ਸੁਖਬੀਰ ਬਾਦਲ ਨੇ ਜਦੋਂ ਦੀਪਕ ਢਾਬੇ ‘ਤੇ ਮਾਰੀਆ ਬਰੇਕਾਂ.. ਪੜ੍ਹੋ ਪੂਰੀ ਖਬਰ..

ਹਲਕਾ ਬਰਨਾਲਾ ਤੇ ਭਦੌੜ ਦੇ ਇੰਚਾਰਜ਼ ਨਾਲ ਚੋਣਾਂ ਸੰਬੰਧੀ ਗੱਲਬਾਤ ਕੀਤੀ
ਬਰਨਾਲਾ 22 ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਵਾਰ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਪਹਿਲਾਂ ਨਾਲੋਂ ਹਟ ਕੇ ਰਣਨੀਤੀ ਤਿਆਰ ਕੀਤੀ ਲੱਗਦੀ ਹੈ, ਜਿਸ ਤਹਿਤ ਉਹ ਨਿੱਜੀ ਤੌਰ ‘ਤੇ ਆਮ ਲੋਕਾਂ ਨੂੰ ਮਿਲਦੇ ਹਨ ਅਤੇ ਖੁੱਲ੍ਹ ਕੇ ਗੱਲਬਾਤ ਵੀ ਕਰਦੇ ਹਨ। ਆਪਣੇ ਰੋਜ਼ਾਨਾ ਦੇ ਸਫ਼ਰ ਦੌਰਾਨ ਸੁਖਬੀਰ ਬਾਦਲ ਜਿਥੇ ਕਿਤੇ ਕੁਝ ਵਿਅਕਤੀਆਂ ਨੂੰ ਬੈਠੇ ਦੇਖਦੇ ਹਨ ਤਾਂ ਤੁਰੰਤ ਗੱਡੀਆਂ ਦਾ ਕਾਫ਼ਲਾ ਰੁਕਦਾ ਹੈ ਅਤੇ ਉਹ ਗੱਡੀ ਵਿੱਚੋਂ ਹੇਠਾਂ ਉਤਰ ਕੇ ਉਨ੍ਹਾਂ ਕੋਲ ਚਲੇ ਜਾਂਦੇ ਹਨ।
ਐਤਵਾਰ ਰੱਖੜੀ ਵਾਲੇ ਦਿਨ ਚੰਡੀਗੜ੍ਹ ਤੋਂ ਆਪਣੇ ਜੱਦੀ ਪਿੰਡ ਬਾਦਲ ਜਾਂਦੇ ਸਮੇਂ ਸ. ਬਾਦਲ ਦਾ ਕਾਫ਼ਲਾ ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਦੇ ਮਸ਼ਹੂਰ ਦੀਪਕ ਢਾਬੇ ‘ਤੇ ਰੁਕਿਆ। ਜਿੱਥੇ ਉਨ੍ਹਾਂ ਨੇ ਖਾਣਾ ਵੀ ਖਾਧਾ ਅਤੇ ਆਏ ਹੋਏ ਲੋਕਾਂ ਨਾਲ ਗੱਲਬਾਤ ਵੀ ਕੀਤੀ। ਆਮ ਲੋਕਾਂ ਨੇ ਬੜੇ ਉਤਸ਼ਾਹ ਨਾਲ ਸੁਖਬੀਰ ਬਾਦਲ ਨਾਲ ਤਸਵੀਰਾਂ ਵੀ ਕਰਵਾਈਆਂ।
ਚਰਚਾ ਹੈ ਕਿ ਖੇਤਾਂ ‘ਚ ਮੋਟਰਾਂ ‘ਤੇ ਚਾਹ ਪੀਣੀ, ਢਾਬਿਆਂ ‘ਤੇ ਰੋਟੀ ਖਾਣੀ, ਇਹ ਸੱਭ ਸੁਖਬੀਰ ਬਾਦਲ ਦੀ ਨਵੀਂ ਚੋਣ ਰਣਨੀਤੀ ਦਾ ਹੀ ਹਿੱਸਾ ਹੋ ਸਕਦਾ ਹੈ। ਭਾਵੇਂ ਕਿ ਕਿਸਾਨ ਯੂਨੀਅਨਾਂ ਨੇ ਖੇਤੀ ਅੰਦੋਲਨ ਕਾਰਨ ਸਾਰੀਆਂ ਪਾਰਟੀਆਂ ਦੇ ਲੀਡਰਾਂ ਦਾ ਆਮ ਲੋਕਾਂ ਵਿੱਚ ਵਿਚਰਨ ‘ਤੇ ਵਿਰੋਧ ਦਾ ਐਲਾਨ ਕੀਤਾ ਹੋਇਆ ਹੈ, ਪਰ ਸੁਖਬੀਰ ਬਾਦਲ ਗਾਹੇ-ਬਗਾਹੇ ਆਮ ਲੋਕਾਂ ਵਿੱਚ ਹਾਜ਼ਰੀ ਲਗਵਾ ਹੀ ਜਾਂਦੇ ਹਨ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਧਨੌਲੇ ਦੇ ਦੀਪਕ ਢਾਬੇ ਨਾਲ ਸੁਖਬੀਰ ਬਾਦਲ ਦਾ ਅਕਾਲੀ-ਭਾਜਪਾ ਸਰਕਾਰ ਸਮੇਂ ਤੋਂ ਹੀ ਕਾਫੀ ‘ਪ੍ਰੇਮ’ ਰਿਹਾ ਹੈ। ਇਸ ਮੌਕੇ ਵਿਧਾਨ ਸਭਾ ਹਲਕਾ ਬਰਨਾਲਾ ਦੇ ਇੰਚਾਰਜ ਕੁਲਵੰਤ ਸਿੰਘ ਕੀਤੂ ਤੇ ਹਲਕਾ ਭਦੌੜ ਦੇ ਇੰਚਾਰਜ ਸਤਨਾਮ ਸਿੰਘ ਰਾਹੀ ਵੀ ਹਾਜ਼ਰ ਸਨ।