ਬਲਾਕ ਜੰਡਵਾਲਾ ਭੀਮੇਸ਼ਾਹ ਤੇ ਡੱਬਵਾਲਾ ਕਲਾਂ ਅਧੀਨ ਪੈਂਦੇ ਪੇਂਡੂ ਖੇਤਰ ਦੇ ਲੋਕਾਂ ਲਈ ਵੈਕਸੀਨੈਸ਼ਨ ਕੈਂਪ 14 ਨਵੰਬਰ ਨੂੰ
Vaccination Camp for Rural Residents of Block Jandwala Bhimeshah and Dabwala Kalan on 14th November.

ਫਾਜ਼ਿਲਕਾ, 11 ਨਵੰਬਰ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਜ਼ਿਲ੍ਹਾ ਫਾਜ਼ਿਲਕ ਅੰਦਰ ਸੌ ਫੀਸਦੀ ਕੋਵਿਡ ਵੈਕਸੀਨੇਸ਼ਨ ਨੂੰ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਦੇ ਨਾਲ-ਨਾਲ ਵਿਭਾਗੀ ਅਧਿਕਾਰੀਆਂ ਨੂੰ ਹੰਭਲਾ ਮਾਰਨ ਦੀ ਲੋੜ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਪ੍ਰੈਸ ਨੂੰ ਸੰਬੋਧਨ ਹੁੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਖਾਸ ਕਰਕੇ ਪੇਂਡੂ ਖੇਤਰ ਵਿਖੇ ਲੋਕਾਂ ਵੱਲੋਂ ਪੂਰਨ ਤੌਰ `ਤੇ ਵੈਕਸੀਨੈਸ਼ਨ ਨਹੀਂ ਲਗਵਾਈ ਗਈ। ਇਸ ਦੇ ਮੱਦੇਨਜਰ 14 ਨਵੰਬਰ ਨੂੰ ਬਲਾਕ ਜੰਡਵਾਲਾ ਭੀਮੇਸ਼ਾਹ ਤੇ ਬਲਾਕ ਡੱਬਵਾਲ ਕਲਾਂ ਵਿਖੇ ਵੈਕਸੀਨੇਸ਼ਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਫਾਜ਼ਿਲਕਾ ਵਿਖੇ ਕੋਵਿਡ ਵੈਕਸੀਨੈਸ਼ਨ ਦੀ ਪਹਿਲੀ ਖੁਰਾਕ ਸੌ ਫੀਸਦੀ ਮੁਕੰਮਲ ਨਹੀਂ ਹੋਈ ਹੈ, ਖਾਸ ਕਰਕੇ ਬਲਾਕ ਜੰਡਵਾਲਾ ਭੀਮੇਸ਼ਾਹ ਤੇ ਡੱਬਵਾਲਾ ਕਲਾਂ ਅਧੀਨ ਪੈਂਦੇ ਪੇਂਡੂ ਖੇਤਰ ਦੇ ਲੋਕਾਂ ਵੱਲੋਂ ਵੈਕਸੀਨੇਸ਼ਨ ਦੀ ਪਹਿਲੀ ਖੁਰਾਕ ਕਾਫੀ ਘੱਟ ਗਿਣਤੀ ਵਿਚ ਲਗਵਾਈ ਗਈ ਹੈ। ਉਨ੍ਹਾਂ ਕਿਹਾ ਕਿ ਸੌ ਫੀਸਦੀ ਟੀਚੇ ਨੂੰ ਪੂਰਾ ਕਰਨ ਲਈ ਵਿਸ਼ੇਸ਼ ਕੈਂਪ ਲਗਾਉਣ ਦੀ ਸਖਤ ਲੋੜ ਹੈ, ਜਿਸ ਤਹਿਤ ਉਕਤ ਬਲਾਕਾਂ ਅਧੀਨ ਪੈਂਦੇ ਸਮੂਹ ਸਬ ਸੈਂਟਰਾਂ ਵਿਖੇ ਵਿਸ਼ੇਸ਼ ਤੌਰ ‘ਤੇ ਵੈਕਸੀਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਬਲਾਕ ਜੰਡਵਾਲਾ ਭੀਮੇਸ਼ਾਹ ਤੇ ਡੱਬਵਾਲਾ ਕਲਾਂ ਦੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਕੋਵਿਡ ਵੈਕਸੀਨੇਸ਼ਨ ਦੀ ਪਹਿਲੀ ਖੁਰਾਕ ਲਗਵਾਉਣ ਲਈ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾਵੇ ਅਤੇ ਜਿੰਨ੍ਹਾਂ ਲੋਕਾਂ ਦੀ ਦੂਜੀ ਖੁਰਾਕ ਬਕਾਇਆ ਹੈ ਉਹ ਵੀ ਜ਼ਰੂਰ ਲਗਵਾਉਣ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੋਈ ਵੀ ਵਸਨੀਕ ਕੋਵਿਡ ਵੈਕਸੀਨੇਸ਼ਨ ਦੀ ਦੋਨੋ ਖੁਰਾਕਾਂ ਲੈਣ ਤੋਂ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਵੈਕਸੀਨੇਸ਼ਨ ਕੈਂਪ ਵਿਚ ਸ਼ਮੂਲੀਅਤ ਕਰਕੇ ਵੈਕਸੀਨ ਜ਼ਰੂਰ ਲਗਵਾਈ ਜਾਵੇ।