ਬਿਸ਼ਨੋਈ ਸਮਾਜ ਦੀਆਂ ਮੰਗਾਂ ਨੂੰ ਜਲਦ ਹੱਲ ਕਰਵਾਇਆ ਜਾਵੇਗਾ: ਗੁਰਕੀਰਤ ਸਿੰਘ ਕੋਟਲੀ
Demands of Bishnoi community will be resolved soon: Gurkeerat Singh Kotli.

ਪਿੰਡ ਸੁਖਚੈਨ ਵਾਲਾ ਵਿਖੇ ਧੇਨੂ ਮਾਨਸ ਗਿਆਨ ਯੱਗ ਕਥਾ ਵਿਚ ਭਰੀ ਹਾਜਰੀ
ਸਰਕਾਰ ਵਲੋਂ ਗਊਸ਼ਾਲਾ ਨੂੰ 5 ਲੱਖ ਰੁਪਏ ਦੇਣ ਦਾ ਕੀਤਾ ਐਲਾਨ
ਅਬੋਹਰ, 27 ਨਵੰਬਰ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਪੰਜਾਬ ਦੇ ਉਦਯੋਗ ਤੇ ਵਣਜ, ਸੂਚਨਾ ਤਕਨਾਲੌਜੀ, ਵਿਗਿਆਨ ਤੇ ਤਕਨਾਲੌਜੀ ਮੰਤਰੀ ਸ: ਗੁਰਕੀਰਤ ਸਿੰਘ ਕੋਟਲੀ ਨੇ ਅੱਜ ਪਿੰਡ ਸੁਖਚੈਨ ਵਿਚ ਗਊਸ਼ਾਲਾ ਸਦਨ ਵੇਲਫੇਅਰ ਸੁਸਾਇਟੀ ਵੱਲੋਂ ਕਰਵਾਈ ਜਾ ਰਹੀ ਧੇਨੂ ਮਾਨਸ ਗਿਆਨ ਯੱਗ ਕਥਾ ਵਿਚ ਹਾਜਰੀ ਭਰੀ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਐਲਾਨ ਕੀਤਾ ਕਿ ਬਿਸ਼ਨੋਈ ਭਾਈਚਾਰੇ ਦੀਆਂ ਸਾਰੀਆਂ ਜਾਇਜ ਮੰਗਾਂ ਨੂੰ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਕੋਲ ਰੱਖ ਕੇ ਜਲਦ ਹੱਲ ਕਰਵਾਇਆ ਜਾਵੇਗਾ।

ਇਸ ਮੌਕੇ ਸ: ਗੁਰਕੀਰਤ ਸਿੰਘ ਕੋਟਲੀ ਨੇ ਬਿਸ਼ਨੋਈ ਭਾਈਚਾਰੇ ਵੱਲੋਂ ਵਾਤਾਵਰਨ ਤੇ ਜੰਗਲੀ ਜੀਵਾਂ ਦੀ ਰੱਖਿਆ ਲਈ ਨਿਭਾਈ ਜਾ ਰਹੀ ਅਹਿਮ ਭੂਮਿਕਾ ਦੀ ਸਲਾਘਾ ਕਰਦਿਆਂ ਕਿਹਾ ਕਿ ਬਿਸ਼ਨੋਈ ਭਾਈਚਾਰੇ ਵੱਲੋਂ ਚੌਗਿਰਦੇ ਦੀ ਸੰਭਾਲ ਲਈ ਕੀਤਾ ਜਾ ਰਿਹਾ ਕੰਮ ਪੂਰੀ ਦੁਨੀਆਂ ਲਈ ਪ੍ਰੇਰਣਾ ਸ਼੍ਰੋਤ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਜੰਭੇਸ਼ਵਰ ਭਗਵਾਨ ਜੀ ਦਾ ਸੰਦੇਸ਼ ਹਮੇਸ਼ਾ ਸਾਡਾ ਮਾਰਗਦਰਸ਼ਕ ਰਹੇਗਾ। ਉਨ੍ਹਾਂ ਨੇ ਇਸ ਮੌਕੇ ਪਿੰਡ ਸੁਖਚੈਨ ਦੀ ਗਊ਼ਸਾਲਾ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਕੈਬਨਿਟ ਮੰਤਰੀ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਲਈ ਕੀਤੇ ਜਾ ਰਹੇ ਕਾਰਜਾਂ ਤੋਂ ਵੀ ਲੋਕਾਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਰਾਜ ਸਰਕਾਰ ਸਮਾਜ ਦੇ ਹਰ ਵਰਗ ਤੇ ਭਾਈਚਾਰੇ ਲਈ ਕੰਮ ਕਰ ਰਹੀ ਹੈ। ਇਸ ਮੌਕੇ ਖਾਸ ਤੌਰ ਤੇ ਸਾਬਕਾ ਮੁੱਖ ਮੰਤਰੀ ਸਵ: ਬੇਅੰਤ ਸਿੰਘ ਜੀ ਦੀ ਇਸ ਇਲਾਕੇ ਨਾਲ ਸਾਂਝ ਦਾ ਜਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੇ ਬਲਿਦਾਨ ਸਦਕਾ ਹੀ ਅੱਜ ਪੰਜਾਬ ਅਮਨ ਸਾਂਤੀ ਦੇ ਮਹੌਲ ਵਿਚ ਤਰੱਕੀ ਦੀ ਰਾਹ ਤੇ ਹੈ।
ਇਸ ਮੌਕੇ ਸਥਾਨਕ ਵਿਧਾਇਕ ਸ੍ਰੀ ਨੱਥੂ ਰਾਮ ਨੇ ਇਲਾਕੇ ਲਈ ਕੀਤੇ ਕੰਮਾਂ ਦਾ ਜਿਕਰ ਕਰਦਿਆਂ ਕਿਹਾ ਕਿ 6.40 ਕਰੋੜ ਰੁਪਏ ਦੀ ਲਾਗਤ ਨਾਲ ਸਾਰੀਆਂ ਢਾਣੀਆਂ ਤੱਕ ਬਿਜਲੀ ਪਹੁੰਚਾਈ ਗਈ ਹੈ ਅਤੇ 10 ਕਰੋੜ ਰੁਪਏ ਦੀ ਲਾਗਤ ਨਾਲ 45 ਕਿਲੋਮੀਟਰ ਲੰਬੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ। ਜਦ ਕਿ ਸੁਖਚੈਨ ਤੇ ਰਾਮਸਰਾ ਮਾਈਨਰ ਨਹਿਰ ਦਾ 36 ਕਰੋੜ ਨਾਲ ਨਿਰਮਾਣ ਜਲਦ ਸ਼ੁਰੂ ਹੋਵੇਗਾ। ਇਸ ਮੌਕੇ ਸਵਾਮੀ ਰਜਿੰਦਰਾ ਨੰਦ ਜੀ ਨੇ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਸ੍ਰੀ ਸੰਜੇ ਕੁਮਾਰ ਪ੍ਰਧਾਨ ਵੇਲਫੇਅਰ ਸੁਸਾਇਟੀ, ਸ੍ਰੀ ਸੁਰਿੰਦਰ ਕੁਮਾਰ ਚੇਅਰਮੈਨ, ਸ੍ਰੀ ਗੰਗਾ ਬਿਸ਼ਨ ਭਾਦੂ ਪ੍ਰਧਾਨ ਅਖਿਲ ਭਾਰਤੀ ਬਿਸ਼ਨੋਈ ਸਭਾ, ਸ੍ਰੀ ਸੁਰਿੰਦਰ ਬਿਸ਼ਨੋਈ ਚੇਅਰਮੈਨ ਮਾਰਕਿਟ ਕਮੇਟੀ, ਕੁਲਦੀਪ ਸਿੰਘ ਜ਼ੌਹਲ, ਹਰਨੇਕ ਸਿੰਘ ਚਹਿਲ, ਪ੍ਰੀਤ ਚਹਿਲ, ਆਰਡੀ ਬਿਸ਼ਨੋਈ, ਵਿਸਨੂੰ ਭਗਵਾਨ ਡੇਲੂ, ਅਕਸ਼ੇ ਬਿਸ਼ਨੋਈ, ਸ੍ਰੀਮਤੀ ਨਿਰਮਲਾ ਡੇਲੂ, ਸ੍ਰੀਮਤੀ ਕਵਿਤਾ ਰਾਣੀ, ਜ਼ੋਤੀ ਪ੍ਰਕਾਸ਼ ਵਾਇਸ ਚੇਅਰਮੈਨ ਮਾਰਕਿਟ ਕਮੇਟੀ, ਸ੍ਰੀ ਸੁਭਾਸ਼ ਬਾਗੜੀ ਆਦਿ ਵੀ ਹਾਜ਼ਿਰ ਸਨ।