ਬਾਗਬਾਨੀ ਵਿਭਾਗ ਨੇ ਪਿੰਡ ਡੱਬਵਾਲਾ ਕਲਾਂ ‘ਚ ਲਗਾਇਆ “ਕਿਸਾਨ ਸਿਖਲਾਈ ਕੈਂਪ”
Horticulture Department Conducts Farmer Training Camp In Village Dabwala Kalan

ਫਾਜ਼ਿਲਕਾ, 28 ਅਕਤੂਬਰ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਬਾਗਬਾਨੀ ਵਿਭਾਗ ਪੰਜਾਬ ਵੱਲੋਂ ਚਲਾਈ ਜਾ ਰਹੀ ਸਿਟਰਸ ਅਸਟੇਟ ਟਾਹਲੀਵਾਲਾ ਜੱਟਾਂ ਵੱਲੋਂ ਪਿੰਡ ਡੱਬਵਾਲਾ ਕਲਾਂ, ਜ਼ਿਲਾ ਫਾਜ਼ਿਲਕਾ ਵਿਖੇ ਫਲਾਂ ਅਤੇ ਸਬਜ਼ੀਆਂ ਦੀ ਸਫਲ ਕਾਸ਼ਤ ਸੰਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।
ਇਸ ਕੈਂਪ ਵਿੱਚ ਡਾ. ਮਨਦੀਪ ਸਿੰਘ ਬਰਾੜ ਸਹਾਇਕ ਡਾਇਰੈਕਟਰ ਬਾਗਬਾਨੀ ਸਿਟਰਸ ਅਸਟੇਟ ਟਾਹਲੀਵਾਲਾ ਜੱਟਾਂ ਵੱਲੋਂ ਦੱਸਿਆ ਗਿਆ ਕਿ ਅਜੋਕੇ ਸਮੇਂ ਦੇ ਵਿੱਚ ਆਮ ਵਿਅਕਤੀ ਨੂੰ ਤੰਦਰੁਸਤ ਰਹਿਣ ਲਈ ਸੰਤੁਲਿਤ ਖੁਰਾਕ ਦਾ ਸੇਵਨ ਕਰਨਾ ਬਹੁਤ ਹੀ ਜਰੂਰੀ ਹੋ ਗਿਆ ਹੈ। ਨੈਸ਼ਨਲ ਇੰਸਟੀਚਊਟ ਆਫ ਨਿਊਟ੍ਰੀਸ਼ਨ, ਹੈਦਰਾਬਾਦ ਅਨੁਸਾਰ ਸੰਤੁਲਿਤ ਖੁਰਾਕ ਵਿੱਚ ਹਰ ਵਿਅਕਤੀ ਨੂੰ ਪ੍ਰਤੀ ਦਿਨ 300 ਗ੍ਰਾਮ ਸਬਜ਼ੀਆਂ ਅਤੇ 100 ਗ੍ਰਾਮ ਫਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਪਰ ਅੱਜ-ਕੱਲ ਭੱਜ-ਦੌੜ ਦੀ ਜ਼ਿੰਦਗੀ ਵਿੱਚ ਮਨੁੱਖ ਇਨਾਂ ਚੀਜ਼ਾਂ ਨੂੰ ਛੱਡ ਕੇ ਬਾਜ਼ਾਰ ਦੇ ਤਿਆਰ-ਬਰ-ਤਿਆਰ ਭੋਜਨਾਂ ਤੇ ਨਿਰਭਰ ਹੁੰਦਾ ਜਾ ਰਿਹਾ ਹੈ।
ਕਿਸਾਨਾਂ ਨੂੰ ਘਰੇਲੂ ਬਗੀਚੀ ਦੀ ਮਹੱਤਤਾ ਬਾਰੇ ਦੱਸਦਿਆਂ ਅਪੀਲ ਕੀਤੀ ਗਈ ਕਿ ਕਿਸਾਨ ਆਪਣੇ ਪਰਿਵਾਰ ਦੀ ਰੋਜ਼ਾਨਾ ਲੋੜ ਅਨੁਸਾਰ ਜ਼ਹਿਰ ਮੁਕਤ ਸਬਜ਼ੀਆਂ ਆਪ ਪੈਦਾ ਕਰਨ। ਡਾ. ਬਰਾੜ ਵੱਲੋਂ ਨਵੇਂ ਬਾਗਾਂ ਦੀ ਵਿਉਂਤਬੰਦੀ, ਬਾਗ ਲਗਾਉਣ ਤੋਂ ਪਹਿਲਾਂ ਮਿੱਟੀ ਪਰਖ ਕਰਵਾਉਣ ਅਤੇ ਮਿੱਟੀ ਦੇ ਸੈਂਪਲ ਲੈਣ ਦੇ ਢੰਗ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਹਾਜ਼ਰ ਕਿਸਾਨਾਂ ਨੂੰ ਖਾਦਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਾਗਾਂ ਵਿੱਚ ਖਾਦਾਂ ਅਤੇ ਸੂਖਮ ਤੱਤਾਂ ਦੀ ਵਰਤੋਂ ਮਿੱਟੀ ਅਤੇ ਪੱਤਿਆਂ ਦੀ ਪਰਖ ਕਰਵਾਉਣ ਉਪਰੰਤ ਲੋੜ ਅਨੁਸਾਰ ਕਰਨੀ ਚਾਹੀਦੀ ਹੈ ਤਾਂ ਜੋ ਬੇਲੋੜੇ ਖਰਚਿਆਂ ਤੋਂ ਬਚਿਆ ਜਾ ਸਕੇ।
ਉਹਨਾਂ ਨੇ ਕਿਹਾ ਕਿ ਬੂਟੇ ਹਮੇਸ਼ਾ ਭਰੋਸੇਯੋਗ ਨਰਸਰੀ ਤੋਂ ਹੀ ਖਰੀਦਣੇ ਚਾਹੀਦੇ ਹਨ ਅਤੇ ਬੂਟਿਆਂ ਦਾ ਬਿੱਲ ਜਰੂਰ ਲੈਣਾ ਚਾਹੀਦਾ ਹੈ। ਨਵੇਂ ਬਾਗ ਲਗਾਉਣ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੂਟੇ ਲਗਾਉਣ ਵੇਲੇ ਇਹ ਧਿਆਨ ਰੱਖੋ ਕਿ ਪਿਓਂਦ ਵਾਲਾ ਹਿੱਸਾ ਜ਼ਮੀਨ ਤੋਂ 6 ਤੋਂ 9 ਇੰਚ ਜ਼ਰੂਰ ਉੱਚਾ ਹੋਵੇ। ਇਸ ਤੋਂ ਇਲਾਵਾ ਉਹਨਾਂ ਵੱਲੋਂ ਸਿਟਰਸ ਅਸਟੇਟ ਵੱਲੋਂ ਜਿਮੀਦਾਰਾਂ ਨੂੰ ਮਸ਼ੀਨਰੀ ਕਿਰਾਏ ਦੇ ਦੇਣ ਅਤੇ ਕੌਮੀ ਬਾਗਬਾਨੀ ਮਿਸ਼ਨ ਅਧੀਨ ਚੱਲ ਰਹੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਡਾ. ਗੁਰਜੀਤ ਸਿੰਘ, ਬਾਗਬਾਨੀ ਵਿਕਾਸ ਅਫਸਰ (ਐਂਟੋਮੋਲੋਜੀ) ਵੱਲੋਂ ਅਮਰੂਦ ਦੀਆਂ ਬੀਮਾਰੀਆਂ/ਕੀੜੇ-ਮਕੌੜਿਆਂ ਦੀ ਪਛਾਣ ਅਤੇ ਉਨਾਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਸ ਤੋਂ ਇਲਾਵਾ ਢੀਂਗਰੀ ਖੁੰਬ ਦੀ ਕਾਸ਼ਤ ਅਤੇ ਖੁਰਾਕੀ ਤੱਤਾਂ ਬਾਰੇ ਦੱਸਿਆ। ਕਿਸਾਨਾਂ ਨੂੰ ਸਬਜ਼ੀ ਬੀਜਾਂ ਦੀਆਂ ਮਿੰਨੀ ਕਿੱਟਾਂ ਮੁਹੱਈਆਂ ਕਰਵਾਈਆਂ ਗਈਆਂ।
ਅੰਤ ਵਿੱਚ ਕਿਸਾਨਾਂ ਦੇ ਸੁਆਲਾਂ ਦੇ ਜੁਆਬ ਦਿੱਤੇ ਗਏ। ਇਸ ਮੌਕੇ ਸ਼੍ਰੀ ਰਾਮ ਕੁਮਾਰ, ਸ਼੍ਰੀ ਸ਼ਰਧਾ ਸਿੰਘ ਬਾਗਬਾਨੀ ਤਕਨੀਕੀ ਸਹਾਇਕ, ਰਾਜ ਕੁਮਾਰ ਸਰਪੰਚ, ਹੰਸ ਰਾਜ ਸਾਬਕਾ ਸਰਪੰਚ, ਨਿਰਪਾਲ ਸਿੰਘ, ਲੇਖ ਰਾਜ, ਓਮ ਪ੍ਰਕਾਸ਼, ਸੁਹਾਵਾ ਰਾਮ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।