ਮਾਲਵਾ
Trending

ਕੇਂਦਰ ਸਰਕਾਰ ਮੀਂਹ ਕਾਰਨ ਹੋਏ ਫ਼ਸਲਾਂ ਦੇ ਭਾਰੀ ਨੁਕਸਾਨ ਨੂੰ ‘ਕੌਮੀ ਨੁਕਸਾਨ’ ਐਲਾਨ ਕੇ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦੇਵੇ: ਬਲਵੀਰ ਸਿੰਘ ਰਾਜੇਵਾਲ

ਬਰਨਾਲਾ 26 ਅਕਤੂਬਰ (ਜਗਸੀਰ ਸਿੰਘ ਧਾਲੀਵਾਲ) ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਬੀ.ਕੇ.ਯੂ. ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਸਮੇਤ ਉੱਤਰੀ ਭਾਰਤ ਵਿਚ ਬੀਤੀ ਰਾਤ ਤੋਂ ਹੋ ਰਹੀ ਭਾਰੀ ਬਰਸਾਤ ਅਤੇ ਗੜੇਮਾਰੀ ਨਾਲ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ ਨੂੰ ਕਿਸਾਨਾਂ ਦੀ ਤਬਾਹੀ ਦੱਸਦਿਆ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਇਸ ਨੂੰ ‘ਕੌਮੀ ਨੁਕਸਾਨ’ ਐਲਾਨਦੇ ਹੋਏ ਰਾਹਤ ਪੈਕੇਜ ਦਾ ਤੁਰੰਤ ਐਲਾਨ ਕਰੇ।

ਸ. ਰਾਜੇਵਾਲ ਨੇ ਕਿਹਾ ਕਿ ਪੰਜਾਬ ’ਚ ਝੋਨੇ ਦੀ ਕੁੱਲ ਪੈਦਾਵਾਰ ਕਰੀਬ 185 ਲੱਖ ਮੀਟ੍ਰਿਕ ਟਨ ਫ਼ਸਲ ਵਿਚੋਂ ਸਿਰਫ ਤੀਜਾ ਹਿੱਸਾ 65 ਲੱਖ ਮੀਟ੍ਰਿਕ ਟਨ ਫ਼ਸਲ ਦੀ ਹੀ ਖਰੀਦ ਹੋਈ ਹੈ, ਜਦਕਿ ਖੇਤਾਂ ਵਿਚ ਪੱਕ ਕੇ ਤਿਆਰ ਖੜੀ ਕਰੀਬ 120 ਲੱਖ ਮੀਟ੍ਰਿਕ ਟਨ ਫਸਲ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿਚ ਭਾਰੀ ਬਰਸਾਤ ਦੇ ਨਾਲ-ਨਾਲ ਹੋਈ ਗੜੇਮਾਰੀ ਨੇ ਫ਼ਸਲਾਂ ਨੂੰ ਝੰਬ ਕੇ ਰੱਖ ਦਿੱਤਾ ਹੈ ਤੇ ਤਿਆਰ ਖੜੀਆਂ ਫ਼ਸਲਾਂ ਡਿੱਗਣ ਕਾਰਨ 100 ਫੀਸਦੀ ਨੁਕਸਾਨੀਆਂ ਗਈਆਂ ਹਨ। ਜਿਸ ਨਾਲ ਕਿਸਾਨਾਂ ਦਾ ਪ੍ਰਤੀ ਏਕੜ 60 ਹਜ਼ਾਰ ਰੁਪਏ ਦੀ ਫ਼ਸਲ ਦਾ ਵੱਡਾ ਨੁਕਸਾਨ ਹੋਇਆ ਹੈ।

ਸ. ਰਾਜੇਵਾਲ ਨੇ ਹੋਏ ਨੁਕਸਾਨ ਨੂੰ ਕਿਸਾਨਾਂ ਲਈ ਵੱਡੀ ਤਬਾਹੀ ਦੱਸਦਿਆ ਕਿਹਾ ਕਿ ਦੇਸ਼ ਲਈ ਅੰਨ ਦੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਨੂੰ ਬਚਾਉਣ ਲਈ ਕੇਂਦਰ ਸਰਕਾਰ ਨੂੰ ਤੁਰੰਤ ਕੁਦਰਤੀ ਆਫ਼ਤ ਫੰਡ ਦੇ ਪੁਰਾਣੇ ਪੈਮਾਨੇ ਵਿਚ ਤਬਦੀਲੀ ਕਰਕੇ ਪ੍ਰਤੀ ਏਕੜ ਨੁਕਸਾਨ ਦੀ ਰਾਸ਼ੀ 12 ਹਜ਼ਾਰ ਰੁਪਏ ਤੋਂ ਵਧਾ ਕੇ 60 ਹਜ਼ਾਰ ਰੁਪਏ ਪ੍ਰਤੀ ਏਕੜ ਕਰਨ ਤੋਂ ਇਲਾਵਾ ਕਿਸਾਨਾਂ ਲਈ ਰਾਹਤ ਪੈਕੇਜ ਦਾ ਐਲਾਨ ਵੀ ਕਰਨਾ ਚਾਹੀਦਾ ਹੈ।

ਉਨ੍ਹਾਂ ਇਸ ਮੌਕੇ ਇਹ ਮੰਗ ਵੀ ਕੀਤੀ ਕਿ ਕੇਂਦਰ ਅਤੇ ਪੰਜਾਬ ਸਰਕਾਰ ਕਿਸਾਨਾਂ ਪ੍ਰਤੀ ਪੂਰੀ ਤਰ੍ਹਾਂ ਇਮਾਨਦਾਰ ਹੋ ਕੇ ਇਸ ਨੁਕਸਾਨ ਲਈ ਸਪੈਸ਼ਲ ਗਿਰਦਾਵਰੀ ਅਤੇ ਨਾਲੋਂ-ਨਾਲ ਮੁਆਵਜ਼ਾ ਰਾਸ਼ੀ ਦੀ ਵੰਡ ਲਈ ਫ਼ੈਸਲਾ ਲਵੇ। ਉਨ੍ਹਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਫ਼ਸਲਾਂ ਦੇ ਹੋਏ ਨੁਕਸਾਨ ਦੇ ਵੇਰਵੇ ਦਿੰਦੇ ਹੋਏ ਦੱਸਿਆ ਕਿ ਗੁਰਦਾਸਪੁਰ, ਅ੍ਰੰਮਿਤਸਰ, ਤਰਨਤਾਰਨ, ਬਠਿੰਡਾ, ਸੰਗਰੂਰ, ਮੋਗਾ, ਲੁਧਿਆਣਾ, ਮੁਕਤਸਰ, ਫਤਿਹਗੜ੍ਹ ਸਾਹਿਬ ਆਦਿ ਸਮੇਤ ਲਗਭਗ ਸਾਰੇ ਪਾਸੇ ਹੀ ਵੱਡੇ ਨੁਕਸਾਨ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ।

ਸ. ਰਾਜੇਵਾਲ ਨੇ ਇਹ ਵੀ ਦੱਸਿਆ ਕਿ ਪੱਕੀਆਂ ਫ਼ਸਲਾਂ ਨੂੰ ਖੇਤਾਂ ਵਿਚ ਖੜੇ ਮੀਂਹ ਦੇ ਪਾਣੀ ਵਿਚੋਂ ਬਾਹਰ ਕੱਢਣ ਲਈ ਵੀ ਕਿਸਾਨਾਂ ਨੂੰ ਹੁਣ ਭਾਰੀ ਜੱਦੋ-ਜਹਿਦ ਕਰਨੀ ਪਵੇਗੀ ਅਤੇ ਹਾਲੇ ਵੀ ਮੌਸਮ ਦੀ ਕਰੋਪੀ ਦਾ ਕੋਈ ਪਤਾ ਨਹੀਂ ਕਿ ਹੋਰ ਕਿੰਨਾ ਨੁਕਸਾਨ ਕਰਦਾ ਹੈ। ਇਸ ਮੋਕੇ ਬੀ ਕੇ ਯੂ ਰਾਜੇਵਾਲ ਦੇ ਜਿਲਾ ਬਰਨਾਲਾ ਦੇ ਪ੍ਰਧਾਨ ਨਿਰਭੈ ਸਿੰਘ ਗਿਆਨੀ ਛੀਨੀਵਾਲ ਕਲਾ, ਜਿਲਾ ਜਰਨਲ ਸਕੱਤਰ ਅਜਮੇਰ ਸਿੰਘ ਹੁੰਦਲ, ਜਗਜੀਤ ਸਿੰਘ ਚੰਨਣਵਾਲ, ਹਰਦੇਵ ਸਿੰਘ ਕਾਕਾ, ਸਾਧੂ ਸਿੰਘ ਛੀਨੀਵਾਲ ਕਲਾ ਆਦਿ ਆਗੂ ਹਾਜਰ ਸਨ।

Show More

Related Articles

Leave a Reply

Your email address will not be published. Required fields are marked *

Back to top button