ਮਾਲਵਾ

ਸਾਬਕਾ ਸੰਸਦੀ ਸਕੱਤਰ ਵੱਲੋਂ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਧਾਰਮਿਕ ਸਮਾਗਮ ਕਰਵਾਇਆ

ਵੱਡੀ ਗਿਣਤੀ ‘ਚ ਹਲਕੇ ਦੀਆਂ ਸੰਗਤਾਂ ਨੇ ਭਰੀ ਹਾਜ਼ਰੀ

ਫਿਰੋਜਪੁਰ 3 ਸਤੰਬਰ (ਅਸ਼ੋਕ ਭਾਰਦਵਾਜ) ਕਿਸਾਨੀ ਸ਼ੰਘਰਸ਼ ਨੂੰ ਸਮਰਪਿਤ ਹੋ ਕਿ ਭਾਜਪਾ ਤੋਂ ਅਸਤੀਫਾ ਦੇਣ ਵਾਲੇ ਸਾਬਕਾ ਮੁੱਖ ਸੰਸਦੀ ਸਕੱਤਰ ਸੁਖਪਾਲ ਸਿੰਘ ਨੰਨੂ ਵੱਲੋ ਨਵੀ ਪਿਰਤ ਤੋਰਦਿਆਂ ਆਪਣੇ ਨਿਵਾਸ ਸਥਾਨ ਤੇ ਕਿਸਾਨੀ ਸ਼ੰਘਰਸ਼ ‘ਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਫਿਰੋਜ਼ਪੁਰ ਸ਼ਹਿਰੀ ਹਲਕੇ ਦੀ ਸੀਨੀਅਰ ਲੀਡਰਸ਼ਿਪ ਦੇ ਹਜਾਰਾਂ ਲੋਕਾਂ ਨੇ ਸ਼ਮੂਲੀਅਤ ਕਰਕੇ ਸ਼ੰਘਰਸ਼ ‘ਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂ ਦੇ ਫੁੱਲ ਭੇਂਟ ਕੀਤੇ।

ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਖੁੱਲੇ ਪੰਡਾਲ ਵਿੱਚ ਭਾਈ ਬਲਵਿੰਦਰ ਸਿੰਘ, ਮੁੱਖ ਗ੍ਰੰਥੀ ਗੁਰਦਵਾਰਾ ਜਾਮਣੀ ਸਾਹਿਬ ਬਜੀਦਪੁਰ ਵੱਲੋ ਗੁਰਬਾਣੀ ਦੇ ਇਲਾਹੀ ਕੀਰਤਨ ਅਤੇ ਕਥਾ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਗਏ। ਇਸ ਮੌਕੇ ਅਰਦਾਸ ਉਪਰੰਤ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆ ਸੁਖਪਾਲ ਸਿੰਘ ਨੰਨੂ ਨੇ ਕਿਹਾ ਕਿ ਉਹਨਾਂ ਦੇ ਪਿਤਾ ਸਵ. ਸਰਦਾਰ ਗਿਰਧਾਰਾ ਸਿੰਘ ਜੀ ਵੀ ਹਮੇਸ਼ਾ ਕਿਸਾਨਾਂ ਦੇ ਨਾਲ ਖੜੇ ਸਨ ਅਤੇ ਹੱਥੀ ਕਿਰਸਾਨੀ ਪਾਕਿਸਤਾਨ ਦੇ ਲਾਇਲਪੁਰ ਸਮੁੰਦਰੀ ਵਿਖੇ ਕਰਦੇ ਰਹੇ ਹਨ।

ਸ. ਨੰਨੂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਜੀ ਹਲਕੇ ‘ਚ ਸਾਫ ਸੁਥਰੀ ਸਿਆਸਤ ਕਰਕੇ ਜਾਣੇ ਜਾਦੇ ਹਨ। ਉਨ੍ਹਾਂ ਕਿਹਾ ਕਿ ਅੱਜ ਜਿੱਥੇ ਮੇਰਾ ਪਰਿਵਾਰ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇਹ ਸਮਾਗਮ ਕਰਵਾ ਰਿਹਾ ਹੈ, ਉੱਥੇ ਹੀ ਇਸ ਸ਼ੰਘਰਸ਼ ਦੌਰਾਨ ਪਾਰਟੀ ਤੋਂ ਦੇਰੀ ਨਾਲ ਅਸਤੀਫ਼ਾ ਦੇਣ ਕਾਰਨ ਪਸ਼ਚਾਤਪ ਦੀ ਅਰਦਾਸ ਵੀ ਕਰਦਾ ਹੈ। ਉਹਨਾਂ ਕਿਹਾ ਕਿ ਅਸੀ ਸਾਰੀਆਂ ਸੰਗਤਾਂ, ਕਿਸਾਨਾਂ ਦੇ ਇਸ ਸ਼ੰਘਰਸ਼ ਨੂੰ ਜਲਦ ਕਾਮਯਾਬੀ ਮਿਲਣ ਲਈ ਅਰਦਾਸ ਕਰ ਰਹੇ ਹਾਂ ਅਤੇ ਇਸ ਸ਼ੰਘਰਸ਼ ‘ਚ ਆਪਣਾ ਯੋਗਦਾਨ ਪਾਉਣ ਲਈ ਅਹਿਦ ਕਰਦੇ ਹਾਂ।

ਇਸ ਮੌਕੇ ਸੁਖਪਾਲ ਸਿੰਘ ਨੰਨੂ ਦੇ ਸਪੁੱਤਰ ਡਾ. ਪੁਨਿੰਦਰਪਾਲ ਸਿੰਘ ਵੱਲੋ ਵੀ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ।

Show More

Related Articles

Leave a Reply

Your email address will not be published.

Back to top button