ਕਰੋਨਾ ਦੇ ਵੱਧਦੇ ਪ੍ਰਭਾਵ ਕਰਨ ਜ਼ਿਲ੍ਹਾ ਫਾਜ਼ਿਲਕਾ ‘ਚ ਪਾਬੰਦੀਆਂ ਲਾਗੂ
Restrictions imposed in Fazilka district due to increasing influence of Corona.

ਫਾਜ਼ਿਲਕਾ, 4 ਜਨਵਰੀ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਕੋਵਿਡ ਦੇ ਵੱਧ ਰਹੇ ਖਤਰੇ ਦੇ ਮੱਦੇਨਜਰ ਜਿ਼ਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਬਬੀਤਾ ਕਲੇਰ ਆਈਏਐਸ ਨੇ ਇਕ ਵਿਸੇਸ਼ ਹੁਕਮ ਜਾਰੀ ਕਰਕੇ ਜਿ਼ਲ੍ਹੇ ਅੰਦਰ ਪਾਬੰਦੀਆਂ ਲਾਗੂ ਕੀਤੀਆਂ ਹਨ। ਇਸ ਸਬੰਧੀ ਜਾਰੀ ਹੁਕਮਾਂ ਅਨੁਸਾਰ ਜਨਤਕ ਥਾਂਵਾਂ ਅਤੇ ਕੰਮ ਦੀਆਂ ਥਾਂਵਾਂ ਤੇ ਮਾਸਕ ਪਾਉਣਾ ਲਾਜਮੀ ਕੀਤਾ ਗਿਆ ਹੈ। ਇਸੇ ਤਰਾਂ ਜਨਤਕ ਥਾਂਵਾਂ ਤੇ ਸਮਾਜਿਕ ਦੂਰੀ ਰੱਖਣ ਅਤੇ 6 ਫੁੱਟ ਦੀ ਦੂਰੀ ਰੱਖਣ ਲਈ ਨਿਰਦੇਸ਼ਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਧਾਰਾ 144 ਤਹਿਤ ਜਾਰੀ ਇੰਨ੍ਹਾਂ ਹੁਕਮਾਂ ਅਨੁਸਾਰ ਗੈਰ ਜਰੂਰੀ ਆਵਾਜਾਈ ਤੇ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਮਿਉਂਸੀਪਲ ਖੇਤਰਾਂ ਵਿਚ ਰੋਕ ਰਹੇਗੀ। ਹਾਲਾਂਕਿ ਜਰੂਰੀ ਗਤੀਵਿਧੀਆਂ, ਸਮਾਨ ਦੀ ਢੌਆ ਢੁਆਈ, ਸਰਕਾਰੀ ਕੰਮਕਾਜ ਆਦਿ ਦੀ ਆਗਿਆ ਹੋਵੇਗੀ। ਇਸੇ ਤਰ੍ਹਾਂ ਬੱਸ ਤੋਂ ਉਤਰ ਕੇ ਆਪਣੇ ਘਰ ਜਾਣ ਦੀ ਆਗਿਆ ਵੀ ਇਸ ਸਮੇਂ ਦੌਰਾਨ ਹੋਵੇਗੀ। ਜਦਕਿ ਸਕੂਲ, ਕਾਲਜ, ਯੁਨੀਵਰਸਿਟੀਆਂ, ਕੋਚਿੰਗ ਸੰਸਥਾਨ ਆਦਿ ਨੂੰ ਵੀ ਬੰਦ ਰੱਖਣ ਦੀ ਹਦਾਇਤ ਕੀਤੀ ਗਈ ਹੈ। ਜਦ ਕਿ ਆਨਲਾਈਨ ਵਿਧੀ ਨਾਲ ਪੜ੍ਹਾਈ ਜਾਰੀ ਰਹੇਗੀ।
ਇਸੇ ਤਰ੍ਹਾਂ ਸਾਰੇ ਬਾਰ, ਸਿਨੇਮਾ, ਮਲਟੀਪਲੈਕਸ, ਮਾਲ, ਰੈਸਟੋਰੈਂਟ ਨੂੰ 50 ਫੀਸਦੀ ਸਮੱਰਥਾ ਨਾਲ ਹੀ ਖੋਲਣ ਦੀ ਆਗਿਆ ਹੋਵੇਗੀ, ਬਸ਼ਰਤੇ ਸਾਰਾ ਸਟਾਫ ਪੂਰੀ ਤਰਾਂ ਵੈਕਸੀਨੇਟਡ ਹੋਵੇ। ਰਾਸ਼ਟਰੀ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਦੀਆਂ ਤਿਆਰੀ ਕਰ ਰਹੇ ਖਿਡਾਰੀਆਂ ਤੋਂ ਬਿਨ੍ਹਾਂ ਹੋਰ ਸਭ ਲਈ ਸਪੋਰਟਸ ਕੰਪਲੈਕਸ, ਸਟੇਡੀਅਮ, ਸਵੀਮਿੰਗ ਪੂਲ, ਜਿੰਮ ਵੀ ਬੰਦ ਰਹਿਣਗੇ ਅਤੇ ਦਰਸ਼ਕਾਂ ਤੇ ਵੀ ਰੋਕ ਰਹੇਗੀ। ਏ.ਸੀ. ਬੱਸਾਂ 50 ਫੀਸਦੀ ਸਮੱਰਥਾ ਨਾਲ ਹੀ ਚੱਲ ਸਕਣਗੀਆਂ। ਸਰਕਾਰੀ ਪ੍ਰਾਈਵੇਟ ਦਫ਼ਤਰਾਂ, ਉਦਯੋਗਾਂ, ਕੰਮਕਾਜੀ ਥਾਂਵਾਂ ਤੇ ਪੂਰੀ ਤਰਾਂ ਵੈਕਸੀਨੇਟਡ ਸਟਾਫ ਨੂੰ ਆਉਣ ਦੀ ਆਗਿਆ ਦਿੱਤੀ ਜਾਵੇਗੀ।
ਇਸੇ ਤਰ੍ਹਾਂ ਸਰਕਾਰੀ ਜਾਂ ਪ੍ਰਾਈਵੇਟ ਅਦਾਰਿਆਂ ਤੋਂ ਕੋਈ ਵੀ ਸੇਵਾ ਉਸੇ ਵਿਅਕਤੀ ਨੂੰ ਮਿਲੇਗੀ ਜਿਸ ਨੇ ਮਾਸਕ ਪਾਇਆ ਹੋਵੇਗਾ। ਬਾਕੀ ਸਾਰੇ ਵਿਭਾਗ ਵੀ ਕੋਵਿਡ ਪ੍ਰੋਟੋਕਾਲ ਦੀ ਸਖ਼ਤੀ ਨਾਲ ਲਾਗੂ ਕਰਨਾ ਯਕੀਨੀ ਬਣਾਉਣਗੇ। ਇਹ ਹੁਕਮ 15 ਜਨਵਰੀ 2022 ਤੱਕ ਲਾਗੂ ਰਹਿਣਗੇ ਅਤੇ ਹੁਕਮਾਂ ਦੀ ਉਲੰਘਣਾ ਕਰਨ ਤੇ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।