ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਵਿਸ਼ਵ ਸਿਹਤ ਦਿਵਸ ਮੌਕੇ ਲੋਕਾਂ ਨੂੰ ਕੀਤਾ ਗਿਆ ਜਾਗਰੂਕ
Awareness raised by the Department of Water Supply and Sanitation on the occasion of World Health Day

ਅਬੋਹਰ, 7 ਅਪ੍ਰੈਲ (ਦੀ ਪੰਜਾਬ ਟੂਡੇ ਬਿਊਰੋ) ਅਬੋਹਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਲੋਕਾਂ ਨੂੰ ਵਿਸ਼ਵ ਸਿਹਤ ਦਿਵਸ ਮੌਕੇ ਜਾਗਰੂਕ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਜਿਥੇ ਲੋਕਾਂ ਨੂੰ ਸਫਾਈ ਰੱਖਣ ਦੀ ਅਪੀਲ ਕੀਤੀ ਉਥੇ ਸਾਫ ਸੁਥਰਾ ਪਾਣੀ ਪੀਣ ਲਈ ਵੀ ਪ੍ਰੇਰਿਤ ਕੀਤਾ। ਵਿਭਾਗ ਵੱਲੋਂ ਪਿੰਡ ਢੀਗਾਂਵਾਲੀ ਤੇ ਬੁਰਜ ਹਨੂੰਮਾਨਗੜ੍ਹ ਵਿੱਚ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ। ਢੀਗਾਂਵਾਲੀ ਵਿਚ ਆਈ.ਈ.ਸੀ. ਸੁਖਜਿੰਦਰ ਸਿੰਘ ਢਿੱਲੋਂ, ਬੀ.ਆਰ.ਸੀ. ਅਮਰਜੀਤ ਅਤੇ ਬੀ.ਆਰ.ਸੀ. ਵੀਰੇਂਦਰ ਸਿੰਘ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਮੌਕੇ ਤੇ ਉਨ੍ਹਾਂ ਦੱਸਿਆ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਸਾਫ ਸੁਥਰਾ ਪਾਣੀ ਮੁਹੱਈਆ ਕਰਵਾ ਰਿਹਾ ਹੈ। ਸਾਫ ਪਾਣੀ ਸਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਸਾਨੂੰ ਆਪਣੇ ਆਲੇ ਦੁਆਲੇ ਹਮੇਸ਼ਾ ਸਫਾਈ ਰੱਖਣੀ ਚਾਹੀਦੀ ਹੈ ਤੇ ਸਫ਼ਾਈ ਰੱਖਣ ਨਾਲ ਅਸੀਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚ ਸਕਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਚੌਗਿਰਦੇ ਆਪਣੇ ਪਿੰਡ ਅਤੇ ਸਮਾਜ ਨੂੰ ਤੰਦਰੁਸਤ ਰੱਖਣ ਲਈ ਖ਼ੁਦ ਯੋਗਦਾਨ ਪਾ ਸਕਦੇ ਹਾਂ।
ਇਸ ਦੌਰਾਨ ਵਿਭਾਗ ਦੀਆਂ ਵੱਖ ਵੱਖ ਸਕੀਮਾਂ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਖਾਣ ਪੀਣ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਅਤੇ ਬਿਮਾਰੀਆਂ ਤੋਂ ਬਚਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੜੀਆਂ ਬਿਮਾਰੀਆਂ ਆਲਾ ਦੁਆਲਾ ਸਾਫ ਨਾ ਹੋਣ ਅਤੇ ਸਾਡੀ ਲਾਪ੍ਰਵਾਹੀ ਕਾਰਨ ਹੀ ਹੁੰਦੀਆਂ ਹਨ। ਜਿਨ੍ਹਾ ਨੂੰ ਰੋਕਿਆ ਜਾ ਸਕਦਾ ਹੈ।
ਇਸ ਮੌਕੇ ਪਿੰਡ ਦੇ ਮੋਹਤਬਰ ਆਗੂਆਂ ਤੋਂ ਇਲਾਵਾ ਪਿੰਡ ਸੀਤੋ ਗੁੰਨੋ ਵਿਖੇ ਬੀ.ਆਰ.ਸੀ. ਸੁਸ਼ੀਲ ਕੁਮਾਰ ਵੱਲੋਂ ਵੀ ਲੋਕਾਂ ਨੂੰ ਵਿਸ਼ਵ ਸਿਹਤ ਦਿਵਸ ਮੌਕੇ ਜਾਗਰੂਕ ਕੀਤਾ ਗਿਆ।