ਪਿੰਡ ਪੰਡੋਰੀ ਦੇ ਨਿਕਾਸੀ ਸਿਸਟਮ ਨੂੰ ਵਿਗਾੜ ਰਹੇ ਸ਼ਰਾਰਤੀ ਅਨਸਰਾਂ ਵਿਰੁੱਧ ਕਾਰਵਾਈ ਕਰਨ ਦੀ ਕੀਤੀ ਮੰਗ

ਮਹਿਲਕਲਾਂ 23 ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ) ਪਿੰਡ ਪੰਡੋਰੀ ਵਿਖੇ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀ ਗਰਾਂਟ ਨਾਲ ਪਿੰਡ ਦੇ ਛੱਪੜ ਤੇ ਸੀਚੇਵਾਲ ਮਾਡਲ ਤਿਆਰ ਕਰਕੇ ਗਲੀਆਂ ਨਾਲੀਆਂ ਦੇ ਗੰਦੇ ਪਾਣੀ ਦੇ ਨਿਕਾਸ ਲਈ ਬਣਾਏ ਛੱਪੜ ਵਿੱਚ ਕੁਝ ਲੋਕਾਂ ਵੱਲੋਂ ਕੂੜਾ ਕਰਕਟ ਸੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ।
ਇਸ ਮੌਕੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਸਰਪੰਚ ਜਸਵੰਤ ਸਿੰਘ ਜੌਹਲ ਪੰਡੋਰੀ, ਪੰਚ ਹਰਪਾਲ ਸਿੰਘ ਬਾਠ, ਰਾਜਵਿੰਦਰ ਸਿੰਘ ਪੰਡੋਰੀ, ਨੱਥਾ ਸਿੰਘ ਬਾਠ ਨੇ ਸਮੁੱਚੀ ਗ੍ਰਾਮ ਪੰਚਾਇਤ ਸਮੇਤ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਸਾਲ ਪਹਿਲਾਂ ਪਿੰਡ ਦੀਆਂ ਗਲੀਆਂ ਨਾਲੀਆਂ ਦੇ ਗੰਦੇ ਪਾਣੀ ਦੇ ਨਿਕਾਸ ਲਈ ਪਿੰਡ ਦੇ ਛੱਪੜ ਦੀ ਸਫਾਈ ਕਰਕੇ ਸਰਕਾਰ ਦੁਆਰਾ ਪੰਚਾਇਤ ਨੂੰ ਜਾਰੀ ਹੋਈ ਗ੍ਰਾਂਟ ਨਾਲ ਛੱਪੜ ਵਿਚ ਸੀਚੇਵਾਲ ਮਾਡਲ ਤਿਆਰ ਕਰਕੇ ਗੰਦੇ ਪਾਣੀ ਦਾ ਢੁੱਕਵਾਂ ਪ੍ਰਬੰਧ ਕੀਤਾ ਗਿਆ ਸੀ। ਪਰ ਕੁਝ ਲੋਕਾਂ ਵੱਲੋਂ ਲਗਾਤਾਰ ਕੂੜਾ ਕਰਕਟ ਸੁੱਟ ਕੇ ਪੰਚਾਇਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਚਾਇਤ ਵੱਲੋਂ ਕਈ ਵਾਰ ਗੁਰੂ ਘਰ ਦੇ ਲਾਊਡ ਸਪੀਕਰ ਰਾਹੀਂ ਕੂੜਾ ਕਰਕਟ ਨਾ ਸੁੱਟਣ ਦੀਆਂ ਬੇਨਤੀਆਂ ਕੀਤੇ ਜਾਣ ਦੇ ਬਾਵਜੂਦ ਵੀ ਲਗਾਤਾਰ ਕੂਡ਼ਾ ਕਰਕਟ ਸੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੂੜਾ ਕਰਕਟ ਸੁੱਟਣਾ ਲੋਕਾਂ ਨੇ ਬੰਦ ਨਾ ਕੀਤਾ, ਤਾਂ ਗੰਦੇ ਪਾਣੀ ਦੀਆਂ ਪਾਈਪਾਂ ਬੰਦ ਹੋਣ ਨਾਲ ਪਿੰਡ ਅੰਦਰ ਗੰਦੇ ਪਾਣੀ ਦੀ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ।
ਇਸ ਮੌਕੇ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਤੇਜਪ੍ਰਤਾਪ ਸਿੰਘ ਫੂਲਕਾ ਪਾਸੋਂ ਮੰਗ ਕੀਤੀ ਕਿ ਪਿੰਡ ਦੇ ਛੱਪੜ ‘ਚ ਕੂੜਾ ਕਰਕਟ ਸੁੱਟਣਾ ਬੰਦ ਕਰਵਾਇਆ ਜਾਵੇ ਅਤੇ ਛੱਪੜ ਦੇ ਤਿਆਰ ਕੀਤੇ ਸੀਚੇਵਾਲ ਮਾਡਲ ਦੀ ਚਾਰਦੀਵਾਰੀ ਅਤੇ ਉੱਪਰ ਜਾਲ ਪਾਉਣ ਲਈ 10 ਲੱਖ ਦੀ ਵਿਸੇਸ਼ ਗਰਾਂਟ ਪੰਚਾਇਤ ਨੂੰ ਜਾਰੀ ਕੀਤੀ ਜਾਵੇ। ਇਸ ਮੌਕੇ ਸਪਿੰਦਰ ਸਿੰਘ, ਗੁਰਚਰਨ ਸਿੰਘ, ਰਾਜ ਸਿੰਘ, ਜਗਸੀਰ ਸਿੰਘ, ਬਲਜੀਤ ਸਿੰਘ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ।
ਇਸ ਬਾਬਤ ਜਦੋਂ ਦੂਜੇ ਪਾਸੇ ਬੀ.ਡੀ.ਪੀ.ਓ. ਮਹਿਲ ਕਲਾਂ ਭੂਸ਼ਣ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਛੱਪੜ ਵਿੱਚ ਕੂੜਾ ਸੁੱਟਣ ਤੋਂ ਰੋਕਣਾ ਪੰਚਾਇਤ ਦਾ ਕੰਮ ਹੈ। ਪਰ ਫੇਰ ਵੀ ਸਾਡੇ ਵੱਲੋਂ ਪੰਚਾਇਤ ਸੈਕਟਰੀ ਨਾਲ ਤਾਲਮੇਲ ਕਰਕੇ ਇਸ ਸਮੱਸਿਆ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।