ਗੁਰਦਾਸ ਮਾਨ ਮੁੜ ਵਿਵਾਦਾਂ ‘ਚ ਘਿਰੇ, ਲਾਡੀ ਸ਼ਾਹ ਨੂੰ ਦੱਸਿਆ ਸ੍ਰੀ ਗੁਰੂ ਅਮਰਦਾਸ ਜੀ ਦਾ ਵੰਸ਼ਜ

ਚੰਡੀਗੜ੍ਹ, 23 ਅਗਸਤ (ਨਰਿੰਦਰ ਸਿੰਘ) ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋ ਨਕੋਦਰ ਡੇਰੇ ਦੇ ਲਾਡੀ ਸ਼ਾਹ ਨੂੰ ਸ਼੍ਰੀ ਗੁਰੂ ਅਮਰ ਦਾਸ ਜੀ ਦੇ ਵੰਸ਼ਜ ਦੱਸ ਕਿ ਇੱਕ ਵਾਰੀ ਮੁੜ ਤੋਂ ਵਿਵਾਦਾਂ ‘ਚ ਘਿਰ ਗਏ ਹਨ। ਪੰਜਾਬੀ ਗਾਇਕ ਦੇ ਇਸ ਬਿਆਨ ਨੂੰ ਲੈ ਕੇ ਸਿੱਖ ਜਗਤ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਗੁਰਦਾਸ ਮਾਨ ਦਾ ਇਹ ਵਿਵਾਦਤ ਬਿਆਨ ਡੇਰਾ ਨਕੋਦਰ ਤੋਂ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਆਪਣੇ ਪ੍ਰੋਗਰਾਮ ਦੌਰਾਨ ਲਾਡੀ ਸ਼ਾਹ ਨੂੰ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਵੰਸ਼ ਵਿਚੋਂ ਸਟੇਜ ਤੋਂ ਬਿਆਨ ਕਰ ਰਹੇ ਹਨ। ਉਹਨਾਂ ਕਿਹਾ ਕਿ ਲਾਡੀ ਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਬੱਚੇ ਹਨ।
ਗੁਰਦਾਸ ਮਾਨ ਦੇ ਇਸ ਬਿਆਨ ਨੂੰ ਲੈ ਕੇ ਸਿੱਖ ਜਗਤ ਵਿਚ ਕਾਫੀ ਭਾਰੀ ਗੁੱਸਾ ਦੇਖਿਆ ਜਾ ਰਿਹਾ ਹੈ, ਤੇ ਕਈ ਥਾਵਾਂ ਤੇ ਰੋਸ ਪ੍ਰਦਰਸ਼ਨ ਕਰਨ ਦੀਆਂ ਖ਼ਬਰਾਂ ਵੀ ਮਿਲ ਰਹੀਆਂ ਹਨ। ਸੋਸ਼ਲ ਮੀਡੀਆ ‘ਤੇ ਵੀ ਗੁਰਦਾਸ ਮਾਨ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗੁਰਦਾਸ ਮਾਨ ਉਸ ਸਮੇਂ ਵਿਵਾਦਾਂ ਵਿਚ ਆ ਗਏ ਸਨ, ਜਦੋਂ ਉਹਨਾਂ ਨੇ ਪੰਜਾਬੀ ਭਾਸ਼ਾ ਨੂੰ ਲੈ ਕੇ ਇਕ ਵਿਵਾਦਤ ਬਿਆਨ ਦਿੱਤਾ ਸੀ। ਜਿਸ ਵਿੱਚ ਉਨ੍ਹਾਂ ਵਲੋਂ ‘ਇਕ ਰਾਸ਼ਟਰ ਇਕ ਭਾਸ਼ਾ’ ਦੀ ਹਮਾਇਤ ਕੀਤੀ ਸੀ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਆਪਣੇ ਪਿੱਛਲੇ ਬਿਆਨ ਦੇ ਚੱਲਦਿਆਂ ਗੁਰਦਾਸ ਮਾਨ ਨੂੰ ਦਿੱਲੀ ‘ਚ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਬੋਲਣ ਨਹੀਂ ਦਿੱਤਾ ਗਿਆ ਸੀ।