‘ਦ ਪੰਜਾਬ ਟੂਡੇ’ ਦੀ ਸ਼ੁਰੂਆਤ ਤੇ ਇਸ ਦਾ ਮਕਸਦ…

ਅਕਸਰ ਕਿਹਾ ਜਾਂਦਾ ਹੈ ਕਿ, ਜੋ ਕੰਮ ਤਲਵਾਰ ਨਹੀਂ ਕਰ ਸਕਦੀ, ਉਹ ਕੰਮ ਕਲਮ ਕਰ ਦਿੰਦੀ ਹੈ। ਪਰ ਜਦੋਂ ਸੱਚ ਲਿਖਣ ਵਾਲੀ ਉਹ ਕਲਮ, ਗੁਨਾਹਗਾਰਾਂ ਤੇ ਪੈਸੇ ਵਾਲਿਆਂ ਦਾ ਸਾਥ ਦੇਣ ਲੱਗ ਪਵੇ, ਫਿਰ ਤਾਂ ਰੱਬ ਹੀ ਰਾਖਾ ਹੈ। ਇਸ ਸੱਭ ਕੁੱਝ ਨੂੰ ਦੇਖਦੇ ਹੋਏ, ਤੇ ਸੱਚੀਆਂ ਗੱਲਾਂ ਤੇ ਖ਼ਬਰਾਂ ਨੂੰ ਲੋਕਾਂ ਤੱਕ ਨਾ ਪੁੱਜਦਾ ਦੇਖ ਕੇ ਸਾਲ 2018ਵਿੱਚ ਅਪ੍ਰੈਲ ਦੇ ਮਹੀਨੇ ਦੀ 19 ਤਰੀਕ ਨੂੰ ‘ ਦ ਪੰਜਾਬ ਟੂਡੇ ‘ ਦਾ ਜਨਮ ਹੋਇਆ।
ਅਪ੍ਰੈਲ ਉਹ ਮਹੀਨਾ ਜਿਸ ਵਿੱਚ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਣਾ ਕੀਤੀ ਤੇ, ਉਚ ਨੀਚ ਦੇ ਭੇਦ ਭਾਵ ਖ਼ਤਮ ਕਰਦੇ ਹੋਏ ਖਾਲਸੇ ਨੂੰ ਜਨਮ ਦਿੱਤਾ।
ਗੁਰੂ ਸਾਹਿਬ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੇ ਹੋਏ, ਤੇ ਪੱਤਰਕਾਰੀ ਦੀ ਮੂਲ ਕਦਰਾਂ ਕੀਮਤਾਂ ਨੂੰ ਪ੍ਰਣਾਇਆ ‘ਦ ਪੰਜਾਬ ਟੂਡੇ ਡਾਟ ਕਾਮ ਨਿਊਜ਼ ਪੋਰਟਲ’ ਆਧੁਨਿਕਤਾ ਦੇ ਨਵੇਂ ਜਮਾਨੇ ਨਾਲ ਤੁਰਦੇ ਹੋਏ, ਨਵੀਨਤਮ ਤਕਨਾਲੌਜੀ ਨਾਲ ਲੋਕਾਂ ਤੱਕ ਹੱਕ ਤੇ ਸੱਚ ਦੀ ਆਵਾਜ਼ ਬੁਲੰਦ ਕਰ ਰਿਹਾ ਹੈ।
ਅਪ੍ਰੈਲ 2018 ‘ਚ ਸ਼ੁਰੂ ਕੀਤੇ ਸੱਚ ਦੇ ਸਫ਼ਰ ਤੇ ਚੱਲਦਾ ਇਹ ਨਿਊਜ਼ ਪੋਰਟਲ ਆਪਣੇ ਤਰ੍ਹਾਂ ਦੇ ਪੱਤਰਕਾਰਾਂ ਦੇ ਸਹਿਯੋਗ ਨਾਲ ਪੱਤਰਕਾਰੀ ਦੇ ਖੇਤਰ ਵਿਚ ਨਿੱਤ ਨਵੀਆਂ ਪੁਲਾਂਗਾ ਤਹਿ ਕਰਦਾ ਜਾ ਰਿਹਾ ਹੈ। ਪੱਤਰਕਾਰੀ ਦੇ ਵਿੱਚ ਆਏ ਨਿਘਾਰ ਨੂੰ ਖਤਮ ਕਰਨ ਲਈ ਤੇ ਪੱਤਰਕਾਰੀ ਦੇ ਨਾਮ ਤੇ ਪੀਲੀ ਪੱਤਰਕਾਰੀ ਤੇ ਚਾਪਲੂਸੀ ਤੋਂ ਸ਼ੁਰੂ ਤੋਂ ਹੀ ‘ਦ ਪੰਜਾਬ ਟੂਡੇ’ ਟੀਮ ਨੇ ਕਿਨਾਰਾ ਕੀਤਾ ਹੋਇਆ ਹੈ। ਹਰ ਖ਼ਬਰ ਦੀ ਤਹਿ ਤੱਕ ਪਹੁੰਚਦੇ ਹੋਏ, ਅਸਲ ਤੱਥਾਂ ਨੂੰ ਲੋਕਾਂ ਦੇ ਸਾਹਮਣੇ ਕੀਤਾ ਜਾਂਦਾ ਹੈ, ਤਾਂ ਜੋ ਲੋਕ ਖ਼ੁਦ ਇਹ ਨਿਰਣਾ ਕਰ ਸਕਣ ਕਿ ਅਸਲ ਗੱਲ ਕੀ ਹੈ ਤੇ ਸਾਨੂੰ ਕੀ ਦੱਸਿਆ ਜਾ ਰਿਹਾ ਹੈ।
ਅੱਜ ਦੇ ਤਕਨਾਲੌਜੀ ਭਰੇ ਯੁੱਗ ਵਿਚ ਲੋਕਤੰਤਰ ਦੇ ਚੌਥੇ ਥੰਮ੍ਹ ਤੇ ਪੈਸੇ ਵਾਲਿਆਂ ਤੇ ਕਾਰਪੋਰੇਟ ਘਰਾਣਿਆਂ ਤੇ ਆਪਣਾ ਕਬਜ਼ਾ ਜਮਾਇਆ ਹੋਇਆ ਹੈ। ਅਜਿਹੇ ਬਿਪਤਾ ਭਰੇ ਸਮੇਂ ਵਿੱਚ ਮੁਸ਼ਕਿਲਾਂ ਤੇ ਔਂਕੜਾ ਦਾ ਸਾਹਮਣਾ ਕਰਦੇ ਹੋਏ ਵੀ ‘ਦ ਪੰਜਾਬ ਟੂਡੇ’ ਟੀਮ ਨੇ ਆਪਣੇ ਸੁਚੇਤ ਤੇ ਜਾਗਰੂਕ ਪਾਠਕਾਂ ਨੂੰ ਭਰੋਸਾ ਦਿਵਾਉਂਦਾ ਹੈ ਕਿ ਲੋਕ -ਪੱਖੀ ਪੱਤਰਕਾਰੀ ਤੇ ਸੱਚ ਨੂੰ ਹਮੇਸ਼ਾ ਸਾਡੀ ਪਹਿਲ ਰਹੇਗੀ।
ਇੱਕਲੇ ਇਨਸਾਨ ਦੇ ਦੇਖਦੇ ਸੁਪਨੇ ਨੂੰ ਪੂਰਾ ਕਰਨ ਲਈ ਇੱਕ ਤੋਂ ਦੋ ਅਤੇ ਦੋ ਤੋਂ ਦੱਸ ਵਿਅਕਤੀਆਂ ਦੀ ਟੀਮ ਕਿਸ ਤਰ੍ਹਾਂ ਬਣ ਗਈ, ਇਹ ਕਿਸੇ ਨੂੰ ਨਹੀਂ ਪਤਾ। ਬਿਨ੍ਹਾਂ ਕਿਸੇ ਸਵਾਰਥ ਤੇ ਲਾਲਚ ਦੇ ਬਗੈਰ ਦਿਨ ਰਾਤ ਇੱਕ ਕਰਦੇ ਹੋਏ, ਘੱਟ ਸਾਧਨਾਂ ਦੇ ਵਿੱਚ ਵੀ ਪਾਠਕਾਂ ਤੱਕ ਅਸਲ ਤੱਥਾਂ ਨੂੰ ਪੁੱਜਦਾ ਕਰਨਾ ਨਹੀਂ ਛੱਡਿਆ। ਅੱਜ ਵੀ ਬੇਸ਼ੱਕ ਪੂਰੇ ਸਾਧਨ ਨਹੀਂ ਤੇ ਇੱਕ ਟਿਕਾਣਾ ਵੀ ਨਹੀਂ, ਪਰ ਗੁਰੂ ਸਾਹਿਬ ਦੇ ਦਸਰਾਏ ਹੋਏ ਰਾਹ ਦੇ ਚੱਲਦਿਆਂ ਸੱਚ ਨੂੰ ਕਦੇ ਪਿੱਠ ਨਹੀਂ ਦਿਖਾਈ। ਬੇਸ਼ੱਕ ਘੱਟ ਗਿਣਤੀ ਵਿੱਚ ਹਾਂ, ਪਰ ਤੇਜ਼ ਹਵਾਵਾਂ ਤੇ ਝੱਖੜਾਂ ਵਿੱਚ ਵੀ ਉਹੀ ਦੀਵਾ ਬਲਦਾ ਰਹਿ ਸਕਦਾ, ਜਿਸ ਵਿੱਚ ਤੇਲ ਦੀ ਜਗ੍ਹਾ ਆਪਣਾ ਖੂਨ ਤੇ ਸੱਚ ਦੀ ਓਟ ਕੀਤੀ ਹੋਵੇ।
ਆਪ ਸੱਭ ਦੇ ਸਾਥ ਤੇ ਸਹਿਯੋਗ ਦੀ ਉਡੀਕਵਾਨ,
ਸੰਪਾਦਕ
ਦ ਪੰਜਾਬ ਟੂਡੇ ਨਿਊਜ਼ ਵੈੱਬ ਪੋਰਟਲ
+91 80000 82304