜਰੀਵਾਲ ਨੇ ਮੁੱਖ ਮੰਤਰੀ ਚੰਨੀ ਉੱਤੇ ਤੰਜ ਕਸਿਆ ਕਿ ਜੋ ਐਲਾਨ ਕੀਤੇ ਜਾਂਦੇ ਹਨ ਉਨਾਂ ਉੱਤੇ ਅਮਲ ਵੀ ਕੀਤਾ ਜਾਣਾ ਚਾਹੀਦਾ ਹੈ।

ਕੇਜਰੀਵਾਲ ਨੇ ਦਿੱਲੀ ਵਿਚ ਬਿਹਤਰੀਨ ਸਿੱਖਿਆ ਸਹੂਲਤ ਦਿੱਤੇ ਜਾਣ ਬਾਕੇ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿੱਖਿਆ ਦਾ ਮਹੌਲ ਬਦਲਿਆ ਹੈ। ਇਸ ਲਈ ਚੰਗੀ ਸਿੱਖਿਆ ਅਤੇ ਬਿਹਤਰੀਨ ਨਤੀਜਿਆਂ ਦਾ ਸਿਹਰਾ ਅਧਿਆਪਕਾਂ ਨੂੰ ਹੀ ਜਾਂਦਾ ਹੈ। ਇਸ ਦੇ ਲਈ ਅਧਿਆਪਕਾਂ ਨੂੰ ਵਿਦੇਸ਼ਾਂ ਤੋਂ ਸਿਖਲਾਈ ਦਵਾਈ ਗਈ ਅਤੇ ਚੰਗੀਆਂ ਤਨਖ਼ਾਹਾਂ ਦੇਣ ਸਮੇਤ ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਲੈਣ ‘ਤੇ ਪੂਰੀ ਤਰਾਂ ਰੋਕ ਲਾ ਦਿੱਤੀ ਗਈ। ਇਸ ਕਾਰਨ ਦਿੱਲੀ ਦੇ ਅਧਿਆਪਕਾਂ ਨੇ ਸਰਕਾਰੀ ਸਕੂਲਾਂ ਦੀ ਸਿੱਖਿਆ ਵਿਵਸਥਾ ਹੀ ਬਦਲ ਕੇ ਰੱਖ ਦਿੱਤੀ ਅਤੇ ਅੱਜ ਦਿੱਲੀ ਦੀ ਸਿੱਖਿਆ ਵਿਵਸਥਾ ਦੀ ਦੁਨੀਆਂ ਭਰ ‘ਚ ਤਰੀਫ਼ ਹੋ ਰਹੀ ਹੈ।

ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੀ ਤਰਾਂ ਪੰਜਾਬ ਦੀ ਸਿੱਖਿਆ ਵਿਵਸਥਾ ਵਿੱਚ ਵੀ ਸੁਧਾਰ ਕੀਤਾ ਜਾਵੇਗਾ ਅਤੇ ਖਾਲੀ ਅਸਾਮੀਆਂ ਦੀ ਵੱਡੇ ਪੱਧਰ ‘ਤੇ ਮੈਰਿਟ ਦੇ ਅਧਾਰ ‘ਤੇ ਭਰਤੀ ਕੀਤੀ ਜਾਵੇਗੀ ਅਤੇ ਜਰੂਰਤ ਮੁਤਾਬਿਕ ਅਧਿਆਪਕਾਂ ਦੀਆਂ ਨਵੀਂਆਂ ਅਸਾਮੀਆਂ ਸਿਰਜੀਆਂ ਜਾਣਗੀਆਂ ਤਾਂ ਕਿ ਯੋਗਤਾ ਹੋਣ ਦੇ ਬਾਵਜੂਦ ਨੌਕਰੀਆਂ ਲਈ ਸੰਘਰਸ਼ ਕਰਦੇ ਆ ਰਹੇ ਬੇਰੁਜਗਾਰਾਂ ਨੂੰ ਰੋਜਗਾਰ ਮਿਲ ਸਕੇ।

ਕੇਜਰੀਵਾਲ ਨੇ ਧਰਨਾਕਾਰੀਆਂ ਨਾਲ ਵਾਅਦਾ ਕੀਤਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਕੱਚੇ ਅਧਿਆਪਕਾਂ ਨੂੰ ਤੁਰੰਤ ਪੱਕਾ (ਰੈਗੂਲਰ) ਕੀਤਾ ਜਾਵੇਗਾ ਅਤੇ ਸਰਕਾਰੀ ਕਾਲਜਾਂ ਦੇ ਜਿੰਨਾਂ 906 ਗੈਸਟ ਫਕਿਲਟੀ ਪ੍ਰੋਫੈਸਰਾਂ/ਟੀਚਰਾਂ ਤੋਂ 15-20 ਸਾਲ ਸੇਵਾਵਾਂ ਲੈ ਕੇ ਹੁਣ ਕੱਢਿਆ ਜਾ ਰਿਹਾ ਹੈ, ਉਨਾਂ ਦੀਆਂ ਸੇਵਾਵਾਂ ਵੀ ਜਾਰੀ ਰੱਖੀਆਂ ਜਾਣਗੀਆਂ। ਜਿਕਰਯੋਗ ਹੈ ਕਿ ਇਸ ਮੌਕੇ ਗੈਸਟ ਫਕਿਲਟੀ ਪ੍ਰੋਫੈਸਰਾਂ ਉੱਤੇ ਅਧਾਰਿਤ ਇਕ ਵਫਦ ਨੇ ਕੇਜਰੀਵਾਲ ਨੂੰ ਰੋਕ ਕੇ ਆਪਣੇ ਮੰਗ ਪੱਤਰ ਦਿੱਤਾ ਸੀ। ਜੋ ਉੱਥੇ ਧਰਨਾ ਸਥਾਨ ਉੱਤੇ ਕਾਂਗਰਸ ਦੀ ਚੰਨੀ ਸਰਕਾਰ ਵਿਰੁੱਧ ਨਾਅਰੇਬਾਜੀ ਕਰ ਰਹੇ ਸਨ।

ਕੇਜਰੀਵਾਲ ਨੇ ਕਿਹਾ ਕਿ ਅਧਿਆਪਕ ਜਮਾਤ ਵਿੱਚ ਹੋਣੇ ਚਾਹੀਦੇ ਹਨ, ਨਾ ਕਿ ਧਰਨਿਆਂ ਅਤੇ ਟੈਂਕੀਆਂ ‘ਤੇ ਹੋਣੇ ਚਾਹੀਦੇ ਹਨ। ਕੇਜਰੀਵਾਲ ਨੇ ਕਿਹਾ ਕਿ 10-10, 20-20 ਸਾਲਾਂ ਤੋਂ ਸਰਕਾਰੀ ਸਕੂਲਾਂ ਵਿਚ ਸੇਵਾਵਾਂ ਦੇ ਰਹੇ ਕੱਚੇ ਅਧਿਆਪਕਾਂ ਨੂੰ ਪੰਜਾਬ ਵਿੱਚ ਮਾਤਰ 6 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾ ਰਹੀ ਹੈ, ਜੋ ਪੰਜਾਬ ਸਰਕਾਰ ਅਤੇ ਸਮੁੱਚੇ ਸਮਾਜ ਲਈ ਸ਼ਰਮ ਵਾਲੀ ਗੱਲ ਹੈ।

ਕੇਜਰੀਵਾਲ ਨੇ ਪੰਜਾਬ ਦੇ ਸਮੂਹ ਕੱਚੇ ਅਤੇ ਪੱਕੇ ਅਧਿਆਪਕਾਂ ਅਤੇ ਧਰਨੇ-ਪ੍ਰਦਰਸ਼ਨਾਂ ਉੱਤੇ ਬੈਠੇ ਬੇਰੁਜਗਾਰ ਅਧਿਆਪਕਾਂ ਅਤੇ ਹੋਰ ਬੇਰੁਜਗਾਰ ਨੌਜਵਾਨਾਂ ਸਮੇਤ ਸਮੁਚੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਹੁਣ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਜਰੂਰ ਦਿੱਤਾ ਜਾਵੇ ਕਿਉਂਕਿ ਕਾਂਗਰਸੀਆਂ, ਭਾਜਪਾਈਆਂ ਅਤੇ ਬਾਦਲਾਂ ਨੂੰ ਬਾਰ-ਬਾਰ ਪਰਖਿਆ ਜਾ ਚੁੱਕਿਆ ਹੈ। ਉਨਾਂ ਨੇ ਕਿਹਾ ਕਿ 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉੱਤੇ ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਸਿੱਖਿਆ ਵਿਵਸਥਾ ਵਿਚ ਕ੍ਰਾਂਤੀਕਾਰੀ ਸੁਧਾਰ ਕੀਤੇ ਜਾਣਗੇ, ਜਿਵੇਂ ਦਿੱਲੀ ਵਿਚ ਕਰਕੇ ਦਿਖਾਏ ਹਨ।

Show More

Related Articles

Leave a Reply

Your email address will not be published. Required fields are marked *

Back to top button