ਸੰਯੁਕਤ ਕਿਸਾਨ ਮੋਰਚੇ ਵਲੋਂ 26 ਤੇ 27 ਅਗਸਤ ਨੂੰ ਬੁਲਾਈ ‘ਆਲ ਇੰਡੀਆ ਕਨਵੈਨਸ਼ਨ’

ਸਾਰੇ ਰਾਜਾਂ ਦੀਆਂ ਕਿਸਾਨ ਜੱਥੇਬੰਦੀਆਂ ਕਰਨ ਗਿਆ ਸ਼ਮੂਲੀਅਤ
ਚੰਡੀਗੜ੍ਹ 18 ਅਗਸਤ: ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਕਿਸਾਨਾਂ ਨੂੰ ਕਰੀਬ 9 ਮਹੀਨਿਆਂ ਦੇ ਲੱਗਭਗ ਹੋ ਚੱਲਿਆ ਹੈ। ਕਿਸਾਨਾਂ ਦੇ ਇਸ ਤਿੱਖੇ ਵਿਰੋਧ ਦੇ ਮੱਦੇਨਜਰ ਸੰਯੁਕਤ ਕਿਸਾਨ ਮੋਰਚਾ ਵਲੋਂ 26-27 ਅਗਸਤ ਨੂੰ ਦਿੱਲੀ ਵਿਖੇ ਇਕ ‘ਆਲ ਇੰਡੀਆ ਕਨਵੈਨਸ਼ਨ’ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਲਈ ਸਮੂਹ ਕਿਸਾਨਾਂ ਅਤੇ ਜਨਤਕ ਸੰਗਠਨਾਂ ਨੂੰ ਭਾਗੀਦਾਰੀ ਦਾ ਸੱਦਾ ਦਿਤਾ ਗਿਆ ਹੈ। ਇਸ ਦੇ ਅਨੁਸਾਰ ਪੂਰੇ ਭਾਰਤ ਤੋਂ ਉਤਸ਼ਾਹਜਨਕ ਹੁੰਗਾਰਾ ਮਿਲ ਰਿਹਾ ਹੈ। ਰਾਸ਼ਟਰੀ ਸੰਮੇਲਨ ਵਿਚ ਭਾਰਤ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਤੀਨਿਧਾਂ ਦੀ ਮੌਜੂਦਗੀ ਦਿਖਾਈ ਦੇਵੇਗੀ।
ਇਸ ਮੌਕੇ ਕਿਸਾਨਾਂ ਅਤੇ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਕੇਂਦਰ ਸਰਕਾਰ ਦੇ ਹੰਕਾਰੀ, ਸੰਵੇਦਨਹੀਣ ਅਤੇ ਗ਼ੈਰ-ਜਮਹੂਰੀ ਰਵਈਏ ਪ੍ਰਤੀ ਕਿਸਾਨ ਅੰਦੋਲਨਾਂ ਦਾ ਹੁੰਗਾਰਾ ਵਿਚਾਰਿਆ ਜਾਵੇਗਾ ਅਤੇ ਅੱਗੇ ਦੀ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਵੀ ਕੀਤਾ ਜਾਵੇਗਾ। ਮੋਰਚੇ ਵਲੋਂ ਅਗਲੇ ਦਿਸਾ -ਨਿਰਦੇਸਾਂ ਅਤੇ ਰੋਸ ਅੰਦੋਲਨ ਵਿਚ ਕਾਰਵਾਈ ਸਾਂਝੇ ਤੌਰ ਤੇ ਨਿਰਧਾਰਤ ਕੀਤੀ ਜਾਵੇਗੀ ਅਤੇ ਫਿਰ ਲਾਗੂ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਹਮੇਸਾਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਕਿਸਾਨ ਅੰਦੋਲਨ ਕੁੱਝ ਰਾਜਾਂ ਤਕ ਹੀ ਸੀਮਤ ਹੈ। ਕਿਸਾਨ ਮੋਰਚੇ ਦੇ ਆਗੂਆਂ ਵਲੋਂ ਜਾਰੀ ਬਿਆਨ ਅਨੁਸਾਰ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ ਤੋਂ ਬਾਅਦ ਹੁਣ ਭਾਜਪਾ ਨੇਤਾਵਾਂ ਨੂੰ ਉਤਰਾਖੰਡ ਵਿੱਚ ਵੀ ਬਾਈਕਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅੱਜ ਭਾਜਪਾ ਸੰਸਦ ਮੈਂਬਰ ਅਜੈ ਭੱਟ ਨੂੰ ਰੁੜਕੀ ਨੇੜੇ ਕਿਸਾਨਾਂ ਦੇ ਕਾਲੇ ਝੰਡਿਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿਥੇ ਉਹ ਅਗਾਮੀ ਚੋਣਾਂ ਲਈ ਚੋਣ ਪ੍ਰਚਾਰ ਵਿਚ ਹਿੱਸਾ ਲੈਣ ਆਏ ਸਨ। ਇਸੇ ਤਰ੍ਹਾਂ ਦੇ ਵਿਰੋਧ ਪ੍ਰਦਰਸਨਾਂ ਦੀ ਉਮੀਦ ਹਰ ਉਸ ਜਗ੍ਹਾ ਤੇ ਕੀਤੀ ਜਾ ਸਕਦੀ ਹੈ, ਜਿੱਥੇ ਕੀਤੇ ਵੀ ਭਾਜਪਾ ਨੇਤਾ ਜਨਤਕ ਰੂਪ ਵਿਚ ਪੇਸ਼ ਹੁੰਦੇ ਹਨ।