ਮਾਲਵਾ

ਰੇਤ ਦੇ ਭਰੇ ਟਰਾਲੇ ਸੜਕਾਂ ਤੇ ਸ਼ਰੇਆਮ ਉਡਾ ਰਹੇ “ਕਾਨੂੰਨ ਦੀਆਂ ਧੱਜੀਆਂ”, ਪ੍ਰਸ਼ਾਸਨ ਦੀ ਅੱਖ ਤੇ ਬੱਝੀ ਪੱਟੀ

ਫਿਰੋਜਪੁਰ 3 ਸਤੰਬਰ (ਅਸ਼ੋਕ ਭਾਰਦਵਾਜ) ਪੰਜਾਬ ਅੰਦਰ ਸੱਤਾ ਹਥਿਆਉਣ ਵਾਲੀ ਕਾਂਗਰਸ ਸਰਕਾਰ ਦੇ ਵਜ਼ੀਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਪੰਜਾਬ ਦੇ ਲੋਕਾਂ ਨੂੰ ਇਹ ਵਿਸ਼ਵਾਸ ਦੁਆਇਆ ਸੀ ਕਿ ਪੰਜਾਬ ਅੰਦਰ ਨਸ਼ੇ, ਚੋਰੀ, ਬੇਰੁਜ਼ਗਾਰੀ, ਨੌਕਰੀਆਂ, ਕਿਸਾਨਾਂ ਦਾ ਕਰਜ਼ਾ ਮੁਆਫ ਅਤੇ ਰੇਤ ਮਾਫੀਆ ਖ਼ਿਲਾਫ਼ ਸਖ਼ਤੀ ਨਾਲ ਨਜਿੱਠਣ ਦੇ ਵੱਡੇ-ਵੱਡੇ ਐਲਾਨ ਕੀਤੇ ਗਏ ਸਨ। ਪ੍ਰੰਤੂ ਕਾਂਗਰਸ ਸਰਕਾਰ ਦੇ ਲਗਪਗ ਸਾਢੇ ਚਾਰ ਸਾਲ ਬੀਤਣ ਤੋਂ ਬਾਅਦ ਵੀ ਕੈਪਟਨ ਸਰਕਾਰ ਦੀ ਰੇਤ ਮਾਫੀਆ ਖਿਲਾਫ ਸਖਤੀ ਕਿਤੇ ਦੇਖਣ ਨੂੰ ਨਜਰ ਨਹੀਂ ਆਈ।

ਪਿਛਲੇ ਦਿਨੀਂ ਹੀ ਹਲਕਾ ਫਿਰੋਜਪੁਰ ਦਿਹਾਤੀ ਦੀ ਵਿਧਾਇਕਾ ਮੈਡਮ ਸਤਕਾਰ ਕੌਰ ਦੇ ਪਤੀ ਵਲੋਂ ਰੇਤਾ ਕੱਢਣ ਲਈ ਕੀਤੀ ਗਈ ਗੱਲਬਾਤ ਦੀ ਆਡੀਓ ਵਾਈਰਲ ਹੋਈ ਸੀ, ਜਿਸ ਤੇ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਕਰਨ ਲਈ ਪ੍ਰਸ਼ਾਸ਼ਨ ਹਾਲੇ ਵੀ ਚੁੱਪੀ ਧਾਰੀ ਬੈਠਾ ਹੈ।

ਹੈਰਾਨੀਜਨਕ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਅਚਾਨਕ ਫਿਰੋਜ਼ਪੁਰ /ਫਾਜ਼ਿਲਕਾ ਰੋਡ ਸਥਿਤ ਗੋਲੂ ਕਾ ਮੋਡ਼ ਤੋਂ ਜੀਵਾਂ ਅਰਾਂਈ ਨੂੰ ਵਾਪਸ ਜਾਣ ਮੌਕੇ ਦਿਨ ਦਿਹਾੜੇ ਵੱਡੀ ਗਿਣਤੀ ਵਿੱਚ ਓਵਰਲੋਡ ਟਰੈਕਟਰ ਟਰਾਲੇ ਬੇਖੌਫ ਹੋ ਕਿ ਫਾਜਿਲਕਾ ਸਾਈਡ ਨੂੰ ਜਾ ਰਹੇ ਸਨ। ਜਿਨ੍ਹਾਂ ਉਪਰ ਵੱਡੇ ਵੱਡੇ ਸਾਊਂਡ ਸਿਸਟਮ ਤੇਜ ਆਵਾਜ਼ ‘ਚ ਲੱਗੇ ਹੋਏ ਸਨ। ਜਿਨ੍ਹਾਂ ਨੂੰ ਕਾਫੀ ਸਮਾਂ ਹੌਰਨ ਦੇਣ ਤੋਂ ਬਾਅਦ ਵੀ ਸਾਈਡ ਦੇਣਾ ਮੁਨਾਸਿਬ ਨਹੀਂ ਸਮਝਿਆ। ਜਿਨ੍ਹਾਂ ਦੀਆਂ ਤਸਵੀਰਾਂ ਨੂੰ ਮੌਕੇ ਤੇ ਟੀਮ ਵੱਲੋਂ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ ਗਿਆ।

ਇੱਥੇ ਦੱਸਣਯੋਗ ਹੈ ਕਿ ਵੱਡੇ-ਵੱਡੇ ਰੇਤ ਮਾਫੀਆ ਆਪਣੇ ਨਿੱਜੀ ਮੁਨਾਫੇ ਲਈ ਓਵਰਲੋਡ ਟਰੈਕਟਰ ਟਰਾਲੀਆਂ ਭਰ ਕੇ ਆਮ ਜਨਤਾ ਦੀਆਂ ਜਾਨਾਂ ਨਾਲ ਸੜਕਾਂ ਤੇ ਅਕਸਰ ਹੀ ਖੇਡਦੇ ਨਜਰ ਆਉਂਦੇ ਰਹਿੰਦੇ ਹਨ, ਜੋ ਬਿਲਕੁਲ ਗੈਰ ਕਨੂੰਨੀ ਹੈ। ਜੇਕਰ ਕੋਈ ਗਰੀਬ ਆਦਮੀ ਆਪਣੀ ਲੋੜ ਨੂੰ ਆਪਣੀ ਹੀ ਜਮੀਨ ਵਿਚ ਛੋਟਾ ਮੋਟਾ ਖੱਡਾ ਖੋਦ ਕੇ ਰੇਤਾ ਕੱਢਦਾ ਹੈ ਤਾਂ ਪੰਜਾਬ ਪੁਲਿਸ ਝੱਟ ਉਸਤੇ ਪਰਚਾ ਦਰਜ ਕਰ ਦਿੰਦੀ ਹੈ। ਪਰ ਜੇਕਰ ਕੋਈ ਸਰਮਾਏਦਾਰ ਇਸ ਤਰ੍ਹਾਂ ਕਰੇ ਤਾਂ ਉਸ ਨੂੰ ਖੁਲ੍ਹੀ ਛੋਟ ਦਿੱਤੀ ਜਾਦੀਂ ਹੈ। ਅਜਿਹਾ ਕਿਉਂ ਹੁੰਦਾ ਹੈ, ਇਹ ਵੀ ਆਪਣੇ ਆਪ ਵਿਚ ਇਕ ਵੱਡਾ ਸਵਾਲ ਬਣਿਆ ਹੋਇਆ ਹੈ !

ਪ੍ਰਾਪਤ ਜਾਣਕਾਰੀ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਹਲਕਾ ਗੁਰੂ ਹਰਸਹਾਏ ਦੇ ਆਸ ਪਾਸ ਕੋਈ ਵੀ ਮਨਜ਼ੂਰਸ਼ੁਦਾ ਖੱਡ ਨਹੀਂ ਚੱਲ੍ਹ ਰਹੀ। ਪ੍ਰੰਤੂ ਇਹ ਓਵਰਲੋਡ ਟਰੈਕਟਰ ਟਰਾਲੇ ਰੇਤ ਦੇ ਭਰ ਕੇ ਕਿੱਥੋਂ ਆਉਂਦੇ ਹਨ। ਇਸ ਤੇ ਸੰਬੰਧਿਤ ਅਧਿਕਾਰੀਆਂ ਨੂੰ ਗੌਰ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਰੇਤ ਮਾਫ਼ੀਆ ਦੀ ਪੜਤਾਲ ਕਰਨੀ ਚਾਹੀਦੀ ਹੈ, ਨਾਲ ਹੀ ਸਬੰਧਤ ਵਿਭਾਗ ਨੂੰ ਲੋੜ ਹੈ ਕਿ ਸਮਾਂ ਰਹਿੰਦਿਆਂ ਨਾਜਾਇਜ਼ ਮਾਈਨਿੰਗ ਨੂੰ ਅਤੇ ਚੱਲ ਰਹੇ ਓਵਰਲੋਡ ਟਰੈਕਟਰ ਟਰਾਲਿਆਂ ਤੇ ਠੱਲ੍ਹ ਪਾਉਣ ਦੀ ਤਾਂ ਜੋ ਭਵਿੱਖ ਵਿਚ ਓਵਰਲੋਡ ਵਾਹਨਾਂ ਕਾਰਨ ਹੋਣ ਵਾਲੇ ਹਾਦਸਿਆਂ ਤੋਂ ਬਚਿਆ ਜਾ ਸਕੇ। ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਆਖਰ ਕਦੋਂ ਤਕ ਕਾਰਵਾਈ ਨੂੰ ਅਮਲ ‘ਚ ਲਿਆਉਂਦਾ ਹੈ।

Show More

Related Articles

Leave a Reply

Your email address will not be published.

Back to top button