ਕਿੱਥੋਂ ਤੱਕ ਡਿੱਗ ਗਈ ਕਾਂਗਰਸ ਦੀ ਰਾਜਨੀਤੀ..

ਕੱਲ ਪੰਜਾਬ ਵਿੱਚ ਹੋਏ ਰਾਜਨੀਤਿਕ ਘਟਨਾ ਕ੍ਰਮ ਨੇ ਸਿਆਸੀ ਲੋਕਾਂ ਦਾ ਅਸਲ ਚਿਹਰਾ ਸਾਰੀ ਦੁਨੀਆ ਦੇ ਸਾਹਮਣੇ ਨੰਗਾ ਕਰ ਦਿੱਤਾ ਹੈ। ਜਿਸ ਤਰ੍ਹਾਂ ਕਾਂਗਰਸ ਹਾਈਕਮਾਨ ਵੱਲੋਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਜ਼ਲੀਲ ਕਰਕੇ ਅਸਤੀਫ਼ਾ ਦੇਣ ਦਾ ਦਬਾ ਬਣਾਇਆ ਗਿਆ, ਫ਼ਿਰ ਨਵੇਂ ਮੁੱਖ ਮੰਤਰੀ ਦੇ ਨਾਮ ਤੇ ਪੰਜਾਬ ਦੀ ਜਨਤਾ ਨੂੰ ਮੂਰਖ ਬਣਾਇਆ ਗਿਆ।
ਸੱਭ ਤੋਂ ਵੱਡੀ ਗੱਲ ਜਿਸ ਤਰ੍ਹਾਂ ਮੁਹੰਮਦ ਮੁਸਤਫ਼ਾ ਸਾਹਿਬ ਵਲੋਂ ਕੈਪਟਨ ਅਮਰਿੰਦਰ ਸਿੰਘ ਜੀ ਦੀਆਂ ਨਿੱਜੀ ਗੱਲਾਂ ਲੋਕਾਂ ਸਾਹਮਣੇ ਨਸ਼ਰ ਕਰਨ ਦੀ ਗੱਲ ਕੀਤੀ ਗਈ, ਉਥੇ ਹੀ ਕੈਪਟਨ ਅਮਰਿੰਦਰ ਸਿੰਘ ਜੀ ਵਲੋਂ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਪ੍ਰਸਤ ਗਰਦਾਨਿਆ ਅਤੇ ਸਾਰੀ ਮੀਡੀਆ ਦੇ ਸਾਹਮਣੇ ਖੁੱਲ ਕੇ ਗੱਲਾਂ ਕਹੀਆਂ। ਇਹਨਾਂ ਗੱਲਾਂ ਨਾਲ ਕਾਂਗਰਸ ਪਾਰਟੀ ਨੂੰ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਮ ਤੇ ਵੋਟਾਂ ਪਾ ਕੇ ਸਰਕਾਰ ਬਣਾਉਣ ਵਾਲੇ ਸਮੂਹ ਦੇਸ਼ ਭਗਤ ਪੰਜਾਬੀਆਂ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ।
ਉਸਤੋਂ ਬਾਅਦ ਤਾਂ ਕਾਂਗਰਸ ਪਾਰਟੀ ਨੇ ਹੱਦ ਹੀ ਕਰ ਦਿੱਤੀ ਕਿ, ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਲਿਤ ਸਿੱਖ ਕਹਿ ਕੇ ਪ੍ਰਚਾਰਨਾ ਤੇ ਫ਼ਿਰ ਸਾਰੀ ਮੀਡੀਆ ਨੇ ਵੀ ਦਲਿਤ ਸਿੱਖ ਚਿਹਰਾ ਕਹਿ ਕੇ ਸਿੱਖ ਕੌਮ ਵਿੱਚ ਵਖਰੇਵਾਂ ਪਾਉਣ ਤੋਂ ਬਿਨ੍ਹਾਂ ਹੋਰ ਕੁੱਝ ਨਹੀਂ ਕੀਤਾ। ਸਾਰੀ ਦੁਨੀਆ ‘ਚ ਸਿਰਫ਼ ਸਿੱਖ ਧਰਮ ਵਿੱਚ ਹਰ ਇੱਕ ਨੂੰ ਬਰਾਬਰਤਾ ਦਿੱਤੀ ਜਾਂਦੀ ਹੈ, ਬੇਸ਼ੱਕ ਉਹ ਕਿਸੇ ਵੀ ਜਾਤੀ ਨਾਲ ਸਬੰਧ ਰੱਖਦਾ ਹੋਵੇ। ਪਰ ਕਾਂਗਰਸ ਪਾਰਟੀ ਅਤੇ ਮੀਡੀਆ ਨੇ ਸਿੱਖ ਕੌਮ ਵਿੱਚ ਅਲੱਗ ਅਲੱਗ ਜਾਤਾਂ ਤੇ ਫ਼ਿਕਰੇ ਬਣਾਉਣ ‘ਚ ਕੋਈ ਕਸਰ ਨਹੀਂ ਛੱਡੀ।
ਮੇਰਾ ਪਹਿਲਾ ਸਵਾਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇਹ ਹੈ ਕਿ ਜੇਕਰ ਆਪ ਜੀ ਨੂੰ ਪਤਾ ਸੀ ਕਿ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਨਾਲ ਸੰਬੰਧ ਹਨ, ਤਾਂ ਆਪ ਜੀ ਨੇ ਪਿੱਛਲੇ ਪੰਜ ਮਹੀਨਿਆਂ ਤੋਂ ਉਸਦੇ ਨਾਲ ਕੰਮ ਕਿਸ ਲਈ ਕੀਤਾ ?
ਦੂਸਰਾ ਸਵਾਲ ਮੁਹੰਮਦ ਮੁਸਤਫ਼ਾ ਸਾਹਿਬ ਨੂੰ ਹੈ ਕਿ ਜੇਕਰ ਆਪ ਜੀ ਕੋਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਪਾਕਿਸਤਾਨ ਨਾਲ ਕਿਸੇ ਵੀ ਕਿਸਮ ਦੇ ਸੰਬੰਧਾਂ ਦੇ ਸਬੂਤ ਹਨ (ਜਿਸ ਦਾ ਤੁਹਾਡੇ ਵਲੋਂ ਮੀਡੀਆ ਚ ਦਾਵਾ ਕੀਤਾ ਗਿਆ ਹੈ), ਤਾਂ ਤੁਸੀਂ ਉਸਨੂੰ ਮੀਡੀਆ ਅਤੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਨਸ਼ਰ ਕਿਉੰ ਨਹੀਂ ਕੀਤੇ।
ਇਹਨਾਂ ਗੱਲਾਂ ਦੇ ਜਵਾਬ ਦਾ ਉਡੀਕਵਾਨ
ਦੇਸ਼ ਭਗਤ ਪੰਜਾਬੀ