ਚੰਡੀਗੜ੍ਹਰਾਜਨੀਤੀ

ਨਵਜੋਤ ਸਿੱਧੂ ਨੇ ਕੈਪਟਨ ਨੂੰ ਅਣਗੋਲਿਆਂ ਕਰਦਿਆਂ ਪ੍ਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਜਨਰਲ ਸਕੱਤਰ ਕੀਤਾ ਨਿਯੁਕਤ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵਿਧਾਇਕ ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਜਨਰਲ ਸਕੱਤਰ ਨਿਯੁਕਤ ਕਰ ਦਿੱਤਾ ਹੈ। ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪ੍ਰਗਟ ਸਿੰਘ ਨੂੰ ਨਵਜੋਤ ਸਿੱਧੂ ਦੇ ਬੇਹੱਦ ਕਰੀਬੀ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਪ੍ਰਮੁੱਖ ਵਿਰੋਧੀ ਮੰਨਿਆ ਜਾਂਦਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅੱਜ ਪ੍ਰਗਟ ਸਿੰਘ ਨੂੰ ਜਨਰਲ ਸਕੱਤਰ ਨਿਯੁਕਤ ਕਰਨ ਵਾਲੇ ਪੱਤਰ ਵਿੱਚ ਨਵਜੋਤ ਸਿੱਧੂ ਵਲੋਂ ਇੱਕ ਵਾਰ ਫਿਰ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਪੂਰਨ ਤੌਰ ਤੇ ਅਣਗੋਲਿਆਂ ਕੀਤਾ ਗਿਆ ਹੈ।

ਨਵਜੋਤ ਸਿੱਧੂ ਵਲੋਂ ਆਪਣੇ ਟਵਿੱਟਰ ਅਕਾਊਂਟ ਤੇ ਜਾਰੀ ਕੀਤੀ ਗਈ ਚਿੱਠੀ ਵਿੱਚ ਲਿਖਿਆ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਏ.ਆਈ.ਸੀ.ਸੀ. ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੀ ਆਗਿਆ ਨਾਲ, ਉਹ ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਜਨਰਲ ਸਕੱਤਰ ਨਿਯੁਕਤ ਕਰਦੇ ਹਨ।

ਜ਼ਿਕਰਯੋਗ ਹੈ ਕਿ ਜਦੋਂ ਸਿੱਧੂ ਵਲੋਂ ਕੈਪਟਨ ਦੀ ਖ਼ਿਲਾਫ਼ਤ ਦੀ ਸ਼ੁਰੂਵਾਤ ਕੀਤੀ ਗਈ ਸੀ ਤਾਂ ਪ੍ਰਗਟ ਸਿੰਘ ਨੇ ਹੀ ਸਭ ਤੋਂ ਪਹਿਲਾਂ ਉਨ੍ਹਾਂ ਦਾ ਸਮਰਥਨ ਕੀਤਾ ਸੀ। ਇਸ ਤੋਂ ਪਹਿਲਾਂ ਵੀ ਨਵਜੋਤ ਸਿੱਧੂ ਵਲੋਂ ਆਪਣੇ ਚਾਰ ਸਲਾਹਕਾਰ ਨਿਯੁਕਤ ਕੀਤੇ ਜਾ ਚੁੱਕੇ ਹਨ। ਹਾਲਾਂਕਿ, ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਨੇ ਉਨ੍ਹਾਂ ਦਾ ਸਲਾਹਕਾਰ ਬਣਨ ਤੋਂ ਇਨਕਾਰ ਕਰ ਦਿੱਤਾ ਸੀ।

ਨਵਜੋਤ ਸਿੰਘ ਸਿੱਧੂ ਇੱਕ ਵੱਡਾ ਚਿਹਰਾ: ਪ੍ਰਗਟ ਸਿੰਘ
ਜਲੰਧਰ ਛਾਉਣੀ ਤੋਂ ਵਿਧਾਇਕ ਪ੍ਰਗਟ ਸਿੰਘ ਦਾ ਇਹ ਮੰਨਣਾ ਹੈ ਕਿ ਨਵਜੋਤ ਸਿੰਘ ਸਿੱਧੂ ਇੱਕ ਵੱਡਾ ਚਿਹਰਾ ਹਨ। ਜੇਕਰ ਕਾਂਗਰਸ ਉਨ੍ਹਾਂ ਦੀ ਅਗਵਾਈ ਵਿੱਚ ਪੰਜਾਬ ਵਿੱਚ ਚੋਣਾਂ ਲੜਦੀ ਹੈ ਤਾਂ ਪਾਰਟੀ ਨੂੰ ਵੱਡਾ ਲਾਭ ਮਿਲੇਗਾ। ਦੱਸਣਯੋਗ ਹੈ ਕੇ ਪ੍ਰਗਟ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੋਵੇਂ ਖੇਡ ਜਗਤ ਤੋਂ ਰਾਜਨੀਤੀ ਵਿੱਚ ਆਏ ਹਨ ਅਤੇ ਦੋਵਾਂ ਦੀ ਚੰਗੀ ਦੋਸਤੀ ਹੈ। ਇਹੀ ਕਾਰਨ ਹੈ ਕਿ ਪ੍ਰਗਟ ਸਿੰਘ ਨੇ ਕਈ ਵਾਰ ਸਿੱਧੂ ਦੇ ਨਾਲ ਕੈਪਟਨ ਦੀ ਆਲੋਚਨਾ ਵੀ ਕੀਤੀ ਹੈ। ਕੈਪਟਨ ਦੀ ਖੁੱਲ੍ਹੇਆਮ ਖਿਲਾਫਤ ਅਤੇ ਸਿੱਧੂ ਨਾਲ ਨੇੜਤਾ ਦੇ ਕਾਰਨ ਹੀ ਪ੍ਰਗਟ ਸਿੰਘ ਨੂੰ ਪਾਰਟੀ ਤੋਂ ਦੂਰ ਕਰ ਦਿੱਤਾ ਗਿਆ ਹੈ।

ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਪ੍ਰਗਟ ਸਿੰਘ ਦੀ ਟਿਕਟ ਜਲੰਧਰ ਕੈਂਟ ਸੀਟ ਤੋਂ ਕੱਟ ਦਿੱਤੀ ਜਾ ਸਕਦੀ ਹੈ। ਪਰ ਹੁਣ ਜਿਸ ਤਰ੍ਹਾਂ ਸਿੱਧੂ ਨੇ ਪ੍ਰਗਟ ਸਿੰਘ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ, ਉਸ ਤੋਂ ਇਹ ਸਪੱਸ਼ਟ ਹੈ ਕਿ ਹੁਣ ਫਿਰ ਪ੍ਰਗਟ ਸਿੰਘ ਦਾ ਸਿਆਸੀ ਕਰੀਅਰ ਉਡਾਣ ਭਰੇਗਾ ਅਤੇ ਉਹ ਦੁਬਾਰਾ ਤੋਂ ਜਲੰਧਰ ਕੈਂਟ ਦੀ ਟਿਕਟ ਹਾਸਲ ਕਰ ਸਕਦੇ ਹਨ।

Show More

Related Articles

Leave a Reply

Your email address will not be published. Required fields are marked *

Back to top button