ਚੰਡੀਗੜ੍ਹਰਾਜਨੀਤੀ
Trending

ਚੰਨੀ ਸਰਕਾਰ ਦਾ ਸ਼ਰਾਬ ਮਾਫ਼ੀਆ ਨਾਲ ਗਠਜੋੜ, ਜਾਣ ਬੁੱਝ ਕੇ ਕਾਰਵਾਈ ਨਹੀਂ ਕਰ ਰਹੀ: ਅਹਿਬਾਬ ਗਰੇਵਾਲ

Channi government's alliance with liquor mafia is not taking action on purpose: Ahibab Grewal

ਚੰਡੀਗੜ੍ਹ, 6 ਜਨਵਰੀ (ਦ ਪੰਜਾਬ ਟੁਡੇ ਬਿਊਰੋ) ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂ ਅਤੇ ਬੁਲਾਰੇ ਅਹਿਬਾਬ ਗਰੇਵਾਲ ਨੇ ਕਾਂਗਰਸ ਸਰਕਾਰ ‘ਤੇ ਸੂਬੇ ਵਿੱਚ ਸ਼ਰਾਬ ਮਾਫ਼ੀਆ ਵਿਰੁੱਧ ਦਰਜ ਕੀਤੇ ਗਏ ਮਾਮਲਿਆਂ ਵਿੱਚ ਜਾਣਬੁੱਝ ਕੇ ਕੋਈ ਵੱਡੀ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ ਹੈ। ਵੀਰਵਾਰ ਨੂੰ ਇਥੇ ਪਾਰਟੀ ਹੈੱਡਕੁਆਰਟਰ ‘ਚ ਕੀਤੀ ਗਈ ਪ੍ਰੈੱਸ ਕਾਨਫਰੰਸ ‘ਚ ਗਰੇਵਾਲ ਨੇ ਦੋਸ਼ ਲਗਾਇਆ ਕਿ ਚੰਨੀ ਸਰਕਾਰ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਖ਼ਿਲਾਫ਼ ਦਰਜ ਕੀਤੇ ਗਏ ਨਾਜਾਇਜ਼ ਸ਼ਰਾਬ ਦੇ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਕੀ ਦੇ ਸਾਲੇ ਹਰਜਿੰਦਰ ਸਿੰਘ ਸੰਘਾ ਦੇ ਸ਼ਰਾਬ ਦੇ ਕਾਲੇ ਕਾਰੋਬਾਰ ਵਿੱਚ ਸ਼ਾਮਲ ਹੋਣ ਦੇ ਪੁਖ਼ਤਾ ਸਬੂਤ ਹੋਣ ਦੇ ਬਾਵਜੂਦ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।

ਸ. ਗਰੇਵਾਲ ਨੇ ਕਿਹਾ ਕਿ ਇਸ ਮਾਮਲੇ ਵਿੱਚ ਹਰਜਿੰਦਰ ਸਿੰਘ ਸੰਘਾ ਦੇ ਡਰਾਈਵਰ ਨੇ ਪਿਛਲੇ ਸਾਲ 22 ਫਰਵਰੀ 2021 ਨੂੰ ਜਾਂਚ ਏਜੰਸੀ ਈਡੀ (ਐਨਫੋਰਸਮੈਂਟ ਡਾਇਰੈਕਟੋਰੇਟ) ਨੂੰ ਦਿੱਤੇ ਹਲਫ਼ਨਾਮੇ ਵਿੱਚ ਸਪੱਸ਼ਟ ਕਿਹਾ ਹੈ ਕਿ ਉਹ (ਡਰਾਈਵਰ) ਹਰਜਿੰਦਰ ਸਿੰਘ ਸੰਘਾ ਦੀ ਕਿਹੜੀ ਗੱਡੀ ਵਿੱਚ ਸ਼ਰਾਬ ਲੈ ਕੇ ਜਾਂਦਾ ਅਤੇ ਉਸਤੋਂ ਬਾਅਦ ਇਹ ਸ਼ਰਾਬ ਕਿਥੇ ਕਿਥੇ ਸਪਲਾਈ ਕਰਦਾ ਸੀ। ਹਲਫ਼ਨਾਮੇ ਵਿੱਚ ਸ਼ਰਾਬ ਦੇ ਗ਼ੈਰ-ਕਾਨੂੰਨੀ ਕਾਰੋਬਾਰ ਨਾਲ ਸਬੰਧਤ ਬੈਂਕ ਵੇਰਵਿਆਂ ਦੀ ਵੀ ਪੂਰੀ ਜਾਣਕਾਰੀ ਦਿੱਤੀ ਗਈ ਹੈ।

ਅਹਿਬਾਬ ਗਰੇਵਾਲ ਨੇ ਕਿਹਾ ਕਿ ਇੰਨੇ ਠੋਸ ਸਬੂਤ ਹੋਣ ਦੇ ਬਾਵਜੂਦ ਚੰਨੀ ਸਰਕਾਰ ਆਪਣੇ ਵਿਧਾਇਕ ਖ਼ਿਲਾਫ਼ ਜਾਣ ਬੁੱਝ ਕੇ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਸ਼ਰਾਬ ਮਾਫ਼ੀਆ ‘ਤੇ ਪੂਰੀ ਤਰ੍ਹਾਂ ਨਾਲ ਮਿਹਰਬਾਨ ਹੈ। ਉਨ੍ਹਾਂ ਕਾਂਗਰਸ ਸਰਕਾਰ ’ਤੇ ਇਸ ਕਾਲੇ ਕਾਰੋਬਾਰ ’ਚ ਸ਼ਾਮਲ ਅਫ਼ਸਰਾਂ ਨੂੰ ਸ਼ਰਾਬ ਮਾਫ਼ੀਆ ਨੂੰ ਸ਼ਹਿ ਦੇਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਸ਼ਰਾਬ ਮਾਫ਼ੀਆ ’ਚ ਸ਼ਾਮਲ ਅਫਸਰਾਂ ’ਤੇ ਕਾਰਵਾਈ ਕਰਨ ਦੀ ਬਜਾਏ, ਉਨ੍ਹਾਂ ਨੂੰ ਉੱਚ ਅਹੁਦੇ ਦੇ ਕੇ ਸਨਮਾਨਿਤ ਕਰ ਰਹੀ ਹੈ।

ਸ. ਗਰੇਵਾਲ ਨੇ ਚੰਨੀ ਸਰਕਾਰ ‘ਤੇ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਜਾਰੀ ਕਰਨ ਵਿੱਚ ਵੀ ਘਪਲੇਬਾਜ਼ੀ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਫਿਰੋਜ਼ਪੁਰ ਦੇ ਕਿਸਾਨਾਂ ਨੂੰ 12 ਕਰੋੜ ਰੁਪਏ ਦਾ ਮੁਆਵਜ਼ਾ ਵੰਡਿਆ ਜਾਣਾ ਹੈ। ਗਰੇਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁਆਵਜ਼ੇ ਲਈ ਤਿਆਰ ਕੀਤੀ ਗਈ ਕਿਸਾਨਾਂ ਦੀ ਸੂਚੀ ਅਨੁਸਾਰ ਜਿਨ੍ਹਾਂ ਕਿਸਾਨਾਂ ਨੂੰ ਇਹ ਮੁਆਵਜ਼ਾ ਦਿੱਤਾ ਜਾ ਰਿਹਾ ਹੈ, ਉਨ੍ਹਾਂ ਦੇ ਨਾਂ ‘ਤੇ ਸੂਬੇ ਵਿੱਚ ਇਕ ਇੰਚ ਵੀ ਜ਼ਮੀਨ ਨਹੀਂ ਹੈ। ਦੂਜੇ ਪਾਸੇ ਇਸ ਮੁਆਵਜ਼ੇ ਦੇ ਅਸਲ ਹੱਕਦਾਰ ਕਿਸਾਨਾਂ ਦੇ ਨਾਂ ਇਸ ਸੂਚੀ ਵਿੱਚ ਸ਼ਾਮਲ ਨਹੀਂ ਹਨ।

ਅਹਿਬਾਬ ਗਰੇਵਾਲ ਨੇ ਮੁਆਵਜ਼ਾ ਘੁਟਾਲੇ ਬਾਰੇ ਆਵਾਜ਼ ਉਠਾਉਣ ਵਾਲਿਆਂ ਨੂੰ ਡਰਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਸ ਮਾਮਲੇ ਵਿੱਚ ਵਰਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਆਰ.ਟੀ.ਆਈ. ਤਹਿਤ ਜਾਣਕਾਰੀ ਦੀ ਮੰਗ ਕੀਤੀ ਸੀ। ਪਰ ਸਰਕਾਰ ਨੇ ਸੂਚਨਾ ਦੇਣ ਦੀ ਬਜਾਏ ਆਰ.ਟੀ.ਆਈ. ਮੰਗਣ ਵਾਲੇ ਇਸ ਵਿਅਕਤੀ ‘ਤੇ ਪਰਚੇ ਦਰਜ ਕਰ ਦਿੱਤੇ, ਜਿਸ ਨਾਲ ਲੋਕ ਡਰ ਦੇ ਮਾਰੇ ਚੁੱਪ ਹਨ।

ਸ. ਗਰੇਵਾਲ ਨੇ ਕਿਹਾ ਕਿ ਚੰਨੀ ਸਰਕਾਰ ਆਪਣੇ ਸਿਆਸੀ ਲਾਹੇ ਲਈ ਪੁਲਿਸ-ਪ੍ਰਸ਼ਾਸਨ ਅਤੇ ਜਾਂਚ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ। ਗਰੇਵਾਲ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਮਾਫ਼ੀਆ ਅਤੇ ਸਮੱਗਲਰਾਂ ਨਾਲ ਮਿਲੀਭੁਗਤ ਕਾਰਨ ਅੱਜ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈ ਅਤੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਜਗਤਾਰ ਸਿੰਘ ਸੰਘੇੜਾ, ਮਲਵਿੰਦਰ ਸਿੰਘ ਕੰਗ ਅਤੇ ਗੋਵਿੰਦਰ ਮਿੱਤਲ ਵੀ ਹਾਜ਼ਰ ਸਨ।

Show More

Related Articles

Leave a Reply

Your email address will not be published.

Back to top button