ਕ੍ਰਾਈਮਮਾਲਵਾ

ਵਿਆਹੁਤਾ ਲੜਕੀ ਦੀ ਸ਼ੱਕੀ ਹਾਲਤਾਂ ‘ਚ ਮੌਤ, ਮਾਪਿਆਂ ਨੇ ਸਹੁਰਿਆਂ’ ਤੇ ਲਾਇਆ ਕਤਲ ਕਰਨ ਦਾ ਦੋਸ਼

ਲੜਕੀ ਨੇ ਦੂਜੀ ਜਾਤੀ ਵਿੱਚ ਕਰਵਾਈ ਸੀ ਕੋਰਟ ਮੈਰਿਜ

ਫਿਰੋਜ਼ਪੁਰ 18 ਅਗਸਤ (ਅਸ਼ੋਕ ਭਾਰਦਵਾਜ ) ਨੇੜਲੇ ਪਿੰਡ ਚੱਕ ਦੋਨਾ ਰਹੀਮੇਂ ਕੇ ਦੇ ਵਸਨੀਕ ਕਿਰਪਾਲ ਸਿੰਘ ਦੀ ਵਿਆਹੁਤਾ ਧੀ ਦੀ ਸੋਮਵਾਰ ਨੂੰ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਲੜਕੀ ਨੇ ਡੇਢ ਸਾਲ ਪਹਿਲਾਂ ਪਿੰਡ ਦੇ ਰਹਿਣ ਵਾਲੇ ਇੱਕ ਨੌਜਵਾਨ ਨਾਲ ਪਰਿਵਾਰਕ ਮੈਂਬਰਾਂ ਦੇ ਖਿਲਾਫ ਜਾ ਕੇ ਕੋਰਟ ਮੈਰਿਜ ਕਰਵਾਈ ਸੀ। ਵਿਆਹ ਤੋਂ ਬਾਅਦ ਲੜਕੀ ਦਾ ਪੰਜ ਮਹੀਨਿਆਂ ਦਾ ਬੇਟਾ ਵੀ ਸੀ। ਵਿਆਹ ਤੋਂ ਬਾਅਦ ਲੜਕਾ ਲੜਕੀ ਕਿਸੇ ਹੋਰ ਜਗ੍ਹਾ ‘ਤੇ ਰਹਿ ਰਹੇ ਸੀ ਅਤੇ ਤਿੰਨ ਮਹੀਨੇ ਪਹਿਲਾਂ ਹੀ ਆਪਣੇ ਪੰਜ ਮਹੀਨੇ ਦੇ ਬੇਟੇ ਨਾਲ ਪਿੰਡ ਵਿੱਚ ਰਹਿਣ ਲਈ ਆਏ ਸਨ। ਮੰਗਲਵਾਰ ਸਵੇਰੇ ਮ੍ਰਿਤਕ ਲੜਕੀ ਦੇ ਮਾਪਿਆਂ ਨੂੰ ਉਨ੍ਹਾਂ ਦੇ ਘਰ ਪੁਲਿਸ ਨੇ ਸੂਚਿਤ ਕੀਤਾ ਕਿ ਉਨ੍ਹਾਂ ਦੀ ਧੀ ਦੀ ਮੌਤ ਹੋ ਗਈ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਸਾਰਾ ਪਿੰਡ ਮਮਦੋਟ ਥਾਣੇ ਵਿਖੇ ਇਨਸਾਫ਼ ਲਈ ਇਕੱਠਾ ਹੋ ਗਿਆ।

ਮ੍ਰਿਤਕ ਲੜਕੀ ਦੇ ਪਿਤਾ ਕਿਰਪਾਲ ਸਿੰਘ ਪੁੱਤਰ ਸੈਦਾ ਸਿੰਘ, ਵਾਸੀ ਚੱਕ ਦੋਨਾ ਰਹੀਮੇਂ ਕੇ ਨੇ ਦੱਸਿਆ ਕਿ ਉਸ ਦੀ ਲੜਕੀ ਮੁਸਕਾਨ ਨੇ (22) ਕਰੀਬ ਡੇਢ ਸਾਲ ਪਹਿਲਾ ਉਹਨਾਂ ਦੀ ਮਰਜੀ ਦੇ ਖਿਲਾਫ ਜਾ ਕੇ ਪਿੰਡ ਦੇ ਹੀ ਲੜਕੇ ਗੁਰਸੇਵਕ ਸਿੰਘ ਨਾਲ ਕੋਰਟ ਮੈਰਿਜ ਕਰਵਾ ਲਈ ਸੀ। ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਦੀ ਲੜਕੀ ਅਤੇ ਲੜਕਾ ਕਿਸੇ ਹੋਰ ਜਗ੍ਹਾ ਰਹਿਣ ਲੱਗ ਪਏ। ਉਸ ਤੋਂ ਬਾਅਦ ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ। ਤਿੰਨ ਮਹੀਨੇ ਪਹਿਲਾਂ ਦੋਵੇਂ ਪਿੰਡ ਵਿੱਚ ਰਹਿਣ ਲੱਗ ਪਏ ਸਨ। ਇਸ ਤੋਂ ਬਾਅਦ ਲੜਕੀ ਦੇ ਸਹੁਰਿਆਂ ਦੇ ਘਰ ਵਿੱਚ ਲੜਕੀ ਦੇ ਦੂਜੀ ਜਾਤੀ ਦੀ ਹੋਣ ਕਾਰਨ ਉਸਦੇ ਸਹੁਰਿਆਂ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ।

ਉਸ ਨੇ ਦੱਸਿਆ ਕਿ ਉਸ ਦੀ ਆਪਣੀ ਧੀ ਨਾਲ ਕੋਈ ਗੱਲਬਾਤ ਨਹੀਂ ਹੋਈ, ਪਰ ਪਿੰਡ ਦੇ ਲੋਕ ਉਸ ਨੂੰ ਅਕਸਰ ਉਨ੍ਹਾਂ ਦੇ ਘਰ ਦੇ ਝਗੜਿਆਂ ਬਾਰੇ ਦੱਸਦੇ ਸਨ। ਪਰ ਉਨ੍ਹਾਂ ਨੇ ਉਨ੍ਹਾਂ ਦੇ ਝਗੜੇ ਵੱਲ ਕਦੇ ਧਿਆਨ ਨਹੀਂ ਦਿੱਤਾ। ਉਸ ਨੇ ਦੱਸਿਆ ਕਿ ਸੋਮਵਾਰ ਨੂੰ ਉਸ ਨੂੰ ਪਤਾ ਲੱਗਾ ਕਿ ਗੁਰਸੇਵਕ ਸਿੰਘ ਨੇ ਉਸ ਦੀ ਲੜਕੀ ਮੁਸਕਾਨ ਨਾਲ ਦੁਬਾਰਾ ਝਗੜਾ ਕੀਤਾ ਸੀ ਅਤੇ ਉਸ ਦੀ ਕੁੱਟਮਾਰ ਕੀਤੀ ਸੀ। ਜਿਸ ਕਾਰਨ ਲੜਕੀ ਪਿੰਡ ਦੇ ਇੱਕ ਘਰ ਵਿੱਚ ਲੁਕ ਗਈ ਸੀ। ਜਿਸ ਨੂੰ ਗੁਰਸੇਵਕ ਸਿੰਘ ਦੁਬਾਰਾ ਜ਼ਬਰਦਸਤੀ ਆਪਣੇ ਘਰ ਲੈ ਗਿਆ ਸੀ। ਜਦੋਂ ਸ਼ਾਮ ਨੂੰ ਉਸਨੂੰ ਇਸ ਬਾਰੇ ਪਤਾ ਲੱਗਾ ਤਾਂ ਉਸਦੀ ਪਤਨੀ ਨੇ ਉਸਨੂੰ ਪਿੰਡ ਦੇ ਸਰਪੰਚ ਨਾਲ ਗੱਲ ਕਰਨ ਲਈ ਕਿਹਾ।

ਕਿਰਪਾਲ ਸਿੰਘ ਨੇ ਦੱਸਿਆ ਕਿ ਮੰਗਲਵਾਰ ਸਵੇਰੇ 4 ਵਜੇ ਦੇ ਕਰੀਬ ਜਦੋਂ ਉਹ ਸਾਰੇ ਸੁੱਤੇ ਹੋਏ ਸਨ। ਪੁਲਿਸ ਉਨ੍ਹਾਂ ਦੇ ਘਰ ਆਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਲਾਸ਼ ਥਾਣੇ ਵਿੱਚ ਪਈ ਹੈ। ਜਦੋਂ ਉਹ ਪਿੰਡ ਵਾਸੀਆਂ ਦੇ ਨਾਲ ਥਾਣੇ ਆਇਆ ਤਾਂ ਉਸਨੇ ਦੇਖਿਆ ਕਿ ਉਸਦੀ ਲੜਕੀ ਦੇ ਮੂੰਹ, ਨੱਕ ਅਤੇ ਕੰਨਾਂ ਤੋਂ ਖੂਨ ਨਿਕਲ ਰਿਹਾ ਸੀ।

ਕਿਰਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਤਾਂ ਪਤਾ ਲੱਗਾ ਕਿ ਗੁਰਸੇਵਕ ਸਿੰਘ ਖੁਦ ਥਾਣੇ ਆਇਆ ਅਤੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਸਦੀ ਪਤਨੀ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਜਦੋਂ ਪੁਲਿਸ ਨੇ ਲੜਕੀ ਦੀ ਲਾਸ਼ ਬਾਰੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਸਨੇ ਲਾਸ਼ ਨੂੰ ਥਾਣੇ ਦੇ ਬਾਹਰ ਇੱਕ ਜੂਸ ਵਾਲੀ ਰੇਹੜੀ ਤੇ ਪਈ ਹੈ। ਫਿਰ ਪੁਲਿਸ ਨੇ ਜਾ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਉਨ੍ਹਾਂ ਨੂੰ ਸੂਚਿਤ ਕੀਤਾ।

ਕਿਰਪਾਲ ਸਿੰਘ ਨੇ ਦੱਸਿਆ ਕਿ ਸ਼ੱਕ ਹੋਣ ‘ਤੇ ਉਨ੍ਹਾਂ ਨੇ ਪੁਲਿਸ ਦੇ ਨਾਲ ਮਿਲ ਕੇ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਵਿੱਚ ਰਖਵਾਇਆ। ਮ੍ਰਿਤਕ ਲੜਕੀ ਦੀ ਮਾਂ ਨੇ ਰੋ ਕੇ ਦੱਸਿਆ ਕਿ ਗੁਰਸੇਵਕ ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਉਸ ਦੀ ਲੜਕੀ ਦਾ ਕਤਲ ਕੀਤਾ ਹੈ। ਥਾਣੇ ਵਿੱਚ ਥਾਣਾ ਇੰਚਾਰਜ ਮਮਦੋਟ ਦੀ ਗੈਰ ਹਾਜ਼ਰੀ ਅਤੇ ਦੁਪਹਿਰ ਤੱਕ ਮਮਦੋਟ ਪੁਲੀਸ ਵੱਲੋਂ ਕੋਈ ਕੇਸ ਦਰਜ ਨਾ ਕੀਤੇ ਜਾਣ ਕਾਰਨ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਥਾਣਾ ਮਮਦੋਟ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਧਰਨੇ ਦੀ ਜਾਣਕਾਰੀ ਮਿਲਣ ‘ਤੇ ਡੀਐਸਪੀ ਦਿਹਾਤੀ ਏਡੀ ਸਿੰਘ ਅਤੇ ਥਾਣਾ ਇੰਚਾਰਜ ਮੌਕੇ’ ਤੇ ਪਹੁੰਚੇ ਅਤੇ ਪਰਿਵਾਰਕ ਮੈਂਬਰਾਂ ਨੂੰ ਸਮਝਾਇਆ ਅਤੇ ਕਾਰਵਾਈ ਦਾ ਭਰੋਸਾ ਦੇ ਧਰਨਾ ਸਮਾਪਤ ਕਰਵਾਇਆ। ਡੀ.ਐਸ.ਪੀ. ਏ.ਡੀ. ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਲੜਕੀ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।

Show More

Related Articles

Leave a Reply

Your email address will not be published. Required fields are marked *

Back to top button