ਆਜ਼ਾਦੀ ਦਿਹਾੜੇ ਦੇ ਦਿਨ ਨਰੇਗਾ ਮੁਲਾਜਮਾਂ ਨੇ ਮੰਗੀ ਠੇਕਾ ਪ੍ਰਥਾ ਤੋਂ ‘ਅਜ਼ਾਦੀ’

ਮੁਲਾਜ਼ਮਾਂ ਨੇ ਕਾਲੀਆਂ ਝੰਡੀਆਂ ਲਹਿਰਾ ਕੀਤਾ ਕਿ ਰੋਸ ਪ੍ਰਗਟ
ਮੋਹਾਲੀ, 15 ਅਗਸਤ: ਪੰਜਾਬ ਸਰਕਾਰ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਸਤਾਏ ਨਰੇਗਾ ਮੁਲਾਜਮਾਂ ਵੱਲੋਂ ਅੱਜ ਸੁਤੰਤਰਤਾ ਦਿਵਸ ਨੂੰ ਗੁਲਾਮੀ ਦਿਵਸ ਵਜੋਂ ਮਨਾਇਆ ਗਿਆ। ਵੱਡੀ ਗਿਣਤੀ ’ਚ ਇਕੱਠੇ ਹੋਏ ਨਰੇਗਾ ਮੁਲਾਜਮਾਂ ਨੇ ਕਾਲੇ ਚੋਲੇ ਪਾਕੇ ਹੱਥਾਂ ’ਚ ਕਾਲੇ ਝੰਡੇ ਫੜ੍ਹ ਕੇ ਵਿਕਾਸ ਭਵਨ ਤੋਂ 3 ਬੀ 2 ਚੌਕ ਹੁੰਦੇ ਹੋਏ ਵਿਕਾਸ ਭਵਨ ਮਾਰਚ ਸਮਾਪਤ ਕੀਤਾ।
ਮੀਡੀਆ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਅਮਿ੍ਰਤਪਾਲ ਸਿੰਘ, ਪ੍ਰੈਸ ਸਕੱਤਰ ਅਮਰੀਕ ਸਿੰਘ, ਵਿੱਤ ਸਕੱਤਰ ਮਨਸੇ ਖਾ, ਸੀਨੀਅਰ ਪ੍ਰਧਾਨ ਰਣਧੀਰ ਸਿੰਘ ਨੇ ਦੱਸਿਆ ਕਿ ਪਿਛਲੇ 13-14 ਵਰ੍ਹਿਆਂ ਤੋਂ ਨਰੇਗਾ ਮੁਲਾਜਮ ਬਹੁਤ ਹੀ ਘੱਟ ਤਨਖਾਹਾਂ ’ਤੇ ਅਫਸਰਸਾਹੀ ਦੀ ਮਾਰ ਝੱਲਦਿਆਂ ਸੇਵਾਵਾਂ ਨਿਭਾ ਰਹੇ ਹਨ। ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਅਨੇਕਾਂ ਵਾਰ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਮੰਤਰੀ ਨਾਲ ਹੋਈਆਂ ਮੀਟਿੰਗਾਂ ’ਚ ਸਰਵ ਸਿੱਖਿਆ ਅਭਿਆਨ ਅਤੇ ਰਮਸਾ ਦੀ ਤਰਜ ਤੇ ਰੈਗੂਲਰ ਕਰਨ ਦਾ ਭਰੋਸਾ ਦਿੱਤਾ ਗਿਆ, ਪਰ ਅੱਜ ਤੱਕ ਮੁਲਾਜਮਾਂ ਦੇ ਹੱਕ ’ਚ ਵਿਭਾਗ ਨੇ ਇੱਕ ਅੱਖਰ ਵੀ ਨਹੀਂ ਲਿਖਿਆ।
9 ਜੁਲਾਈ ਤੋਂ ਪੰਜਾਬ ਭਰ ਦੇ ਨਰੇਗਾ ਮੁਲਾਜਮ ਲਗਾਤਾਰ ਹੜਤਾਲ ਕਰਕੇ ਰੋਸ ਪ੍ਰਦਰਸਨ ਕਰ ਰਹੇ ਹਨ। 12 ਅਗਸਤ ਤੋਂ ਵਿਕਾਸ ਭਵਨ ਮੋਹਾਲੀ ਵਿਖੇ ਪੱਕਾ ਮੋਰਚਾ ਚੱਲ ਰਿਹਾ ਹੈ ਪਰ ਵਿਭਾਗ ਦਾ ਅਮਲਾ ਜਾਣਬੁੱਝ ਕੇ ਮੁਲਾਜਮਾਂ ਨੂੰ ਨਜਰਅੰਦਾਜ ਕਰਨ ਦੀ ਕੋਸਸਿ ਕਰ ਰਿਹਾ ਹੈ। ਘਰ-ਘਰ ਰੁਜਗਾਰ ਦੇਣ ਅਤੇ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦਾ ਵਾਅਦਾ ਕਰਕੇ ਸੱਤਾ ’ਚ ਆਈ ਸਰਕਾਰ ਨੇ ਸਾਢੇ ਚਾਰ ਸਾਲਾਂ ਵਿੱਚ ਨਾ ਤਾਂ ਠੇਕਾ ਮੁਲਾਜਮ ਵੈਲਫੇਅਰ ਐਕਟ-2016 ਲਾਗੂ ਕੀਤਾ ਅਤੇ ਨਾ ਹੀ ਨਵਾਂ ਕਾਨੂੰਨ ਬਣਾਇਆ ਹੈ। ਜਿਸ ਤਹਿਤ ਨਰੇਗਾ ਮੁਲਾਜਮ ਪੱਕੇ ਹੋ ਸਕਦੇ ਸਗੋਂ ਨਵੇਂ ਕਾਨੂੰਨ ਦੇ ਖਰੜੇ ’ਚ ਸੇਵਾ ਸਮਾਂ ਤਿੰਨ ਸਾਲ ਤੋਂ ਵਧਾਕੇ ਦਸ ਸਾਲ ਅਤੇ ਕੇਂਦਰੀ ਸਕੀਮਾਂ ਦੇ ਮੁਲਾਜਮਾਂ ਨੂੰ ਬਾਹਰ ਕਰਕੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ।
ਸਰਕਾਰ ਨੇ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦਾ ਜੋ ਅੰਕੜਾ ਪੇਸ ਕੀਤਾ ਹੈ ਉਸ ’ਚੋਂ ਵੀ ਨਰੇਗਾ ਮੁਲਾਜਮ ਬਾਹਰ ਕੀਤੇ ਗਏ ਹਨ। ਅੱਜ ਦੇਸ ਦਾ ਕੁੱਲ ਕਿਰਤੀ ਸੜਕਾਂ ਤੇ ਹੈ,ਫਿਰ ਦੇਸ ਭਗਤਾਂ ਦੀਆਂ ਅਨੇਕਾਂ ਕੁਰਬਾਨੀਆਂ ਨਾਲ ਲਈ ਆਜਾਦੀ ਦਿਹਾੜੇ ਤੇ ਲੋਕ ਵਿਰੋਧੀ ਨੇਤਾਵਾਂ ਨੂੰ ਤਿਰੰਗਾ ਲਹਿਰਾਉਣ ਦਾ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ। ਅੱਜ ਸਮੁੱਚਾ ਨੌਜਵਾਨ ਮੁਲਾਜਮ ਸੜਕਾਂ ਤੇ ਬੈਠਾ ਹੈ ਫਿਰ ਉਨ੍ਹਾਂ ਲਈ ਅਜਿਹੀ ਆਜਾਦੀ ਦੇ ਕੋਈ ਮਾਇਨੇ ਨਹੀਂ ਹਨ। ਇਸ ਲਈ ਅੱਜ ਜਿੱਥੇ ਸਾਰੇ ਵਿਭਾਗਾਂ ਦੇ ਠੇਕਾ ਮੁਲਾਜਮਾਂ, ਮਜਦੂਰਾਂ ਅਤੇ ਕਿਸਾਨਾਂ ਵੱਲੋਂ ਗੁਲਾਮੀ ਦਿਵਸ ਮਨਾਇਆ ਗਿਆ ਹੈ ਉਥੇ ਨਰੇਗਾ ਮੁਲਾਜਮਾਂ ਵੱਲੋਂ ਵੀ ਸੁਤੰਤਰਤਾ ਦਿਵਸ ਨੂੰ ਗੁਲਾਮੀ ਦਿਵਸ ਦੇ ਰੂਪ ’ਚ ਮਨਾਇਆ ਗਿਆ ਮਨਾਇਆ ਗਿਆ ਹੈ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਪੰਛੀ ਗੁਰਦਾਸਪੁਰ, ਗੁਰਦੀਪ ਦਾਸ ਬਰਨਾਲਾ, ਹਰਵਿੰਦਰ ਸਿੰਘ ਫਰੀਦਕੋਟ, ਹਲਵਿੰਦਰ ਸਿੰਘ ਮੁਕਤਸਰ, ਮਨਦੀਪ ਸਿੰਘ ਫਤਿਹਗੜ੍ਹ, ਨੀਤੇਸ ਮਾਨਸਾ, ਸੁਖਦੀਪ ਮੋਹਾਲੀ, ਸੰਦੀਪ ਸਿੰਘ ਲੁਧਿਆਣਾ, ਜੀਵਨ ਕੁਮਾਰ ਮੌੜ ਸੰਗਰੂਰ, ਜਗਦੇਵ ਸਿੰਘ ਪਟਿਆਲਾ, ਸੁਖਬੀਰ ਬਠਿੰਡਾ ਆਦਿ ਹਾਜਰ ਹੋਏ।