ਮਾਲਵਾ
Trending

ਰਾਜਾ ਵੜਿੰਗ ਪਹੁੰਚੇ ਬਠਿੰਡਾ, ਬਾਦਲਾਂ ਦੀਆਂ ਬੱਸਾਂ ਸਣੇ ਤਿੰਨ ‘ਤੇ ਕਸਿਆ ਸ਼ਿਕੰਜਾ

ਬਠਿੰਡਾ, 30 ਅਕਤੂਬਰ (ਸੰਤੋਖ ਸਿੰਘ) ਪੰਜਾਬ ਦੇ ਟਰਾਂਸਪੋਰਟਰ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਬਠਿੰਡਾ ਦੇ ਬੱਸ ਅੱਡੇ ਦਾ ਅਚਾਨਕ ਦੌਰਾ ਕਰਕੇ ਅਫਸਰਾਂ ਨੂੰ ਬੇਨਿਯਮੀਆਂ ਕਰਨ ਵਾਲੇ ਟਰਾਂਸਪੋਰਟਰਾਂ ਖਿਲਾਫ ਕਾਰਵਾਈ ਜਾਰੀ ਰੱਖਣ ਦੀ ਨਸੀਹਤ ਦਿੱਤੀ। ਮੌਕੇ ਟਰਾਂਸਪੋਰਟ ਮੰਤਰੀ ਦੇ ਆਦੇਸ਼ਾਂ ਤਹਿਤ ਜਾਂਚ ਉਪਰੰਤ ਆਰ.ਟੀ.ਏ ਬਠਿੰਡਾ ਨੇ ਤਿੰਨ ਬੱਸਾਂ ਦੇ ਚਲਾਨ ਵੀ ਕੀਤੇ। ਜਿੰਨ੍ਹਾਂ ‘ਚੋਂ ਦੋ ਬੱਸਾਂ ਬਾਦਲ ਪ੍ਰੀਵਾਰ ਦੀ ਕੰਪਨੀ ਔਰਬਿਟ ਦੀਆਂ ਹਨ, ਜਦੋਂ ਕਿ ਤੀਸਰੀ ਬੱਸ ਮਾਲਵਾ ਬੱਸ ਕੰਪਨੀ ਦੀ ਹੈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਵਿਚਕਾਰ ਕਥਿਤ ਮਿਲੀਭੁਗਤ ਦੇ ਦੋਸ਼ ਵੀ ਲਗਾਏ। ਰਾਜਾ ਵੜਿੰਗ ਨੇ ਸਾਬਕਾ ਮੁੱਖ ਮੰਤਰੀ ਨੂੰ ਭਾਰਤੀ ਜਨਤਾ ਪਾਰਟੀ ਨਾਲ ਮਿਲਕੇ ਸਰਕਾਰ ਚਲਾਉਣ ਦੇ ਇਲਜਾਮਾਂ ਤਹਿਤ ਵੀ ਘੇਰਿਆ। ਇਸ ਮੌਕੇ ਉਨ੍ਹਾਂ ਨੇ ਦਿੱਲੀ ਏਅਰਪੋਰਟ ਨੂੰ ਜਾਣ ਵਾਲੀ ਬੱਸ ਨੂੰ ਪ੍ਰਵਾਨਗੀ ਨਾਂ ਦੇਣ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਖਿਚਾਈ ਵੀ ਕੀਤੀ।

ਰਾਜਾ ਵੜਿੰਗ ਨੇ ਕਿਹਾ ਕਿ ਉਹ ਪਹਿਲੇ ਦਿਨ ਤੋਂ ਹੀ ਇਹ ਕਹਿ ਰਹੇ ਹਨ ਕਿ ਕੈਪਟਨ ਅਮਰਿੰਦਰ ਸਿੰਘ, ਬਾਦਲਾਂ ਨਾਲ ਮਿਲੋ ਹੋਏ ਹਨ ਅਤੇ ਬੀਜੇਪੀ ਨਾਲ ਮਿਲਕੇ ਸਰਕਾਰ ਚਲਾਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਕੰਮ ਉਹ ਅੱਜ ਕਰ ਰਹੇ ਹਨ, ਉਹ ਤਾਂ ਸਾਢੇ ਚਾਰ ਸਾਲ ਪਹਿਲਾਂ ਕੀਤਾ ਜਾਣਾ ਚਾਹੀਦਾ ਸੀ। ਜਿਸ ਨਾਲ ਸਰਕਾਰੀ ਬੱਸ ਸੇਵਾ ਨੂੰ ਉਦੋਂ 54 ਲੱਖ ਰੁਪਏ ਮੁਨਾਫਾ ਹੋਣਾ ਸੀ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦੇ ਮੁਖੀ ਸ. ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਜਦਕਿ ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰ ’ਚ ਵਜ਼ੀਰ ਰਹੀ ਹੈ। ਉਨ੍ਹਾਂ ਕਿਹਾ ਕਿ ਸ. ਸੁਖਬੀਰ ਬਾਦਲ ਡਿਪਟੀ ਸੀ.ਐਮ. ਰਹੇ ਹਨ ਅਤੇ ਬਿਕਰਮ ਮਜੀਠੀਆ ਸਮੇਤ ਬਾਦਲ ਪਰਿਵਾਰ ਦਾ ਜਵਾਈ ਵਜ਼ੀਰ ਰਿਹਾ ਹੈ।

ਸ. ਵੜਿੰਗ ਨੇ ਕਿਹਾ ਕਿ ਜੇਕਰ ਇੰਨ੍ਹਾਂ ਨੂੰ ਸੱਤਾ ਦਾ ਲਾਲਚ ਨਹੀਂ ਤਾਂ ਕਿਸੇ ਆਮ ਆਦਮੀ ਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਨਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਕੇਜਰੀਵਾਲ ਸਿਰਫ ਭਾਸ਼ਣ ਦੇਣ ਦਾ ਕੰਮ ਕਰਦਾ ਹੈ ਅਮਲੀ ਰੂਪ ’ਚ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵੱਡੇ ਘਰਾਂ ਦੀਆਂ ਬੱਸਾਂ ਦਿੱਲੀ ਹਵਾਈ ਅੱਡੇ ਤੱਕ ਜਾ ਰਹੀਆਂ ਹਨ, ਪਰ ਪੰਜਾਬ ਦੀ ਸਰਕਾਰੀ ਬੱਸ ਸੇਵਾ ਨੂੰ ਇਜਾਜਤ ਨਹੀਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 20 ਦਿਨ ਪਹਿਲਾਂ ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਇਸ ਸਬੰਧ ’ਚ ਪੱਤਰ ਲਿਖਿਆ ਸੀ, ਜਿਸ ਦਾ ਅੱਜ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ। ਉਨ੍ਹਾਂ ਆਖਿਆ ਕਿ ਜੇਕਰ ਕੇਜਰੀਵਾਲ ਪੰਜਾਬ ਨੂੰ ਸੱਚਮੁੱਚ ਪਿਆਰ ਕਰਦੇ ਹਨ ਤਾਂ ਉਨ੍ਹਾਂ ਨੂੰ ਤੁਰੰਤ ਸਰਕਾਰੀ ਬੱਸਾਂ ਨੂੰ ਦਿੱਲੀ ਹਵਾਈ ਅੱਡੇ ਤੱਕ ਜਾਣ ਦੀ ਪ੍ਰਵਾਨਗੀ ਦੇਣੀ ਚਾਹੀਦੀ ਸੀ।

ਇਸ ਮੌਕੇ “ਨਵਾਂ ਪੰਜਾਬ ਭਾਜਪਾ” ਦੇ ਨਾਲ ਮੁਹਿੰਮ ਦੇ ਮਾਮਲੇ ’ਚ ਭਾਰਤੀ ਜਨਤਾ ਪਾਰਟੀ ਨੂੰ ਨਿਸ਼ਾਨਾ ਬਣਾਉਂਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਭਾਜਪਾ ਨੇ ਨਵਾਂ ਪੰਜਾਬ ਬਣਾ ਹੀ ਦਿੱਤਾ ਹੈ, ਜਿਸ ’ਚ 650 ਤੋਂ ਉਪਰ ਹੁਣ ਤੱਕ ਕਿਸਾਨ ਤੇ ਮਜਦੂਰ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਬਿਨਾਂ ਕਿਸਾਨਾਂ ਤੋਂ ਕਿਹੜਾ ਨਵਾਂ ਪੰਜਾਬ ਬਨਾਉਣ ਨੂੰ ਫਿਰਦੇ ਹਨ, ਇਹ ਸਪਸ਼ਟ ਕਰਨਾ ਚਾਹੀਦਾ ਹੈ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਜਲਦੀ ਹੀ ਪੀਆਰਟੀਸੀ ਦਾ ਔਰਤਾਂ ਨੂੰ ਮੁਫਤ ਸਫਰ ਸਮੇਤ ਜੋ ਵੀ ਬਕਾਇਆ ਪੈਸਾ ਹੈ, ਉਹ ਜਲਦੀ ਹੀ ਅਦਾ ਕਰ ਦਿੱਤਾ ਜਾਏਗਾ। ਉਨ੍ਹਾਂ ਇਸ ਮੌਕੇ ਹੋਰ ਵੀ ਕਈ ਮੁੱਦਾਂ ਬਾਰੇ ਆਪਣਾ ਪੱਖ ਰੱਖਿਆ ਅਤੇ ਮੀਡੀਆ ਨੂੰ ਸਹੀ ਖਬਰਾਂ ਪ੍ਰਕਾਸ਼ਤ ਕਰਨ ਦੀ ਸਲਾਹ ਵੀ ਦਿੱਤੀ।

Show More

Related Articles

Leave a Reply

Your email address will not be published.

Back to top button