“ਸ਼ੈਲਰ ਮਾਲਕ ਕਿਸਾਨਾਂ ਨਾਲ ਕਰ ਰਹੇ ਧੱਕਾ”, ਸਰਕਾਰੀ ਖਰੀਦ ਏਜੰਸੀਆਂ ਬਾਅਦ ਸ਼ੈਲਰਾਂ ਵਾਲੇ ਵੀ ਝੋਨੇ ਦੀ ਨਮੀ ਕਰਨ ਲੱਗੇ “ਚੈਕ”

ਬਰਨਾਲਾ, 26 ਅਕਤੂਬਰ (ਜਗਸੀਰ ਸਿੰਘ ਧਾਲੀਵਾਲ) ਪਿਛਲੇ ਦਿਨੀਂ ਪੰਜਾਬ ਵਿੱਚ ਹੋਈ ਬੇਮੌਸਮੀ ਬਾਰਿਸ਼ ਕਾਰਨ ਖੜ੍ਹੀਆਂ ਅਤੇ ਮੰਡੀਆਂ ਵਿੱਚ ਪਈ ਫਸਲ ਦਾ ਬਹੁਤ ਨੁਕਸਾਨ ਹੋਇਆ। ਇਸ ਤੋਂ ਇਲਾਵਾ ਪੰਜਾਬ ਦੀ ਨਰਮਾ ਪੱਟੀ ਵਿੱਚ ਗੁਲਾਬੀ ਸੁੰਡੀ ਨੇ ਪੂਰੀ ਫਸਲ ਬਰਬਾਦ ਕਰ ਦਿੱਤੀ ਹੈ। ਅੱਜ ਡੀ.ਸੀ ਬਰਨਾਲਾ ਰਾਹੀਂ ਪੰਜਾਬ ਸਰਕਾਰ ਨੂੰ ਮੰਗ-ਪੱਤਰ ਭੇਜ ਕੇ ਪੀੜ੍ਹਤ ਕਿਸਾਨਾਂ ਅਤੇ ਨਰਮਾ ਚੁਗਣ ਵਾਲੇ ਖੇਤ-ਮਜ਼ਦੂਰਾਂ ਨੂੰ ਤੁਰੰਤ ਢੁੱਕਵਾਂ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ।
ਕਿਸਾਨ ਆਗੂਆਂ ਨੇ ਅੱਜ ਇੱਕ ਨਵੀਂ ਸਿਰਦਰਦੀ ਦਾ ਜ਼ਿਕਰ ਕੀਤਾ। ਆਗੂਆਂ ਨੇ ਦੱਸਿਆ ਕਿ ਕੁੱਝ ਮੰਡੀਆਂ ਵਿੱਚੋਂ ਖਬਰਾਂ ਆ ਰਹੀਆਂ ਹਨ ਕਿ ਖਰੀਦ ਏਜੰਸੀਆਂ ਵੱਲੋਂ ਝੋਨੇ ਦੀ ਨਮੀ ਚੈਕ ਕਰਨ ਤੋਂ ਬਾਅਦ ਸ਼ੈਲਰ ਮਾਲਕ ਫਿਰ ਤੋਂ ਉਸੇ ਢੇਰੀ ਦੀ ਨਮੀ ਚੈਕ ਕਰਦੇ ਹਨ। ਇਹ ਬਿਲਕੁੱਲ ਗੈਰ-ਕਾਨੂੰਨੀ ਅਤੇ ਕਿਸਾਨਾਂ ਦੇ ਸਿਰ ‘ਤੇ ਇੱਕ ਹੋਰ ਪਰਾਈਵੇਟ ਏਜੰਸੀ ਥੋਪਣ ਦੇ ਤੁੱਲ ਹੈ। ਅਸੀਂ ਅਜਿਹੀ ਅਪਮਾਨ-ਜਨਕ ਕਾਰਵਾਈ ਬਿਲਕੁੱਲ ਬਰਦਾਸ਼ਤ ਨਹੀਂ ਕਰਾਂਗੇ ਅਤੇ ਸਰਕਾਰ ਨੂੰ ਇਸ ਕੋਝੀ ਕਾਰਵਾਈ ਨੂੰ ਤੁਰੰਤ ਬੰਦ ਕਰਵਾਉਣ ਦੀ ਮੰਗ ਕਰਦੇ ਹਾਂ।
ਅੱਜ ਧਰਨੇ ਨੂੰ ਜਗਸੀਰ ਸਿੰਘ ਛੀਨੀਵਾਲ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਨਛੱਤਰ ਸਿੰਘ ਸਹੌਰ, ਦਰਸ਼ਨ ਸਿੰਘ ਉਗੋਕੇ,ਸੰਪੂਰਨ ਸਿੰਘ ਚੂੰਘਾਂ, ਗੁਰਨਾਮ ਸਿੰਘ ਠੀਕਰੀਵਾਲਾ, ਬਲਜੀਤ ਸਿੰਘ ਚੌਹਾਨਕੇ, ਗੁਰਮੇਲ ਸ਼ਰਮਾ, ਪਵਿੱਤਰ ਸਿੰਘ ਲਾਲੀ, ਜਸਮੇਲ ਸਿੰਘ ਕਾਲੇਕੇ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਮੌਸਮ ਦੀ ਤਬਦੀਲੀ ਕਾਰਨ ਤਾਪਮਾਨ ਬਹੁਤ ਘਟ ਗਿਆ ਹੈ ਜਿਸ ਕਾਰਨ ਝੋਨੇ ਦੀ 17 ਫੀ ਸਦੀ ਨਮੀ ਵਾਲਾ ਮਾਪਦੰਡ ਦੀ ਪੂਰਤੀ ਬਹੁਤ ਮੁਸ਼ਕਲ ਹੋ ਗਈ ਹੈ। ਆਗੂਆਂ ਨੇ ਮੰਗ ਕੀਤੀ ਕਿ ਨਮੀ ਸਬੰਧੀ ਅਤੇ ਦੂਸਰੇ ਮਾਪਦੰਡ ਨਰਮ ਕਰਕੇ ਝੋਨੇ ਦੀ ਖਰੀਦ ਵਿੱਚ ਤੇਜ਼ੀ ਲਿਆਂਦੀ ਜਾਵੇ।
ਬੁਲਾਰਿਆਂ ਨੇ ਪਿਛਲੇ ਦਿਨੀਂ ਕਿਸਾਨ ਅੰਦੋਲਨ ਦੇ ਸਰਗਰਮ ਸਮਰਥਕ ਅਤੇ ਉਘੇ ਐਨਆਰਆਈ ਦਰਸ਼ਨ ਸਿੰਘ ਧਾਲੀਵਾਲ ਨੂੰ ਦਿੱਲੀ ਏਅਰਪੋਰਟ ਤੋਂ ਹੀ ਅਮਰੀਕਾ ਵਾਪਸ ਭੇਜਣ ਦੇ ਸਰਕਾਰੀ ਫੈਸਲੇ ਦੀ ਸਖਤ ਨਿਖੇਧੀ ਕੀਤੀ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਇੰਨੀਆਂ ਕੋਝੀਆਂ ਤੇ ਅਨੈਤਿਕ ਕਾਰਵਾਈਆਂ ‘ਤੇ ਉਤਰ ਆਈ ਹੈ ਕਿ ਕਿਸਾਨ ਅੰਦੋਲਨ ਦੇ ਐਨਆਰਆਈ ਸਮੱਰਥਕਾਂ ਨੂੰ ਵੀ ਨਿਸ਼ਾਨਾ ਬਣਾ ਰਹੀ ਹੈ। ਸਰਕਾਰ ਅਜਿਹੀਆਂ ਕਾਰਵਾਈਆਂ ਨਾਲ ਕਿਸਾਨ ਅੰਦੋਲਨ ਨੂੰ ਮਿਲ ਰਹੀ ਕੌਮਾਂਤਰੀ ਹਮਾਇਤ ਨੂੰ ਘਟਾ ਨਹੀਂ ਕਰ ਸਕਦੀ।