ਸਿਹਤ

ਈ-ਕਲੀਨਿਕ ਸੇਵਾ ਸ਼ੁਰੂ ਕਰਨ ਕਰਕੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣੇਗਾ: ਚੇਅਰਮੈਨ ਅਸ਼ਵਨੀ ਸੇਖੜੀ

ਜ਼ਿਲ੍ਹਾ ਗੁਰਦਾਸਪੁਰ ਵਿੱਚ ਇੱਕ ਮਹੀਨੇ ਦੇ ਅੰਦਰ ਸਭ ਤੋਂ ਪਹਿਲਾਂ ਸ਼ੁਰੂ ਹੋਵੇਗੀ ਈ-ਕਲੀਨਿਕ ਸੇਵਾ

ਸਿਵਲ ਹਸਪਤਾਲ ਬਟਾਲਾ ਨੂੰ 200 ਬੈੱਡ ਦੇ ਹਸਪਤਾਲ ਵਜੋਂ ਅਪਗਰੇਡ ਕੀਤਾ ਜਾਵੇਗਾ

ਬਟਾਲਾ, 7 ਅਗਸਤ (ਲੱਕੀ ਰਾਜਪੂਤ) ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਅਸ਼ਵਨੀ ਸੇਖੜੀ ਨੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਪਹਿਲੀ ਵਾਰ ਬਟਾਲਾ ਸ਼ਹਿਰ ਵਿਖੇ ਪਹੁੰਚ ਕੇ ਸਿਹਤ ਸੁਧਾਰਾਂ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਅੱਜ ਬਟਾਲਾ ਦੇ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਦਾ ਦੌਰਾ ਕਰਨ ਉਪਰੰਤ ਚੇਅਰਮੈਨ ਸ੍ਰੀ ਸੇਖੜੀ ਨੇ ਐਲਾਨ ਕੀਤਾ ਹੈ ਕਿ ਸਿਵਲ ਹਸਪਤਾਲ ਬਟਾਲਾ ਨੂੰ ਅਪਗਰੇਡ ਕਰਦਿਆਂ 200 ਬੈੱਡ ਕੀਤਾ ਜਾਵੇਗਾ। ਆਪਣੇ ਹਸਪਤਾਲ ਦੇ ਦੌਰੇ ਦੌਰਾਨ ਉਨ੍ਹਾਂ ਨੇ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਦੀ ਜਾਣਕਾਰੀ ਹਾਸਲ ਕੀਤੀ।

ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਜਰ, ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ, ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ, ਸਿਵਲ ਸਰਜਨ ਡਾ. ਹਰਭਜਨ ਰਾਮ, ਕਾਰਜਕਾਰੀ ਐੱੱਸ.ਐੱਮ.ਓ. ਡਾ. ਹਰਪਾਲ ਸਿੰਘ ਅਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਐੱਸ.ਈ. ਕਰਨਬੀਰ ਸਿੰਘ ਚਾਹਲ ਤੇ ਹੋਰ ਅਧਿਕਾਰੀ ਅਤੇ ਬਟਾਲਾ ਸ਼ਹਿਰ ਆਗੂ ਹਾਜ਼ਰ ਸਨ।

ਚੇਅਰਮੈਨ ਸ੍ਰੀ ਅਸ਼ਵਨੀ ਸੇਖੜੀ ਨੇ ਸਿਵਲ ਹਸਪਤਾਲ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਈ-ਕਲੀਨਿਕ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਅਤੇ ਇਹ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚੋਂ ਵੀ ਜ਼ਿਲ੍ਹਾ ਗੁਰਦਾਸਪੁਰ ਈ-ਕਲੀਨਿਕ ਵਿੱਚ ਲੀਡ ਕਰੇਗਾ ਅਤੇ ਅਗਲੇ ਇੱਕ ਮਹੀਨੇ ਵਿੱਚ ਇਸ ਪਾਇਲਟ ਪ੍ਰੋਜੈਕਟ ਨੂੰ ਸਫਲਤਾ ਨਾਲ ਜ਼ਿਲ੍ਹਾ ਗੁਰਦਾਸਪੁਰ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਈ-ਕਲੀਨਿਕ ਤਹਿਤ ਸਿਵਲ ਹਸਪਤਾਲ ਬਟਾਲਾ, ਗੁਰਦਾਸਪੁਰ ਤੇ ਦੀਨਾਨਗਰ ਵਿਖੇ ਵਿਸ਼ੇਸ਼ ਵੀਡੀਓ ਕਾਨਫਰੰਸਿੰਗ ਰੂਮ ਬਣਾਏ ਜਾਣਗੇ। ਜਿਨ੍ਹਾਂ ਰਾਹੀਂ ਮਰੀਜ਼ ਆਨ-ਲਾਈਨ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਲੈ ਸਕਣਗੇ।

ਉਨ੍ਹਾਂ ਦੱਸਿਆ ਕਿ ਅਗਲੇ 2 ਮਹੀਨਿਆਂ ਵਿੱਚ ਸੂਬੇ ਦੇ 218 ਹਸਪਤਾਲਾਂ ਵਿੱਚ ਈ-ਕਲੀਨਿਕ ਦੀ ਸੇਵਾ ਸ਼ੁਰੂ ਕਰ ਦਿੱਤੀ ਜਾਵੇਗੀ। ਚੇਅਰਮੈਨ ਸ੍ਰੀ ਸੇਖੜੀ ਨੇ ਕਿਹਾ ਕਿ ਈ-ਕਲੀਨਿਕ ਲਈ ਸੂਬਾ ਪੱਧਰ ’ਤੇ ਮਾਹਿਰ ਡਾਕਟਰਾਂ ਦਾ ਪੈਨਲ ਬਣਾਇਆ ਜਾਵੇਗਾ, ਜੋ ਆਪਣੀ ਸੇਵਾਵਾਂ ਦੇਣਗੇ। ਚੇਅਰਮੈਨ ਸ੍ਰੀ ਅਸ਼ਵਨੀ ਸੇਖੜੀ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ ਅਤੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹਸਪਤਾਲਾਂ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਇਸ ਵਿਚ ਕਿਸੇ ਪ੍ਰਕਾਰ ਦੀ ਅਣਗਿਹਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਸ੍ਰੀ ਸੇਖੜੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਸਿਹਤ ਵਿਭਾਗ ਵੱਲੋਂ ਮਿਸਾਲੀ ਕੰਮ ਕੀਤਾ ਜਾ ਰਿਹਾ ਹੈ ਅਤੇ ਕੋਰੋਨਾ ਦੀ ਤੀਸਰੀ ਲਹਿਰ ਨੂੰ ਠੱਲ ਪਾਉਣ ਲਈ ਵਿਭਾਗ ਦੀ ਪੂਰੀ ਤਿਆਰੀ ਹੈ। ਪੱਤਰਕਾਰਾਂ ਦੇ ਸਵਾਲ ਦਾ ਜੁਆਬ ਦਿੰਦਿਆਂ ਚੇਅਰਮੈਨ ਸ੍ਰੀ ਅਸ਼ਵਨੀ ਸੇਖੜੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਟਾਲਾ ਸ਼ਹਿਰ ਦੇ ਵਿਕਾਸ ਕਾਰਜ ਹੋਏ ਹਨ ਅਤੇ ਰਹਿੰਦੇ ਵਿਕਾਸ ਕਾਰਜਾਂ ਨੂੰ ਵੀ ਜਲਦੀ ਹੀ ਨੇਪਰੇ ਚਾੜਿਆ ਜਾਵੇਗਾ।

ਸ੍ਰੀ ਸੇਖੜੀ ਨੇ ਕਿਹਾ ਕਿ ਉਨ੍ਹਾਂ ਨੇ ਬਟਾਲਾ ਸ਼ਹਿਰ ਲਈ 141 ਕਰੋੜੀ ਅਮੁਰਤ ਯੋਜਨਾ ਪਾਸ ਕਰਵਾਈ ਸੀ ਜਿਸ ਤਹਿਤ ਬਟਾਲਾ ਸ਼ਹਿਰ ਦੀ ਕਾਇਆ ਕਲਪ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਅੰਦਰੂਨੀ ਖੇਤਰਾਂ ਵਿੱਚ ਜਿਥੇ ਸੀਵਰਜ ਤੇ ਜਲ ਸਪਲਾਈ ਨਹੀਂ ਹੈ ਓਥੇ ਵੀ ਇਹ ਸਹੂਲਤ ਦਿੱਤੀ ਜਾਵੇਗੀ ਅਤੇ ਉਹ ਅਮੁਰਤ ਯੋਜਨਾ ਵਿੱਚ 50 ਕਰੋੜ ਰੁਪਏ ਦਾ ਹੋਰ ਵਾਧਾ ਕਰਵਾਉਣਗੇ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਪਵਿੱਤਰ ਤੇ ਇਤਿਹਾਸਕ ਸ਼ਹਿਰ ਹੈ ਇਸਦੇ ਵਿਕਾਸ ਵਿੱਚ ਕੋਈ ਕਮੀਂ ਨਹੀਂ ਰਹਿਣ ਦਿੱਤੀ ਜਾਵੇਗੀ।

ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਕਾਂਗਰਸ ਪ੍ਰਧਾਨ ਸ੍ਰੀ ਰੋਸ਼ਨ ਜੌਸ਼ਫ਼, ਸਵਰਨ ਮੁੱਢ, ਸਾਬਕਾ ਡੀ.ਪੀ.ਆਰ.ਓ ਸਵਿੰਦਰ ਸਿੰਘ ਭਾਗੋਵਾਲੀਆ, ਸ਼ਕਤੀ ਮਹਾਜਨ, ਵਰਿੰਦਰ ਸ਼ਰਮਾਂ, ਕੁਲਵੰਤ ਸਿੰਘ, ਡਾ. ਭਾਗੋਵਾਲੀਆ, ਬੱਬੀ ਸੇਖੜੀ, ਰਾਣੂ ਸੇਖੜੀ, ਜਸਵੰਤ ਜੱਸ ਤੋਂ ਇਲਾਵਾ ਹੋਰ ਆਗੂ ਵੀ ਹਾਜ਼ਰ ਸਨ।

Show More

Related Articles

Leave a Reply

Your email address will not be published. Required fields are marked *

Back to top button