ਮਾਲਵਾ

ਨਿਹਾਲ ਸਿੰਘ ਵਾਲਾ ਦੀ ਪੁਲਿਸ ਹੋਈ ਬੇ ਰਹਿਮ, ਔਰਤ ਤੇ ਕੀਤਾ ਅਣਮਨੁੱਖੀ ਤਸੱਦਦ, ਪੜ੍ਹੋ ਖ਼ਬਰ..

ਗੁਪਤ ਅੰਗਾਂ ’ਤੇ ਲੱਤਾਂ ਮਾਰਨ ਤੇ ਤਿੰਨ ਘੰਟੇ ਅਣਮਨੁੱਖੀ ਤਸੱਦਦ ਕਰਨ ਵਾਲਿਆ ਖਿਲਾਫ ਕੇਸ ਦਰਜ ਕੀਤਾ ਜਾਵੇ: ਕਾਮਰੇਡ ਫਕੀਰ ਚੰਦ, ਕਾਮਰੇਡ ਜਲਾਲਦੀਵਾਲ

ਮਹਿਲ ਕਲਾਂ 22 ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ ) ਪਿੰਡ ਸ਼ੀਲੋਆਣੀ ਦੀ ਇੱਕ ਔਰਤ ਨੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਤੇ ਅਣਮਨੁੱਖੀ ਤਸੱਦਦ ਕਰਨ ਦੇ ਦੋਸ਼ ਲਗਾਏ ਹਨ। ਸਿਵਲ ਹਸਪਤਾਲ ਰਾਏਕੋਟ ਵਿਖੇ ਜੇਰੇ ਇਲਾਜ ਪੀੜਤ ਸਤਵਿੰਦਰ ਕੌਰ ਪਤਨੀ ਗੁਰਜੀਤ ਸਿੰਘ ਵਾਸੀ ਪਿੰਡ ਸ਼ੀਲੋਆਣੀ (ਲੁਧਿ.) ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਤੇ ਉਸਦਾ ਪਤੀ ਪਿੰਡ ਨਿਹਾਲ ਸਿੰਘ ਵਾਲਾ ਵਿਖੇ ਉਸਦੀ ਨਨਾਣ ਨੂੰ ਸੰਧਾਰਾ ਦੇਣ ਲਈ ਗਏ ਸੀ, ਜਿੱਥੇ ਉਹ ਦੋ ਦਿਨ ਤੱਕ ਰਹੇ। ਇਸ ਦੌਰਾਨ ਉਸਦੇ ਰਿਸਤੇਦਾਰਾਂ ਨੇ ਉਸ ਦੇ ਖਿਲਾਫ਼ ਘਰ ਵਿੱਚੋਂ ਸੋਨੇ ਦੇ ਗਹਿਣੇ ਸ਼ਾਪਾਂ, ਵਾਲੀਆਂ, ਚੈਨ ਚੋਰੀ ਹੋਣ ਦੀ ਝੂਠੀ ਰਿਪੋਰਟ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਦਰਜ ਕਰਵਾ ਦਿੱਤੀ।

ਪੀੜਤ ਔਰਤ ਸਤਵਿੰਦਰ ਕੌਰ ਨੇ ਦੱਸਿਆ ਕਿ ਪੁਲਿਸ ਨੇ ਉਸਨੂੰ ਇੱਕ ਦਿਨ ਥਾਣੇ ਬੁਲਾਇਆ ਅਤੇ ਵਾਪਸ ਘਰ ਭੇਜ ਦਿੱਤਾ। ਪਰ ਜਦੋਂ ਉਹ ਦੂਸਰੇ ਦਿਨ ਫਿਰ ਕੁੱਝ ਮੋਹਤਵਰ ਵਿਅਕਤੀਆਂ ਨੂੰ ਨਾਲ ਲੈ ਕੇ ਥਾਣੇ ਗਏ ਤਾਂ ਉਨ੍ਹਾਂ ਨੇ ਮੋਹਤਬਰ ਵਿਅਕਤੀਆਂ ਨੂੰ ਬਾਹਰ ਬਿਠਾ ਕੇ ਉਸਨੂੰ ਥਾਣਾ ਇੰਚਾਰਜ ਦੇ ਇੱਕ ਕਮਰੇ ਵਿੱਚ ਲੈ ਕੇ ਜਾਇਆ ਗਿਆ। ਜਿੱਥੇ ਪਹਿਲਾਂ ਹੀ ਕੁੱਝ ਹੋਰ ਪੁਲਿਸ ਮੁਲਾਜਮ ਮੌਜ਼ੂਦ ਸਨ। ਐਸ.ਐੱਚ.ਓ. ਨੇ ਕਮਰੇ ’ਚ ਲਿਜਾਣ ਤੋਂ ਬਾਅਦ ਉਸ ਨਾਲ ਕੋਈ ਗੱਲਬਾਤ ਨਹੀਂ ਕੀਤੀ, ਬਲਕਿ ਵਾਲਾਂ ਤੋਂ ਫੜ੍ਹ ਕੇ ਥੱਲੇ ਸੁੱਟ ਲਿਆ ਅਤੇ ਉਸਦੀ ਡੰਡਿਆਂ ਅਤੇ ਲੱਤਾਂ ਮਾਰ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

ਪੀੜਤਾਂ ਨੇ ਅੱਗੇ ਦੱਸਿਆ ਕਿ ਐਸ.ਐੱਚ.ਓ. ਨੇ ਜਿੱਥੇ ਉਸਦੇ ਗੁਪਤ ਅੰਗਾਂ ’ਤੇ ਲੱਤਾਂ ਮਾਰੀਆਂ, ਉੱਥੇ ਉਸ ਨਾਲ ਤਿੰਨ ਘੰਟੇ ਤੱਕ ਅਣਮਨੁੱਖੀ ਤਸੱਦਦ ਢਾਹੇ ਗਏ। ਉਨ੍ਹਾਂ ਦੱਸਿਆ ਕਿ ਜਦੋਂ ਉਸਦੀ ਹਾਲਤ ਬਹੁਤ ਜਿਆਦਾ ਖਰਾਬ ਹੋ ਗਈ ਤਾਂ ਮੋਹਤਬਰ ਵਿਅਕਤੀਆਂ ਦੇ ਨਾਲ ਵਾਪਿਸ ਭੇਜ ਦਿੱਤਾ ਗਿਆ। ਪੀੜਤ ਔਰਤ ਨੇ ਦੱਸਿਆ ਕਿ ਉਸਦੀ ਹਾਲਤ ਜਿਆਦਾ ਖਰਾਬ ਹੋਣ ਕਰਕੇ ਉਸਦੇ ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਰਾਏਕੋਟ ਵਿਖੇ ਭਰਤੀ ਕਰਵਾ ਦਿੱਤਾ। ਪੀੜਤਾ ਨੇ ਸੂਬਾ ਸਰਕਾਰ, ਪੁਲਿਸ ਪ੍ਰਸ਼ਾਸ਼ਨ, ਮਨੁੱਖੀ ਅਧਿਕਾਰ ਕਮਿਸ਼ਨ ਅਤੇ ਮਹਿਲਾ ਕਮਿਸ਼ਨ ਤੋਂ ਮੰਗ ਕੀਤੀ ਕਿ ਨਿਹਾਲ ਸਿੰਘ ਵਾਲਾ ਦੇ ਐਸ.ਐੱਚ.ਓ. ਖਿਲਾਫ਼ ਕਾਨੂੰਨੀ ਕਾਰਵਾਈ ਕਰਕੇ ਉਸਨੂੰ ਇਨਸਾਫ਼ ਦਿਵਾਇਆ ਜਾਵੇ।

ਜਦੋਂ ਇਸ ਮਾਮਲੇ ਸਬੰਧੀ ਥਾਣਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਨਿਰਮਲਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਪੀੜਤਾਂ ਸਤਵਿੰਦਰ ਕੌਰ ਦੀ ਕੁੱਟਮਾਰ ਕਰਨ ਦੀ ਗੱਲ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਿਰਫ ਸਤਵਿੰਦਰ ਕੌਰ ਨੂੰ ਚੋਰੀ ਦੀ ਘਟਨਾਂ ਸਬੰਧੀ ਪੁੱਛ ਪੜਤਾਲ ਕੀਤੀ ਹੈ। ਇਸ ਸਬੰਧੀ ਜਦੋਂ ਨਿਹਾਲ ਸਿੰਘ ਵਾਲਾ ਦੇ ਡੀ.ਐਸ.ਪੀ. ਪਰਸਾਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਤਵਿੰਦਰ ਕੌਰ ਦੀ ਹੋਈ ਨਜਾਇਜ ਕੁੱਟਮਾਰ ਸਬੰਧੀ ਉਹ ਜਾਂਚ ਪੜਤਾਲ ਕਰਨਗੇ। ਜੇਕਰ ਕੋਈ ਵੀ ਪੁਲਿਸ ਮੁਲਾਜਮ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸ ਖਿਲਾਫ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਇਸ ਮੌਕੇ ਸੀਪੀਆਈ (ਐਮ) ਦੇ ਆਗੂ ਮਾ. ਫਕੀਰ ਚੰਦ, ਮਾ. ਮੁਖਤਿਆਰ ਸਿੰਘ ਜਲਾਲਦੀਵਾਲ ਨੇ ਪੀੜਤ ਔਰਤ ਸਤਵਿੰਦਰ ਕੌਰ ਤੇ ਐਸ.ਐੱਚ.ਓ. ਨਿਹਾਲ ਸਿੰਘ ਵਾਲਾ ਵੱਲੋਂ ਕੀਤੇ ਗਏ, ਅਣਮਨੁੱਖੀ ਤਸੱਦਦ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।

ਉਕਤ ਆਗੂਆਂ ਨੇ ਸੂਬਾ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਪੀੜਤਾ ਨੂੰ ਇਨਸਾਫ ਦਿੱਤਾ ਜਾਵੇ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚੇਤਾਵਨੀ ਨੂੰ ਦਿੰਦਿਆ ਕਿਹਾ ਕਿ ਜੇਕਰ ਉਕਤ ਔਰਤ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।

Show More

Related Articles

Leave a Reply

Your email address will not be published.

Back to top button